ਪ੍ਰਧਾਨ ਮੰਤਰੀ ਦਫਤਰ
ਜੀ20 ਸਿਹਤ ਮੰਤਰੀਆਂ ਦੀ ਬੈਠਕ ਸਮੇਂ ਪ੍ਰਧਾਨ ਮੰਤਰੀ ਦੇ ਵੀਡੀਓ ਸੰਦੇਸ਼ ਦਾ ਮੂਲ-ਪਾਠ
Posted On:
18 AUG 2023 3:35PM by PIB Chandigarh
ਐਕਸੀਲੈਂਸੀਜ਼,
ਦੇਵੀਓ ਅਤੇ ਸੱਜਣੋ,
ਨਮਸਕਾਰ!
ਭਾਰਤ ਦੇ 1.4 ਅਰਬ ਲੋਕਾਂ ਦੀ ਤਰਫ਼ੋਂ, ਮੈਂ ਭਾਰਤ ਅਤੇ ਮੇਰੇ ਹੋਮ ਸਟੇਟ ਗੁਜਰਾਤ ਵਿੱਚ ਨਿੱਘਾ ਸੁਆਗਤ ਕਰਦਾ ਹਾਂ। ਮੈਂ ਭਾਰਤ ਵਿੱਚ 2.4 ਮਿਲੀਅਨ ਡਾਕਟਰਾਂ, 3.5 ਮਿਲੀਅਨ ਨਰਸਾਂ, 1.3 ਮਿਲੀਅਨ ਪੈਰਾਮੈਡਿਕਸ, 1.6 ਮਿਲੀਅਨ ਫਾਰਮਾਸਿਸਟਸ ਅਤੇ ਲੱਖਾਂ ਹੋਰ ਸਿਹਤ ਸੰਭਾਲ਼ ਪ੍ਰੋਫੈਸ਼ਨਲਾਂ ਦਾ ਸੁਆਗਤ ਕਰਨ ਵਿੱਚ ਤੁਹਾਡੇ ਨਾਲ ਸ਼ਾਮਲ ਹਾਂ।
ਮਿੱਤਰੋ,
ਗਾਂਧੀ ਜੀ ਨੇ ਸਿਹਤ ਨੂੰ ਇੰਨਾ ਮਹੱਤਵਪੂਰਨ ਸਮਝਿਆ ਕਿ ਉਨ੍ਹਾਂ ਨੇ ਇਸ ਵਿਸ਼ੇ 'ਤੇ "ਸਿਹਤ ਦੀ ਕੁੰਜੀ (Key to Health)" ਦੇ ਸਿਰਲੇਖ ਵਾਲੀ ਇੱਕ ਪੁਸਤਕ ਲਿਖੀ। ਉਨ੍ਹਾਂ ਨੇ ਕਿਹਾ ਕਿ ਸੁਅਸਥ ਰਹਿਣ ਦਾ ਮਤਲਬ ਹੈ ਆਪਣੇ ਮਨ ਅਤੇ ਸਰੀਰ ਵਿੱਚ ਇਕਸੁਰਤਾ ਅਤੇ ਸੰਤੁਲਨ ਦੀ ਸਥਿਤੀ ਵਿੱਚ ਰਹਿਣਾ। ਦਰਅਸਲ, ਸਿਹਤ ਜੀਵਨ ਦਾ ਆਧਾਰ ਹੈ। ਭਾਰਤ ਵਿੱਚ, ਸਾਡੇ ਪਾਸ ਸੰਸਕ੍ਰਿਤ ਵਿੱਚ ਇੱਕ ਕਹਾਵਤ ਹੈ:
“आरोग्यं परमं भाग्यं स्वास्थ्यं सर्वार्थसाधनम्”
ਯਾਨੀ, "ਸਿਹਤ ਹੀ ਪਰਮ ਦੌਲਤ ਹੈ, ਅਤੇ ਸਭ ਕੁਝ ਚੰਗੀ ਸਿਹਤ ਨਾਲ ਪੂਰਾ ਕੀਤਾ ਜਾ ਸਕਦਾ ਹੈ।"
ਮਿੱਤਰੋ,
ਕੋਵਿਡ-19 ਮਹਾਮਾਰੀ ਨੇ ਸਾਨੂੰ ਯਾਦ ਦਿਵਾਇਆ ਹੈ ਕਿ ਸਿਹਤ ਸਾਡੇ ਫ਼ੈਸਲਿਆਂ ਦੇ ਕੇਂਦਰ ਵਿੱਚ ਹੋਣੀ ਚਾਹੀਦੀ ਹੈ। ਇਸ ਨੇ ਸਾਨੂੰ ਅੰਤਰਰਾਸ਼ਟਰੀ ਸਹਿਯੋਗ ਦੀ ਕੀਮਤ ਵੀ ਦਿਖਾਈ, ਭਾਵੇਂ ਇਹ ਮੈਡੀਸਿਨ ਅਤੇ ਵੈਕਸੀਨ ਦੀ ਵੰਡ ਵਿੱਚ ਹੋਵੇ, ਜਾਂ ਆਪਣੇ ਲੋਕਾਂ ਨੂੰ ਘਰ ਵਾਪਸ ਲਿਆਉਣ ਵਿੱਚ ਹੋਵੇ। ਵੈਕਸੀਨ ਮੈਤਰੀ ਪਹਿਲ ਦੇ ਤਹਿਤ, ਭਾਰਤ ਨੇ ਗਲੋਬਲ ਸਾਊਥ ਦੇ ਕਈ ਦੇਸ਼ਾਂ ਸਮੇਤ 100 ਤੋਂ ਵੱਧ ਦੇਸ਼ਾਂ ਵਿੱਚ 300 ਮਿਲੀਅਨ ਵੈਕਸੀਨ ਡੋਜ਼ ਪਹੁੰਚਾਏ ਹਨ। ਲਚੀਲਾਪਨ ਇਸ ਸਮੇਂ ਦੀਆਂ ਸਭ ਤੋਂ ਬੜੀਆਂ ਸਿੱਖਿਆਵਾਂ ਵਿੱਚੋਂ ਇੱਕ ਬਣ ਗਿਆ ਹੈ। ਗਲੋਬਲ ਸਿਹਤ ਪ੍ਰਣਾਲੀਆਂ ਨੂੰ ਵੀ ਲਚੀਲਾ ਹੋਣਾ ਚਾਹੀਦਾ ਹੈ। ਸਾਨੂੰ ਅਗਲੀ ਸਿਹਤ ਐਮਰਜੈਂਸੀ ਨੂੰ ਰੋਕਣ, ਤਿਆਰੀ ਕਰਨ ਅਤੇ ਜਵਾਬ ਦੇਣ ਲਈ ਤਿਆਰ ਰਹਿਣਾ ਚਾਹੀਦਾ ਹੈ। ਇਹ ਅੱਜ ਦੇ ਆਪਸ ਵਿੱਚ ਜੁੜੇ ਸੰਸਾਰ ਵਿੱਚ ਖਾਸ ਤੌਰ 'ਤੇ ਮਹੱਤਵਪੂਰਨ ਹੈ। ਜਿਵੇਂ ਕਿ ਅਸੀਂ ਮਹਾਮਾਰੀ ਦੌਰਾਨ ਦੇਖਿਆ ਹੈ, ਦੁਨੀਆ ਦੇ ਇੱਕ ਹਿੱਸੇ ਵਿੱਚ ਸਿਹਤ ਸਬੰਧੀ ਸਮੱਸਿਆਵਾਂ ਬਹੁਤ ਥੋੜ੍ਹੇ ਸਮੇਂ ਵਿੱਚ ਦੁਨੀਆ ਦੇ ਬਾਕੀ ਸਾਰੇ ਹਿੱਸਿਆਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ।
ਮਿੱਤਰੋ,
