ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਜੀ20 ਸੱਭਿਆਚਾਰ ਮੰਤਰੀਆਂ ਦੀ ਬੈਠਕ ਨੂੰ ਸੰਬੋਧਨ ਕੀਤਾ
"ਕਾਸ਼ੀ ਨੂੰ ਗਿਆਨ, ਕਰਤੱਵ ਅਤੇ ਸਚਾਈ ਦੇ ਖਜ਼ਾਨੇ ਵਜੋਂ ਜਾਣਿਆ ਜਾਂਦਾ ਹੈ ਅਤੇ ਇਹ ਅਸਲ ਵਿੱਚ ਭਾਰਤ ਦੀ ਸੱਭਿਆਚਾਰਕ ਅਤੇ ਅਧਿਆਤਮਿਕ ਰਾਜਧਾਨੀ ਹੈ"
“ਭਾਰਤ ਵਿੱਚ ਸਾਨੂੰ ਆਪਣੇ ਸਦੀਵੀ ਅਤੇ ਵਿਵਿਧ ਸੱਭਿਆਚਾਰ ਉੱਤੇ ਬਹੁਤ ਮਾਣ ਹੈ। ਅਸੀਂ ਆਪਣੀ ਅਟੁੱਟ ਸੱਭਿਆਚਾਰਕ ਵਿਰਾਸਤ ਨੂੰ ਵੀ ਬਹੁਤ ਮਹੱਤਵ ਦਿੰਦੇ ਹਾਂ”
"‘ਯੁਗੇ ਯੁਗੀਨ ਭਾਰਤ’ ਰਾਸ਼ਟਰੀ ਅਜਾਇਬ ਘਰ ਪੂਰਾ ਹੋਣ 'ਤੇ ਭਾਰਤ ਦੇ 5,000 ਸਾਲਾਂ ਤੋਂ ਵੱਧ ਦੇ ਇਤਿਹਾਸ ਅਤੇ ਸੱਭਿਆਚਾਰ ਨੂੰ ਦਰਸਾਉਣ ਵਾਲਾ ਦੁਨੀਆ ਦਾ ਸਭ ਤੋਂ ਬੜਾ ਅਜਾਇਬ ਘਰ ਹੋਵੇਗਾ”
"ਮਜ਼ਬੂਤ ਵਿਰਾਸਤ ਕੇਵਲ ਭੌਤਿਕ ਮੁੱਲ ਹੀ ਨਹੀਂ ਹੁੰਦੀ, ਬਲਕਿ ਇਹ ਕਿਸੇ ਰਾਸ਼ਟਰ ਦਾ ਇਤਿਹਾਸ ਅਤੇ ਪਹਿਚਾਣ ਵੀ ਹੁੰਦੀ ਹੈ"
"ਵਿਰਸਾ ਆਰਥਿਕ ਵਿਕਾਸ ਅਤੇ ਵਿਵਿਧਤਾ ਲਈ ਇੱਕ ਮਹੱਤਵਪੂਰਨ ਅਸਾਸੇ ਹੈ, ਅਤੇ ਇਹ 'ਵਿਕਾਸ ਭੀ ਵਿਰਾਸਤ ਭੀ' ਦੇ ਭਾਰਤ ਦੇ ਮੰਤਰ ਵਿੱਚ ਵੀ ਝਲਕਦਾ ਹੈ"
"ਭਾਰਤ ਦੀ ਨੈਸ਼ਨਲ ਡਿਜੀਟਲ ਡਿਸਟ੍ਰਿਕਟ ਰਿਪੋਜ਼ਟਰੀ ਸੁਤੰਤਰਤਾ ਸੰਗ੍ਰਾਮ ਦੀਆਂ ਕਹਾਣੀਆਂ ਨੂੰ ਫਿਰ ਤੋਂ ਖੋਜਣ ਵਿੱਚ ਮਦਦ ਕਰ ਰਹੀ ਹੈ"
"ਵਰਕਿੰਗ ਗਰੁੱਪ ਚਾਰ ਸੀ’ਜ਼ (Cs) - ਸੱਭਿਆਚਾਰ, ਰਚਨਾਤਮਕਤਾ, ਵਣਜ ਅਤੇ ਸਹਿਯੋਗ (Culture, Creativity, Commerce and Collaboration) ਦੇ ਮਹੱਤਵ ਨੂੰ ਦਰਸਾਉਂਦਾ ਹੈ”
Posted On:
26 AUG 2023 10:01AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਲਿੰਕ ਦੇ ਜ਼ਰੀਏ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਆਯੋਜਿਤ ਜੀ20 ਸੱਭਿਆਚਾਰ ਮੰਤਰੀਆਂ ਦੀ ਬੈਠਕ ਨੂੰ ਸੰਬੋਧਨ ਕੀਤਾ।
ਪ੍ਰਧਾਨ ਮੰਤਰੀ ਨੇ ਵਾਰਾਣਸੀ, ਜਿਸ ਨੂੰ ਕਾਸ਼ੀ ਭੀ ਕਿਹਾ ਜਾਂਦਾ ਹੈ, ਵਿੱਚ ਪਤਵੰਤਿਆਂ ਦਾ ਸੁਆਗਤ ਕੀਤਾ ਅਤੇ ਖੁਸ਼ੀ ਪ੍ਰਗਟਾਈ ਕਿ ਜੀ20 ਸੱਭਿਆਚਾਰ ਮੰਤਰੀਆਂ ਦੀ ਬੈਠਕ ਇੱਥੇ ਹੋ ਰਹੀ ਹੈ ਕਿਉਂਕਿ ਇਹ ਸ਼ਹਿਰ ਉਨ੍ਹਾਂ ਦਾ ਸੰਸਦੀ ਖੇਤਰ ਹੈ। ਕਾਸ਼ੀ ਨੂੰ ਸਭ ਤੋਂ ਪੁਰਾਣੇ ਜੀਵਿਤ ਸ਼ਹਿਰਾਂ ਵਿੱਚੋਂ ਇੱਕ ਵਜੋਂ ਦਰਸਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਨਜ਼ਦੀਕੀ ਸ਼ਹਿਰ ਸਾਰਨਾਥ ਦਾ ਜ਼ਿਕਰ ਕੀਤਾ ਜਿੱਥੇ ਭਗਵਾਨ ਬੁੱਧ ਨੇ ਆਪਣਾ ਪਹਿਲਾ ਉਪਦੇਸ਼ ਦਿੱਤਾ ਸੀ। ਪ੍ਰਧਾਨ ਮੰਤਰੀ ਨੇ ਮਹਿਮਾਨਾਂ ਨੂੰ ਗੰਗਾ ਆਰਤੀ ਪ੍ਰੋਗਰਾਮ ਦੇਖਣ, ਸਾਰਨਾਥ ਦੀ ਯਾਤਰਾ ਕਰਨ ਅਤੇ ਕਾਸ਼ੀ ਦੇ ਪਕਵਾਨਾਂ ਦਾ ਸਵਾਦ ਲੈਣ ਦਾ ਸੁਝਾਅ ਦਿੰਦੇ ਹੋਏ ਕਿਹਾ “ਕਾਸ਼ੀ ਨੂੰ ਗਿਆਨ, ਕਰਤੱਵ ਅਤੇ ਸਚਾਈ ਦੇ ਖਜ਼ਾਨੇ ਵਜੋਂ ਜਾਣਿਆ ਜਾਂਦਾ ਹੈ ਅਤੇ ਇਹ ਅਸਲ ਵਿੱਚ ਭਾਰਤ ਦੀ ਸੱਭਿਆਚਾਰਕ ਅਤੇ ਅਧਿਆਤਮਿਕ ਰਾਜਧਾਨੀ ਹੈ।”
ਭਿੰਨ-ਭਿੰਨ ਪਿਛੋਕੜਾਂ ਅਤੇ ਦ੍ਰਿਸ਼ਟੀਕੋਣਾਂ ਨੂੰ ਸਮਝਣ ਲਈ ਸੱਭਿਆਚਾਰ ਦੀਆਂ ਅੰਦਰੂਨੀ ਸੰਭਾਵਨਾਵਾਂ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਜੀ20 ਕਲਚਰ ਮਿਨਿਸਟਰਸ ਗਰੁਪ ਦਾ ਕੰਮ ਸਮੁੱਚੀ ਮਾਨਵਤਾ ਲਈ ਬਹੁਤ ਮਹੱਤਵ ਰੱਖਦਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ “ਭਾਰਤ ਵਿੱਚ ਸਾਨੂੰ ਆਪਣੇ ਸਦੀਵੀ ਅਤੇ ਵਿਵਿਧ ਸੱਭਿਆਚਾਰ ਉੱਤੇ ਬਹੁਤ ਮਾਣ ਹੈ। ਅਸੀਂ ਆਪਣੀ ਅਟੁੱਟ ਸੱਭਿਆਚਾਰਕ ਵਿਰਾਸਤ ਨੂੰ ਵੀ ਬਹੁਤ ਮਹੱਤਵ ਦਿੰਦੇ ਹਾਂ।” ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਭਾਰਤ ਆਪਣੀਆਂ ਵਿਰਾਸਤੀ ਥਾਵਾਂ ਨੂੰ ਸੁਰੱਖਿਅਤ ਰੱਖਣ ਅਤੇ ਪੁਨਰ ਸੁਰਜੀਤ ਕਰਨ ਲਈ ਸਖ਼ਤ ਮਿਹਨਤ ਕਰ ਰਿਹਾ ਹੈ। ਉਨ੍ਹਾਂ ਨੇ ਰਾਸ਼ਟਰੀ ਪੱਧਰ ਦੇ ਨਾਲ-ਨਾਲ ਪਿੰਡ ਪੱਧਰ 'ਤੇ ਦੇਸ਼ ਦੇ ਸੱਭਿਆਚਾਰਕ ਅਸਾਸਿਆਂ ਅਤੇ ਕਲਾਕਾਰਾਂ ਦੀ ਮੈਪਿੰਗ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਭਾਰਤ ਦੇ ਸੱਭਿਆਚਾਰ ਨੂੰ ਸਾਂਭਣ ਲਈ ਕਈ ਕੇਂਦਰ ਬਣਾਉਣ ਦਾ ਵੀ ਜ਼ਿਕਰ ਕੀਤਾ ਅਤੇ ਦੇਸ਼ ਦੇ ਵਿਭਿੰਨ ਹਿੱਸਿਆਂ ਵਿੱਚ ਸਥਿਤ ਕਬਾਇਲੀ ਅਜਾਇਬ ਘਰਾਂ ਦੀ ਉਦਾਹਰਣ ਦਿੱਤੀ ਜੋ ਭਾਰਤ ਦੇ ਕਬਾਇਲੀ ਭਾਈਚਾਰਿਆਂ ਦੇ ਜੀਵੰਤ ਸੱਭਿਆਚਾਰ ਨੂੰ ਦਰਸਾਉਂਦੇ ਹਨ। ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਅਜਾਇਬ ਘਰ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਭਾਰਤ ਦੀ ਲੋਕਤੰਤਰੀ ਵਿਰਾਸਤ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਤਰ੍ਹਾਂ ਦਾ ਪ੍ਰਯਾਸ ਹੈ। ਉਨ੍ਹਾਂ ਨੇ 'ਯੁਗੇ ਯੁਗੀਨ ਭਾਰਤ' ਰਾਸ਼ਟਰੀ ਅਜਾਇਬ ਘਰ ਨੂੰ ਵਿਕਸਿਤ ਕਰਨ ਦਾ ਵੀ ਜ਼ਿਕਰ ਕੀਤਾ, ਜੋ ਮੁਕੰਮਲ ਹੋਣ 'ਤੇ 5,000 ਵਰ੍ਹਿਆਂ ਤੋਂ ਵੱਧ ਦੇ ਭਾਰਤ ਦੇ ਇਤਿਹਾਸ ਅਤੇ ਸੱਭਿਆਚਾਰ ਨੂੰ ਪ੍ਰਦਰਸ਼ਿਤ ਕਰਨ ਵਾਲੇ ਦੁਨੀਆ ਦੇ ਸਭ ਤੋਂ ਬੜੇ ਅਜਾਇਬ ਘਰ ਵਜੋਂ ਹੋਵੇਗਾ।
ਸੱਭਿਆਚਾਰਕ ਸੰਪਤੀ ਦੀ ਬਹਾਲੀ ਦੇ ਮਹੱਤਵਪੂਰਨ ਮੁੱਦੇ 'ਤੇ ਬੋਲਦੇ ਹੋਏ, ਪ੍ਰਧਾਨ ਮੰਤਰੀ ਨੇ ਕਾਰਜ ਸਮੂਹ ਦੇ ਪ੍ਰਯਾਸਾਂ ਦਾ ਸੁਆਗਤ ਕੀਤਾ ਅਤੇ ਕਿਹਾ ਕਿ ਠੋਸ ਵਿਰਾਸਤ ਨਾ ਸਿਰਫ਼ ਭੌਤਿਕ ਮੁੱਲ ਦੀ ਹੈ, ਬਲਕਿ ਇਹ ਕਿਸੇ ਰਾਸ਼ਟਰ ਦਾ ਇਤਿਹਾਸ ਅਤੇ ਪਹਿਚਾਣ ਵੀ ਹੈ। ਸ਼੍ਰੀ ਮੋਦੀ ਨੇ ਟਿੱਪਣੀ ਕੀਤੀ, "ਹਰ ਕਿਸੇ ਨੂੰ ਆਪਣੀ ਸੱਭਿਆਚਾਰਕ ਵਿਰਾਸਤ ਤੱਕ ਪਹੁੰਚਣ ਅਤੇ ਆਨੰਦ ਲੈਣ ਦਾ ਅਧਿਕਾਰ ਹੈ।" ਪ੍ਰਧਾਨ ਮੰਤਰੀ ਨੇ ਕਿਹਾ ਕਿ 2014 ਤੋਂ, ਭਾਰਤ ਨੇ ਸੈਂਕੜੇ ਕਲਾਕ੍ਰਿਤੀਆਂ ਵਾਪਸ ਲਿਆਂਦੀਆਂ ਹਨ ਜੋ ਇਸਦੀ ਪ੍ਰਾਚੀਨ ਸੱਭਿਅਤਾ ਦੀ ਸ਼ਾਨ ਨੂੰ ਦਰਸਾਉਂਦੀਆਂ ਹਨ। ਉਨ੍ਹਾਂ ‘ਕਲਚਰ ਫੌਰ ਲਾਈਫ’ ਵਿੱਚ ਪਾਏ ਯੋਗਦਾਨ ਦੇ ਨਾਲ-ਨਾਲ ਜਿਉਂਦੀ ਜਾਗਦੀ ਵਿਰਾਸਤ ਦੇ ਪ੍ਰਯਾਸਾਂ ਦੀ ਵੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ, ਆਖ਼ਰਕਾਰ, ਸੱਭਿਆਚਾਰਕ ਵਿਰਸਾ ਸਿਰਫ਼ ਉਹ ਨਹੀਂ ਹੈ ਜੋ ਪੱਥਰ ਵਿੱਚ ਉੱਕਰਿਆ ਗਿਆ ਹੈ, ਬਲਕਿ ਉਹ ਪਰੰਪਰਾਵਾਂ, ਰੀਤੀ-ਰਿਵਾਜਾਂ ਅਤੇ ਤਿਉਹਾਰਾਂ ਨੂੰ ਵੀ ਦਰਸਾਉਂਦਾ ਹੈ ਜੋ ਪੀੜ੍ਹੀ ਦਰ ਪੀੜ੍ਹੀ ਸੌਂਪੇ ਜਾਂਦੇ ਹਨ। ਪ੍ਰਧਾਨ ਮੰਤਰੀ ਨੇ ਭਰੋਸਾ ਪ੍ਰਗਟਾਇਆ ਕਿ ਕਾਰਜ ਸਮੂਹ ਦੇ ਪ੍ਰਯਾਸ ਟਿਕਾਊ ਵਿਵਹਾਰਾਂ ਅਤੇ ਜੀਵਨਸ਼ੈਲੀ ਨੂੰ ਉਤਸ਼ਾਹਿਤ ਕਰਨਗੇ।
ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਵਿਰਾਸਤ ਆਰਥਿਕ ਵਿਕਾਸ ਅਤੇ ਵਿਵਿਧਤਾ ਲਈ ਇੱਕ ਮਹੱਤਵਪੂਰਨ ਅਸਾਸੇ ਹੈ, ਅਤੇ ਇਹ ਭਾਰਤ ਦੇ 'ਵਿਕਾਸ ਭੀ ਵਿਰਾਸਤ ਭੀ' ਦੇ ਮੰਤਰ ਵਿੱਚ ਝਲਕਦੀ ਹੈ, ਜਿਸ ਦਾ ਅਰਥ ਹੈ ਵਿਕਾਸ ਦੇ ਨਾਲ-ਨਾਲ ਵਿਰਾਸਤ। 'ਇੱਕ ਜ਼ਿਲ੍ਹਾ, ਇੱਕ ਉਤਪਾਦ' ਪਹਿਲ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, "ਭਾਰਤ ਲਗਭਗ 3,000 ਵਿਲੱਖਣ ਕਲਾਵਾਂ ਅਤੇ ਸ਼ਿਲਪਕਾਰੀ ਦੇ ਨਾਲ ਆਪਣੀ 2,000 ਸਾਲ ਪੁਰਾਣੀ ਸ਼ਿਲਪਕਾਰੀ ਵਿਰਾਸਤ 'ਤੇ ਮਾਣ ਮਹਿਸੂਸ ਕਰਦਾ ਹੈ", ਜੋ ਉਸੇ ਸਮੇਂ ਆਤਮਨਿਰਭਰਤਾ ਨੂੰ ਉਤਸ਼ਾਹਿਤ ਕਰਦੇ ਹੋਏ ਭਾਰਤੀ ਸ਼ਿਲਪਕਾਰੀ ਦੀ ਵਿਲੱਖਣਤਾ ਨੂੰ ਦਰਸਾਉਂਦੀ ਹੈ।ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸੱਭਿਆਚਾਰਕ ਅਤੇ ਰਚਨਾਤਮਕ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਜੀ20 ਦੇਸ਼ਾਂ ਦੇ ਯਤਨ ਗਹਿਰਾ ਮਹੱਤਵ ਰੱਖਦੇ ਹਨ ਕਿਉਂਕਿ ਇਹ ਸਮਾਵੇਸ਼ੀ ਆਰਥਿਕ ਵਿਕਾਸ ਦੀ ਸੁਵਿਧਾ ਪ੍ਰਦਾਨ ਕਰਨਗੇ ਅਤੇ ਰਚਨਾਤਮਕਤਾ ਅਤੇ ਇਨੋਵੇਸ਼ਨ ਦਾ ਸਮਰਥਨ ਕਰਨਗੇ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਆਉਣ ਵਾਲੇ ਮਹੀਨੇ ਵਿੱਚ ਭਾਰਤ 1.8 ਬਿਲੀਅਨ ਡਾਲਰ ਦੇ ਸ਼ੁਰੂਆਤੀ ਖਰਚੇ ਨਾਲ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਸ਼ੁਰੂ ਕਰਨ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਪਰੰਪਰਾਗਤ ਕਾਰੀਗਰਾਂ ਲਈ ਸਹਾਇਤਾ ਦਾ ਇੱਕ ਈਕੋਸਿਸਟਮ ਤਿਆਰ ਕਰੇਗਾ ਅਤੇ ਉਨ੍ਹਾਂ ਨੂੰ ਆਪਣੀ ਸ਼ਿਲਪਕਾਰੀ ਵਿੱਚ ਵਧਣ-ਫੁੱਲਣ ਅਤੇ ਭਾਰਤ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਦੀ ਸੰਭਾਲ਼ ਵਿੱਚ ਯੋਗਦਾਨ ਪਾਉਣ ਦੇ ਸਮਰੱਥ ਬਣਾਏਗਾ।
ਇਹ ਨੋਟ ਕਰਦੇ ਹੋਏ ਕਿ ਸੱਭਿਆਚਾਰ ਦਾ ਜਸ਼ਨ ਮਨਾਉਣ ਵਿੱਚ ਟੈਕਨੋਲੋਜੀ ਇੱਕ ਮਹੱਤਵਪੂਰਨ ਸਹਿਯੋਗੀ ਹੈ, ਪ੍ਰਧਾਨ ਮੰਤਰੀ ਨੇ ਭਾਰਤ ਦੀ ਨੈਸ਼ਨਲ ਡਿਜੀਟਲ ਡਿਸਟ੍ਰਿਕਟ ਰਿਪੋਜ਼ਟਰੀ ਦਾ ਜ਼ਿਕਰ ਕੀਤਾ ਜੋ ਸੁਤੰਤਰਤਾ ਸੰਗ੍ਰਾਮ ਦੀਆਂ ਕਹਾਣੀਆਂ ਨੂੰ ਫਿਰ ਤੋਂ ਖੋਜਣ ਵਿੱਚ ਮਦਦ ਕਰ ਰਹੀ ਹੈ। ਉਨ੍ਹਾਂ ਨੇ ਆਪਣੇ ਸੱਭਿਆਚਾਰਕ ਸਥਾਨਾਂ ਦੀ ਬਿਹਤਰ ਸੰਭਾਲ਼ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਸੱਭਿਆਚਾਰਕ ਮਹੱਤਵ ਵਾਲੇ ਸਥਾਨਾਂ ਨੂੰ ਵਧੇਰੇ ਸੈਲਾਨੀਆਂ ਦੇ ਅਨੁਕੂਲ ਬਣਾਉਣ ਲਈ ਟੈਕਨੋਲੋਜੀ ਦੀ ਵਰਤੋਂ 'ਤੇ ਜ਼ੋਰ ਦਿੱਤਾ।
ਸੰਬੋਧਨ ਦੀ ਸਮਾਪਤੀ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਖੁਸ਼ੀ ਜ਼ਾਹਿਰ ਕੀਤੀ ਕਿ ਜੀ20 ਸੱਭਿਆਚਾਰ ਮੰਤਰੀਆਂ ਦੇ ਵਰਕਿੰਗ ਗਰੁੱਪ ਨੇ 'ਸਭਿਆਚਾਰ ਨੂੰ ਇਕਜੁੱਟ ਕਰੋ' ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਜੋ ਵਸੁਧੈਵ ਕੁਟੁੰਬਕਮ - ਇੱਕ ਪ੍ਰਿਥਵੀ, ਇੱਕ ਪਰਿਵਾਰ, ਇੱਕ ਭਵਿੱਖ ਦੀ ਭਾਵਨਾ ਨੂੰ ਸ਼ਾਮਲ ਕਰਦੀ ਹੈ। ਉਨ੍ਹਾਂ ਨੇ ਠੋਸ ਨਤੀਜਿਆਂ ਦੇ ਨਾਲ ਜੀ20 ਐਕਸ਼ਨ ਪਲਾਨ ਨੂੰ ਆਕਾਰ ਦੇਣ ਵਿੱਚ ਉਨ੍ਹਾਂ ਦੀ ਅਹਿਮ ਭੂਮਿਕਾ ਦੀ ਵੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਇਹ ਕਹਿ ਕੇ ਸਮਾਪਤੀ ਕੀਤੀ “ਤੁਹਾਡਾ ਕੰਮ ਚਾਰ ਸੀ’ਜ਼ (Cs) - ਸੱਭਿਆਚਾਰ, ਰਚਨਾਤਮਕਤਾ, ਵਣਜ ਅਤੇ ਸਹਿਯੋਗ ਦੇ ਮਹੱਤਵ ਨੂੰ ਦਰਸਾਉਂਦਾ ਹੈ। ਇਹ ਸਾਨੂੰ ਦਿਆਲੂ, ਸਮਾਵੇਸ਼ੀ ਅਤੇ ਸ਼ਾਂਤੀਪੂਰਨ ਭਵਿੱਖ ਬਣਾਉਣ ਲਈ ਸੱਭਿਆਚਾਰ ਦੀ ਸ਼ਕਤੀ ਦਾ ਇਸਤੇਮਾਲ ਕਰਨ ਦੇ ਸਮਰੱਥ ਬਣਾਵੇਗਾ।”
*******
ਡੀਐੱਸ/ਟੀਐੱਸ
(Release ID: 1952579)
Visitor Counter : 109
Read this release in:
Khasi
,
English
,
Urdu
,
Marathi
,
Hindi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam