ਰਾਸ਼ਟਰਪਤੀ ਸਕੱਤਰੇਤ
azadi ka amrit mahotsav g20-india-2023

ਰਾਸ਼ਟਰਪਤੀ ਨੇ ਗਜ ਉਤਸਵ-2023 ਦਾ ਉਦਘਾਟਨ ਕੀਤਾ

Posted On: 07 APR 2023 2:19PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (07 ਅਪ੍ਰੈਲ, 2023) ਅਸਾਮ ਦੇ ਕਾਜ਼ੀਰੰਗਾ ਨੈਸ਼ਨਲ ਪਾਰਕ ਵਿੱਚ ਗਜ ਉਤਸਵ-2023 ਦਾ ਉਦਘਾਟਨ ਕੀਤਾ।

 

ਇਸ ਅਵਸਰ ‘ਤੇ, ਰਾਸ਼ਟਰਪਤੀ ਨੇ ਕਿਹਾ ਕਿ ਕੁਦਰਤ ਅਤੇ ਮਾਨਵਤਾ ਦਰਮਿਆਨ ਇੱਕ ਬਹੁਤ ਹੀ ਪਵਿੱਤਰ ਰਿਸ਼ਤਾ ਹੈ। ਕੁਦਰਤ ਦਾ ਸਨਮਾਨ ਕਰਨ ਵਾਲਾ ਸੱਭਿਆਚਾਰ ਸਾਡੇ ਦੇਸ਼ ਦੀ ਪਹਿਚਾਣ ਹਮੇਸ਼ਾ ਤੋਂ ਰਿਹਾ ਹੈ। ਭਾਰਤ ਵਿੱਚ ਕੁਦਰਤ ਅਤੇ ਸੱਭਿਆਚਾਰ ਆਪਸ ਵਿੱਚ ਜੁੜੇ ਹੋਏ ਹਨ ਅਤੇ ਇੱਕ-ਦੂਸਰੇ ਦਾ ਪੋਸ਼ਣ ਕਰਦੇ ਹਨ। ਸਾਡੀ ਪਰੰਪਰਾ ਵਿੱਚ ਹਾਥੀਆਂ ਦਾ ਬਹੁਤ ਸਨਮਾਨ ਕੀਤਾ ਜਾਂਦਾ ਹੈ। ਭਾਰਤ ਵਿੱਚ ਇਸ ਨੂੰ ਸਮ੍ਰਿੱਧੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਹ ਦੇਸ਼ ਦਾ ਰਾਸ਼ਟਰੀ ਧਰੋਹਰ ਜਾਨਵਰ ਹੈ, ਇਸ ਲਈ ਹਾਥੀਆਂ ਦੀ ਰੱਖਿਆ ਕਰਨਾ ਸਾਡੇ ਲਈ ਆਪਣੀ ਰਾਸ਼ਟਰੀ ਧਰੋਹਰ ਨੂੰ ਸੁਰੱਖਿਅਤ ਕਰਨ ਵਾਲੀ ਸਾਡੀ ਰਾਸ਼ਟਰੀ ਜ਼ਿੰਮੇਦਾਰੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ।

 

ਰਾਸ਼ਟਰਪਤੀ ਨੇ ਕਿਹਾ ਕਿ ਜੋ ਕੰਮ ਕੁਦਰਤ ਅਤੇ ਜਾਨਵਰ-ਪੰਛੀਆਂ ਦੇ ਹਿਤ ਵਿੱਚ ਹਨ, ਉਹੀ ਮਾਨਵਤਾ ਅਤੇ ਧਰਤੀ ਮਾਤਾ ਦੇ ਹਿਤ ਵਿੱਚ ਵੀ ਹਨ। ਹਾਥੀ ਰਿਜ਼ਰਵ ਜੰਗਲ ਅਤੇ ਹਰੇ ਖੇਤਰ ਬਹੁਤ ਪ੍ਰਭਾਵੀ ਕਾਰਬਨ ਸੋਖਕ ਹੁੰਦੇ ਹਨ। ਇਸ ਲਈ ਕਿਹਾ ਜਾ ਸਕਦਾ ਹੈ ਕਿ ਹਾਥੀਆਂ ਦੀ ਸੁਰੱਖਿਆ ਕਰਨ ਨਾਲ ਸਾਨੂੰ ਸਭ ਲੋਕਾਂ ਨੂੰ ਲਾਭ ਪ੍ਰਾਪਤ ਹੋਵੇਗਾ ਅਤੇ ਇਸ ਨਾਲ ਜਲਵਾਯੂ ਪਰਿਵਰਤਨ ਦੀਆਂ ਚੁਣੌਤੀਆਂ ਨਾਲ ਨਿਪਟਣ ਵਿੱਚ ਵੀ ਮਦਦ ਮਿਲੇਗੀ। ਅਜਿਹੀਆਂ ਕੋਸ਼ਿਸਾਂ ਦੇ ਲਈ ਸਰਕਾਰ ਅਤੇ ਸਮਾਜ ਦੋਨਾਂ ਦੀ ਭਾਗੀਦਾਰੀ ਬਹੁਤ ਜ਼ਰੂਰੀ ਹੈ।

 

ਰਾਸ਼ਟਰਪਤੀ ਨੇ ਕਿਹਾ ਕਿ ਹਾਥੀਆਂ ਨੂੰ ਬਹੁਤ ਹੀ ਬੁੱਧੀਮਾਨ ਅਤੇ ਸੰਵੇਦਨਸ਼ੀਲ ਜਾਨਵਰ ਮੰਨਿਆ ਜਾਂਦਾ ਹੈ। ਉਹ ਮਨੁੱਖਾਂ ਦੀ ਤਰ੍ਹਾਂ ਹੀ ਇੱਕ ਸਮਾਜਿਕ ਪ੍ਰਾਣੀ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਹਾਥੀਆਂ ਅਤੇ ਹੋਰ ਜੀਵਤ ਪ੍ਰਾਣੀਆਂ ਦੇ ਲਈ ਸਹਾਨੁਭੂਤੀ ਅਤੇ ਸਨਮਾਨ ਦੀ ਭਾਵਨਾ ਰੱਖਣੀ ਚਾਹੀਦੀ ਹੈ, ਜਿਸ ਪ੍ਰਕਾਰ ਦੀ ਭਾਵਨਾ ਅਸੀਂ ਮਨੁੱਖਾਂ ਦੇ ਲਈ ਰੱਖਦੇ ਹਾਂ। ਉਨ੍ਹਾਂ ਨੇ ਕਿਹਾ ਕਿ ਅਸੀਂ ਜਾਨਵਰਾਂ ਅਤੇ ਪੰਛੀਆਂ ਤੋਂ ਨਿਸੁਆਰਥ ਪ੍ਰੇਮ ਦੀ ਭਾਵਨਾ ਸਿੱਖ ਸਕਦੇ ਹਾਂ।

 

ਰਾਸ਼ਟਰਪਤੀ ਨੇ ਕਿਹਾ ਕਿ ‘ਮਾਨਵ-ਹਾਥੀ ਸੰਘਰਸ਼’ ਸਦੀਆਂ ਤੋਂ ਇੱਕ ਮੁੱਦਾ ਰਿਹਾ ਹੈ ਲੇਕਿਨ ਜਦੋਂ ਅਸੀਂ ਇਸ ਸੰਘਰਸ਼ ਦਾ ਵਿਸ਼ਲੇਸ਼ਣ ਕਰਦੇ ਹਾਂ, ਤਾਂ ਇਸ ਨਤੀਜੇ ‘ਤੇ ਪਹੁੰਚਦੇ ਹਾਂ ਕਿ ਹਾਥੀਆਂ ਦੇ ਕੁਦਰਤੀ ਆਵਾਸ ਜਾਂ ਆਵਾਗਮਨ ਵਿੱਚ ਪੈਦਾ ਹੋਣ ਵਾਲੀਆਂ ਰੁਕਾਵਟਾਂ ਹੀ ਇਸ ਦਾ ਮੂਲ ਕਾਰਨ ਹਨ। ਇਸ ਲਈ, ਇਸ ਸੰਘਰਸ਼ ਦੀ ਜ਼ਿੰਮੇਦਾਰੀ ਮਾਨਵ ਸਮਾਜ ਦੀ ਹੈ। ਉਨ੍ਹਾਂ ਨੇ ਕਿਹਾ ਕਿ ਹਾਥੀ ਪ੍ਰੋਜੈਕਟ ਦਾ ਮੁੱਖ ਉਦੇਸ਼ ਹਾਥੀਆਂ ਦੀ ਰੱਖਿਆ ਕਰਨਾ, ਉਨ੍ਹਾਂ ਦੇ ਕੁਦਰਤੀ ਆਵਾਸਾਂ ਨੂੰ ਸੁਰੱਖਿਅਤ ਕਰਨਾ ਅਤੇ ਹਾਥੀ ਗਲਿਆਰਿਆਂ ਨੂੰ ਰੁਕਾਵਟ ਮੁਕਤ ਬਣਾਉਣਾ ਹੈ। ਮਾਨਵ-ਹਾਥੀ ਸੰਘਰਸ਼ ਦੀਆਂ ਸਮੱਸਿਆਵਾਂ ਦਾ ਸਮਾਧਾਨ ਕਰਨਾ ਵੀ ਇਸ ਪ੍ਰੋਜੈਕਟ ਦਾ ਇੱਕ ਉਦੇਸ਼ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਭ ਉਦੇਸ਼ ਆਪਸ ਵਿੱਚ ਇੱਕ-ਦੂਸਰੇ ਨਾਲ ਜੁੜੇ ਹੋਏ ਹਨ।

 

ਰਾਸ਼ਟਰਪਤੀ ਨੇ ਕਿਹਾ ਕਿ ਅਸਾਮ ਦੇ ਕਾਜ਼ੀਰੰਗਾ ਅਤੇ ਮਾਨਸ ਨੈਸ਼ਨਲ ਪਾਰਕ ਨਾ ਸਿਰਫ਼ ਭਾਰਤ ਵਿੱਚ ਬਲਕਿ ਆਲਮੀ ਤੌਰ ‘ਤੇ ਅਮੁੱਲ ਧਰੋਹਰ ਹਨ। ਇਹੀ ਕਾਰਨ ਹੈ ਕਿ ਇਨ੍ਹਾਂ ਨੂੰ ਯੂਨੈਸਕੋ ਦੁਆਰਾ ‘ਵਿਸ਼ਵ ਧਰੋਹਰ ਸਥਲ’ ਦਾ ਦਰਜਾ ਪ੍ਰਦਾਨ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਸਾਮ ਵਿੱਚ ਜੰਗਲੀ ਹਾਥੀਆਂ ਦੀ ਆਬਾਦੀ ਦੇਸ਼ ਵਿੱਚ ਜੰਗਲੀ ਹਾਥੀਆਂ ਦੀ ਦੂਸਰੀ ਸਭ ਤੋਂ ਵੱਡੀ ਆਬਾਦੀ ਹੈ। ਇਸ ਲਈ ਗਜ-ਉਤਸਵ ਦਾ ਆਯੋਜਨ ਕਰਨ ਦੇ ਲਈ ਕਾਜ਼ੀਰੰਗਾ ਇੱਕ ਬਹੁਤ ਹੀ ਉਪਯੁਕਤ ਸਥਾਨ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਬਲ ਦਿੱਤਾ ਕਿ ਪ੍ਰੋਜੈਕਟ ਐਲੀਫੈਂਟ ਅਤੇ ਗਜ-ਉਤਸਵ ਦੀ ਸਫਲਤਾ ਦੇ ਲਈ ਸਾਰੇ ਹਿਤਧਾਰਕਾਂ ਨੂੰ ਇਕੱਠੇ ਮਿਲ ਕੇ ਕੰਮ ਕਰਨਾ ਹੋਵੇਗਾ।

ਰਾਸ਼ਟਰਪਤੀ ਦਾ ਪੂਰਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ -

 

*****

ਡੀਐੱਸ/ਬੀਐੱਮ



(Release ID: 1915184) Visitor Counter : 144