ਭਾਰਤ ਵਿੱਚ, ਅਸੀਂ ਇੱਕ ਸੰਪੂਰਨ ਅਤੇ ਸਮਾਵੇਸ਼ੀ ਪਹੁੰਚ ਅਪਣਾਅ ਰਹੇ ਹਾਂ। ਅਸੀਂ ਸਿਹਤ ਢਾਂਚੇ ਦਾ ਵਿਸਤਾਰ ਕਰ ਰਹੇ ਹਾਂ, ਚਿਕਿਤਸਾ ਦੀਆਂ ਰਵਾਇਤੀ ਪ੍ਰਣਾਲੀਆਂ ਨੂੰ ਉਤਸ਼ਾਹਿਤ ਕਰ ਰਹੇ ਹਾਂ ਅਤੇ ਸਾਰਿਆਂ ਨੂੰ ਕਿਫਾਇਤੀ ਸਿਹਤ ਦੇਖਭਾਲ਼ ਪ੍ਰਦਾਨ ਕਰ ਰਹੇ ਹਾਂ। ਅੰਤਰਰਾਸ਼ਟਰੀ ਯੋਗ ਦਿਵਸ ਦਾ ਗਲੋਬਲ ਪੱਧਰ ‘ਤੇ ਜਸ਼ਨ ਸੰਪੂਰਨ ਸਿਹਤ ਲਈ ਯੂਨੀਵਰਸਲ ਇੱਛਾ ਦਾ ਪ੍ਰਮਾਣ ਹੈ। ਇਸ ਸਾਲ, 2023 ਨੂੰ ਇੰਟਰਨੈਸ਼ਨਲ ਈਅਰ ਆਵੑ ਮਿਲਟਸ (ਬਾਜਰੇ ਦੇ ਅੰਤਰਰਾਸ਼ਟਰੀ ਸਾਲ) ਵਜੋਂ ਮਨਾਇਆ ਜਾ ਰਿਹਾ ਹੈ। ਮਿਲਟਸ ਜਾਂ ਸ਼੍ਰੀ ਅੰਨ, ਜਿਵੇਂ ਕਿ ਉਹ ਭਾਰਤ ਵਿੱਚ ਜਾਣੇ ਜਾਂਦੇ ਹਨ, ਦੇ ਬਹੁਤ ਸਾਰੇ ਸਿਹਤ ਲਾਭ ਹਨ। ਸਾਡਾ ਮੰਨਣਾ ਹੈ ਕਿ ਸੰਪੂਰਨ ਸਿਹਤ ਅਤੇ ਤੰਦਰੁਸਤੀ ਹਰ ਕਿਸੇ ਦੇ ਲਚੀਲੇਪਣ ਨੂੰ ਵਧਾਉਣ ਵਿੱਚ ਮਦਦ ਕਰ ਸਕਦੀ ਹੈ। ਜਾਮਨਗਰ, ਗੁਜਰਾਤ ਵਿੱਚ ਡਬਲਿਊਐੱਚਓ ਗਲੋਬਲ ਸੈਂਟਰ ਫੌਰ ਟ੍ਰੈਡਿਸ਼ਨਲ ਮੈਡੀਸਿਨ ਦੀ ਸਥਾਪਨਾ ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਅਤੇ, ਜੀ20 ਸਿਹਤ ਮੰਤਰੀਆਂ ਦੀ ਬੈਠਕ ਦੇ ਨਾਲ ਰਵਾਇਤੀ ਚਿਕਿਤਸਾ 'ਤੇ ਡਬਲਿਊਐੱਚਓ ਗਲੋਬਲ ਸਮਿਟ ਦਾ ਆਯੋਜਨ ਇਸ ਦੀ ਸਮਰੱਥਾ ਨੂੰ ਵਰਤਣ ਦੇ ਪ੍ਰਯਾਸਾਂ ਨੂੰ ਤੇਜ਼ ਕਰੇਗਾ। ਪਰੰਪਰਾਗਤ ਚਿਕਿਤਸਾ ਦੀ ਇੱਕ ਗਲੋਬਲ ਰਿਪੋਜ਼ੇਟਰੀ ਬਣਾਉਣ ਲਈ ਸਾਡਾ ਸਾਂਝਾ ਪ੍ਰਯਾਸ ਹੋਣਾ ਚਾਹੀਦਾ ਹੈ।
ਮਿੱਤਰੋ,
ਸਿਹਤ ਅਤੇ ਵਾਤਾਵਰਣ ਇੱਕ ਦੂਸਰੇ ਨਾਲ ਜੁੜੇ ਹੋਏ ਹਨ। ਸਵੱਛ ਹਵਾ, ਸੁਰੱਖਿਅਤ ਪੀਣ ਵਾਲਾ ਪਾਣੀ, ਲੋੜੀਂਦਾ ਪੋਸ਼ਣ ਅਤੇ ਸੁਰੱਖਿਅਤ ਆਸਰਾ ਸਿਹਤ ਦੇ ਮੁੱਖ ਕਾਰਕ ਹਨ। ਮੈਂ ਤੁਹਾਨੂੰ ਜਲਵਾਯੂ ਅਤੇ ਸਿਹਤ ਪਹਿਲ ਸ਼ੁਰੂ ਕਰਨ ਲਈ ਉਠਾਏ ਗਏ ਕਦਮਾਂ ਲਈ ਵਧਾਈਆਂ ਦਿੰਦਾ ਹਾਂ। ਐਂਟੀ-ਮਾਇਕ੍ਰੋਬਾਇਲ ਪ੍ਰਤੀਰੋਧ ਦੇ ਖ਼ਤਰੇ ਨਾਲ ਨਜਿੱਠਣ ਲਈ ਉਠਾਏ ਗਏ ਕਦਮ ਵੀ ਸ਼ਲਾਘਾਯੋਗ ਹਨ। ਏਐੱਮਆਰ ਗਲੋਬਲ ਪਬਲਿਕ ਹੈਲਥ ਅਤੇ ਹੁਣ ਤੱਕ ਕੀਤੀਆਂ ਸਾਰੀਆਂ ਫਾਰਮਾਸਿਊਟੀਕਲ ਪ੍ਰਗਤੀਆਂ ਲਈ ਇੱਕ ਗੰਭੀਰ ਖ਼ਤਰਾ ਹੈ। ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਜੀ20 ਹੈਲਥ ਵਰਕਿੰਗ ਗਰੁੱਪ ਨੇ "ਵੰਨ ਹੈਲਥ" ਨੂੰ ਪ੍ਰਾਥਮਿਕਤਾ ਦਿੱਤੀ ਹੈ। "ਇੱਕ ਪ੍ਰਿਥਵੀ, ਇੱਕ ਸਿਹਤ" ਦਾ ਸਾਡਾ ਵਿਜ਼ਨ ਸਮੁੱਚੀ ਵਾਤਾਵਰਣ ਪ੍ਰਣਾਲੀ - ਇਨਸਾਨ, ਜਾਨਵਰਾਂ, ਪੌਦਿਆਂ ਅਤੇ ਵਾਤਾਵਰਣ ਲਈ ਚੰਗੀ ਸਿਹਤ ਦੀ ਕਲਪਨਾ ਕਰਦਾ ਹੈ। ਇਹ ਏਕੀਕ੍ਰਿਤ ਪਹੁੰਚ ਕਿਸੇ ਨੂੰ ਪਿੱਛੇ ਨਾ ਛੱਡਣ ਦਾ ਗਾਂਧੀ ਜੀ ਦਾ ਸੰਦੇਸ਼ ਦਿੰਦੀ ਹੈ।
ਮਿੱਤਰੋ,
ਸਿਹਤ ਪਹਿਲਾਂ ਦੀ ਸਫ਼ਲਤਾ ਵਿੱਚ ਜਨ ਭਾਗੀਦਾਰੀ ਇੱਕ ਮਹੱਤਵਪੂਰਨ ਕਾਰਕ ਹੈ। ਇਹ ਸਾਡੀ ਕੋੜ੍ਹ ਦੇ ਖ਼ਾਤਮੇ ਦੀ ਮੁਹਿੰਮ ਦੀ ਸਫ਼ਲਤਾ ਦਾ ਇੱਕ ਮੁੱਖ ਕਾਰਨ ਸੀ। ਟੀਬੀ ਦੇ ਖ਼ਾਤਮੇ ਬਾਰੇ ਸਾਡਾ ਉਤਸ਼ਾਹੀ ਪ੍ਰੋਗਰਾਮ ਵੀ ਜਨ ਭਾਗੀਦਾਰੀ ਨੂੰ ਉਤਸ਼ਾਹਿਤ ਕਰਦਾ ਹੈ। ਅਸੀਂ ਦੇਸ਼ ਦੇ ਲੋਕਾਂ ਨੂੰ नि-क्षय मित्र (ਨਿ-ਕਸ਼ਯ ਮਿੱਤਰ), ਜਾਂ "ਟੀਬੀ ਦੇ ਖ਼ਾਤਮੇ ਲਈ ਮਿੱਤਰ" ਬਣਨ ਦਾ ਸੱਦਾ ਦਿੱਤਾ ਹੈ। ਇਸ ਤਹਿਤ ਕਰੀਬ 10 ਲੱਖ ਮਰੀਜ਼ਾਂ ਨੂੰ ਨਾਗਰਿਕਾਂ ਨੇ ਗੋਦ ਲਿਆ ਹੈ। ਹੁਣ, ਅਸੀਂ 2030 ਦੇ ਗਲੋਬਲ ਲਕਸ਼ ਤੋਂ ਕਾਫੀ ਅੱਗੇ, ਟੀਬੀ ਦੇ ਖ਼ਾਤਮੇ ਨੂੰ ਪ੍ਰਾਪਤ ਕਰਨ ਦੇ ਰਾਹ 'ਤੇ ਹਾਂ।
ਮਿੱਤਰੋ,
ਡਿਜੀਟਲ ਸਮਾਧਾਨ ਅਤੇ ਇਨੋਵੇਸ਼ਨ ਸਾਡੇ ਪ੍ਰਯਾਸਾਂ ਨੂੰ ਬਰਾਬਰੀ ਅਤੇ ਸੰਮਲਿਤ ਬਣਾਉਣ ਲਈ ਇੱਕ ਉਪਯੋਗੀ ਸਾਧਨ ਹਨ। ਟੈਲੀ-ਮੈਡੀਸਿਨ ਜ਼ਰੀਏ ਦੂਰ-ਦਰਾਜ ਦੇ ਮਰੀਜ਼ ਗੁਣਵੱਤਾਪੂਰਨ ਦੇਖਭਾਲ਼ ਪ੍ਰਾਪਤ ਕਰ ਸਕਦੇ ਹਨ। ਭਾਰਤ ਦੇ ਰਾਸ਼ਟਰੀ ਪਲੈਟਫਾਰਮ, ਈ-ਸੰਜੀਵਨੀ (eSanjeevani) ਨੇ ਅੱਜ ਤੱਕ 140 ਮਿਲੀਅਨ ਟੈਲੀ-ਹੈਲਥ ਸਲਾਹ-ਮਸ਼ਵਰੇ ਦੀ ਸੁਵਿਧਾ ਦਿੱਤੀ ਹੈ। ਭਾਰਤ ਦੇ ਕੋਵਿਨ (COWIN) ਪਲੈਟਫਾਰਮ ਨੇ ਮਾਨਵ ਇਤਿਹਾਸ ਵਿੱਚ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਨੂੰ ਸਫ਼ਲਤਾਪੂਰਵਕ ਸੰਚਾਲਿਤ ਕੀਤਾ। ਇਸ ਨੇ 2.4 ਬਿਲੀਅਨ ਤੋਂ ਵੱਧ ਵੈਕਸੀਨ ਦੀਆਂ ਖੁਰਾਕਾਂ ਦੀ ਡਿਲਿਵਰੀ ਅਤੇ ਗਲੋਬਲ ਪੱਧਰ 'ਤੇ ਪ੍ਰਮਾਣਿਤ ਟੀਕਾਕਰਣ ਸਰਟੀਫਿਕੇਟਾਂ ਦੀ ਅਸਲ-ਸਮੇਂ ਦੀ ਉਪਲਬਧਤਾ ਦਾ ਪ੍ਰਬੰਧਨ ਕੀਤਾ। ਡਿਜੀਟਲ ਹੈਲਥ 'ਤੇ ਗਲੋਬਲ ਇਨਿਸ਼ੀਏਟਿਵ ਵਿਭਿੰਨ ਡਿਜੀਟਲ ਸਿਹਤ ਪਹਿਲਾਂ ਨੂੰ ਇੱਕ ਸਾਂਝੇ ਪਲੈਟਫਾਰਮ 'ਤੇ ਲਿਆਵੇਗਾ। ਆਉ ਅਸੀਂ ਆਪਣੀਆਂ ਕਾਢਾਂ ਨੂੰ ਜਨਤਾ ਦੇ ਭਲੇ ਲਈ ਖੋਲ੍ਹੀਏ। ਆਓ ਅਸੀਂ ਫੰਡਾਂ ਦੇ ਦੁਹਰਾਅ ਤੋਂ ਬਚੀਏ। ਆਓ ਅਸੀਂ ਟੈਕਨੋਲੋਜੀ ਤੱਕ ਬਰਾਬਰ ਪਹੁੰਚ ਨੂੰ ਸੁਵਿਧਾਜਨਕ ਬਣਾਈਏ। ਇਹ ਪਹਿਲ ਗਲੋਬਲ ਸਾਊਥ ਦੇ ਦੇਸ਼ਾਂ ਨੂੰ ਹੈਲਥ ਕੇਅਰ ਡਿਲਿਵਰੀ ਵਿੱਚ ਪਾੜੇ ਨੂੰ ਘੱਟ ਕਰਨ ਵਿੱਚ ਮਦਦ ਕਰੇਗੀ। ਇਹ ਸਾਨੂੰ ਯੂਨੀਵਰਸਲ ਹੈਲਥ ਕਵਰੇਜ ਨੂੰ ਪ੍ਰਾਪਤ ਕਰਨ ਦੇ ਸਾਡੇ ਲਕਸ਼ ਦੇ ਇੱਕ ਕਦਮ ਦੇ ਨੇੜੇ ਲੈ ਜਾਵੇਗਾ।
ਮਿੱਤਰੋ,
ਮੈਂ ਮਾਨਵਤਾ ਲਈ ਇੱਕ ਪ੍ਰਾਚੀਨ ਭਾਰਤੀ ਇੱਛਾ ਦੇ ਨਾਲ ਸਮਾਪਤੀ ਕਰਦਾ ਹਾਂ: सर्वे भवन्तु सुखिनः, सर्वे सन्तु निरामयः (ਸਰਵੇ ਭਵੰਤੁ ਸੁਖਿਨਾ:, ਸਰਵੇ ਸੰਤੁ ਨਿਰਾਮਯ:), ਜਿਸ ਦਾ ਅਰਥ ਹੈ 'ਸਾਰੇ ਖੁਸ਼ ਰਹਿਣ, ਸਾਰੇ ਰੋਗ ਮੁਕਤ ਹੋਣ'। ਮੈਂ ਤੁਹਾਨੂੰ ਤੁਹਾਡੇ ਵਿਚਾਰ-ਵਟਾਂਦਰੇ ਵਿੱਚ ਸਫ਼ਲਤਾ ਦੀ ਕਾਮਨਾ ਕਰਦਾ ਹਾਂ।
ਤੁਹਾਡਾ ਧੰਨਵਾਦ!
********
ਡੀਐੱਸ/ਵੀਜੇ/ਏਕੇ
(Release ID: 1950303)
Visitor Counter : 147
Read this release in:
Manipuri
,
English
,
Urdu
,
Marathi
,
Hindi
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam