ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਸਮਾਜ ਦੇ ਪਰਿਵਰਤਨ ਅਤੇ ਪ੍ਰਗਤੀ ਲਈ ਸਿੱਖਿਆ ਸਭ ਤੋਂ ਪ੍ਰਭਾਵੀ ਸਾਧਨ ਹੈ - ਉਪ ਰਾਸ਼ਟਰਪਤੀ


ਉਪ ਰਾਸ਼ਟਰਪਤੀ ਨੇ ਕਿਹਾ ਕਿ ਉੱਤਰ-ਪੂਰਬ ਮੌਕਿਆਂ ਦੀ ਧਰਤੀ ਵਜੋਂ ਉੱਭਰ ਰਿਹਾ ਹੈ

‘ਅਸ਼ਟ ਲਕਸ਼ਮੀ’ ਦੇ ਵਿਕਾਸ ਅਤੇ ਯੋਗਦਾਨ ਤੋਂ ਬਿਨਾਂ ਭਾਰਤ ਦਾ ਵਿਕਾਸ ਅਧੂਰਾ ਰਹੇਗਾ – ਉਪ ਰਾਸ਼ਟਰਪਤੀ

ਉੱਤਰ ਪੂਰਬ ਦੇ ਗੁਮਨਾਮ ਨਾਇਕ ਇਤਿਹਾਸ ਦੀਆਂ ਕਿਤਾਬਾਂ ਅਤੇ ਮੁੱਖ ਧਾਰਾ ਦੇ ਬਿਰਤਾਂਤ ਵਿੱਚ ਆਪਣਾ ਸਹੀ ਸਥਾਨ ਪ੍ਰਾਪਤ ਕਰ ਰਹੇ ਹਨ - ਉਪ ਰਾਸ਼ਟਰਪਤੀ

ਸ਼੍ਰੀ ਧਨਖੜ ਨੇ ਸੁਆਲ ਕਰਦਿਆਂ ਕਿਹਾ - ਭਾਰਤ ਦੁਨੀਆ ਦਾ ਸਭ ਤੋਂ ਜੀਵੰਤ ਲੋਕਤੰਤਰ ਹੈ; ਸਾਡੇ ਵਿੱਚੋਂ ਕੁਝ ਲੋਕ ਸਾਡੇ ਲੋਕਤੰਤਰ ਦੀ ਨਿੰਦਾ ਕਿਉਂ ਕਰਦੇ ਹਨ

ਉਪ ਰਾਸ਼ਟਰਪਤੀ ਨੇ ਡਿਬਰੂਗੜ੍ਹ ਯੂਨੀਵਰਸਿਟੀ ਦੀ 21ਵੀਂ ਕਨਵੋਕੇਸ਼ਨ ਨੂੰ ਸੰਬੋਧਨ ਕੀਤਾ

Posted On: 03 MAY 2023 2:04PM by PIB Chandigarh

ਉਪ ਰਾਸ਼ਟਰਪਤੀ, ਸ਼੍ਰੀ ਜਗਦੀਪ ਧਨਖੜ ਨੇ ਅੱਜ ਕਿਹਾ ਕਿ ਸਿੱਖਿਆ ਸਮਾਜ ਵਿੱਚ ਬਰਾਬਰੀ, ਸਮਾਨਤਾ ਅਤੇ ਤਰੱਕੀ ਲਿਆਉਣ ਲਈ ਸਭ ਤੋਂ ਪ੍ਰਭਾਵੀ ਅਤੇ ਪਰਿਵਰਤਨਸ਼ੀਲ ਵਿਧੀ ਹੈ। ਉਨ੍ਹਾਂ ਰੇਖਾਂਕਿਤ ਕੀਤਾ, "ਲੋਕਾਂ ਦੇ ਸਿੱਖਿਅਤ ਹੋਣ ਤੋਂ ਵੱਧ ਕੁਝ ਵੀ ਸਮਾਜਿਕ ਸਥਿਤੀਆਂ ਨੂੰ ਨਹੀਂ ਬਦਲ ਸਕਦਾ।"

 

ਅੱਜ ਅਸਾਮ ਵਿੱਚ ਡਿਬਰੂਗੜ੍ਹ ਯੂਨੀਵਰਸਿਟੀ ਦੀ 21ਵੀਂ ਕਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ, ਉਪ ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ "ਤਬਦੀਲੀ ਦੇ ਏਜੰਟ" ਬਣਨ ਅਤੇ ਸਮਾਜ ਵਿੱਚ ਸਕਾਰਾਤਮਕ ਤਬਦੀਲੀਆਂ ਲਿਆਉਣ ਲਈ ਕੰਮ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਕਿਹਾ ਕਿ ਤੁਸੀਂ 2047 ਦੇ ਭਾਰਤ ਦੇ ਨਿਰਮਾਤਾ ਅਤੇ ਯੋਧੇ ਹੋ ਜਦੋਂ ਦੇਸ਼ ਆਪਣੀ ਆਜ਼ਾਦੀ ਦੀ ਸ਼ਤਾਬਦੀ ਮਨਾਏਗਾ।

 

 

ਪ੍ਰਤਿਯੋਗਤਾ ਨੂੰ ਸਰਵੋਤਮ ਅਧਿਆਪਕ ਅਤੇ ਡਰ ਨੂੰ ਸਭ ਤੋਂ ਵੱਡਾ ਦੁਸ਼ਮਣ ਦੱਸਦਿਆਂ ਸ੍ਰੀ ਧਨਖੜ ਨੇ ਵਿਦਿਆਰਥੀਆਂ ਨੂੰ ਵੱਡੇ ਸੁਪਨੇ ਲੈਣ ਅਤੇ ਕਦੇ ਵੀ ਤਣਾਅ ਨਾ ਲੈਣ ਲਈ ਕਿਹਾ। ਉਨ੍ਹਾਂ ਨੇ ਉਨ੍ਹਾਂ ਨੂੰ ਕਿਹਾ, "ਸੁਪਨੇ ਦੇਖੋ ਪਰ ਸਿਰਫ਼ ਇੱਕ ਸੁਪਨੇ ਲੈਣ ਵਾਲੇ ਨਾ ਬਣੋ, ਇੱਕ ਕਰਤਾ ਬਣੋ।"

 

ਅੱਠ ਉੱਤਰ ਪੂਰਬੀ ਰਾਜਾਂ ਦੀ ਭਾਰਤ ਦੀ "ਅਸ਼ਟ ਲਕਸ਼ਮੀ" ਵਜੋਂ ਪ੍ਰਸ਼ੰਸਾ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਦੇ ਵਿਕਾਸ ਅਤੇ ਯੋਗਦਾਨ ਤੋਂ ਬਿਨਾਂ, ਭਾਰਤ ਦਾ ਵਿਕਾਸ ਅਧੂਰਾ ਰਹੇਗਾ। ਉਨ੍ਹਾਂ ਨੇ ਖੇਤਰ ਦੀ ਭਾਸ਼ਾਈ ਵਿਵਿਧਤਾ ਅਤੇ ਸਾਹਿਤਕ ਪਰੰਪਰਾਵਾਂ ਨੂੰ ਸੁਰੱਖਿਅਤ ਰੱਖਣ ਲਈ ਡਿਬਰੂਗੜ੍ਹ ਯੂਨੀਵਰਸਿਟੀ ਦੇ ਕੰਮ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਾਡੀਆਂ ਭਾਸ਼ਾਵਾਂ ਨੂੰ ਬਚਾਉਣਾ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਹਜ਼ਾਰਾਂ ਸਾਲਾਂ ਵਿੱਚ ਵਿਕਸਿਤ ਹੋਈਆਂ ਹਨ।

 

ਅੰਮ੍ਰਿਤ ਕਾਲ ਵਿੱਚ ਭਾਰਤ ਦੀ ਮੁੱਖ ਧਾਰਾ ਦੇ ਬਿਰਤਾਂਤ ਵਿੱਚ ਉੱਤਰ ਪੂਰਬ ਨੂੰ ਸ਼ਾਮਲ ਕਰਨ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਆਪਣੇ ਇਤਿਹਾਸ ਅਤੇ ਸੁਤੰਤਰਤਾ ਸੰਗਰਾਮ ਵਿੱਚ ਉੱਤਰ ਪੂਰਬ ਦੇ ਗੁਮਨਾਮ ਨਾਇਕਾਂ ਦੇ ਯੋਗਦਾਨ ਨੂੰ ਉਜਾਗਰ ਕਰਨ ਲਈ ਐੱਨਸੀਈਆਰਟੀ ਅਤੇ ਭਾਰਤੀ ਇਤਿਹਾਸਕ ਖੋਜ ਪ੍ਰੀਸ਼ਦ (ਆਈਸੀਐੱਚਆਰ) ਦੀ ਪ੍ਰਸ਼ੰਸਾ ਕੀਤੀ।

