ਮਹਿਲਾ ਤੇ ਬਾਲ ਵਿਕਾਸ ਮੰਤਰਾਲਾ

ਪੋਕਸੋ (POCSO) ਪੀੜਤਾਂ ਦੀ ਗੰਭੀਰ ਦੇਖਭਾਲ਼ ਅਤੇ ਸਹਾਇਤਾ ਲਈ ਨਿਰਭਯਾ ਫੰਡ ਦੇ ਤਹਿਤ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੀ ਯੋਜਨਾ

Posted On: 11 JUL 2023 1:08PM by PIB Chandigarh

ਨਿਰਭਯਾ ਫੰਡ ਦੇ ਤਹਿਤ, ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੀ ਇੱਕ ਯੋਜਨਾ, ਯਾਨੀ, ਬਲਾਤਕਾਰ ਸਮੂਹਿਕ ਬਲਾਤਕਾਰ ਪੀੜਤਾਂ ਅਤੇ ਗਰਭਵਤੀ ਹੋਣ ਵਾਲੀਆਂ ਨਾਬਾਲਗ ਲੜਕੀਆਂ ਨੂੰ ਨਿਆਂ ਤੱਕ ਪਹੁੰਚ ਕਰਨ ਲਈ ਗੰਭੀਰ ਦੇਖਭਾਲ਼ ਅਤੇ ਸਹਾਇਤਾ ਲਈ 74.10 ਕਰੋੜ ਰੁਪਏ ਦੀ ਕੁੱਲ ਲਾਗਤ ਨਾਲ ਯੋਜਨਾ ਦਾ ਮੁਲਾਂਕਣ ਕੀਤਾ ਗਿਆ ਸੀ। 

 

ਇਸ ਸਕੀਮ ਦਾ ਉਦੇਸ਼ ਉਨ੍ਹਾਂ ਬਲਾਤਕਾਰ/ਗੈਂਗ ਰੇਪ ਜਾਂ ਕਿਸੇ ਹੋਰ ਕਾਰਨ ਕਰਕੇ ਜਬਰੀ ਗਰਭਵਤੀ ਹੋਣ ਕਾਰਨ ਪਰਿਵਾਰ ਦੁਆਰਾ ਛੱਡ ਦਿੱਤੀਆਂ ਗਈਆਂ ਨਾਬਾਲਗ ਲੜਕੀਆਂ ਨੂੰ ਆਸਰਾ, ਭੋਜਨ ਅਤੇ ਰੋਜ਼ਾਨਾ ਦੀਆਂ ਲੋੜਾਂ, ਅਦਾਲਤੀ ਸੁਣਵਾਈ ਵਿੱਚ ਹਾਜ਼ਰ ਹੋਣ ਲਈ ਸੁਰੱਖਿਅਤ ਆਵਾਜਾਈ ਅਤੇ ਕਾਨੂੰਨੀ ਸਹਾਇਤਾ ਪ੍ਰਦਾਨ ਕਰਨਾ ਹੈ, ਅਤੇ ਜਿਨ੍ਹਾਂ ਕੋਲ ਆਪਣੇ ਆਪ ਦਾ ਸਮਰਥਨ ਕਰਨ ਦਾ ਕੋਈ ਹੋਰ ਸਾਧਨ ਨਹੀਂ ਹੈ। 

 

ਸਾਲ 2021 ਵਿੱਚ, ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਨੇ ਪੋਕਸੋ ਐਕਟ ਦੇ ਤਹਿਤ 51,863 ਮਾਮਲੇ ਦਰਜ ਕੀਤੇ। ਇਨ੍ਹਾਂ ਵਿੱਚੋਂ, 64% (33,348) ਕੇਸ ਧਾਰਾ 3 ਅਤੇ 5 (ਕ੍ਰਮਵਾਰ ਪ੍ਰਵੇਸ਼ਕ ਜਿਨਸੀ ਹਮਲੇ ਅਤੇ ਗੰਭੀਰ ਪ੍ਰਵੇਸ਼ਕ ਜਿਨਸੀ ਹਮਲੇ) ਦੇ ਤਹਿਤ ਦਰਜ ਕੀਤੇ ਗਏ ਸਨ।

 

ਇਸ ਡੇਟਾ ਦਾ ਹੋਰ ਵਿਸ਼ਲੇਸ਼ਣ ਇਹ ਦਰਸਾਉਂਦਾ ਹੈ ਕਿ ਐਕਟ ਦੀ ਧਾਰਾ 3 ਅਤੇ 5 ਦੇ ਅਧੀਨ ਦਰਜ ਕੀਤੇ ਗਏ ਕੁੱਲ 33,348 ਕੇਸਾਂ ਵਿੱਚੋਂ 99% (33,036) ਮਾਮਲਿਆਂ ਵਿੱਚ ਲੜਕੀਆਂ ਪੀੜ੍ਹਤ ਹੋਈਆਂ ਸਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਮਾਮਲਿਆਂ ਵਿੱਚ, ਲੜਕੀਆਂ ਗਰਭਵਤੀ ਹੋ ਜਾਂਦੀਆਂ ਹਨ ਅਤੇ ਕਈ ਸਰੀਰਕ ਅਤੇ ਮਾਨਸਿਕ ਸਿਹਤ ਚਿੰਤਾਵਾਂ ਨਾਲ ਜੂਝਦੀਆਂ ਹਨ, ਜੋ ਉਦੋਂ ਹੋਰ ਵੀ ਵਧ ਜਾਂਦੀਆਂ ਹਨ ਜਦੋਂ ਉਨ੍ਹਾਂ ਨੂੰ ਆਪਣੇ ਹੀ ਪਰਿਵਾਰ ਦੁਆਰਾ ਅਸਵੀਕਾਰ ਕਰ ਦਿੱਤਾ ਜਾਂਦਾ ਹੈ ਜਾਂ ਤਿਆਗ ਦਿੱਤਾ ਜਾਂਦਾ ਹੈ ਜਾਂ ਉਹ ਅਨਾਥ ਹੁੰਦੀਆਂ ਹਨ।

 

ਸਕੀਮ ਦੇ ਉਦੇਸ਼ ਹਨ:

 

  1. ਪੀੜਤ ਬਾਲੜੀਆਂ ਨੂੰ ਇੱਕੋ ਛੱਤ ਹੇਠ ਏਕੀਕ੍ਰਿਤ ਸਮੱਰਥਨ ਅਤੇ ਸਹਾਇਤਾ ਪ੍ਰਦਾਨ ਕਰਨਾ ਅਤੇ

  2. ਪੀੜਤ ਬੱਚੀਆਂ ਅਤੇ ਉਨ੍ਹਾਂ ਦੇ ਨਵ-ਜੰਮੇ ਬੱਚਿਆਂ ਲਈ ਇੱਕ ਛੱਤ ਹੇਠ ਨਿਆਂ ਤੱਕ ਪਹੁੰਚ ਅਤੇ ਅਜਿਹੀਆਂ ਪੀੜਤ ਬੱਚੀਆਂ ਦੇ ਪੁਨਰਵਾਸ ਨੂੰ ਸਮਰੱਥ ਬਣਾਉਣ ਲਈ ਸਿੱਖਿਆ ਤੱਕ ਪਹੁੰਚ, ਪੁਲਿਸ ਸਹਾਇਤਾ, ਮੈਡੀਕਲ (ਜਿਸ ਵਿੱਚ ਜਣੇਪਾ, ਨਵ-ਜਨਮ ਅਤੇ ਬਾਲ ਦੇਖਭਾਲ਼ ਵੀ ਸ਼ਾਮਲ ਹੈ), ਮਨੋਵਿਗਿਆਨਕ ਅਤੇ ਮਾਨਸਿਕ ਸਲਾਹ ਕਾਨੂੰਨੀ ਸਹਾਇਤਾ ਅਤੇ ਬੀਮਾ ਕਵਰ ਸਮੇਤ ਕਈ ਸੇਵਾਵਾਂ ਤੱਕ ਤੁਰੰਤ, ਐਮਰਜੈਂਸੀ ਅਤੇ ਗੈਰ-ਐਮਰਜੈਂਸੀ ਪਹੁੰਚ ਦੀ ਸੁਵਿਧਾ ਪ੍ਰਦਾਨ ਕਰਨਾ।  

 

ਯੋਗਤਾ ਦੇ ਮਾਪਦੰਡ ਹਨ:

 

  •  18 ਸਾਲ ਤੋਂ ਘੱਟ ਉਮਰ ਦੀ ਕੋਈ ਵੀ ਕੁੜੀ, ਜੋ ਇਸ ਦਾ ਸ਼ਿਕਾਰ ਹੈ:

 

  • · ਪ੍ਰਵੇਸ਼ਕ ਜਿਨਸੀ ਹਮਲਾ - ਪੋਕਸੋ ਐਕਟ ਦੀ ਧਾਰਾ 3,

  • · ਗੰਭੀਰ ਪ੍ਰਵੇਸ਼ਕ ਜਿਨਸੀ ਹਮਲਾ - ਪੋਕਸੋ ਐਕਟ ਦੀ ਧਾਰਾ 5,

  • · ਭਾਰਤੀ ਦੰਡਾਵਲੀ, 1860 (ਆਈਪੀਸੀ) ਦੀ ਧਾਰਾ 376, 376ਏ-ਈ

 

