ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਅੱਜ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਐੱਨਐੱਫਟੀ’ਸ, ਏਆਈ ਅਤੇ ਮੈਟਾਵਰਸ (Metaverse) ਦੇ ਯੁੱਗ ਵਿੱਚ ਅਪਰਾਧ ਅਤੇ ਸੁਰੱਖਿਆ ਬਾਰੇ ਜੀ20 ਕਾਨਫਰੰਸ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕੀਤਾ


Posted On: 13 JUL 2023 2:37PM by PIB Chandigarh

ਗ੍ਰਹਿ ਮੰਤਰੀ ਨੇ ਤੇਜ਼ੀ ਨਾਲ ਜੁੜਦੀ ਦੁਨੀਆ ਵਿੱਚ ਸਾਈਬਰ ਲਚੀਲਾਪਣ ਬਣਾਉਣ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਸਹਿਯੋਗ ਦੀ ਫੌਰੀ ਜ਼ਰੂਰਤ 'ਤੇ ਜ਼ੋਰ ਦਿੱਤਾ

ਪ੍ਰਧਾਨ ਮੰਤਰੀ ਮੋਦੀ ਨੇ ਟੈਕਨੋਲੋਜੀ ਦੇ ਮਾਨਵੀ ਪਹਿਲੂ 'ਤੇ ਜ਼ੋਰ ਦਿੱਤਾ ਹੈ ਅਤੇ ਉਨ੍ਹਾਂ ਨੇ ਟੈਕਨੋਲੋਜੀ ਦੀ ਵਰਤੋਂ ਵਿਚ 'ਦਇਆ' ਅਤੇ 'ਸੰਵੇਦਨਸ਼ੀਲਤਾ' ਨੂੰ ਯਕੀਨੀ ਬਣਾਉਣ ਲਈ "ਇੰਟਰਨੈੱਟ ਆਵੑ ਥਿੰਗਜ਼" ਨੂੰ "ਇਮੋਸ਼ਨਸ ਆਵੑ ਥਿੰਗਜ਼" ਨਾਲ ਜੋੜਿਆ ਹੈ

'ਡਿਜੀਟਲ ਡਿਲਿਵਰੀ ਆਵੑ ਸਰਵਿਸਿਜ਼' ਲਈ ਪਹਿਲਾਂ ਨੇ ਇਕ ਦਹਾਕੇ ਦੇ ਅੰਦਰ ਭਾਰਤ ਨੂੰ 'ਡਿਜੀਟਲ ਰਾਸ਼ਟਰ' ਵਿਚ ਬਦਲ ਦਿੱਤਾ ਹੈ, ਭਾਰਤ ਨੇ ਕੁਝ 'ਓਪਨ ਐਕਸੈੱਸ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ' ਮੌਡਲ ਸਥਾਪਿਤ ਕੀਤੇ ਹਨ, ਜੋ ਅੱਜ ਦੁਨੀਆ ਵਿਚ ਉਦਾਹਰਣ ਬਣ ਗਏ ਹਨ

ਸਾਡੀਆਂ ਸੁਰੱਖਿਆ ਚੁਣੌਤੀਆਂ ਨੂੰ 'ਡਾਇਨਾਮਾਈਟ ਤੋਂ ਮੇਟਾਵਰਸ' ਵਿੱਚ ਬਦਲਣਾ ਅਤੇ 'ਹਵਾਲਾ ਨੂੰ ਕ੍ਰਿਪਟੋ ਕਰੰਸੀ' ਵਿੱਚ ਤਬਦੀਲ ਕਰਨਾ ਦੁਨੀਆ ਦੇ ਦੇਸ਼ਾਂ ਲਈ ਚਿੰਤਾ ਦਾ ਵਿਸ਼ਾ ਹੈ ਅਤੇ ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਵਿਰੁੱਧ ਸਾਂਝੀ ਰਣਨੀਤੀ ਬਣਾਉਣੀ ਹੋਵੇਗੀ

ਕੋਈ ਵੀ ਦੇਸ਼ ਜਾਂ ਸੰਗਠਨ ਇਕੱਲੇ ਸਾਈਬਰ ਖਤਰਿਆਂ ਦਾ ਮੁਕਾਬਲਾ ਨਹੀਂ ਕਰ ਸਕਦਾ, ਸਾਨੂੰ ਪਰੰਪਰਾਗਤ ਭੂਗੋਲਿਕ ਸੀਮਾਵਾਂ ਤੋਂ ਉੱਪਰ ਉੱਠ ਕੇ ਸੋਚਣ ਦੀ ਜ਼ਰੂਰਤ ਹੈ ਅਤੇ ਇਸ ਲਈ ਇੱਕ ਸੰਯੁਕਤ ਮੋਰਚੇ ਦੀ ਜ਼ਰੂਰਤ ਹੈ

ਡਿਜੀਟਲ ਅਪਰਾਧਾਂ ਦਾ ਮੁਕਾਬਲਾ ਕਰਨ ਲਈ ਬਣਾਏ ਗਏ ਸਾਰੇ ਦੇਸ਼ਾਂ ਦੇ ਕਾਨੂੰਨਾਂ ਵਿੱਚ ਕੁਝ ਇਕਸਾਰਤਾ ਲਿਆਉਣ ਦੇ ਯਤਨ ਹੋਣੇ ਚਾਹੀਦੇ ਹਨ, ਸਾਈਬਰ ਸੁਰੱਖਿਆ ਨੀਤੀਆਂ ਲਈ ਇੱਕ ਏਕੀਕ੍ਰਿਤ ਅਤੇ ਸਥਿਰ ਪਹੁੰਚ ਅੰਤਰ-ਕਾਰਜਸ਼ੀਲਤਾ ਦੀ ਸੁਵਿਧਾ ਦੇਵੇਗੀ, ਜਾਣਕਾਰੀ ਸਾਂਝੀ ਕਰਨ ਵਿੱਚ ਵਿਸ਼ਵਾਸ ਵਧਾਏਗੀ ਅਤੇ ਏਜੰਸੀ ਪ੍ਰੋਟੋਕੋਲ ਅਤੇ ਸੰਸਾਧਨਾ ਦੇ ਅੰਤਰ ਨੂੰ ਘਟਾਏਗੀ

ਪ੍ਰਭਾਵੀ 'ਪੂਰਵ-ਅਨੁਮਾਨ-ਰੋਕਥਾਮ-ਸੁਰੱਖਿਆ ਅਤੇ ਰਿਕਵਰੀ' (‘ਪ੍ਰੀਡਿਕਟਿਵ - ਪ੍ਰੀਵੈਂਟਿਵ - ਪ੍ਰੋਟੈਕਟਿਵ ਐਂਡ ਰਿਕਵਰੀ’) ਕਾਰਵਾਈ ਲਈ 24x7 ਸਾਈਬਰ ਸੁਰੱਖਿਆ ਪ੍ਰਣਾਲੀ ਹੋਣੀ ਚਾਹੀਦੀ ਹੈ

ਜ਼ਿੰਮੇਵਾਰ ਵਰਤੋਂ ਨੂੰ ਯਕੀਨੀ ਬਣਾਉਣ ਲਈ 'ਟਰਾਂਸਪੇਰੈਂਟ ਐਂਡ ਅਕਾਊਂਟੇਬਲ ਏਆਈ ਐਂਡ ਐਮਰਜਿੰਗ ਟੈਕਨੋਲੋਜੀ ਗਵਰਨੈਂਸ ਫਰੇਮਵਰਕ' ਬਣਾਉਣ ਦਾ ਸਮਾਂ ਆ ਗਿਆ ਹੈ

ਸਾਡਾ ਇੰਟਰਨੈਟ ਵਿਜ਼ਨ ਨਾ ਤਾਂ ਸਾਡੇ ਰਾਸ਼ਟਰਾਂ ਦੀ ਹੋਂਦ ਨੂੰ ਖਤਰੇ ਵਿੱਚ ਪਾਉਣ ਵਾਲੀ ਬਹੁਤ ਜ਼ਿਆਦਾ ਆਜ਼ਾਦੀ ਵਿੱਚੋਂ ਇੱਕ ਹੋਣਾ ਚਾਹੀਦਾ ਹੈ ਅਤੇ ਨਾ ਹੀ ਡਿਜੀਟਲ ਫਾਇਰਵਾਲਜ਼ ਜਿਹੀਆਂ ਅਲਗਾਵਵਾਦੀ ਬਣਤਰਾਂ ਵਿੱਚੋਂ ਇੱਕ ਹੋਣਾ ਚਾਹੀਦਾ ਹੈ

ਜੀ20 ਫੋਰਮ 'ਤੇ ਸਾਈਬਰ ਸੁਰੱਖਿਆ 'ਤੇ ਵਧੇਰੇ ਧਿਆਨ ਕੇਂਦਰਿਤ ਕਰਨ ਨਾਲ ਮਹੱਤਵਪੂਰਣ 'ਸੂਚਨਾ ਬੁਨਿਆਦੀ ਢਾਂਚੇ' ਅਤੇ 'ਡਿਜੀਟਲ ਪਬਲਿਕ ਪਲੇਟਫਾਰਮਾਂ' ਦੀ ਸੁਰੱਖਿਆ ਅਤੇ ਅਖੰਡਤਾ ਨੂੰ ਯਕੀਨੀ ਬਣਾਉਣ ਲਈ ਸਕਾਰਾਤਮਕ ਯੋਗਦਾਨ ਮਿਲ ਸਕਦਾ ਹੈ

ਆਤੰਕਵਾਦ, ਆਤੰਕਵਾਦੀ ਵਿੱਤ ਪੋਸ਼ਣ, ਕੱਟੜਪੰਥੀ, ਨਾਰਕੋ, ਨਾਰਕੋ-ਆਤੰਕਵਾਦੀ ਸਬੰਧਾਂ ਅਤੇ ਗਲਤ ਸੂਚਨਾਵਾਂ ਸਮੇਤ ਨਵੀਆਂ ਅਤੇ ਉੱਭਰ ਰਹੀਆਂ, ਰਵਾਇਤੀ ਅਤੇ ਗੈਰ-ਰਵਾਇਤੀ ਚੁਣੌਤੀਆਂ ਨਾਲ ਬਿਹਤਰ ਢੰਗ ਨਾਲ ਨਜਿੱਠਣ ਲਈ ਰਾਸ਼ਟਰਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਦੀਆਂ ਸਮਰੱਥਾਵਾਂ ਨੂੰ ਮਜ਼ਬੂਤ ​​ਕਰਨਾ ਜ਼ਰੂਰੀ ਹੈ

ਸਾਡਾ ਉਦੇਸ਼ 'ਸਾਈਬਰ ਸਕਸੈੱਸ ਵਰਲਡ' ਬਣਾਉਣਾ ਹੈ ਨਾ ਕਿ 'ਸਾਈਬਰ ਫੇਲੀਯਰ ਵਰਲਡ'

 

 

ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਅੱਜ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਐੱਨਐੱਫਟੀ’ਸ, ਏਆਈ ਅਤੇ ਮੈਟਾਵਰਸ ਦੇ ਯੁੱਗ ਵਿੱਚ ਅਪਰਾਧ ਅਤੇ ਸੁਰੱਖਿਆ ਬਾਰੇ ਜੀ20 ਕਾਨਫਰੰਸ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕੀਤਾ। ਕਾਨਫਰੰਸ ਦੇ ਉਦਘਾਟਨੀ ਸੈਸ਼ਨ ਵਿੱਚ ਗ੍ਰਹਿ ਰਾਜ ਮੰਤਰੀ, ਸ਼੍ਰੀ ਅਜੈ ਕੁਮਾਰ ਮਿਸ਼ਰਾ, ਇਲੈਕਟ੍ਰੋਨਿਕਸ ਅਤੇ ਆਈਟੀ ਰਾਜ ਮੰਤਰੀ, ਸ਼੍ਰੀ ਰਾਜੀਵ ਚੰਦਰਸ਼ੇਖਰ, ਕੇਂਦਰੀ ਗ੍ਰਹਿ ਸਕੱਤਰ ਅਤੇ ਹੋਰ ਪਤਵੰਤੇ ਸ਼ਾਮਲ ਹੋਏ। ਜੀ20 ਦੇਸ਼ਾਂ ਦੇ 900 ਤੋਂ ਵੱਧ ਪ੍ਰਤੀਭਾਗੀ, 9 ਵਿਸ਼ੇਸ਼ ਸੱਦੇ ਗਏ ਦੇਸ਼, ਅੰਤਰਰਾਸ਼ਟਰੀ ਸੰਸਥਾਵਾਂ ਅਤੇ ਟੈਕਨੋਲੋਜੀ ਲੀਡਰ ਅਤੇ ਭਾਰਤ ਅਤੇ ਦੁਨੀਆ ਭਰ ਦੇ ਡੋਮੇਨ ਮਾਹਿਰ ਇਸ ਦੋ ਦਿਨਾਂ ਸੰਮੇਲਨ ਵਿੱਚ ਹਿੱਸਾ ਲੈ ਰਹੇ ਹਨ।

 

ਆਪਣੇ ਸੰਬੋਧਨ ਵਿੱਚ, ਸ਼੍ਰੀ ਅਮਿਤ ਸ਼ਾਹ ਨੇ ਤੇਜ਼ੀ ਨਾਲ ਜੁੜਦੀ ਦੁਨੀਆ ਵਿੱਚ ਸਾਈਬਰ ਲਚੀਲਾਪਣ ਬਣਾਉਣ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰਾਂ 'ਤੇ ਸਹਿਯੋਗ ਦੀ ਫੌਰੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਸਾਲ, ਭਾਰਤ ਜੀ20 ਦੀ ਪ੍ਰਧਾਨਗੀ ਕਰ ਰਿਹਾ ਹੈ, ਅਤੇ, ਭਾਰਤ ਦੀ ਜੀ20 ਪ੍ਰਧਾਨਗੀ ਦਾ ਵਿਸ਼ਾ “ਵਸੁਧੈਵ ਕੁਟੁੰਬਕਮ” ਜਾਂ “ਇੱਕ ਪ੍ਰਿਥਵੀ-ਇੱਕ ਪਰਿਵਾਰ-ਇੱਕ ਭਵਿੱਖ” ਹੈ, ਜੋ ਸਾਡੀ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਥੀਮ ਸ਼ਾਇਦ ਅੱਜ ਦੇ 'ਡਿਜੀਟਲ ਵਰਲਡ' ਵਿੱਚ ਸਭ ਤੋਂ ਵੱਧ ਪ੍ਰਸੰਗਿਕ ਹੈ।

 

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਟੈਕਨੋਲੋਜੀ ਨੇ ਸਾਰੀਆਂ ਪਰੰਪਰਾਗਤ ਭੂਗੋਲਿਕ, ਰਾਜਨੀਤਿਕ ਅਤੇ ਆਰਥਿਕ ਸੀਮਾਵਾਂ ਨੂੰ ਪਾਰ ਕਰ ਦਿੱਤਾ ਹੈ ਅਤੇ ਅੱਜ ਅਸੀਂ ਇੱਕ ਵੱਡੇ ਆਲਮੀ ਡਿਜੀਟਲ ਪਿੰਡ ਵਿੱਚ ਰਹਿੰਦੇ ਹਾਂ। ਉਨ੍ਹਾਂ ਕਿਹਾ ਕਿ ਭਾਵੇਂ ਟੈਕਨੋਲੋਜੀ ਮਨੁੱਖਾਂ, ਭਾਈਚਾਰਿਆਂ ਅਤੇ ਦੇਸ਼ਾਂ ਨੂੰ ਨਜ਼ਦੀਕ ਲਿਆਉਣ ਲਈ ਇੱਕ ਸਕਾਰਾਤਮਕ ਵਿਕਾਸ ਹੈ, ਪਰ ਕੁਝ ਸਮਾਜ ਵਿਰੋਧੀ ਤੱਤ ਅਤੇ ਵਿਸ਼ਵ ਸ਼ਕਤੀਆਂ ਵੀ ਹਨ, ਜੋ ਕਿ ਟੈਕਨੋਲੋਜੀ ਦੀ ਵਰਤੋਂ ਕਰਕੇ ਨਾਗਰਿਕਾਂ ਅਤੇ ਸਰਕਾਰਾਂ ਨੂੰ ਆਰਥਿਕ ਅਤੇ ਸਮਾਜਿਕ ਨੁਕਸਾਨ ਪਹੁੰਚਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਲਈ ਇਹ ਕਾਨਫਰੰਸ ਹੋਰ ਵੀ ਮਹੱਤਵਪੂਰਨ ਬਣ ਜਾਂਦੀ ਹੈ ਕਿਉਂਕਿ ਇਹ ਡਿਜੀਟਲ ਵਰਲਡ ਨੂੰ ਸਾਰਿਆਂ ਲਈ ਸੁਰੱਖਿਅਤ ਬਣਾਉਣ ਲਈ ਤਾਲਮੇਲ ਵਾਲੀ ਕਾਰਵਾਈ ਲਈ ਇੱਕ ਮਹੱਤਵਪੂਰਨ ਗਲੋਬਲ ਪਹਿਲ ਹੋ ਸਕਦੀ ਹੈ।

 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਮੰਨਣਾ ਹੈ ਕਿ “ਸਾਈਬਰ ਸੁਰੱਖਿਆ ਹੁਣ ਸਿਰਫ਼ ਡਿਜੀਟਲ ਦੁਨੀਆ ਤੱਕ ਸੀਮਿਤ ਨਹੀਂ ਹੈ। ਇਹ ਰਾਸ਼ਟਰੀ ਸੁਰੱਖਿਆ - ਗਲੋਬਲ ਸੁਰੱਖਿਆ ਦਾ ਵਿਸ਼ਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਟੈਕਨੋਲੋਜੀ ਦੇ ਮਾਨਵੀ ਪਹਿਲੂ 'ਤੇ ਜ਼ੋਰ ਦਿੱਤਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਮੋਦੀ ਜੀ ਨੇ ਟੈਕਨੋਲੋਜੀ ਦੀ ਵਰਤੋਂ ਵਿੱਚ 'ਦਇਆ' ਅਤੇ 'ਸੰਵੇਦਨਸ਼ੀਲਤਾ' ਨੂੰ ਯਕੀਨੀ ਬਣਾਉਣ ਲਈ "ਇੰਟਰਨੈੱਟ ਆਵੑ ਥਿੰਗਜ਼" ਨੂੰ "ਇਮੋਸ਼ਨਸ ਆਵੑ ਥਿੰਗਜ਼" ਨਾਲ ਜੋੜਿਆ ਹੈ।

 

ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ, ਭਾਰਤ ਜ਼ਮੀਨੀ ਪੱਧਰ 'ਤੇ ਉੱਭਰਦੀਆਂ ਟੈਕਨੋਲੋਜੀਆਂ ਨੂੰ ਅਪਣਾਉਣ ਵਿੱਚ ਸਭ ਤੋਂ ਅੱਗੇ ਰਿਹਾ ਹੈ ਅਤੇ ਸਾਡਾ ਉਦੇਸ਼ ਸਮਾਜ ਦੇ ਸਾਰੇ ਵਰਗਾਂ ਲਈ ਆਧੁਨਿਕ ਟੈਕਨੋਲੋਜੀ ਨੂੰ ਵਧੇਰੇ ਪਹੁੰਚਯੋਗ ਅਤੇ ਕਿਫਾਇਤੀ ਬਣਾਉਣਾ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਅੱਜ, 840 ਮਿਲੀਅਨ ਭਾਰਤੀਆਂ ਦੀ ਔਨਲਾਈਨ ਮੌਜੂਦਗੀ ਹੈ, ਅਤੇ 2025 ਤੱਕ ਹੋਰ 400 ਮਿਲੀਅਨ ਭਾਰਤੀ ਡਿਜੀਟਲ ਵਰਲਡ ਵਿੱਚ ਦਾਖਲ ਹੋਣਗੇ। ਉਨ੍ਹਾਂ ਕਿਹਾ ਕਿ ਪਿਛਲੇ 9 ਸਾਲਾਂ ਵਿੱਚ ਭਾਰਤ ਵਿੱਚ ਇੰਟਰਨੈਟ ਕਨੈਕਸ਼ਨਾਂ ਵਿੱਚ 250% ਦਾ ਵਾਧਾ ਹੋਇਆ ਹੈ ਅਤੇ ਪ੍ਰਤੀ ਜੀਬੀ ਡੇਟਾ ਦੀ ਕੀਮਤ ਵਿੱਚ 96% ਦੀ ਕਮੀ ਆਈ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਦੇ ਤਹਿਤ, 500 ਮਿਲੀਅਨ ਨਵੇਂ ਬੈਂਕ ਖਾਤੇ ਖੋਲ੍ਹੇ ਗਏ ਹਨ, ਅਤੇ 330 ਮਿਲੀਅਨ ਰੁਪੇ ਡੈਬਿਟ ਕਾਰਡ ਵੰਡੇ ਗਏ ਹਨ। ਸ਼੍ਰੀ ਸ਼ਾਹ ਨੇ ਕਿਹਾ ਕਿ ਭਾਰਤ 2022 ਵਿੱਚ 90 ਮਿਲੀਅਨ ਟ੍ਰਾਂਜੈਕਸ਼ਨਾਂ ਦੇ ਨਾਲ ਗਲੋਬਲ ਡਿਜੀਟਲ ਭੁਗਤਾਨ ਵਿੱਚ ਸਭ ਤੋਂ ਅੱਗੇ ਹੈ ਅਤੇ ਭਾਰਤ ਵਿੱਚ ਅੱਜ ਤੱਕ ਯੂਪੀਆਈ ਲੈਣ-ਦੇਣ 35 ਟ੍ਰਿਲੀਅਨ ਰੁਪਏ ਦੇ ਹੋਏ ਹਨ। ਉਨ੍ਹਾਂ ਕਿਹਾ ਕਿ 46% ਗਲੋਬਲ ਡਿਜੀਟਲ ਭੁਗਤਾਨ ਭਾਰਤ ਵਿੱਚ ਕੀਤੇ ਜਾਂਦੇ ਹਨ ਅਤੇ ਸਾਲ 2017-18 ਤੋਂ ਲੈਣ-ਦੇਣ ਦੀ ਮਾਤਰਾ ਵਿੱਚ 50 ਗੁਣਾ ਵਾਧਾ ਹੋਇਆ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਡਾਇਰੈਕਟ ਬੈਨੀਫਿਟ ਟਰਾਂਸਫਰ (ਡੀਬੀਟੀ) ਜ਼ਰੀਏ, 52 ਮੰਤਰਾਲਿਆਂ ਵਿੱਚ 300 ਤੋਂ ਵੱਧ ਸਕੀਮਾਂ ਨੂੰ ਕਵਰ ਕਰਦੇ ਹੋਏ, ਲਾਭਾਰਥੀਆਂ ਦੇ ਬੈਂਕ ਖਾਤਿਆਂ ਵਿੱਚ 300 ਮਿਲੀਅਨ ਰੁਪਏ ਦੀ ਰਕਮ ਪ੍ਰਤੱਖ ਟਰਾਂਸਫਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਡਿਜੀਲੌਕਰ ਕਰੀਬ 6 ਅਰਬ ਦਸਤਾਵੇਜ਼ਾਂ ਨੂੰ ਸਟੋਰ ਕਰਦਾ ਹੈ। ਭਾਰਤਨੈੱਟ ਦੇ ਤਹਿਤ, ਦੇਸ਼ ਵਿੱਚ 600,000 ਕਿਲੋਮੀਟਰ ਔਪਟੀਕਲ ਫਾਈਬਰ ਕੇਬਲ (ਓਐੱਫਸੀ) ਵਿਛਾਈ ਗਈ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਉਮੰਗ ਐਪ (UMANG App) - ਨਿਊ ਏਜ ਗਵਰਨੈਂਸ ਲਈ ਯੂਨੀਫਾਈਡ ਮੋਬਾਈਲ ਐਪਲੀਕੇਸ਼ਨ - 53 ਮਿਲੀਅਨ ਰਜਿਸਟ੍ਰੇਸ਼ਨਾਂ ਦੇ ਨਾਲ ਲਾਂਚ ਕੀਤੀ ਗਈ ਹੈ। 'ਸੇਵਾਵਾਂ ਦੀ ਡਿਜੀਟਲ ਡਿਲੀਵਰੀ' ਲਈ ਪਹਿਲਾਂ ਨੇ ਇੱਕ ਦਹਾਕੇ ਦੇ ਅੰਦਰ ਭਾਰਤ ਨੂੰ 'ਡਿਜੀਟਲ ਰਾਸ਼ਟਰ' ਵਿੱਚ ਬਦਲ ਦਿੱਤਾ ਹੈ।


 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਇਸ ਦੇ ਨਾਲ ਹੀ ਸਾਈਬਰ ਖਤਰੇ ਦੀਆਂ ਸੰਭਾਵਨਾਵਾਂ ਵੀ ਵਧ ਗਈਆਂ ਹਨ। ਉਨ੍ਹਾਂ ਨੇ ਸਾਲ 2022 ਲਈ ਇੰਟਰਪੋਲ ਦੀ 'ਗਲੋਬਲ ਟ੍ਰੈਂਡ ਸਮਰੀ ਰਿਪੋਰਟ' ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕੁਝ ਸਾਈਬਰ ਕ੍ਰਾਈਮ ਰੁਝਾਨ ਜਿਵੇਂ ਕਿ ਰੈਨਸਮਵੇਅਰ, ਫਿਸ਼ਿੰਗ, ਔਨਲਾਈਨ ਸਕੈਮ, ਔਨਲਾਈਨ ਬਾਲ ਜਿਨਸੀ ਸ਼ੋਸ਼ਣ ਅਤੇ ਹੈਕਿੰਗ ਦੁਨੀਆ ਭਰ ਵਿੱਚ ਗੰਭੀਰ ਖਤਰੇ ਪੈਦਾ ਕਰ ਰਹੇ ਹਨ ਅਤੇ ਸੰਭਾਵਨਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹ ਸਾਈਬਰ ਜੁਰਮ ਕਈ ਗੁਣਾ ਵੱਧ ਜਾਣਗੇ। ਸ਼੍ਰੀ ਸ਼ਾਹ ਨੇ ਕਿਹਾ ਕਿ ਇਸ ਸੰਦਰਭ ਵਿੱਚ, ਇਹ ਸਮਿਟ ਜੀ20 ਪ੍ਰੈਜ਼ੀਡੈਂਸੀ ਦੀ ਇੱਕ ਨਵੀਂ ਅਤੇ ਵਿਲੱਖਣ ਪਹਿਲ ਹੈ ਅਤੇ ਜੀ20 ਵਿੱਚ ਸਾਈਬਰ ਸੁਰੱਖਿਆ ਬਾਰੇ ਇਹ ਪਹਿਲੀ ਕਾਨਫਰੰਸ ਹੈ। ਉਨ੍ਹਾਂ ਕਿਹਾ ਕਿ ਜੀ20 ਨੇ ਹੁਣ ਤੱਕ ਆਰਥਿਕ ਨਜ਼ਰੀਏ ਤੋਂ ਡਿਜੀਟਲ ਪਰਿਵਰਤਨ ਅਤੇ ਡੇਟਾ ਪ੍ਰਵਾਹ 'ਤੇ ਧਿਆਨ ਕੇਂਦਰਿਤ ਕੀਤਾ ਹੈ, ਪਰ ਹੁਣ ਅਪਰਾਧ ਅਤੇ ਸੁਰੱਖਿਆ ਦੇ ਪਹਿਲੂਆਂ ਨੂੰ ਸਮਝਣਾ ਅਤੇ ਹੱਲ ਲੱਭਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਅਸੀਂ ਐੱਨਐੱਫਟੀ, ਏਆਈ, ਮੈਟਾਵਰਸ ਅਤੇ ਹੋਰ ਉਭਰਦੀਆਂ ਟੈਕਨੋਲੋਜੀਆਂ ਦੇ ਯੁੱਗ ਵਿੱਚ ਇੱਕ ਤਾਲਮੇਲ ਅਤੇ ਸਹਿਯੋਗੀ ਪਹੁੰਚ ਵਿੱਚ ਨਵੇਂ ਅਤੇ ਉੱਭਰ ਰਹੇ ਖਤਰਿਆਂ ਦਾ ਸਮੇਂ ਸਿਰ ਜਵਾਬ ਦੇ ਕੇ ਅੱਗੇ ਵਧੀਏ। 

 

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਜੀ20 ਫੋਰਮ 'ਤੇ ਸਾਈਬਰ ਸੁਰੱਖਿਆ 'ਤੇ ਜ਼ਿਆਦਾ ਧਿਆਨ ਕੇਂਦਰਿਤ 'ਜਾਣਕਾਰੀ ਬੁਨਿਆਦੀ ਢਾਂਚੇ' ਅਤੇ 'ਡਿਜੀਟਲ ਪਬਲਿਕ ਪਲੇਟਫਾਰਮਾਂ' ਦੀ ਸੁਰੱਖਿਆ ਅਤੇ ਅਖੰਡਤਾ ਨੂੰ ਯਕੀਨੀ ਬਣਾਉਣ ਲਈ ਸਕਾਰਾਤਮਕ ਯੋਗਦਾਨ ਪਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੀ20 ਦੇ ਪਲੇਟਫਾਰਮ 'ਤੇ ਸਾਈਬਰ ਸਪੇਸ ਸੁਰੱਖਿਆ ਅਤੇ ਸਾਈਬਰ ਅਪਰਾਧ 'ਤੇ ਚਰਚਾ 'ਇੰਟੈਲੀਜੈਂਸ ਐਂਡ ਇਨਫਰਮੇਸ਼ਨ ਸ਼ੇਅਰਿੰਗ ਨੈੱਟਵਰਕ' ਦੇ ਵਿਕਾਸ ਵਿੱਚ ਮਦਦ ਕਰੇਗੀ ਅਤੇ ਇਸ ਖੇਤਰ ਵਿੱਚ 'ਗਲੋਬਲ ਸਹਿਯੋਗ' ਨੂੰ ਹੁਲਾਰਾ ਦੇਵੇਗੀ। ਸ਼੍ਰੀ ਸ਼ਾਹ ਨੇ ਕਿਹਾ ਕਿ ਇਸ ਕਾਨਫਰੰਸ ਦਾ ਉਦੇਸ਼ 'ਡਿਜੀਟਲ ਪਬਲਿਕ ਵਸਤੂਆਂ' ਅਤੇ 'ਡਿਜੀਟਲ ਪਬਲਿਕ ਬੁਨਿਆਦੀ ਢਾਂਚੇ' ਨੂੰ ਸਸ਼ਕਤ ਕਰਨ ਅਤੇ ਸੁਰੱਖਿਅਤ ਕਰਨ ਦੇ ਨਾਲ-ਨਾਲ ਟੈਕਨੋਲੋਜੀ ਦੀ ਸ਼ਕਤੀ ਨੂੰ ਬਿਹਤਰ ਢੰਗ ਨਾਲ ਵਰਤਣ ਲਈ ਇੱਕ ਸੁਰੱਖਿਅਤ ਅਤੇ ਕੁਸ਼ਲ ਅੰਤਰਰਾਸ਼ਟਰੀ ਢਾਂਚੇ ਨੂੰ ਉਤਸ਼ਾਹਿਤ ਕਰਨਾ ਹੈ।

 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਦੋ-ਦਿਨਾਂ ਕਾਨਫਰੰਸ ਦੇ ਛੇ ਸੈਸ਼ਨਾਂ ਦੌਰਾਨ, ਅੰਤਰਰਾਸ਼ਟਰੀ ਸਹਿਯੋਗ ਢਾਂਚੇ 'ਤੇ ਸਾਰਥਕ ਚਰਚਾ ਹੋਵੇਗੀ, ਜਿਵੇਂ ਕਿ,

 

•      ਇੰਟਰਨੈੱਟ ਗਵਰਨੈਂਸ,

•      ਡਿਜੀਟਲ ਪਬਲਿਕ ਬੁਨਿਆਦੀ ਢਾਂਚੇ ਦੀ ਸੁਰੱਖਿਆ,

•      ਡਿਜੀਟਲ ਮਲਕੀਅਤ ਨਾਲ ਸਬੰਧਤ ਕਾਨੂੰਨੀ ਅਤੇ ਰੈਗੂਲੇਟਰੀ ਮੁੱਦੇ,

•      ਡਾਰਕ ਨੈੱਟ ਲਈ ਏਆਈ ਅਤੇ ਅੰਤਰਰਾਸ਼ਟਰੀ ਸਹਿਯੋਗ ਫਰੇਮਵਰਕ ਦੀ ਜ਼ਿੰਮੇਵਾਰ ਵਰਤੋਂ।

 

ਸ਼੍ਰੀ ਸ਼ਾਹ ਨੇ ਇਸ ਗੱਲ 'ਤੇ ਖੁਸ਼ੀ ਜ਼ਾਹਿਰ ਕੀਤੀ ਕਿ ਅੰਤਰਰਾਸ਼ਟਰੀ ਭਾਈਚਾਰੇ ਨੇ ਇਸ ਕਾਨਫਰੰਸ ਦਾ ਦਿਲੋਂ ਸਮਰਥਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਕਾਨਫਰੰਸ ਵਿੱਚ ਜੀ20 ਮੈਂਬਰਾਂ ਤੋਂ ਇਲਾਵਾ 9 ਮਹਿਮਾਨ ਦੇਸ਼ ਅਤੇ 2 ਪ੍ਰਮੁੱਖ ਅੰਤਰਰਾਸ਼ਟਰੀ ਸੰਸਥਾਵਾਂ ਇੰਟਰਪੋਲ ਅਤੇ ਯੂਐੱਨਓਡੀਸੀ ਦੇ ਨਾਲ-ਨਾਲ ਵਿਭਿੰਨ ਅੰਤਰਰਾਸ਼ਟਰੀ ਬੁਲਾਰੇ ਹਿੱਸਾ ਲੈ ਰਹੇ ਹਨ। 

 

ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਇਸ ਡਿਜੀਟਲ ਯੁੱਗ ਦੇ ਮੱਦੇਨਜ਼ਰ, ਸਾਈਬਰ ਸੁਰੱਖਿਆ ਗਲੋਬਲ ਸੁਰੱਖਿਆ ਦਾ ਇੱਕ ਜ਼ਰੂਰੀ ਪਹਿਲੂ ਬਣ ਗਿਆ ਹੈ, ਜਿਸ ਦੇ ਆਰਥਿਕ ਅਤੇ ਭੂ-ਰਾਜਨੀਤਿਕ ਪ੍ਰਭਾਵਾਂ 'ਤੇ ਢੁਕਵਾਂ ਧਿਆਨ ਦੇਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਆਤੰਕਵਾਦ, ਆਤੰਕਵਾਦੀ ਵਿੱਤ ਪੋਸ਼ਣ, ਕੱਟੜਪੰਥੀਕਰਨ, ਨਾਰਕੋ, ਨਾਰਕੋ-ਆਤੰਕਵਾਦ ਸਬੰਧਾਂ ਅਤੇ ਗਲਤ ਸੂਚਨਾਵਾਂ ਸਮੇਤ ਨਵੀਆਂ ਅਤੇ ਉਭਰ ਰਹੀਆਂ ਰਵਾਇਤੀ ਅਤੇ ਗੈਰ-ਰਵਾਇਤੀ ਚੁਣੌਤੀਆਂ ਨਾਲ ਨਜਿੱਠਣ ਲਈ ਰਾਸ਼ਟਰਾਂ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਦੀ ਸਮਰੱਥਾ ਨੂੰ ਮਜ਼ਬੂਤ ​​ਕਰਨਾ ਜ਼ਰੂਰੀ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਸਾਡੀਆਂ ਸੁਰੱਖਿਆ ਚੁਣੌਤੀਆਂ ਦਾ 'ਡਾਇਨਾਮਾਈਟ ਤੋਂ ਮੇਟਾਵਰਸ' ਵਿੱਚ ਬਦਲਾਅ ਅਤੇ 'ਹਵਾਲਾ ਤੋਂ ਕ੍ਰਿਪਟੋ ਕਰੰਸੀ' ਦਾ ਪਰਿਵਰਤਨ ਦੁਨੀਆ ਦੇ ਦੇਸ਼ਾਂ ਲਈ ਚਿੰਤਾ ਦਾ ਵਿਸ਼ਾ ਹੈ ਅਤੇ ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਦੇ ਖਿਲਾਫ ਇੱਕ ਸਾਂਝੀ ਰਣਨੀਤੀ ਬਣਾਉਣੀ ਹੋਵੇਗੀ। ਸ਼੍ਰੀ ਸ਼ਾਹ ਨੇ ਕਿਹਾ ਕਿ ਆਤੰਕਵਾਦੀ ਹਿੰਸਾ ਨੂੰ ਅੰਜਾਮ ਦੇਣ, ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣ ਅਤੇ ਵਿੱਤੀ ਸੰਸਾਧਨ ਜੁਟਾਉਣ ਲਈ ਨਵੇਂ ਤਰੀਕੇ ਲੱਭ ਰਹੇ ਹਨ ਅਤੇ ਵਿੱਤੀ ਲੈਣ-ਦੇਣ ਲਈ ਆਤੰਕਵਾਦੀਆਂ ਦੁਆਰਾ ਵਰਚੁਅਲ ਅਸਾਸਿਆਂ ਦੇ ਰੂਪ ਵਿੱਚ ਨਵੇਂ ਤਰੀਕੇ ਵਰਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਆਤੰਕਵਾਦੀ ਆਪਣੀ ਪਹਿਚਾਣ ਛੁਪਾਉਣ ਅਤੇ ਕੱਟੜਪੰਥੀ ਸਮੱਗਰੀ ਫੈਲਾਉਣ ਲਈ ਡਾਰਕ-ਨੈੱਟ ਦੀ ਵਰਤੋਂ ਕਰ ਰਹੇ ਹਨ। ਸ਼੍ਰੀ ਸ਼ਾਹ ਨੇ ਕਿਹਾ ਕਿ ਸਾਨੂੰ ਡਾਰਕ-ਨੈੱਟ 'ਤੇ ਚੱਲ ਰਹੀਆਂ ਇਨ੍ਹਾਂ ਗਤੀਵਿਧੀਆਂ ਦੇ ਪੈਟਰਨ ਨੂੰ ਸਮਝਣਾ ਹੋਵੇਗਾ, ਅਤੇ ਇਸਦੇ ਹੱਲ ਲੱਭਣੇ ਹੋਣਗੇ। ਉਨ੍ਹਾਂ ਕਿਹਾ ਕਿ ਇੱਕ "ਮਜ਼ਬੂਤ ​​ਅਤੇ ਕੁਸ਼ਲ ਸੰਚਾਲਨ ਪ੍ਰਣਾਲੀ ਬਣਾਉਣ ਲਈ, ਸਾਨੂੰ ਵਿਭਿੰਨ ਵਰਚੁਅਲ ਅਸਾਸਿਆਂ ਦੀ ਵਰਤੋਂ 'ਤੇ ਰੋਕ ਲਗਾਉਣ ਲਈ ਇਕਸਾਰਤਾ ਨਾਲ ਸੋਚਣ ਦੀ ਜ਼ਰੂਰਤ ਹੈ।

 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮੈਟਾਵਰਸ, ਜੋ ਕਦੇ ਵਿਗਿਆਨਕ ਕਲਪਨਾ ਦਾ ਵਿਚਾਰ ਸੀ, ਨੇ ਹੁਣ ਅਸਲ ਸੰਸਾਰ ਵਿੱਚ ਕਦਮ ਰੱਖਿਆ ਹੈ ਅਤੇ ਇਹ ਆਤੰਕਵਾਦੀ ਸੰਗਠਨਾਂ ਲਈ ਮੁੱਖ ਤੌਰ 'ਤੇ ਪ੍ਰਚਾਰ, ਭਰਤੀ ਅਤੇ ਟ੍ਰੇਨਿੰਗ ਲਈ ਨਵੇਂ ਮੌਕੇ ਪੈਦਾ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਆਤੰਕਵਾਦੀ ਸੰਗਠਨਾਂ ਲਈ ਸੰਵੇਦਨਸ਼ੀਲ ਲੋਕਾਂ ਨੂੰ ਚੁਣਨਾ ਅਤੇ ਟਾਰਗਿਟ ਕਰਨਾ ਅਤੇ ਉਨ੍ਹਾਂ ਦੀਆਂ ਕਮਜ਼ੋਰੀਆਂ ਦੇ ਅਨੁਸਾਰ ਸਮੱਗਰੀ ਤਿਆਰ ਕਰਨਾ ਅਸਾਨ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਮੈਟਾਵਰਸ ਉਪਭੋਗਤਾ ਦੀ ਪਹਿਚਾਣ ਦੀ ਸੱਚੀ ਨਕਲ ਕਰਨ ਦੇ ਮੌਕੇ ਵੀ ਪੈਦਾ ਕਰਦਾ ਹੈ, ਜਿਸਨੂੰ "ਡੂੰਘੀ-ਨਕਲੀ (deep-fakes)" ਵਜੋਂ ਜਾਣਿਆ ਜਾਂਦਾ ਹੈ, ਅਤੇ, ਵਿਅਕਤੀਆਂ ਬਾਰੇ ਬਿਹਤਰ ਬਾਇਓਮੀਟ੍ਰਿਕ ਜਾਣਕਾਰੀ ਦੀ ਵਰਤੋਂ ਕਰਕੇ, ਅਪਰਾਧੀ ਉਪਭੋਗਤਾਵਾਂ ਦੀ ਨਕਲ ਕਰਨ ਅਤੇ ਉਨ੍ਹਾਂ ਦੀ ਪਹਿਚਾਣ ਚੋਰੀ ਕਰਨ ਦੇ ਸਮਰੱਥ ਹੋਣਗੇ। ਸ਼੍ਰੀ ਸ਼ਾਹ ਨੇ ਕਿਹਾ ਕਿ ਸਾਈਬਰ ਅਪਰਾਧੀਆਂ ਦੁਆਰਾ ਰੈਨਸਮਵੇਅਰ ਹਮਲੇ, ਗੰਭੀਰ ਪ੍ਰਾਈਵੇਟ ਡੇਟਾ ਦੀ ਵਿਕਰੀ, ਔਨਲਾਈਨ ਪਰੇਸ਼ਾਨੀ ਅਤੇ ਬੱਚਿਆਂ ਨਾਲ ਦੁਰਵਿਵਹਾਰ ਤੋਂ ਲੈ ਕੇ ਜਾਅਲੀ ਖ਼ਬਰਾਂ ਅਤੇ ਗ਼ਲਤ ਜਾਣਕਾਰੀ ਮੁਹਿੰਮਾਂ ਤੱਕ ਦੀਆਂ ਘਟਨਾਵਾਂ ਨੂੰ ਸਾਈਬਰ ਅਪਰਾਧੀਆਂ ਦੁਆਰਾ ਅੰਜਾਮ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਸੇ ਸਮੇਂ, ਮਹੱਤਵਪੂਰਨ ਜਾਣਕਾਰੀ ਅਤੇ ਵਿੱਤੀ ਪ੍ਰਣਾਲੀਆਂ ਨੂੰ ਰਣਨੀਤਕ ਤੌਰ 'ਤੇ ਟਾਰਗਿਟ ਕਰਨ ਦਾ ਰੁਝਾਨ ਵੀ ਵਧ ਰਿਹਾ ਹੈ। ਅਜਿਹੀਆਂ ਗਤੀਵਿਧੀਆਂ ਰਾਸ਼ਟਰੀ ਚਿੰਤਾ ਦਾ ਵਿਸ਼ਾ ਹਨ, ਕਿਉਂਕਿ ਇਨ੍ਹਾਂ ਦੀਆਂ ਗਤੀਵਿਧੀਆਂ ਦਾ ਰਾਸ਼ਟਰੀ ਸੁਰੱਖਿਆ, ਕਾਨੂੰਨ ਵਿਵਸਥਾ ਅਤੇ ਅਰਥਵਿਵਸਥਾ 'ਤੇ ਪ੍ਰਤੱਖ ਪ੍ਰਭਾਵ ਪੈਂਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜੇਕਰ ਅਜਿਹੇ ਅਪਰਾਧਾਂ ਅਤੇ ਅਪਰਾਧੀਆਂ ਨੂੰ ਰੋਕਣਾ ਹੈ ਤਾਂ ਸਾਨੂੰ ਰਵਾਇਤੀ ਭੂਗੋਲਿਕ ਸੀਮਾਵਾਂ ਤੋਂ ਉੱਪਰ ਉੱਠ ਕੇ ਸੋਚਣਾ ਅਤੇ ਕੰਮ ਕਰਨਾ ਹੋਵੇਗਾ। ਸ਼੍ਰੀ ਸ਼ਾਹ ਨੇ ਇਸ਼ਾਰਾ ਕੀਤਾ ਕਿ ਡਿਜੀਟਲ ਯੁੱਧ ਵਿੱਚ ਟਾਰਗਿਟ ਸਾਡੇ ਭੌਤਿਕ ਸੰਸਾਧਨ ਨਹੀਂ ਹਨ, ਪਰ ਸਾਡੀ ਔਨਲਾਈਨ ਕੰਮ ਕਰਨ ਦੀ ਸਮਰੱਥਾ ਅਤੇ ਕੁਝ ਮਿੰਟਾਂ ਲਈ ਵੀ ਔਨਲਾਈਨ ਨੈੱਟਵਰਕ ਵਿੱਚ ਵਿਘਨ ਘਾਤਕ ਹੋ ਸਕਦਾ ਹੈ।


 

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਅੱਜ ਦੁਨੀਆ ਦੀਆਂ ਸਾਰੀਆਂ ਸਰਕਾਰਾਂ ਸ਼ਾਸਨ ਅਤੇ ਲੋਕ ਭਲਾਈ ਵਿੱਚ ਡਿਜੀਟਲ ਸਾਧਨਾਂ ਨੂੰ ਉਤਸ਼ਾਹਿਤ ਕਰ ਰਹੀਆਂ ਹਨ ਅਤੇ ਇਸ ਦਿਸ਼ਾ ਵਿੱਚ ਨਾਗਰਿਕਾਂ ਦਾ ਡਿਜੀਟਲ ਪਲੇਟਫਾਰਮ ਵਿੱਚ ਵਿਸ਼ਵਾਸ ਹੋਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਡਿਜੀਟਲ ਖੇਤਰ ਵਿੱਚ ਅਸੁਰੱਖਿਆ ਰਾਸ਼ਟਰ-ਰਾਜ ਦੀ ਜਾਇਜ਼ਤਾ ਅਤੇ ਪ੍ਰਭੂਸੱਤਾ 'ਤੇ ਵੀ ਸਵਾਲ ਖੜ੍ਹੇ ਕਰਦੀ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਸਾਡਾ ਇੰਟਰਨੈਟ ਵਿਜ਼ਨ ਨਾ ਤਾਂ ਸਾਡੇ ਰਾਸ਼ਟਰਾਂ ਦੀ ਹੋਂਦ ਨੂੰ ਖਤਰੇ ਵਿੱਚ ਪਾਉਣ ਵਾਲੀ ਬਹੁਤ ਜ਼ਿਆਦਾ ਆਜ਼ਾਦੀ ਅਤੇ ਨਾ ਹੀ ਡਿਜ਼ੀਟਲ ਫਾਇਰਵਾਲ ਜਿਹੀਆਂ ਅਲੱਗ-ਥਲੱਗ ਬਣਤਰਾਂ ਵਿੱਚੋਂ ਇੱਕ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਕੁਝ ਖਾਸ 'ਓਪਨ-ਐਕਸੈੱਸ ਡਿਜੀਟਲ ਪਬਲਿਕ ਇਨਫਰਾਸਟਰੱਕਚਰ' ਮੌਡਲ ਸਥਾਪਿਤ ਕੀਤੇ ਹਨ, ਜੋ ਅੱਜ ਦੁਨੀਆ ਵਿੱਚ ਮਿਸਾਲ ਬਣ ਚੁੱਕੇ ਹਨ। ਭਾਰਤ ਨੇ ਡਿਜੀਟਲ ਪਹਿਚਾਣ ਲਈ ਆਧਾਰ ਮਾਡਲ, ਰੀਅਲ-ਟਾਈਮ ਤੇਜ਼ ਭੁਗਤਾਨ ਦਾ ਯੂਪੀਆਈ ਮੌਡਲ, ਡਿਜੀਟਲ ਕਾਮਰਸ ਲਈ ਓਪਨ ਨੈੱਟਵਰਕ (ਓਐੱਨਡੀਸੀ), ਅਤੇ, ਸਿਹਤ ਦੇ ਖੇਤਰ ਵਿੱਚ ਓਪਨ ਹੈਲਥ ਸਰਵਿਸ ਨੈੱਟਵਰਕ ਵਿਕਸਿਤ ਕੀਤਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਅੱਜ ਦੁਨੀਆ ਨੂੰ ਸੂਚਨਾ ਅਤੇ ਵਿੱਤ ਦੇ ਪ੍ਰਵਾਹ ਨੂੰ ਸੁਚਾਰੂ ਬਣਾਉਣ ਲਈ ਡਿਜੀਟਲ ਪਬਲਿਕ ਬੁਨਿਆਦੀ ਢਾਂਚੇ ਲਈ ਇੱਕ ਮੌਡਲ ਦੀ ਜ਼ਰੂਰਤ ਹੈ ਅਤੇ ਇਹ ਦੁਨੀਆ ਦੇ ਦੇਸ਼ਾਂ ਨੂੰ ਆਪਣੇ ਨਾਗਰਿਕਾਂ ਨੂੰ ਡਿਜੀਟਲ ਰੂਪ ਵਿੱਚ ਸਸ਼ਕਤ ਬਣਾਉਣ ਵਿੱਚ ਸਹਾਇਤਾ ਕਰੇਗਾ।

 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਦੁਨੀਆ ਦੇ ਕਈ ਦੇਸ਼ ਸਾਈਬਰ ਹਮਲਿਆਂ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ ਇਹ ਖਤਰਾ ਦੁਨੀਆ ਦੀਆਂ ਸਾਰੀਆਂ ਪ੍ਰਮੁੱਖ ਅਰਥਵਿਵਸਥਾਵਾਂ 'ਤੇ ਮੰਡਰਾ ਰਿਹਾ ਹੈ। ਉਨ੍ਹਾਂ ਕਿਹਾ ਕਿ, ਵਰਲਡ ਬੈਂਕ ਦੇ ਅਨੁਮਾਨਾਂ ਅਨੁਸਾਰ, ਸਾਈਬਰ ਹਮਲਿਆਂ ਨਾਲ ਸਾਲ 2019-2023 ਦੌਰਾਨ ਦੁਨੀਆ ਨੂੰ ਲਗਭਗ 5.2 ਟ੍ਰਿਲੀਅਨ ਡਾਲਰ ਦਾ ਨੁਕਸਾਨ ਹੋ ਸਕਦਾ ਹੈ। ਖਤਰਨਾਕ ਖਤਰੇ ਵਾਲੇ ਐਕਟਰਾਂ ਦੁਆਰਾ ਕ੍ਰਿਪਟੋ ਮੁਦਰਾ ਦੀ ਵਰਤੋਂ ਇਸਦੀ ਖੋਜ ਅਤੇ ਰੋਕਥਾਮ ਨੂੰ ਹੋਰ ਗੁੰਝਲਦਾਰ ਬਣਾਉਂਦੀ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਸਰਕਾਰ ਨੇ ਇੱਕ ਸਮਾਨ ਸਾਈਬਰ ਰਣਨੀਤੀ ਦੀ ਰੂਪਰੇਖਾ ਤਿਆਰ ਕਰਨ, ਸਾਈਬਰ-ਅਪਰਾਧਾਂ ਦੀ ਅਸਲ-ਸਮੇਂ ਦੀ ਰਿਪੋਰਟਿੰਗ, ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਸਮਰੱਥਾ ਨਿਰਮਾਣ, ਵਿਸ਼ਲੇਸ਼ਣਾਤਮਕ ਟੂਲ ਡਿਜ਼ਾਈਨ ਕਰਨ, ਅਤੇ ਫੋਰੈਂਸਿਕ ਪ੍ਰਯੋਗਸ਼ਾਲਾਵਾਂ ਦਾ ਇੱਕ ਰਾਸ਼ਟਰੀ ਨੈੱਟਵਰਕ ਤਿਆਰ ਕਰਨ, ਸਾਈਬਰ ਸਵੱਛਤਾ ਨੂੰ ਯਕੀਨੀ ਬਣਾਉਣ, ਅਤੇ ਹਰ ਨਾਗਰਿਕ ਤੱਕ ਸਾਈਬਰ ਜਾਗਰੂਕਤਾ ਫੈਲਾਉਣ ਲਈ ਕੰਮ ਕੀਤਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਦੇਸ਼ ਦੇ ਸਾਰੇ ਥਾਣਿਆਂ ਵਿੱਚ ਕ੍ਰਾਈਮ ਐਂਡ ਕ੍ਰਿਮੀਨਲ ਟ੍ਰੈਕਿੰਗ ਨੈੱਟਵਰਕ ਐਂਡ ਸਿਸਟਮ (ਸੀਸੀਟੀਐੱਨਐੱਸ) ਲਾਗੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਸਾਈਬਰ ਕ੍ਰਾਈਮ ਵਿਰੁੱਧ ਵਿਆਪਕ ਜਵਾਬ ਨੂੰ ਯਕੀਨੀ ਬਣਾਉਣ ਲਈ ਭਾਰਤੀ ਸਾਈਬਰ-ਕ੍ਰਾਈਮ ਕੋਆਰਡੀਨੇਸ਼ਨ ਸੈਂਟਰ (ਆਈ-4ਸੀ) ਦੀ ਸਥਾਪਨਾ ਕੀਤੀ ਹੈ। ਭਾਰਤ ਸਰਕਾਰ ਨੇ 'ਸਾਈਟਰੇਨ' (CyTrain) ਪੋਰਟਲ ਨਾਮਕ ਇੱਕ ਵਿਸ਼ਾਲ ਓਪਨ ਔਨਲਾਈਨ ਕੋਰਸ ਪਲੇਟਫਾਰਮ ਵੀ ਬਣਾਇਆ ਹੈ, ਜੋ ਸ਼ਾਇਦ ਸਾਈਬਰ ਸੁਰੱਖਿਆ ਦੇ ਖੇਤਰ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਟ੍ਰੇਨਿੰਗ ਪ੍ਰੋਗਰਾਮ ਹੋਵੇਗਾ। 

 

ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਨੇ ਇੱਕ ਸੁਰੱਖਿਅਤ ਸਾਈਬਰਸਪੇਸ ਨੂੰ ਯਕੀਨੀ ਬਣਾਉਣ ਲਈ ਭਾਗੀਦਾਰਾਂ ਦਾ ਧਿਆਨ ਕੁਝ ਨੁਕਤਿਆਂ ਵੱਲ ਖਿੱਚਿਆ। ਉਨ੍ਹਾਂ ਕਿਹਾ, ਡਿਜੀਟਲ ਅਪਰਾਧਾਂ ਦੇ ਟਾਕਰੇ ਲਈ ਬਣਾਏ ਗਏ ਸਾਰੇ ਦੇਸ਼ਾਂ ਦੇ ਕਾਨੂੰਨਾਂ ਵਿੱਚ ਕੁਝ ਇਕਸਾਰਤਾ ਲਿਆਉਣ ਦੇ ਯਤਨ ਹੋਣੇ ਚਾਹੀਦੇ ਹਨ। ਸਾਈਬਰ ਅਪਰਾਧਾਂ ਦੀ ਸੀਮਾ ਰਹਿਤ ਪ੍ਰਕਿਰਤੀ ਨੂੰ ਧਿਆਨ ਵਿੱਚ ਰੱਖਦੇ ਹੋਏ, ਸਾਨੂੰ ਦੇਸ਼ਾਂ ਦੇ ਵਿਭਿੰਨ ਕਾਨੂੰਨਾਂ ਦੇ ਤਹਿਤ ਇੱਕ ਜਵਾਬ ਤੰਤਰ ਸਥਾਪਿਤ ਕਰਨਾ ਚਾਹੀਦਾ ਹੈ। ਇਸ ਖੇਤਰ ਵਿੱਚ ਗਲੋਬਲ ਸਹਿਯੋਗ ਸਾਈਬਰ ਸੁਰੱਖਿਆ ਮਾਪਦੰਡਾਂ, ਸਰਵਸ੍ਰੇਸ਼ਠ ਪ੍ਰਥਾਵਾਂ ਅਤੇ ਨਿਯਮਾਂ ਨੂੰ ਇਕਸੁਰ ਕਰਨ ਵਿੱਚ ਮਦਦ ਕਰੇਗਾ। ਸ਼੍ਰੀ ਸ਼ਾਹ ਨੇ ਉਮੀਦ ਜਤਾਈ ਕਿ ਇਹ ਕਾਨਫਰੰਸ ਇਸ ਦਿਸ਼ਾ ਵਿੱਚ ਇੱਕ ਠੋਸ ਕਾਰਜ ਯੋਜਨਾ ਪ੍ਰਦਾਨ ਕਰੇਗੀ। ਉਨ੍ਹਾਂ ਕਿਹਾ ਕਿ ਸਾਈਬਰ ਸੁਰੱਖਿਆ ਨੀਤੀਆਂ ਲਈ ਇੱਕ ਏਕੀਕ੍ਰਿਤ ਅਤੇ ਸਥਿਰ ਪਹੁੰਚ ਅੰਤਰ-ਕਾਰਜਸ਼ੀਲਤਾ ਦੀ ਸੁਵਿਧਾ ਦੇਵੇਗੀ, ਜਾਣਕਾਰੀ ਸਾਂਝੀ ਕਰਨ ਵਿੱਚ ਵਿਸ਼ਵਾਸ ਵਧਾਏਗੀ ਅਤੇ ਏਜੰਸੀ ਪ੍ਰੋਟੋਕੋਲ ਅਤੇ ਸੰਸਾਧਨਾਂ ਦੇ ਅੰਤਰ ਨੂੰ ਘਟਾਏਗੀ। ਉਨ੍ਹਾਂ ਕਿਹਾ ਕਿ ਸਮੇਂ ਦੀ ਜ਼ਰੂਰਤ ਹੈ ਕਿ ਦੇਸ਼ ਦੇ ਮਹੱਤਵਪੂਰਨ ਬੁਨਿਆਦੀ ਢਾਂਚੇ ਨੂੰ ਸੁਰੱਖਿਅਤ ਕਰਨ ਲਈ ਉਦਯੋਗ ਅਤੇ ਅਕਾਦਮਿਕ ਜਗਤ ਦੇ ਸਰਗਰਮ ਸਮਰਥਨ ਨਾਲ ਮੈਂਬਰ ਦੇਸ਼ਾਂ ਦਰਮਿਆਨ 'ਰੀਅਲ-ਟਾਈਮ ਸਾਈਬਰ ਖਤਰੇ ਦੀ ਖੁਫੀਆ ਜਾਣਕਾਰੀ' ਸਾਂਝੀ ਕੀਤੀ ਜਾਵੇ। ਸਾਈਬਰ ਘਟਨਾਵਾਂ 'ਤੇ ਰਿਪੋਰਟਿੰਗ ਅਤੇ ਕਾਰਵਾਈ ਕਰਨ ਲਈ ਸਾਰੇ ਦੇਸ਼ਾਂ ਦੀਆਂ ਸਾਈਬਰ ਏਜੰਸੀਆਂ ਦਰਮਿਆਨ ਹੋਰ ਜ਼ਿਆਦਾ ਤਾਲਮੇਲ ਹੋਣਾ ਚਾਹੀਦਾ ਹੈ। ਇੱਕ 'ਸ਼ਾਂਤਮਈ, ਸੁਰੱਖਿਅਤ, ਨਿਰੋਧਕ ਅਤੇ ਖੁੱਲ੍ਹਾ' ਸੂਚਨਾ ਅਤੇ ਸੰਚਾਰ ਟੈਕਨੋਲੋਜੀ ਮਾਹੌਲ ਬਣਾਉਣ ਲਈ ਸਾਂਝੇ ਯਤਨਾਂ ਜ਼ਰੀਏ ਸੀਮਾਵਾਂ ਤੋਂ ਪਾਰ ਸਾਈਬਰ ਅਪਰਾਧਾਂ ਦੀ ਜਾਂਚ ਵਿੱਚ ਸਹਿਯੋਗ ਅੱਜ ਬੇਹੱਦ ਜ਼ਰੂਰੀ ਹੈ। ਸੂਚਨਾ ਅਤੇ ਸੰਚਾਰ ਟੈਕਨੋਲੋਜੀ ਦੀ ਅਪਰਾਧਿਕ ਵਰਤੋਂ 'ਤੇ ਸੰਯੁਕਤ ਰਾਸ਼ਟਰ ਕਨਵੈਨਸ਼ਨ ਦੇ ਅਨੁਸਾਰ, ਸਬੂਤਾਂ ਦੀ ਤੇਜ਼ੀ ਨਾਲ ਸੰਭਾਲ਼, ਜਾਂਚ ਅਤੇ ਤਾਲਮੇਲ ਜ਼ਰੂਰੀ ਹੈ। ਕੰਪਿਊਟਰ ਐਮਰਜੈਂਸੀ ਰਿਸਪੌਂਸ ਟੀਮਾਂ (ਸੀਈਆਰਟੀ) ਨੂੰ ਉਭਰਦੀਆਂ ਟੈਕਨੋਲੋਜੀਆਂ ਦੇ ਕਾਰਨ ਉੱਭਰ ਰਹੇ ਖਤਰਿਆਂ ਨਾਲ ਨਜਿੱਠਣ ਲਈ ਮਜ਼ਬੂਤ ​​ਕੀਤਾ ਜਾਣਾ ਚਾਹੀਦਾ ਹੈ। ਇੱਕ ਪ੍ਰਭਾਵੀ 'ਪ੍ਰੀਡਿਕਟਿਵ - ਪ੍ਰੀਵੈਂਟਿਵ - ਪ੍ਰੋਟੈਕਟਿਵ ਐਂਡ ਰਿਕਵਰੀ' ਕਾਰਵਾਈ ਲਈ ਇੱਕ 24x7 ਸਾਈਬਰ ਸੁਰੱਖਿਆ ਵਿਧੀ ਹੋਣੀ ਚਾਹੀਦੀ ਹੈ। ਸਾਈਬਰ ਧਮਕੀ ਲੈਂਡਸਕੇਪ ਦੀ ਪ੍ਰਕਿਰਤੀ ਰਾਸ਼ਟਰੀ ਸੀਮਾਵਾਂ ਵਿੱਚ ਫੈਲੀ ਹੋਈ ਹੈ, ਸਾਈਬਰ ਅਪਰਾਧਾਂ ਦਾ ਪ੍ਰਭਾਵੀ ਢੰਗ ਨਾਲ ਮੁਕਾਬਲਾ ਕਰਨ ਲਈ ਦੇਸ਼ਾਂ, ਸੰਸਥਾਵਾਂ ਅਤੇ ਹਿੱਤਧਾਰਕਾਂ ਦੁਆਰਾ ਸਹਿਯੋਗ ਅਤੇ ਜਾਣਕਾਰੀ ਨੂੰ ਸਾਂਝਾ ਕਰਨ ਦੀ ਜ਼ਰੂਰਤ ਹੈ। ਜ਼ਿੰਮੇਵਾਰ ਵਰਤੋਂ ਨੂੰ ਯਕੀਨੀ ਬਣਾਉਣ ਲਈ 'ਪਾਰਦਰਸ਼ੀ ਅਤੇ ਜਵਾਬਦੇਹ ਏਆਈ ਅਤੇ ਉਭਰਦੀ ਟੈਕਨੋਲੋਜੀ ਗਵਰਨੈਂਸ ਫਰੇਮਵਰਕ' ਬਣਾਉਣ ਦਾ ਸਮਾਂ ਆ ਗਿਆ ਹੈ। ਡਿਜੀਟਲ ਮੁਦਰਾ ਨੂੰ ਸ਼ਾਮਲ ਕਰਨ ਵਾਲੇ ਸਾਈਬਰ ਅਪਰਾਧ ਵਿੱਚ ਵਾਧੇ ਦੇ ਮੱਦੇਨਜ਼ਰ, ਅਜਿਹੀਆਂ ਵਿੱਤੀ ਬੇਨਿਯਮੀਆਂ ਨੂੰ ਰੋਕਣ ਲਈ ਰਾਸ਼ਟਰਾਂ ਵਿੱਚ ਇੱਕ 'ਸਮਰਪਣ ਸਾਂਝੇ ਚੈਨਲ' ਦੀ ਜ਼ਰੂਰਤ ਹੈ। ਐੱਨਐੱਫਟੀ ਪਲੇਟਫਾਰਮਾਂ ਦੀ ਤੀਸਰੀ-ਧਿਰ ਦੀ ਤਸਦੀਕ ਵਿਸ਼ਵਾਸ ਨੂੰ ਵਧਾਏਗੀ ਅਤੇ ਅਪਰਾਧਿਕ ਗਤੀਵਿਧੀਆਂ ਨੂੰ ਰੋਕ ਦੇਵੇਗੀ।

 

ਆਪਣੇ ਸੰਬੋਧਨ ਦੀ ਸਮਾਪਤੀ ਕਰਦੇ ਹੋਏ, ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਇੱਕ ਵਾਰ ਫਿਰ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕੋਈ ਵੀ ਦੇਸ਼ ਜਾਂ ਸੰਗਠਨ ਇਕੱਲੇ ਸਾਈਬਰ ਖਤਰਿਆਂ ਦਾ ਮੁਕਾਬਲਾ ਨਹੀਂ ਕਰ ਸਕਦਾ - ਇਸ ਲਈ ਇੱਕ ਸੰਯੁਕਤ ਮੋਰਚੇ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਸਾਡੇ ਭਵਿੱਖ ਨੇ ਸਾਨੂੰ 'ਸੰਵੇਦਨਸ਼ੀਲਤਾ ਨਾਲ ਟੈਕਨੋਲੋਜੀ ਦੀ ਵਰਤੋਂ' ਅਤੇ 'ਪਬਲਿਕ ਸੁਰੱਖਿਆ ਨੂੰ ਯਕੀਨੀ ਬਣਾਉਣ' ਪ੍ਰਤੀ ਆਪਣੀ ਪ੍ਰਤੀਬੱਧਤਾ 'ਤੇ ਦ੍ਰਿੜ ਰਹਿਣ ਦਾ ਮੌਕਾ ਦਿੱਤਾ ਹੈ, ਅਤੇ, ਇਹ ਕੰਮ ਇਕੱਲੇ ਸਰਕਾਰਾਂ ਦੁਆਰਾ ਨਹੀਂ ਕੀਤਾ ਜਾ ਸਕਦਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਸਾਡਾ ਲਕਸ਼ ‘ਸਾਈਬਰ ਸਕਸੈੱਸ ਵਰਲਡ’ ਬਣਾਉਣਾ ਹੈ ਨਾ ਕਿ ‘ਸਾਈਬਰ ਫੇਲੀਯਰ ਵਰਲਡ’। ਉਨ੍ਹਾਂ ਕਿਹਾ ਕਿ ਅਸੀਂ ਸਾਰਿਆਂ ਲਈ 'ਸੁਰੱਖਿਅਤ ਅਤੇ ਸਮ੍ਰਿੱਧ ਡਿਜੀਟਲ ਭਵਿੱਖ' ਨੂੰ ਯਕੀਨੀ ਬਣਾਉਂਦੇ ਹੋਏ ਇਨ੍ਹਾਂ ਟੈਕਨੋਲੋਜੀਆਂ ਦੀ ਸਮਰੱਥਾ ਦਾ ਇਸਤੇਮਾਲ ਕਰ ਸਕਦੇ ਹਾਂ।

 

 ********

 

ਆਰਕੇ/ਏਵਾਈ/ਐੱਸਐੱਮ/ਏਕੇਐੱਸ/ਆਰਆਰ/ਏਐੱਸ



(Release ID: 1939465) Visitor Counter : 109