 


 

ਖਿੱਤੇ ਵਿੱਚ ਭੌਤਿਕ, ਸਮਾਜਿਕ ਅਤੇ ਡਿਜੀਟਲ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ 'ਤੇ ਸਰਕਾਰ ਦੇ ਫੋਕਸ ਦੀ ਸ਼ਲਾਘਾ ਕਰਦੇ ਹੋਏ, ਸ਼੍ਰੀ ਧਨਖੜ ਨੇ ਕਿਹਾ ਕਿ ਉੱਤਰ-ਪੂਰਬ ਮੌਕਿਆਂ ਦੀ ਧਰਤੀ ਵਜੋਂ ਉੱਭਰ ਰਿਹਾ ਹੈ। ਬੋਗੀਬੀਲ ਰੇਨ-ਕਮ ਸੜਕੀ ਪੁਲ, 375 ਸੜਕੀ ਪ੍ਰੋਜੈਕਟ, ਹਵਾਈ ਅੱਡਿਆਂ ਦਾ ਨੈੱਟਵਰਕ 9 ਤੋਂ ਵਧਾ ਕੇ 17 ਤੱਕ ਪਹੁੰਚਾਉਣ ਅਤੇ ਉੱਤਰ ਪੂਰਬੀ ਖੇਤਰ ਵਿੱਚ 190 ਨਵੀਆਂ ਵਿਦਿਅਕ ਸੰਸਥਾਵਾਂ ਦੀ ਸਥਾਪਨਾ ਜਿਹੇ ਵੱਖ-ਵੱਖ ਪ੍ਰੋਜੈਕਟਾਂ ਦਾ ਜ਼ਿਕਰ ਕਰਦਿਆਂ, ਉਨ੍ਹਾਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਨੌਜਵਾਨਾਂ ਲਈ ਆਪਣੀ ਊਰਜਾ ਨੂੰ ਵਧਾਉਣ ਲਈ ਹੁਣ ਨਵੇਂ ਰਾਹ ਅਤੇ ਦ੍ਰਿਸ਼ ਉਪਲਬਧ ਹਨ।

 


 

ਭਾਰਤ ਦੀ ਵਿਕਾਸ ਕਹਾਣੀ ਨੂੰ 'ਨਾ ਰੋਕੇ ਜਾ ਸਕਣ ਵਾਲਾ' (unstoppable) ਦੱਸਦੇ ਹੋਏ, ਉਪ ਰਾਸ਼ਟਰਪਤੀ ਨੇ ਵਿਸ਼ਵਾਸ ਪ੍ਰਗਟਾਇਆ ਕਿ ਦਹਾਕੇ ਦੇ ਅੰਤ ਤੱਕ, ਅਸੀਂ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵਾਂਗੇ।  99.9% ਭਾਰਤੀਆਂ ਨੂੰ ਡਿਜੀਟਲ ਆਈਡੀ (ਆਧਾਰ) ਪ੍ਰਦਾਨ ਕਰਨ, ਜੈੱਮ ਟ੍ਰਿਨਿਟੀ, ਮੁਦਰਾ ਅਤੇ ਪੀਐੱਮ ਕਿਸਾਨ ਸਨਮਾਨ ਨਿਧੀ ਜਿਹੀਆਂ ਕਈ ਮੀਲ ਪੱਥਰ ਪ੍ਰਾਪਤੀਆਂ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਆਈਐੱਮਐੱਫ ਨੇ ਵੀ ਭਾਰਤ ਦੇ ਵਿਸ਼ਵ ਪੱਧਰੀ ਡਿਜੀਟਲ ਪਬਲਿਕ ਇਨਫਰਾਸਟ੍ਰਕਚਰ ਦੀ ਪ੍ਰਸ਼ੰਸਾ ਕੀਤੀ ਹੈ ਅਤੇ ਇਸਨੂੰ ਹੋਰ ਦੇਸ਼ਾਂ ਲਈ ਇੱਕ ਮਾਡਲ ਦੱਸਿਆ ਹੈ ਜੋ ਕਿ ਡਿਜੀਟਲ ਪਰਿਵਰਤਨ ਤੋਂ ਗੁਜ਼ਰ ਰਹੇ ਹਨ।

 

ਭਾਰਤ ਨੂੰ ਲੋਕਤੰਤਰ ਦੀ ਜਨਨੀ ਅਤੇ ਦੁਨੀਆ ਦੇ ਸਭ ਤੋਂ ਵੱਧ ਜੀਵੰਤ ਲੋਕਤੰਤਰ ਵਜੋਂ ਵਰਣਨ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਸਵਾਲ ਕੀਤਾ ਕਿ ਸਾਡੇ ਵਿੱਚੋਂ ਕੁਝ ਲੋਕ ਦੇਸ਼ ਦੇ ਅੰਦਰ ਅਤੇ ਬਾਹਰ ਆਪਣੇ ਲੋਕਤੰਤਰ ਦੀ ਨਿੰਦਾ ਕਿਉਂ ਕਰਦੇ ਹਨ। ਉਨ੍ਹਾਂ ਨੇ ਇਹ ਵੀ ਰੇਖਾਂਕਿਤ ਕੀਤਾ ਕਿ ਭਾਰਤ ਵਿੱਚ ਪ੍ਰਗਟਾਵੇ ਦੀ ਆਜ਼ਾਦੀ ਨੂੰ ਕਿਸੇ ਵੀ ਤਰ੍ਹਾਂ ਦੀ ਜ਼ਬਰੀ ਖ਼ਾਮੋਸ਼ੀ ਦਾ ਸ਼ਿਕਾਰ ਨਹੀਂ ਬਣਾਇਆ ਗਿਆ ਹੈ।

 

ਸੰਸਦ ਨੂੰ ਸਾਡੇ ਲੋਕਤੰਤਰ ਦਾ ਮੰਦਿਰ ਦੱਸਦੇ ਹੋਏ, ਉਪ ਰਾਸ਼ਟਰਪਤੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਇੱਕ ਅਜਿਹਾ ਮੰਚ ਹੈ ਜਿੱਥੇ ਲੋਕ ਹਿੱਤਾਂ ਦੇ ਮੁੱਦਿਆਂ 'ਤੇ ਬਹਿਸ ਕੀਤੀ ਜਾਂਦੀ ਹੈ, ਵਿਚਾਰ-ਵਟਾਂਦਰਾ ਕੀਤਾ ਜਾਂਦਾ ਹੈ, ਚਰਚਾ ਕੀਤੀ ਜਾਂਦੀ ਹੈ ਅਤੇ ਫੈਸਲੇ ਲਏ ਜਾਂਦੇ ਹਨ, ਪਰ ਲੰਬੇ ਸਮੇਂ ਤੱਕ ਰੁਕਾਵਟਾਂ ਆਉਂਦੀਆਂ ਹਨ, ਜਿਸ ਨਾਲ ਲੋਕ ਆਪਣੀਆਂ ਪ੍ਰਤੀਨਿਧੀ ਸੰਸਥਾਵਾਂ ਪ੍ਰਤੀ ਭਰੋਸਾ ਅਤੇ ਵਿਸ਼ਵਾਸ ਨੂੰ ਕਮਜ਼ੋਰ ਕਰਦੇ ਹਨ। ਇਸ ਲਈ, ਉਨ੍ਹਾਂ ਇੱਕ ਵਾਤਾਵਰਣ ਪ੍ਰਣਾਲੀ ਪੈਦਾ ਕਰਨ ਦਾ ਸੱਦਾ ਦਿੱਤਾ ਤਾਂ ਜੋ ਸਾਡੇ ਸੰਸਦ ਮੈਂਬਰ ਸਾਡੇ ਸੰਵਿਧਾਨ ਦੇ ਸੰਸਥਾਪਕਾਂ ਦੀ ਭਾਵਨਾ ਅਤੇ ਤੱਤ ਪ੍ਰਤੀ ਸਕਾਰਾਤਮਕ ਪ੍ਰਤੀਕਿਰਿਆ ਦੇ ਸਕਣ।

 

ਪਾਸ ਆਊਟ ਹੋਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਸ਼੍ਰੀ ਧਨਖੜ ਨੇ ਉਨ੍ਹਾਂ ਨੂੰ ਆਪਣੇ ਗੁਰੂਆਂ ਅਤੇ ਅਲਮਾ-ਮਾਟਰ ਨੂੰ ਨਾ ਭੁੱਲਣ ਲਈ ਕਿਹਾ। ਉਨ੍ਹਾਂ ਕਿਹਾ “ਇਸ ਸੰਸਥਾ ਦੇ ਸਾਬਕਾ ਵਿਦਿਆਰਥੀ ਹੋਣ ਦੇ ਨਾਤੇ, ਤੁਹਾਨੂੰ ਆਪਣੀ ਯੂਨੀਵਰਸਿਟੀ ਦੀ ਭਲਾਈ ਲਈ ਜੋ ਵੀ ਹੋ ਸਕੇ ਯੋਗਦਾਨ ਪਾਉਣਾ ਚਾਹੀਦਾ ਹੈ।”

 

ਇਸ ਮੌਕੇ ਉਪ ਰਾਸ਼ਟਰਪਤੀ ਨੇ ਅਸਾਮ ਦੀਆਂ ਉੱਘੀਆਂ ਸ਼ਖਸੀਅਤਾਂ ਨੂੰ ਡੀ.ਐੱਸਸੀ ਅਤੇ ਡੀ.ਲਿਟ ਡਿਗਰੀਆਂ (ਆਨਰਿਸ ਕਾਉਸਾ) ਨਾਲ ਨਿਵਾਜਿਆ। ਉਨ੍ਹਾਂ ਯੂਨੀਵਰਸਿਟੀ ਕੈਂਪਸ ਵਿੱਚ ਇੱਕ ਪੌਦਾ ਵੀ ਲਗਾਇਆ।

 

ਇਸ ਮੌਕੇ ਸ਼੍ਰੀ ਗੁਲਾਬ ਚੰਦ ਕਟਾਰੀਆ, ਅਸਾਮ ਦੇ ਰਾਜਪਾਲ ਅਤੇ ਡਿਬਰੂਗੜ੍ਹ ਯੂਨੀਵਰਸਿਟੀ ਦੇ ਚਾਂਸਲਰ, ਡਾ. ਹਿਮਾਂਤਾ ਬਿਸਵਾ ਸ਼ਰਮਾ, ਅਸਾਮ ਦੇ ਮੁੱਖ ਮੰਤਰੀ, ਸ਼੍ਰੀ ਰਾਮੇਸ਼ਵਰ ਤੇਲੀ, ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਅਤੇ ਕਿਰਤ ਅਤੇ ਰੋਜ਼ਗਾਰ ਰਾਜ ਮੰਤਰੀ, ਡਾ. ਰਨੋਜ ਪੇਗੂ, ਸਿੱਖਿਆ ਮੰਤਰੀ, ਅਸਾਮ ਸਰਕਾਰ, ਪ੍ਰੋ. ਜਿਤੇਨ ਹਜ਼ਾਰਿਕਾ, ਵਾਈਸ-ਚਾਂਸਲਰ, ਡਿਬਰੂਗੜ੍ਹ ਯੂਨੀਵਰਸਿਟੀ, ਬੋਰਡ ਦੇ ਮੈਂਬਰ, ਡਾਇਰੈਕਟਰ, ਫੈਕਲਟੀ, ਸਟਾਫ਼, ਵਿਦਿਆਰਥੀ ਅਤੇ ਗ੍ਰੈਜੂਏਟ ਵਿਦਿਆਰਥੀਆਂ ਦੇ ਪਰਿਵਾਰ ਵੀ ਮੌਜੂਦ ਸਨ।

 

 ********


ਐੱਮਐੱਸ/ਆਰਕੇ/ਆਰਸੀ


(Release ID: 1921843)