ਪ੍ਰਧਾਨ ਮੰਤਰੀ ਦਫਤਰ
azadi ka amrit mahotsav g20-india-2023

ਮਨ ਕੀ ਬਾਤ ਦੀ 98ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (26.02.2023)

Posted On: 26 FEB 2023 11:40AM by PIB Chandigarh

ਮੇਰੇ ਪਿਆਰੇ ਦੇਸ਼ਵਾਸੀਓ! ਨਮਸਕਾਰ। ਮਨ ਕੀ ਬਾਤ ਦੇ ਇਸ 98ਵੇਂ ਐਪੀਸੋਡ ਵਿੱਚ ਤੁਹਾਡੇ ਸਾਰਿਆਂ ਨਾਲ ਜੁੜ ਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਸੈਂਕੜੇ ਦੇ ਵੱਲ ਵਧਦੇ ਇਸ ਸਫਰ ਵਿੱਚ ‘ਮਨ ਕੀ ਬਾਤ’ ਨੂੰ ਤੁਸੀਂ ਸਾਰਿਆਂ ਨੇ ਜਨ ਭਾਗੀਦਾਰੀ ਦੀ ਅਭਿਵਿਅਕਤੀ ਦਾ ਅਨੋਖਾ ਪਲੈਟਫਾਰਮ ਬਣਾ ਦਿੱਤਾ ਹੈ। ਹਰ ਮਹੀਨੇ ਲੱਖਾਂ ਸੁਨੇਹਿਆਂ ਵਿੱਚ ਕਿੰਨੇ ਹੀ ਲੋਕਾਂ ਦੇ ‘ਮਨ ਕੀ ਬਾਤ’ ਮੇਰੇ ਤੱਕ ਪਹੁੰਚਦੀ ਹੈ। ਤੁਸੀਂ ਆਪਣੇ ਮਨ ਦੀ ਸ਼ਕਤੀ ਤਾਂ ਜਾਣਦੇ ਹੀ ਹੋ। ਉਸੇ ਤਰ੍ਹਾਂ ਸਮਾਜ ਦੀ ਸ਼ਕਤੀ ਨਾਲ ਕਿਵੇਂ ਦੇਸ਼ ਦੀ ਸ਼ਕਤੀ ਵਧਦੀ ਹੈ, ਇਹ ਅਸੀਂ ‘ਮਨ ਕੀ ਬਾਤ’ ਦੇ ਵੱਖ-ਵੱਖ ਐਪੀਸੋਡਸ ਵਿੱਚ ਵੇਖਿਆ ਹੈ, ਸਮਝਿਆ ਹੈ ਅਤੇ ਮੈਂ ਅਨੁਭਵ ਕੀਤਾ ਹੈ - ਸਵੀਕਾਰ ਵੀ ਕੀਤਾ ਹੈ। ਮੈਨੂੰ ਉਹ ਦਿਨ ਯਾਦ ਹੈ, ਜਦੋਂ ਅਸੀਂ ‘ਮਨ ਕੀ ਬਾਤ’ ਵਿੱਚ ਭਾਰਤ ਦੀਆਂ ਰਵਾਇਤੀ ਖੇਡਾਂ ਨੂੰ ਉਤਸ਼ਾਹਿਤ ਕਰਨ ਦੀ ਗੱਲ ਕੀਤੀ ਸੀ। ਤੁਰੰਤ ਉਸੇ ਵੇਲੇ ਦੇਸ਼ ਵਿੱਚ ਇੱਕ ਲਹਿਰ ਜਿਹੀ ਉੱਠ ਗਈ ਭਾਰਤੀ ਖੇਡਾਂ ਦੇ ਨਾਲ ਜੁੜਨ ਦੀ, ਇਨ੍ਹਾਂ ਵਿੱਚ ਰਚਣ-ਵਸਣ ਦੀ, ਇਨ੍ਹਾਂ ਨੂੰ ਸਿੱਖਣ ਦੀ। ‘ਮਨ ਕੀ ਬਾਤ’ ਵਿੱਚ ਜਦੋਂ ਭਾਰਤੀ ਖਿਡੌਣਿਆਂ ਦੀ ਗੱਲ ਹੋਈ ਤਾਂ ਦੇਸ਼ ਦੇ ਲੋਕਾਂ ਨੇ ਇਸ ਨੂੰ ਵੀ ਹੱਦੋਂ ਵੱਧ ਵਧਾਵਾ ਦੇ ਦਿੱਤਾ। ਹੁਣ ਤਾਂ ਭਾਰਤੀ ਖਿਡੌਣਿਆਂ ਦਾ ਏਨਾ ਸ਼ੌਕ ਹੋ ਗਿਆ ਹੈ ਕਿ ਵਿਦੇਸ਼ਾਂ ਵਿੱਚ ਇਨ੍ਹਾਂ ਦੀ ਮੰਗ ਬਹੁਤ ਵਧ ਰਹੀ ਹੈ। ਜਦੋਂ ‘ਮਨ ਕੀ ਬਾਤ’ ਵਿੱਚ ਅਸੀਂ ਕਹਾਣੀ ਸੁਣਾਉਣ ਦੀਆਂ ਭਾਰਤ ਵਿਧਾਵਾਂ ਬਾਰੇ ਗੱਲ ਕੀਤੀ ਤਾਂ ਇਨ੍ਹਾਂ ਦੀ ਪ੍ਰਸਿੱਧੀ ਵੀ ਦੂਰ-ਦੂਰ ਤੱਕ ਪਹੁੰਚ ਗਈ। ਲੋਕ ਜ਼ਿਆਦਾ ਤੋਂ ਜ਼ਿਆਦਾ ਕਹਾਣੀ ਸੁਣਾਉਣ ਲਈ ਇਨ੍ਹਾਂ ਵਿਧਾਵਾਂ ਵੱਲ ਆਕਰਸ਼ਿਤ ਹੋਣ ਲੱਗੇ।

ਸਾਥੀਓ, ਤੁਹਾਨੂੰ ਯਾਦ ਹੋਵੇਗਾ ਸਰਦਾਰ ਪਟੇਲ ਦੀ ਜਯੰਤੀ ਯਾਨੀ ‘ਏਕਤਾ ਦਿਵਸ’ ਦੇ ਮੌਕੇ ’ਤੇ ‘ਮਨ ਕੀ ਬਾਤ’ ਵਿੱਚ ਅਸੀਂ ਤਿੰਨ ਮੁਕਾਬਲਿਆਂ ਦੀ ਗੱਲ ਕੀਤੀ ਸੀ। ਇਹ ਮੁਕਾਬਲੇ ਦੇਸ਼ ਭਗਤੀ ਬਾਰੇ ਗੀਤ, ਲੋਰੀ ਅਤੇ ਰੰਗੋਲੀ ਇਸ ਨਾਲ ਜੁੜੇ ਸਨ। ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੈ ਕਿ ਦੇਸ਼ ਭਰ ਦੇ 700 ਤੋਂ ਜ਼ਿਆਦਾ ਜ਼ਿਲ੍ਹਿਆਂ ਦੇ 5 ਲੱਖ ਤੋਂ ਜ਼ਿਆਦਾ ਲੋਕਾਂ ਨੇ ਵਧ-ਚੜ੍ਹ ਕੇ ਇਸ ਵਿੱਚ ਹਿੱਸਾ ਲਿਆ ਹੈ। ਬੱਚੇ, ਵੱਡੇ, ਬਜ਼ੁਰਗ ਸਾਰਿਆਂ ਨੇ ਇਸ ਵਿੱਚ ਵਧ-ਚੜ੍ਹ ਕੇ ਭਾਗੀਦਾਰੀ ਕੀਤੀ ਅਤੇ 20 ਤੋਂ ਜ਼ਿਆਦਾ ਭਾਸ਼ਾਵਾਂ ਵਿੱਚ ਆਪਣੀਆਂ ਐਂਟਰੀਆਂ ਭੇਜੀਆਂ ਹਨ। ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਸਾਰੇ ਪ੍ਰਤੀਯੋਗੀਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਵਧਾਈ। ਤੁਹਾਡੇ ਵਿੱਚੋਂ ਹਰ ਕੋਈ ਆਪਣੇ ਆਪ ’ਚ ਇੱਕ ਚੈਂਪੀਅਨ ਹੈ, ਕਲਾ ਸਾਧਕ ਹੈ। ਤੁਸੀਂ ਸਾਰਿਆਂ ਨੇ ਇਹ ਵਿਖਾਇਆ ਹੈ ਕਿ ਆਪਣੇ ਦੇਸ਼ ਦੀ ਵਿਭਿੰਨਤਾ ਅਤੇ ਸੰਸਕ੍ਰਿਤੀ ਦੇ ਲਈ ਤੁਹਾਡੇ ਦਿਲ ਵਿੱਚ ਕਿੰਨਾ ਪਿਆਰ ਹੈ।

ਸਾਥੀਓ, ਅੱਜ ਇਸ ਮੌਕੇ ’ਤੇ ਮੈਨੂੰ ਲਤਾ ਮੰਗੇਸ਼ਕਰ ਜੀ, ਲਤਾ ਦੀਦੀ ਦੀ ਯਾਦ ਆਉਣਾ ਬਹੁਤ ਸੁਭਾਵਿਕ ਹੈ, ਕਿਉਂਕਿ ਜਦੋਂ ਇਹ ਮੁਕਾਬਲਾ ਸ਼ੁਰੂ ਹੋਇਆ ਸੀ, ਉਸ ਦਿਨ ਲਤਾ ਦੀਦੀ ਨੇ ਟਵੀਟ ਕਰਕੇ ਦੇਸ਼ਵਾਸੀਆਂ ਨੂੰ ਅਨੁਰੋਧ ਕੀਤਾ ਸੀ ਕਿ ਉਹ ਇਸ ਪ੍ਰਥਾ ਵਿੱਚ ਜ਼ਰੂਰ ਸ਼ਾਮਲ ਹੋਣ। 

ਸਾਥੀਓ, ਲੋਰੀ, ਰਾਈਟਿੰਗ ਕੰਪੀਟੀਸ਼ਨ ਵਿੱਚ ਪਹਿਲਾ ਪੁਰਸਕਾਰ ਕਰਨਾਟਕ ਦੇ ਚਾਮਰਾਜ ਨਗਰ ਜ਼ਿਲ੍ਹੇ ਦੇ ਬੀ. ਐੱਮ. ਮੰਜੂਨਾਥ ਜੀ ਨੇ ਜਿੱਤਿਆ ਹੈ। ਇਨ੍ਹਾਂ ਨੂੰ ਇਹ ਪੁਰਸਕਾਰ ਕੰਨ੍ਹੜ ਵਿੱਚ ਲਿਖੀ ਉਨ੍ਹਾਂ ਦੀ ਲੋਰੀ (Malagu Kanda) ਦੇ ਲਈ ਮਿਲਿਆ ਹੈ। ਇਸ ਨੂੰ ਲਿਖਣ ਦੀ ਪ੍ਰੇਰਣਾ ਇਨ੍ਹਾਂ ਨੂੰ ਆਪਣੀ ਮਾਂ ਅਤੇ ਦਾਦੀ ਦੇ ਗਾਏ ਲੋਰੀ ਗੀਤਾਂ ਤੋਂ ਮਿਲੀ। ਤੁਸੀਂ ਇਸ ਨੂੰ ਸੁਣੋਗੇ ਤਾਂ ਤੁਹਾਨੂੰ ਵੀ ਅਨੰਦ ਆਏਗਾ। 

‘‘ਸੋ ਜਾਓ, ਸੋ ਜਾਓ, ਧੀਏ,

ਮੇਰੀ ਸਮਝਦਾਰ ਲਾਡਲੀਏ, ਸੋ ਜਾ,

ਦਿਨ ਚਲਾ ਗਿਆ ਹੈ ਤੇ ਹਨ੍ਹੇਰਾ ਹੈ,

ਨੀਂਦ ਦੀ ਦੇਵੀ ਆ ਜਾਏਗੀ,

ਸਿਤਾਰਿਆਂ ਦੇ ਬਾਗ ਤੋਂ,

ਸੁਪਨੇ ਕੱਟ ਲਿਆਏਗੀ,

ਸੋ ਜਾਓ, ਸੋ ਜਾਓ,

ਜੋਜੋ...ਜੋ... ਜੋ...

ਜੋਜੋ...ਜੋ...ਜੋ...’’

(“सो जाओ, सो जाओ, बेबी,

मेरे समझदार लाडले, सो जाओ,

दिन चला गया है और अन्धेरा है,

निद्रा देवी आ जायेगी,

सितारों के बाग से,

सपने काट लायेगी,

सो जाओ, सो जाओ,

जोजो...जो..जो..)

ਅਸਮ ਵਿੱਚ ਕਾਮਰੂਪ ਜ਼ਿਲ੍ਹੇ ਦੇ ਰਹਿਣ ਵਾਲੇ ਦਿਨੇਸ਼ ਗੋਵਾਲਾ ਜੀ ਨੇ ਇਸ ਮੁਕਾਬਲੇ ਵਿੱਚ ਦੂਸਰਾ ਇਨਾਮ ਜਿੱਤਿਆ ਹੈ। ਇਨ੍ਹਾਂ ਨੇ ਜੋ ਲੋਰੀ ਲਿਖੀ ਹੈ, ਉਸ ਵਿੱਚ ਸਥਾਨਕ ਮਿੱਟੀ ਅਤੇ ਧਾਤ ਦੇ ਬਰਤਨ ਬਣਾਉਣ ਵਾਲੇ ਕਾਰੀਗਰਾਂ ਦੀ ਹਰਮਨਪਿਆਰੀ ਸ਼ਿਲਪਕਾਰੀ ਦੀ ਛਾਪ ਹੈ।

ਕੁਮਹਾਰ ਭਾਈ ਝੋਲਾ ਲੈ ਕੇ ਆਏ ਨੇ,

ਝੋਲੇ ’ਚ ਭਲਾ ਕੀ ਹੈ?

ਖੋਲ੍ਹ ਕੇ ਦੇਖਿਆ ਕੁਮਹਾਰ ਦੇ ਝੋਲੇ ਨੂੰ ਤਾਂ,

ਝੋਲੇ ਵਿੱਚ ਸੀ ਪਿਆਰੀ ਜਿਹੀ ਕਟੋਰੀ!

ਸਾਡੀ ਬੱਚੀ ਨੇ ਕੁਮਹਾਰ ਤੋਂ ਪੁੱਛਿਆ,

ਕਿਹੀ ਹੈ ਇਹ ਛੋਟੀ ਜਿਹੀ ਕਟੋਰੀ।

(कुम्हार दादा झोला लेकर आये हैं,

झोले में भला क्या है?

खोलकर देखा कुम्हार के झोले को तो,

झोले में थी प्यारी सी कटोरी!

हमारी गुड़िया ने कुम्हार से पूछा,

कैसी है ये छोटी सी कटोरी!)

ਗੀਤਾਂ ਅਤੇ ਲੋਰੀਆਂ ਦੇ ਵਾਂਗ ਹੀ ਰੰਗੋਲੀ ਮੁਕਾਬਲਾ ਵੀ ਕਾਫੀ ਹਰਮਨਪਿਆਰਾ ਰਿਹਾ। ਇਸ ਵਿੱਚ ਹਿੱਸਾ ਲੈਣ ਵਾਲਿਆਂ ਨੇ ਇੱਕ ਤੋਂ ਵਧ ਕੇ ਇੱਕ ਸੁੰਦਰ ਰੰਗੋਲੀ ਬਣਾ ਕੇ ਭੇਜੀ। ਇਸ ਵਿੱਚ ਵਿਨਿੰਗ ਐਂਟਰੀ ਪੰਜਾਬ ਦੇ ਕਮਲ ਕੁਮਾਰ ਜੀ ਦੀ ਰਹੀ। ਇਨ੍ਹਾਂ ਨੇ ਨੇਤਾ ਜੀ ਸੁਭਾਸ਼ ਚੰਦਰ ਬੋਸ ਅਤੇ ਅਮਰ ਸ਼ਹੀਦ ਵੀਰ ਭਗਤ ਸਿੰਘ ਜੀ ਦੀ ਬਹੁਤ ਹੀ ਸੁੰਦਰ ਰੰਗੋਲੀ ਬਣਾਈ। ਮਹਾਰਾਸ਼ਟਰ ਦੇ ਸਾਂਗਲੀ ਦੇ ਸਚਿਨ ਨਰੇਂਦਰ ਅਵਸਾਰੀ ਜੀ ਨੇ ਆਪਣੀ ਰੰਗੋਲੀ ਵਿੱਚ ਜ਼ਿਲ੍ਹਿਆਂ ਵਾਲਾ ਬਾਗ਼, ਉਸ ਦੇ ਕਤਲੇਆਮ ਅਤੇ ਸ਼ਹੀਦ ਊਧਮ ਸਿੰਘ ਜੀ ਦੀ ਬਹਾਦਰੀ ਨੂੰ ਪੇਸ਼ ਕੀਤਾ। ਗੋਆ ਦੇ ਰਹਿਣ ਵਾਲੇ ਗੁਰੂ ਦੱਤ ਵਾਂਟੇਕਰ ਜੀ ਨੇ ਗਾਂਧੀ ਜੀ ਦੀ ਰੰਗੋਲੀ ਬਣਾਈ। ਜਦੋਂ ਕਿ ਪੁੱਡੂਚੇਰੀ ਦੇ ਮਾਲਾਤੀਸੇਲਵਮ ਜੀ ਨੇ ਆਜ਼ਾਦੀ ਦੇ ਕਈ ਮਹਾਨ ਸੈਨਾਨੀਆਂ ’ਤੇ ਆਪਣਾ ਫੋਕਸ ਰੱਖਿਆ। ਦੇਸ਼ ਭਗਤੀ ਗੀਤ ਮੁਕਾਬਲੇ ਦੀ ਜੇਤੂ ਟੀ. ਵਿਜੇ ਦੁਰਗਾ ਜੀ ਆਂਧਰਾ ਪ੍ਰਦੇਸ਼ ਦੀ ਹੈ। ਉਨ੍ਹਾਂ ਨੇ ਤੇਲੁਗੂ ਵਿੱਚ ਆਪਣੀ ਐਂਟਰੀ ਭੇਜੀ ਸੀ। ਉਹ ਆਪਣੇ ਖੇਤਰ ਦੇ ਪ੍ਰਸਿੱਧ ਸੁਤੰਤਰਤਾ ਸੈਨਾਨੀਆਂ ਨਰਸਿਮ੍ਹਾ ਰੈੱਡੀ ਗਾਰੂ ਜੀ ਤੋਂ ਕਾਫੀ ਪ੍ਰੇਰਿਤ ਰਹੀ ਹੈ। ਤੁਸੀਂ ਵੀ ਸੁਣੋ ਵਿਜੇ ਦੁਰਗਾ ਜੀ ਦੀ ਐਂਟਰੀ ਦਾ ਇਹ ਹਿੱਸਾ। 

ਰੇਨਾਡੂ ਪ੍ਰਾਂਤ ਦੇ ਸੂਰਜ,

ਹੇ ਵੀਰ ਨਰਸਿੰਹ!

ਭਾਰਤੀ ਸਵਤੰਤਰਤਾ ਸੰਗ੍ਰਾਮ ਦੀ ਪੌਦ ਹੋ, ਅੰਕੁਸ਼ ਹੋ!

ਅੰਗ੍ਰੇਜ਼ਾਂ ਦੇ ਨਿਆਇ ਰਹਿਤ ਬੇਰੋਕ ਦਮਨ ਕਾਂਡ ਨੂੰ ਦੇਖ

ਖੂਨ ਤੇਰਾ ਸੁਲਗਿਆ ਅਤੇ ਅੱਗ ਉਗਲੀ!

ਰੇਨਾਡੂ ਪ੍ਰਾਂਤ ਦੇ ਸੂਰਜ,

ਹੇ ਵੀਰ ਨਰਸਿੰਹ!

ਤੇਲੁਗੂ ਤੋਂ ਬਾਅਦ ਹੁਣ ਮੈਂ ਤੁਹਾਨੂੰ ਮੈਥਿਲੀ ਵਿੱਚ ਇੱਕ ਕਲਿੱਪ ਸੁਣਾਉਂਦਾ ਹਾਂ, ਇਸ ਨੂੰ ਦੀਪਕ ਵਤਸ ਜੀ ਨੇ ਭੇਜਿਆ ਹੈ। ਉਨ੍ਹਾਂ ਨੇ ਵੀ ਇਸ ਮੁਕਾਬਲੇ ਵਿੱਚ ਪੁਰਸਕਾਰ ਜਿੱਤਿਆ ਹੈ।

ਭਾਰਤ ਦੁਨੀਆਂ ਦੀ ਸ਼ਾਨ ਹੈ ਵੀਰ

ਆਪਣਾ ਦੇਸ਼ ਮਹਾਨ ਹੈ,

ਤਿੰਨ ਪਾਸਿਓਂ ਸਮੁੰਦਰ ਨਾਲ ਘਿਰਿਆ,

ਉੱਤਰ ’ਚ ਕੈਲਾਸ਼ ਬਲਵਾਨ ਹੈ,

ਗੰਗਾ, ਯਮੁਨਾ, ਕ੍ਰਿਸ਼ਨਾ, ਕਾਵੇਰੀ,

ਕੋਸ਼ੀ, ਕਮਲਾ ਬਲਾਨ ਹੈ,

ਆਪਣਾ ਦੇਸ਼ ਮਹਾਨ ਹੈ ਵੀਰ

ਤਿਰੰਗੇ ’ਚ ਵਸੇ ਪ੍ਰਾਣ ਨੇ।

ਸਾਥੀਓ, ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਪਸੰਦ ਆਈ ਹੋਵੇਗੀ। ਮੁਕਾਬਲੇ ਵਿੱਚ ਆਈਆਂ ਇਸ ਤਰ੍ਹਾਂ ਦੀਆਂ ਐਂਟਰੀਜ਼ ਦੀ ਲਿਸਟ ਬਹੁਤ ਲੰਬੀ ਹੈ। ਤੁਸੀਂ ਸੱਭਿਆਚਾਰ ਮੰਤਰਾਲਾ ਦੀ ਵੈੱਬਸਾਈਟ ’ਤੇ ਜਾ ਕੇ ਇਨ੍ਹਾਂ ਨੂੰ ਆਪਣੇ ਪਰਿਵਾਰ ਦੇ ਨਾਲ ਵੇਖੋ ਅਤੇ ਸੁਣੋ - ਤੁਹਾਨੂੰ ਬਹੁਤ ਪ੍ਰੇਰਣਾ ਮਿਲੇਗੀ।