  •  ਅਤੇ ਅਜਿਹੇ ਹਮਲੇ ਜਾਂ ਬਲਾਤਕਾਰ ਦੇ ਨਤੀਜੇ ਵਜੋਂ ਗਰਭਵਤੀ ਹੋ ਗਈ ਹੈ, ਨੂੰ ਸਕੀਮ ਦੇ ਅਧੀਨ ਕਵਰ ਕੀਤਾ ਗਿਆ ਹੈ। ਅਜਿਹੀ ਪੀੜਤ ਬਾਲੜੀ:

• ਇੱਕ ਅਨਾਥ ਹੈ ਜਾਂ

• ਪਰਿਵਾਰ ਦੁਆਰਾ ਤਿਆਗ ਦਿੱਤੀ ਗਈ ਹੈ ਜਾਂ

• ਪਰਿਵਾਰ ਨਾਲ ਨਹੀਂ ਰਹਿਣਾ ਚਾਹੁੰਦੀ

 

ਸਕੀਮ ਅਧੀਨ ਲਾਭ ਲੈਣ ਲਈ ਪੀੜਤ ਲੜਕੀ ਕੋਲ ਐੱਫਆਈਆਰ ਦੀ ਕਾਪੀ ਹੋਣੀ ਲਾਜ਼ਮੀ ਨਹੀਂ ਹੈ। ਹਾਲਾਂਕਿ, ਇਹ ਯੋਜਨਾ ਨੂੰ ਲਾਗੂ ਕਰਨ ਲਈ ਜ਼ਿੰਮੇਵਾਰ ਵਿਅਕਤੀਆਂ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਇਹ ਯਕੀਨੀ ਬਣਾਉਣ ਕਿ ਪੁਲਿਸ ਨੂੰ ਜਾਣਕਾਰੀ ਮੁਹੱਈਆ ਕਰਵਾਈ ਜਾਵੇ ਅਤੇ ਐੱਫਆਈਆਰ ਦਰਜ ਕੀਤੀ ਜਾਵੇ। 

 

ਚਾਈਲਡ ਕੇਅਰ ਸੰਸਥਾਵਾਂ (ਸੀਸੀਆਈ’ਸ) ਚਿਲਡਰਨ ਹੋਮ ਦੁਆਰਾ ਅਪਣਾਈ ਜਾਣ ਵਾਲੀ ਪ੍ਰਕਿਰਿਆ

 

ਚਿਲਡਰਨ ਹੋਮ ਦਾ ਇੰਚਾਰਜ ਵਿਅਕਤੀ ਬਾਲੜੀ ਲਈ ਵੱਖਰੀ ਸੁਰੱਖਿਅਤ ਥਾਂ ਪ੍ਰਦਾਨ ਕਰੇਗਾ ਕਿਉਂਕਿ ਉਸ ਦੀਆਂ ਲੋੜਾਂ ਘਰ ਵਿੱਚ ਰਹਿ ਰਹੇ ਹੋਰ ਬੱਚਿਆਂ ਨਾਲੋਂ ਵੱਖਰੀਆਂ ਹਨ। ਇੰਚਾਰਜ ਵਿਅਕਤੀ ਦੁਆਰਾ ਬਾਲੜੀ ਦੀ ਦੇਖਭਾਲ਼ ਲਈ ਇੱਕ ਕੇਸ ਵਰਕਰ ਨੂੰ ਤੁਰੰਤ ਨਾਮਜ਼ਦ ਜਾਂ ਨਿਯੁਕਤ ਕੀਤਾ ਜਾਵੇਗਾ। ਬਾਲੜੀ ਦੀ ਦੇਖਭਾਲ਼ ਅਤੇ ਸੁਰੱਖਿਆ ਲਈ ਚਿਲਡਰਨ ਹੋਮ ਨੂੰ ਵੱਖਰੇ ਫੰਡ ਮੁਹੱਈਆ ਕਰਵਾਏ ਜਾਣਗੇ।

 

ਮਿਸ਼ਨ ਵਾਤਸਲਿਆ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਪੋਕਸੋ ਪੀੜਤਾਂ ਦੇ ਉਚਿਤ ਪੁਨਰਵਾਸ ਅਤੇ ਸਹਾਇਤਾ ਲਈ ਪੋਕਸੋ ਪੀੜਤਾਂ ਲਈ ਸਮਰਪਿਤ ਸੀਸੀਆਈ’ਸ ਦਾ ਵੀ ਪ੍ਰਬੰਧ ਕੀਤਾ ਜਾਵੇਗਾ।

 

 *********

 

ਐੱਸਐੱਸ/ਟੀਐੱਫਕੇ



(Release ID: 1938852) Visitor Counter : 85