ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ 'ਵਿਕਾਸ ਦੇ ਮੌਕੇ ਪੈਦਾ ਕਰਨ ਲਈ ਵਿੱਤੀ ਸੇਵਾਵਾਂ ਦੀ ਦਕਸ਼ਤਾ ਵਧਾਉਣ' ਦੇ ਵਿਸ਼ੇ 'ਤੇ ਪੋਸਟ ਬਜਟ ਵੈਬੀਨਾਰ ਨੂੰ ਸੰਬੋਧਨ ਕੀਤਾ
“ਸਰਕਾਰ ਪੋਸਟ-ਬਜਟ ਵੈਬੀਨਾਰਾਂ ਜ਼ਰੀਏ ਬਜਟ ਨੂੰ ਲਾਗੂ ਕਰਨ ਵਿੱਚ ਸਮੂਹਿਕ ਮਾਲਕੀ ਅਤੇ ਬਰਾਬਰ ਭਾਈਵਾਲੀ ਲਈ ਰਾਹ ਪੱਧਰਾ ਕਰ ਰਹੀ ਹੈ”
"ਭਾਰਤੀ ਅਰਥਵਿਵਸਥਾ ਦੀ ਹਰ ਚਰਚਾ ਵਿੱਚ ਭਰੋਸੇ ਅਤੇ ਉਮੀਦਾਂ ਨੇ ਪ੍ਰਸ਼ਨ ਚਿੰਨ੍ਹਾਂ ਦੀ ਥਾਂ ਲੈ ਲਈ ਹੈ"
"ਭਾਰਤ ਨੂੰ ਗਲੋਬਲ ਅਰਥਵਿਵਸਥਾ ਦਾ ਉੱਜਵਲ ਸਥਾਨ ਕਿਹਾ ਜਾ ਰਿਹਾ ਹੈ"
“ਅੱਜ ਤੁਹਾਡੇ ਕੋਲ ਸਾਹਸ, ਸਪਸ਼ਟਤਾ ਅਤੇ ਭਰੋਸੇ ਨਾਲ ਨੀਤੀਗਤ ਫੈਸਲੇ ਲੈਣ ਵਾਲੀ ਸਰਕਾਰ ਹੈ, ਤੁਹਾਨੂੰ ਵੀ ਅੱਗੇ ਆਉਣਾ ਹੋਵੇਗਾ”
"ਸਮੇਂ ਦੀ ਲੋੜ ਹੈ ਕਿ ਭਾਰਤ ਦੀ ਬੈਂਕਿੰਗ ਪ੍ਰਣਾਲੀ ਦੀ ਮਜ਼ਬੂਤੀ ਦਾ ਲਾਭ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ"
"ਵਿੱਤੀ ਸਮਾਵੇਸ਼ ਨਾਲ ਸਬੰਧਿਤ ਸਰਕਾਰ ਦੀਆਂ ਨੀਤੀਆਂ ਨੇ ਕਰੋੜਾਂ ਲੋਕਾਂ ਨੂੰ ਰਸਮੀ ਵਿੱਤੀ ਪ੍ਰਣਾਲੀ ਦਾ ਹਿੱਸਾ ਬਣਾਇਆ ਹੈ"
"ਵੋਕਲ ਫੌਰ ਲੋਕਲ ਅਤੇ ਆਤਮਨਿਰਭਰਤਾ ਲਈ ਵਿਜ਼ਨ ਇੱਕ ਰਾਸ਼ਟਰੀ ਜ਼ਿੰਮੇਵਾਰੀ ਹੈ"
“ਵੋਕਲ ਫੌਰ ਲੋਕਲ ਭਾਰਤੀ ਕੁਟੀਰ ਉਦਯੋਗ ਦੇ ਉਤਪਾਦਾਂ ਨੂੰ ਖਰੀਦਣ ਨਾਲੋਂ ਕਿਤੇ ਜ਼ਿਆਦਾ ਵੱਡਾ ਹੈ। ਸਾਨੂੰ ਇਹ ਦੇਖਣਾ ਹੋਵੇਗਾ ਕਿ ਉਹ ਕਿਹੜੇ ਖੇਤਰ ਹਨ ਜਿੱਥੇ ਅਸੀਂ ਭਾਰਤ ਵਿੱਚ ਹੀ ਸਮਰੱਥਾ ਬਣਾ ਕੇ ਦੇਸ਼ ਦਾ ਪੈਸਾ ਬਚਾ ਸਕਦੇ ਹਾਂ”
"ਦੇਸ਼ ਦੇ ਪ੍ਰਾਈਵੇਟ ਸੈਕਟਰ ਨੂੰ ਵੀ ਸਰਕਾਰ ਵਾਂਗ ਆਪਣਾ ਨਿਵੇਸ਼ ਵਧਾਉਣਾ ਚਾਹੀਦਾ ਹੈ ਤਾਂ ਜੋ ਦੇਸ਼ ਨੂੰ ਇਸ ਦਾ ਵੱਧ ਤੋਂ ਵੱਧ ਲਾਭ ਮਿਲ ਸਕੇ"
"ਟੈਕਸ ਅਧਾਰ ਵਿੱਚ ਵਾਧਾ ਇਸ ਗੱਲ ਦਾ ਸਬੂਤ ਹੈ ਕਿ ਲੋਕਾਂ ਦਾ ਸਰਕਾਰ ਵਿੱਚ ਵਿਸ਼ਵਾਸ ਹੈ, ਅਤੇ ਉਹ ਮੰਨਦੇ ਹਨ ਕਿ ਉਹ ਜੋ ਟੈਕਸ ਅਦਾ ਕਰ ਰਹੇ ਹਨ, ਉਹ ਜਨਤਾ ਦੇ ਭਲੇ ਲਈ ਖਰਚਿਆ ਜਾ ਰਿਹਾ ਹੈ"