ਮੇਰੇ ਪਿਆਰੇ ਦੇਸ਼ਵਾਸੀਓ, ਗੱਲ ਬਨਾਰਸ ਦੀ ਹੋਵੇ, ਸ਼ਹਿਨਾਈ ਦੀ ਹੋਵੇ, ਉਸਤਾਦ ਬਿਸਮਿਲ੍ਹਾ ਖਾਂ ਜੀ ਦੀ ਹੋਵੇ ਤਾਂ ਸੁਭਾਵਿਕ ਹੈ ਕਿ ਮੇਰਾ ਧਿਆਨ ਉਸ ਪਾਸੇ ਜਾਏਗਾ ਹੀ। ਕੁਝ ਦਿਨ ਪਹਿਲਾਂ ਉਸਤਾਦ ‘ਬਿਸਮਿਲ੍ਹਾ ਖਾਂ ਯੁਵਾ ਪੁਰਸਕਾਰ’ ਦਿੱਤੇ ਗਏ। ਇਹ ਪੁਰਸਕਾਰ ਸੰਗੀਤ ਅਤੇ ਪਰਫਾਰਮਿੰਗ ਆਰਟ ਦੇ ਖੇਤਰ ਵਿੱਚ ਉੱਭਰ ਰਹੇ ਪ੍ਰਤਿਭਾਸ਼ਾਲੀ ਕਲਾਕਾਲਾਂ ਨੂੰ ਦਿੱਤੇ ਜਾਂਦੇ ਹਨ। ਇਹ ਕਲਾ ਅਤੇ ਸੰਗੀਤ ਜਗਤ ਦੀ ਹਰਮਨਪਿਆਰਤਾ ਵਧਾਉਣ ਦੇ ਨਾਲ ਹੀ ਇਸ ਦੀ ਸਮਿ੍ਰਧੀ ਵਿੱਚ ਆਪਣਾ ਯੋਗਦਾਨ ਦੇ ਰਹੇ ਹਨ। ਇਨ੍ਹਾਂ ਵਿੱਚ ਉਹ ਕਲਾਕਾਰ ਵੀ ਸ਼ਾਮਲ ਹਨ, ਜਿਨ੍ਹਾਂ ਨੇ ਉਨ੍ਹਾਂ ਸਾਜ਼ਾਂ ਵਿੱਚ ਵੀ ਨਵੀਂ ਜਾਨ ਫੂਕੀ ਹੈ, ਜਿਨ੍ਹਾਂ ਦੀ ਪ੍ਰਸਿੱਧੀ ਸਮੇਂ ਦੇ ਨਾਲ ਘੱਟ ਹੁੰਦੀ ਜਾ ਰਹੀ ਸੀ। ਹੁਣ ਤੁਸੀਂ ਸਾਰੇ ਇਸ ਧੁੰਨ ਨੂੰ ਧਿਆਨ ਨਾਲ ਸੁਣੋ।