"ਇੰਡਸਟ੍ਰੀ 4.0 ਦੇ ਯੁੱਗ ਵਿੱਚ ਭਾਰਤ ਦੁਆਰਾ ਵਿਕਸਿਤ ਪਲੈਟਫਾਰਮ ਦੁਨੀਆ ਲਈ ਮਾਡਲ ਬਣ ਰਹੇ ਹਨ"
"ਰੂਪੇਅ (RuPay) ਅਤੇ ਯੂਪੀਆਈ ਨਾ ਸਿਰਫ਼ ਇੱਕ ਘੱਟ ਲਾਗਤ ਵਾਲੀ ਅਤੇ ਬਹੁਤ ਜ਼ਿਆਦਾ ਸੁਰੱਖਿਅਤ ਟੈਕਨੋਲੋਜੀ ਹੈ, ਬਲਕਿ ਦੁਨੀਆ ਵਿੱਚ ਸਾਡੀ ਪਹਿਚਾਣ ਹੈ"
Posted On:
07 MAR 2023 10:29AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ‘ਵਿਕਾਸ ਦੇ ਮੌਕੇ ਸਿਰਜਣ ਲਈ ਵਿੱਤੀ ਸੇਵਾਵਾਂ ਦੀ ਦਕਸ਼ਤਾ ਵਧਾਉਣ’ ਵਿਸ਼ੇ ‘ਤੇ ਇੱਕ ਪੋਸਟ ਬਜਟ ਵੈਬੀਨਾਰ ਨੂੰ ਸੰਬੋਧਨ ਕੀਤਾ। ਇਹ ਕੇਂਦਰੀ ਬਜਟ 2023 ਵਿੱਚ ਐਲਾਨੀਆਂ ਪਹਿਲਾਂ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਲਈ ਵਿਚਾਰਾਂ ਅਤੇ ਸੁਝਾਵਾਂ ਦੀ ਮੰਗ ਕਰਨ ਲਈ ਸਰਕਾਰ ਦੁਆਰਾ ਆਯੋਜਿਤ 12 ਪੋਸਟ-ਬਜਟ ਵੈਬੀਨਾਰਾਂ ਦੀ ਲੜੀ ਦਾ ਦਸਵਾਂ ਹਿੱਸਾ ਹੈ।
ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਇਨ੍ਹਾਂ ਪੋਸਟ ਬਜਟ ਵੈਬੀਨਾਰਾਂ ਜ਼ਰੀਏ ਬਜਟ ਨੂੰ ਲਾਗੂ ਕਰਨ ਵਿੱਚ ਸਮੂਹਿਕ ਮਾਲਕੀ ਅਤੇ ਬਰਾਬਰ ਦੀ ਭਾਈਵਾਲੀ ਲਈ ਰਾਹ ਪੱਧਰਾ ਕਰ ਰਹੀ ਹੈ ਜਿੱਥੇ ਹਿਤਧਾਰਕਾਂ ਦੇ ਵਿਚਾਰ ਅਤੇ ਸੁਝਾਅ ਬਹੁਤ ਮਹੱਤਵ ਰੱਖਦੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਪੂਰੀ ਦੁਨੀਆ ਕੋਰੋਨਾ ਮਹਾਮਾਰੀ ਦੌਰਾਨ ਭਾਰਤ ਦੀ ਵਿੱਤੀ ਅਤੇ ਮੁਦਰਾ ਨੀਤੀ ਦੇ ਪ੍ਰਭਾਵ ਨੂੰ ਦੇਖ ਰਹੀ ਹੈ ਅਤੇ ਪਿਛਲੇ 9 ਵਰ੍ਹਿਆਂ ਵਿੱਚ ਭਾਰਤ ਦੀ ਅਰਥਵਿਵਸਥਾ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਸਰਕਾਰ ਦੇ ਪ੍ਰਯਾਸਾਂ ਨੂੰ ਕ੍ਰੈਡਿਟ ਦਿੱਤਾ। ਉਸ ਸਮੇਂ ਨੂੰ ਯਾਦ ਕਰਦੇ ਹੋਏ ਜਦੋਂ ਦੁਨੀਆ ਭਾਰਤ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੀ ਸੀ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਅਰਥਵਿਵਸਥਾ, ਬਜਟ ਅਤੇ ਲਕਸ਼ਾਂ 'ਤੇ ਚਰਚਾ ਅਕਸਰ ਇੱਕ ਸਵਾਲ ਨਾਲ ਸ਼ੁਰੂ ਹੁੰਦੀ ਸੀ ਅਤੇ ਸਮਾਪਤ ਹੁੰਦੀ ਸੀ। ਉਨ੍ਹਾਂ ਵਿੱਤੀ ਅਨੁਸ਼ਾਸਨ, ਪਾਰਦਰਸ਼ਤਾ ਅਤੇ ਸਮਾਵੇਸ਼ੀ ਪਹੁੰਚ ਵਿੱਚ ਤਬਦੀਲੀਆਂ ਨੂੰ ਉਜਾਗਰ ਕੀਤਾ ਅਤੇ ਨੋਟ ਕੀਤਾ ਕਿ ਚਰਚਾ ਦੇ ਸ਼ੁਰੂ ਅਤੇ ਅੰਤ ਵਿੱਚ ਪ੍ਰਸ਼ਨ ਚਿੰਨ੍ਹ ਨੂੰ ਵਿਸ਼ਵਾਸ (ਭਰੋਸਾ) ਅਤੇ ਉਮੀਦਾਂ ਨਾਲ ਬਦਲ ਦਿੱਤਾ ਗਿਆ ਹੈ। ਹਾਲੀਆ ਪ੍ਰਾਪਤੀਆਂ 'ਤੇ ਰੌਸ਼ਨੀ ਪਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ, "ਅੱਜ ਭਾਰਤ ਨੂੰ ਗਲੋਬਲ ਅਰਥਵਿਵਸਥਾ ਦਾ ਉੱਜਵਲ ਸਥਾਨ ਕਿਹਾ ਜਾ ਰਿਹਾ ਹੈ।" ਉਨ੍ਹਾਂ ਇਹ ਵੀ ਉਜਾਗਰ ਕੀਤਾ ਕਿ ਭਾਰਤ ਜੀ20 ਦੀ ਪ੍ਰਧਾਨਗੀ ਕਰ ਰਿਹਾ ਹੈ ਅਤੇ ਸਾਲ 2021-22 ਵਿੱਚ ਦੇਸ਼ ਵਿੱਚ ਸਭ ਤੋਂ ਵੱਧ ਐੱਫਡੀਆਈ ਨੂੰ ਵੀ ਆਕਰਸ਼ਿਤ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਿਵੇਸ਼ ਦਾ ਵੱਡਾ ਹਿੱਸਾ ਨਿਰਮਾਣ ਖੇਤਰ ਵਿੱਚ ਹੋਇਆ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੀਐੱਲਆਈ ਸਕੀਮ ਦਾ ਲਾਭ ਉਠਾਉਣ ਲਈ ਅਰਜ਼ੀਆਂ ਲਗਾਤਾਰ ਆ ਰਹੀਆਂ ਹਨ ਜੋ ਭਾਰਤ ਨੂੰ ਗਲੋਬਲ ਸਪਲਾਈ ਚੇਨ ਦਾ ਇੱਕ ਮਹੱਤਵਪੂਰਨ ਹਿੱਸਾ ਬਣਾਉਂਦੀ ਹੈ। ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਇਸ ਮੌਕੇ ਦਾ ਪੂਰਾ ਫਾਇਦਾ ਉਠਾਉਣ ਦੀ ਤਾਕੀਦ ਕੀਤੀ।
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਜਿਵੇਂ ਕਿ ਅੱਜ ਦਾ ਭਾਰਤ ਨਵੀਆਂ ਸਮਰੱਥਾਵਾਂ ਨਾਲ ਅੱਗੇ ਵਧ ਰਿਹਾ ਹੈ, ਭਾਰਤ ਦੇ ਵਿੱਤੀ ਸੰਸਾਰ ਵਿੱਚ ਉਨ੍ਹਾਂ ਦੀ ਜ਼ਿੰਮੇਵਾਰੀ ਵਧ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਦੁਨੀਆ ਦੀ ਇੱਕ ਮਜ਼ਬੂਤ ਵਿੱਤੀ ਪ੍ਰਣਾਲੀ ਅਤੇ ਇੱਕ ਬੈਂਕਿੰਗ ਪ੍ਰਣਾਲੀ ਹੈ ਜੋ 8-10 ਸਾਲ ਪਹਿਲਾਂ ਢਹਿ-ਢੇਰੀ ਹੋਣ ਤੋਂ ਬਾਅਦ ਹੁਣ ਮੁਨਾਫੇ ਵਿੱਚ ਹੈ। ਨਾਲ ਹੀ, ਇੱਕ ਸਰਕਾਰ ਹੈ ਜੋ ਸਾਹਸ, ਸਪਸ਼ਟਤਾ ਅਤੇ ਭਰੋਸੇ ਨਾਲ ਨੀਤੀਗਤ ਫੈਸਲੇ ਲੈ ਰਹੀ ਹੈ। ਪ੍ਰਧਾਨ ਮੰਤਰੀ ਨੇ ਭਾਗੀਦਾਰਾਂ ਨੂੰ ਕਿਹਾ, "ਅੱਜ ਸਮੇਂ ਦੀ ਲੋੜ ਹੈ ਕਿ ਭਾਰਤ ਦੀ ਬੈਂਕਿੰਗ ਪ੍ਰਣਾਲੀ ਵਿੱਚ ਮਜ਼ਬੂਤੀ ਦੇ ਲਾਭ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਣੇ ਚਾਹੀਦੇ ਹਨ।" ਐੱਮਐੱਸਐੱਮਈ ਸੈਕਟਰ ਨੂੰ ਸਰਕਾਰ ਦੇ ਸਮਰਥਨ ਦੀ ਉਦਾਹਰਣ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਬੈਂਕਿੰਗ ਪ੍ਰਣਾਲੀ ਨੂੰ ਵੱਧ ਤੋਂ ਵੱਧ ਸੈਕਟਰਾਂ ਤੱਕ ਪਹੁੰਚਣ ਲਈ ਕਿਹਾ। ਉਨ੍ਹਾਂ ਅੱਗੇ ਕਿਹਾ “ਮਹਾਂਮਾਰੀ ਦੌਰਾਨ 1 ਕਰੋੜ 20 ਲੱਖ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ’ਸ) ਨੂੰ ਸਰਕਾਰ ਤੋਂ ਵੱਡੀ ਮਦਦ ਮਿਲੀ ਹੈ। ਇਸ ਸਾਲ ਦੇ ਬਜਟ ਵਿੱਚ, ਐੱਮਐੱਸਐੱਮਈ ਸੈਕਟਰ ਨੂੰ 2 ਲੱਖ ਕਰੋੜ ਰੁਪਏ ਦਾ ਅਤਿਰਿਕਤ ਕੋਲੇਟਰਲ-ਮੁਕਤ ਗਰੰਟੀਸ਼ੁਦਾ ਕਰਜ਼ਾ ਵੀ ਮਿਲਿਆ ਹੈ। ਹੁਣ ਇਹ ਬਹੁਤ ਮਹੱਤਵਪੂਰਨ ਹੈ ਕਿ ਸਾਡੇ ਬੈਂਕ ਉਨ੍ਹਾਂ ਤੱਕ ਪਹੁੰਚ ਕਰਨ ਅਤੇ ਉਨ੍ਹਾਂ ਨੂੰ ਉਚਿਤ ਵਿੱਤ ਪ੍ਰਦਾਨ ਕਰਨ।”
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਵਿੱਤੀ ਸਮਾਵੇਸ਼ ਨਾਲ ਸਬੰਧਿਤ ਸਰਕਾਰ ਦੀਆਂ ਨੀਤੀਆਂ ਨੇ ਕਰੋੜਾਂ ਲੋਕਾਂ ਨੂੰ ਰਸਮੀ ਵਿੱਤੀ ਪ੍ਰਣਾਲੀ ਦਾ ਹਿੱਸਾ ਬਣਾਇਆ ਹੈ। ਸਰਕਾਰ ਨੇ ਬਿਨਾਂ ਬੈਂਕ ਗਰੰਟੀ ਦੇ 20 ਲੱਖ ਕਰੋੜ ਰੁਪਏ ਤੋਂ ਵੱਧ ਦੇ ਮੁਦਰਾ ਲੋਨ ਦੇ ਕੇ ਕਰੋੜਾਂ ਨੌਜਵਾਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਮਦਦ ਕੀਤੀ ਹੈ। ਪਹਿਲੀ ਵਾਰ, 40 ਲੱਖ ਤੋਂ ਵੱਧ ਸਟ੍ਰੀਟ ਵਿਕਰੇਤਾਵਾਂ ਅਤੇ ਛੋਟੇ ਦੁਕਾਨਦਾਰਾਂ ਨੂੰ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ (Swanidhi Yojana) ਜ਼ਰੀਏ ਬੈਂਕਾਂ ਤੋਂ ਮਦਦ ਮਿਲੀ। ਉਨ੍ਹਾਂ ਨੇ ਹਿਤਧਾਰਕਾਂ ਨੂੰ ਲਾਗਤ ਘਟਾਉਣ ਅਤੇ ਕਰਜ਼ੇ ਦੀ ਗਤੀ ਨੂੰ ਵਧਾਉਣ ਲਈ ਸਾਰੀਆਂ ਪ੍ਰਕਿਰਿਆਵਾਂ ਨੂੰ ਰੀ-ਇੰਜੀਨੀਅਰ ਕਰਨ ਦਾ ਸੱਦਾ ਦਿੱਤਾ ਤਾਂ ਜੋ ਇਹ ਛੋਟੇ ਉੱਦਮੀਆਂ ਤੱਕ ਜਲਦੀ ਪਹੁੰਚ ਸਕੇ।
'ਵੋਕਲ ਫੌਰ ਲੋਕਲ' ਦੇ ਮੁੱਦੇ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਚੋਣ ਦਾ ਮਾਮਲਾ ਨਹੀਂ ਹੈ ਪਰ "ਵੋਕਲ ਫੌਰ ਲੋਕਲ ਅਤੇ ਸਵੈ-ਨਿਰਭਰਤਾ ਦਾ ਵਿਜ਼ਨ ਰਾਸ਼ਟਰੀ ਜ਼ਿੰਮੇਵਾਰੀ ਹੈ।" ਸ਼੍ਰੀ ਮੋਦੀ ਨੇ ਦੇਸ਼ ਵਿੱਚ ਵੋਕਲ ਫੌਰ ਲੋਕਲ ਅਤੇ ਆਤਮਨਿਰਭਰਤਾ ਲਈ ਅਥਾਹ ਉਤਸ਼ਾਹ ਨੂੰ ਨੋਟ ਕੀਤਾ ਅਤੇ ਘਰੇਲੂ ਉਤਪਾਦਨ ਵਿੱਚ ਵਾਧੇ ਅਤੇ ਨਿਰਯਾਤ ਵਿੱਚ ਰਿਕਾਰਡ ਵਾਧੇ ਬਾਰੇ ਗੱਲ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ "ਸਾਡਾ ਨਿਰਯਾਤ ਸਭ ਤੋਂ ਉੱਚੇ ਪੱਧਰ 'ਤੇ ਰਿਹਾ ਹੈ, ਭਾਵੇਂ ਵਸਤੂਆਂ ਹੋਣ ਜਾਂ ਸੇਵਾਵਾਂ। ਇਹ ਭਾਰਤ ਲਈ ਵਧ ਰਹੀਆਂ ਸੰਭਾਵਨਾਵਾਂ ਨੂੰ ਦਰਸਾਉਂਦਾ ਹੈ।” ਉਨ੍ਹਾਂ ਸੰਗਠਨਾਂ ਤੇ ਉਦਯੋਗ ਅਤੇ ਵਣਜ ਦੇ ਚੈਂਬਰਜ਼ ਜਿਹੇ ਹਿਤਧਾਰਕਾਂ ਨੂੰ ਜ਼ਿਲ੍ਹਾ ਪੱਧਰ ਤੱਕ ਸਥਾਨਕ ਕਾਰੀਗਰਾਂ ਅਤੇ ਉੱਦਮੀਆਂ ਨੂੰ ਉਤਸ਼ਾਹਿਤ ਕਰਨ ਲਈ ਜ਼ਿੰਮੇਵਾਰੀ ਲੈਣ ਲਈ ਕਿਹਾ।
ਪ੍ਰਧਾਨ ਮੰਤਰੀ ਨੇ ਇਕ ਵਾਰ ਫਿਰ ਸਪੱਸ਼ਟ ਕੀਤਾ ਕਿ ਵੋਕਲ ਫੌਰ ਲੋਕਲ ਭਾਰਤੀ ਕੁਟੀਰ ਉਦਯੋਗ ਤੋਂ ਉਤਪਾਦ ਖਰੀਦਣ ਨਾਲੋਂ ਕਿਤੇ ਜ਼ਿਆਦਾ ਵੱਡਾ ਹੈ। ਉਨ੍ਹਾਂ ਕਿਹਾ “ਸਾਨੂੰ ਇਹ ਦੇਖਣਾ ਹੋਵੇਗਾ ਕਿ ਭਾਰਤ ਵਿੱਚ ਹੀ ਸਮਰੱਥਾ ਦਾ ਨਿਰਮਾਣ ਕਰਕੇ ਅਸੀਂ ਕਿਹੜੇ ਖੇਤਰ ਹਨ ਜਿੱਥੇ ਅਸੀਂ ਦੇਸ਼ ਦਾ ਪੈਸਾ ਬਚਾ ਸਕਦੇ ਹਾਂ।” ਉਨ੍ਹਾਂ ਨੇ ਉੱਚੇਰੀ ਸਿੱਖਿਆ ਅਤੇ ਖਾਣ ਵਾਲੇ ਤੇਲ ਦੀਆਂ ਉਦਾਹਰਣਾਂ ਦਿੱਤੀਆਂ ਜਿੱਥੇ ਬਹੁਤ ਸਾਰਾ ਪੈਸਾ ਬਾਹਰ ਜਾਂਦਾ ਹੈ।
ਬਜਟ ਵਿੱਚ ਪੂੰਜੀਗਤ ਖਰਚੇ ਵਿੱਚ 10 ਲੱਖ ਕਰੋੜ ਰੁਪਏ ਦੇ ਭਾਰੀ ਵਾਧੇ ਅਤੇ ਪ੍ਰਧਾਨ ਮੰਤਰੀ ਗਤੀਸ਼ਕਤੀ ਮਾਸਟਰਪਾਲਨ ਦੁਆਰਾ ਪ੍ਰੇਰਿਤ ਗਤੀਸ਼ੀਲਤਾ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਵਿਭਿੰਨ ਭੂਗੋਲਿਕ ਖੇਤਰਾਂ ਅਤੇ ਆਰਥਿਕ ਸੈਕਟਰਾਂ ਦੀ ਪ੍ਰਗਤੀ ਲਈ ਕੰਮ ਕਰ ਰਹੇ ਪ੍ਰਾਈਵੇਟ ਸੈਕਟਰ ਨੂੰ ਸਮਰਥਨ ਦੇਣ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਅੱਗੇ ਕਿਹਾ “ਅੱਜ ਮੈਂ ਦੇਸ਼ ਦੇ ਪ੍ਰਾਈਵੇਟ ਸੈਕਟਰ ਨੂੰ ਵੀ ਸਰਕਾਰ ਵਾਂਗ ਆਪਣਾ ਨਿਵੇਸ਼ ਵਧਾਉਣ ਦਾ ਸੱਦਾ ਦੇਵਾਂਗਾ ਤਾਂ ਜੋ ਦੇਸ਼ ਨੂੰ ਇਸ ਦਾ ਵੱਧ ਤੋਂ ਵੱਧ ਲਾਭ ਮਿਲ ਸਕੇ।”
ਪੋਸਟ ਬਜਟ ਟੈਕਸ-ਸਬੰਧਿਤ ਬਿਰਤਾਂਤ 'ਤੇ ਵਿਚਾਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅਤੀਤ ਦੇ ਉਲਟ, ਜੀਐੱਸਟੀ, ਇਨਕਮ ਟੈਕਸ ਅਤੇ ਕਾਰਪੋਰੇਟ ਟੈਕਸ ਵਿੱਚ ਕਟੌਤੀ ਦੇ ਕਾਰਨ ਭਾਰਤ ਵਿੱਚ ਟੈਕਸ ਦਾ ਬੋਝ ਕਾਫ਼ੀ ਘੱਟ ਹੋਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦੇ ਨਤੀਜੇ ਵਜੋਂ ਬਿਹਤਰ ਟੈਕਸ ਵਸੂਲੀ ਹੋਈ ਹੈ। 2013-14 ਵਿੱਚ ਕੁੱਲ ਟੈਕਸ ਮਾਲੀਆ ਲਗਭਗ 11 ਲੱਖ ਕਰੋੜ ਰੁਪਏ ਸੀ ਜੋ 200 ਫੀਸਦੀ ਦੇ ਵਾਧੇ ਨਾਲ 2023-24 ਵਿੱਚ ਵਧ ਕੇ 33 ਲੱਖ ਕਰੋੜ ਹੋ ਸਕਦਾ ਹੈ। 2013-14 ਤੋਂ 2020-21 ਤੱਕ ਦਾਇਰ ਕੀਤੀਆਂ ਗਈਆਂ ਵਿਅਕਤੀਗਤ ਟੈਕਸ ਰਿਟਰਨਾਂ ਦੀ ਸੰਖਿਆ 3.5 ਕਰੋੜ ਤੋਂ ਵਧ ਕੇ 6.5 ਕਰੋੜ ਹੋ ਗਈ ਹੈ। ਪ੍ਰਧਾਨ ਮੰਤਰੀ ਨੇ ਕਿਹਾ “ਟੈਕਸ ਦਾ ਭੁਗਤਾਨ ਇੱਕ ਅਜਿਹਾ ਫਰਜ਼ ਹੈ, ਜਿਸਦਾ ਪ੍ਰਤੱਖ ਸਬੰਧ ਰਾਸ਼ਟਰ ਨਿਰਮਾਣ ਨਾਲ ਹੈ। ਟੈਕਸ ਅਧਾਰ ਵਿੱਚ ਵਾਧਾ ਇਸ ਗੱਲ ਦਾ ਸਬੂਤ ਹੈ ਕਿ ਲੋਕਾਂ ਦਾ ਸਰਕਾਰ ਵਿੱਚ ਵਿਸ਼ਵਾਸ ਹੈ, ਅਤੇ ਉਹ ਮੰਨਦੇ ਹਨ ਕਿ ਅਦਾ ਕੀਤੇ ਟੈਕਸ ਨੂੰ ਜਨਤਾ ਦੇ ਭਲੇ ਲਈ ਖਰਚ ਕੀਤਾ ਜਾ ਰਿਹਾ ਹੈ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਪ੍ਰਤਿਭਾ, ਬੁਨਿਆਦੀ ਢਾਂਚਾ ਅਤੇ ਇਨੋਵੇਟਰ ਭਾਰਤੀ ਵਿੱਤੀ ਪ੍ਰਣਾਲੀ ਨੂੰ ਸਿਖਰ 'ਤੇ ਲੈ ਜਾ ਸਕਦੇ ਹਨ। ਪ੍ਰਧਾਨ ਮੰਤਰੀ ਨੇ ਜੀਈਐੱਸ (GeM), ਡਿਜੀਟਲ ਲੈਣ-ਦੇਣ ਦੀਆਂ ਉਦਾਹਰਣਾਂ ਦਿੰਦੇ ਹੋਏ ਕਿਹਾ, "'ਇੰਡਸਟ੍ਰੀ 4.0' ਦੇ ਦੌਰ ਵਿੱਚ ਭਾਰਤ ਦੁਆਰਾ ਵਿਕਸਿਤ ਕੀਤੇ ਗਏ ਪਲੈਟਫਾਰਮ ਦੁਨੀਆ ਲਈ ਮਾਡਲ ਬਣ ਰਹੇ ਹਨ।" ਉਨ੍ਹਾਂ ਕਿਹਾ ਕਿ ਆਜ਼ਾਦੀ ਦੇ 75ਵੇਂ ਵਰ੍ਹੇ ਵਿੱਚ 75 ਹਜ਼ਾਰ ਕਰੋੜ ਦੇ ਲੈਣ-ਦੇਣ ਡਿਜ਼ੀਟਲ ਤਰੀਕੇ ਨਾਲ ਕੀਤੇ ਗਏ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਯੂਪੀਆਈ ਦਾ ਵਿਸਤਾਰ ਕਿੰਨਾ ਵੱਡਾ ਹੋ ਗਿਆ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ “ਰੂਪੇਅ (RuPay) ਅਤੇ ਯੂਪੀਆਈ (UPI) ਨਾ ਸਿਰਫ਼ ਇੱਕ ਘੱਟ ਲਾਗਤ ਵਾਲੀ ਅਤੇ ਉੱਚ ਸੁਰੱਖਿਅਤ ਟੈਕਨੋਲੋਜੀ ਹੈ, ਬਲਕਿ ਇਹ ਦੁਨੀਆ ਵਿੱਚ ਸਾਡੀ ਪਹਿਚਾਣ ਹੈ। ਇਨੋਵੇਸ਼ਨ ਦੀ ਅਥਾਹ ਗੁੰਜਾਇਸ਼ ਹੈ। ਯੂਪੀਆਈ ਨੂੰ ਪੂਰੀ ਦੁਨੀਆ ਲਈ ਵਿੱਤੀ ਸਮਾਵੇਸ਼ ਅਤੇ ਸਸ਼ਕਤੀਕਰਨ ਦਾ ਸਾਧਨ ਬਣਨਾ ਚਾਹੀਦਾ ਹੈ, ਸਾਨੂੰ ਇਸ ਲਈ ਸਮੂਹਿਕ ਤੌਰ 'ਤੇ ਕੰਮ ਕਰਨਾ ਹੋਵੇਗਾ। ਮੈਂ ਸੁਝਾਅ ਦਿੰਦਾ ਹਾਂ ਕਿ ਸਾਡੀਆਂ ਵਿੱਤੀ ਸੰਸਥਾਵਾਂ ਨੂੰ ਵੀ ਆਪਣੀ ਪਹੁੰਚ ਵਧਾਉਣ ਲਈ ਫਿਨਟੈੱਕ’ਸ ਨਾਲ ਵੱਧ ਤੋਂ ਵੱਧ ਸਾਂਝੇਦਾਰੀ ਕਰਨੀ ਚਾਹੀਦੀ ਹੈ।”
ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਕਈ ਵਾਰ ਇੱਕ ਛੋਟਾ ਜਿਹਾ ਕਦਮ ਵੀ ਹੁਲਾਰਾ ਦੇਣ ਵਿੱਚ ਵੱਡਾ ਫਰਕ ਲਿਆ ਸਕਦਾ ਹੈ ਅਤੇ ਬਿਨਾਂ ਬਿੱਲ ਦੇ ਸਮਾਨ ਖਰੀਦਣ ਦੀ ਉਦਾਹਰਣ ਦਿੱਤੀ। ਇਸ ਭਾਵਨਾ ਵੱਲ ਇਸ਼ਾਰਾ ਕਰਦੇ ਹੋਏ ਕਿ ਇਸ ਨਾਲ ਕੋਈ ਨੁਕਸਾਨ ਨਹੀਂ ਹੁੰਦਾ, ਪ੍ਰਧਾਨ ਮੰਤਰੀ ਨੇ ਬਿੱਲ ਦੀ ਇੱਕ ਕਾਪੀ ਪ੍ਰਾਪਤ ਕਰਨ ਬਾਰੇ ਜਾਗਰੂਕਤਾ ਵਧਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਜਿਸ ਨਾਲ ਬਦਲੇ ਵਿੱਚ ਰਾਸ਼ਟਰ ਨੂੰ ਲਾਭ ਹੋਵੇਗਾ। ਉਨ੍ਹਾਂ ਅੱਗੇ ਕਿਹਾ "ਸਾਨੂੰ ਸਿਰਫ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਦੀ ਲੋੜ ਹੈ।”
ਸੰਬੋਧਨ ਦੀ ਸਮਾਪਤੀ ਕਰਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਆਰਥਿਕ ਵਿਕਾਸ ਦੇ ਲਾਭ ਹਰ ਵਰਗ ਅਤੇ ਵਿਅਕਤੀ ਤੱਕ ਪਹੁੰਚਣੇ ਚਾਹੀਦੇ ਹਨ ਅਤੇ ਸਾਰੇ ਹਿਤਧਾਰਕਾਂ ਨੂੰ ਇਸ ਵਿਜ਼ਨ ਨਾਲ ਕੰਮ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਟ੍ਰੇਂਡ ਪ੍ਰੋਫੈਸ਼ਨਲਾਂ ਦਾ ਇੱਕ ਵੱਡਾ ਪੂਲ ਬਣਾਉਣ 'ਤੇ ਵੀ ਜ਼ੋਰ ਦਿੱਤਾ। ਇਹ ਕਹਿ ਕੇ ਉਨ੍ਹਾਂ ਸਮਾਪਤੀ ਕੀਤੀ "ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਰੇ ਅਜਿਹੇ ਭਵਿੱਖਵਾਦੀ ਵਿਚਾਰਾਂ ਬਾਰੇ ਵਿਸਤਾਰ ਵਿੱਚ ਚਰਚਾ ਕਰੋ।”
https://twitter.com/narendramodi/status/1632963107718053889
https://twitter.com/PMOIndia/status/1632965160238284800
https://twitter.com/PMOIndia/status/1632965318401196033
https://twitter.com/PMOIndia/status/1632965563776417792
https://twitter.com/PMOIndia/status/1632965808111353858
https://twitter.com/PMOIndia/status/1632966477111336960
https://twitter.com/PMOIndia/status/1632966924626796545
https://twitter.com/PMOIndia/status/1632967410021007362
https://twitter.com/PMOIndia/status/1632967628582014977
PM Modi’s video message in post budget webinar on Financial Sector
*********
ਡੀਐੱਸ/ਟੀਐੱਸ
(Release ID: 1904997)
Visitor Counter : 164
Read this release in:
Assamese
,
Bengali
,
Tamil
,
Telugu
,
Malayalam
,
English
,
Urdu
,
Hindi
,
Marathi
,
Manipuri
,
Gujarati
,
Odia
,
Kannada