ਕੀ ਤੁਸੀਂ ਜਾਣਦੇ ਹੋ ਕਿ ਇਹ ਕਿਹੜਾ ਸਾਜ਼ ਹੈ। ਸੰਭਵ ਹੈ ਤੁਹਾਨੂੰ ਪਤਾ ਨਾ ਵੀ ਹੋਵੇ। ਇਸ ਸਾਜ਼ ਦਾ ਨਾਮ ‘ਸੁਰ ਸਿੰਗਾਰ’ ਹੈ ਅਤੇ ਇਸ ਧੁੰਨ ਨੂੰ ਤਿਆਰ ਕੀਤਾ ਹੈ ਜੋਆਏਦੀਪ ਮੁਖਰਜੀ ਨੇ। ਜੋਆਏਦੀਪ ਜੀ ਉਸਤਾਦ ਬਿਸਮਿਲ੍ਹਾ ਖਾਂ ਪੁਰਸਕਾਰ ਨਾਲ ਸਨਮਾਨਿਤ ਨੌਜਵਾਨਾਂ ਵਿੱਚ ਸ਼ਾਮਲ ਹਨ। ਇਸ ਸਾਜ਼ ਦੀਆਂ ਧੁਨਾਂ ਨੂੰ ਸੁਣਨਾ ਪਿਛਲੇ 50 ਅਤੇ 60 ਦੇ ਦਹਾਕੇ ਤੋਂ ਵੀ ਦੁਰਲੱਭ ਹੋ ਚੁੱਕਿਆ ਸੀ। ਲੇਕਿਨ ਜੋਆਏਦੀਪ, ‘ਸੁਰ ਸਿੰਗਾਰ’ ਨੂੰ ਫਿਰ ਤੋਂ ਹਰਮਨਪਿਆਰਾ ਬਣਾਉਣ ਵਿੱਚ ਜੀਅ-ਜਾਨ ਨਾਲ ਜੁਟੇ ਹਨ। ਉਸੇ ਤਰ੍ਹਾਂ ਭੈਣ ਉੱਪਲਪੂ ਨਾਗਮਣੀ ਜੀ ਦਾ ਯਤਨ ਵੀ ਬਹੁਤ ਹੀ ਪ੍ਰੇਰਕ ਹੈ, ਜਿਨ੍ਹਾਂ ਨੂੰ ਮੈਂਡੋਲਿਨ ਵਿੱਚ ਕਾਰਨੈਟਿਕ ਇੰਸਟਰੂਮੈਂਟਲ ਦੇ ਲਈ ਇਹ ਪੁਰਸਕਾਰ ਦਿੱਤਾ ਗਿਆ ਹੈ। ਉੱਥੇ ਹੀ ਸੰਗ੍ਰਾਮ ਸਿੰਘ ਸੁਹਾਸ ਭੰਡਾਰੀ ਜੀ ਨੂੰ ਵਾਰਕਰੀ ਕੀਰਤਨ ਦੇ ਲਈ ਇਹ ਪੁਰਸਕਾਰ ਮਿਲਿਆ ਹੈ। ਇਸ ਸੂਚੀ ਵਿੱਚ ਸਿਰਫ਼ ਸੰਗੀਤ ਨਾਲ ਜੁੜੇ ਕਲਾਕਾਰ ਹੀ ਨਹੀਂ ਹਨ - ਵੀ. ਦੁਰਗਾ ਦੇਵੀ ਜੀ ਨੇ ਨਾਚ ਦੀ ਇੱਕ ਪ੍ਰਾਚੀਨ ਸ਼ੈਲੀ ‘ਕਰਕੱਟਮ’ ਦੇ ਲਈ ਇਹ ਪੁਰਸਕਾਰ ਜਿੱਤਿਆ ਹੈ। ਇਸ ਪੁਰਸਕਾਰ ਦੇ ਇੱਕ ਹੋਰ ਜੇਤੂ ਰਾਜ ਕੁਮਾਰ ਨਾਇਕ ਜੀ ਨੇ ਤੇਲੰਗਾਨਾ ਦੇ 31 ਜ਼ਿਲ੍ਹਿਆਂ ਵਿੱਚ 101 ਦਿਨ ਤੱਕ ਚਲਣ ਵਾਲੀ ਪੇਰੀਨੀ ਓਡਿਸੀ ਦਾ ਆਯੋਜਨ ਕੀਤਾ ਸੀ। ਅੱਜ ਲੋਕ ਇਨ੍ਹਾਂ ਨੂੰ ਪੇਰੀਨੀ ਰਾਜ ਕੁਮਾਰ ਦੇ ਨਾਮ ਨਾਲ ਜਾਣਨ ਲੱਗੇ ਹਨ। ਪੇਰੀਨੀ ਨਾਟਿਯਮ ਭਗਵਾਨ ਸ਼ਿਵ ਨੂੰ ਸਮਰਪਿਤ ਇੱਕ ਨਾਚ ਹੈ ਜੋ ਕਾਕਤੀਯ (ਰਾਜਵੰਸ਼) ਦੇ ਦੌਰ ਵਿੱਚ ਕਾਫੀ ਹਰਮਨਪਿਆਰਾ ਸੀ। ਇਸ ਰਾਜਵੰਸ਼ ਦੀਆਂ ਜੜ੍ਹਾਂ ਅੱਜ ਦੇ ਤੇਲੰਗਾਨਾ ਨਾਲ ਜੁੜੀਆਂ ਹਨ। ਇੱਕ ਹੋਰ ਪੁਰਸਕਾਰ ਜੇਤੂ ਸਾਈਖੋਮ ਸੁਰਚੰਦਰਾ ਸਿੰਘ ਜੀ ਹਨ। ਇਹ ਮੇਤਾਈ ਪੁੰਗ ਸਾਜ਼ ਬਣਾਉਣ ਵਿੱਚ ਆਪਣੀ ਮੁਹਾਰਤ ਦੇ ਲਈ ਜਾਣੇ ਜਾਂਦੇ ਹਨ। ਇਸ ਸਾਜ਼ ਦਾ ਮਣੀਪੁਰ ਨਾਲ ਸਬੰਧ ਹੈ। ਪੂਰਨ ਸਿੰਘ ਇੱਕ ਦਿੱਵਯਾਂਗ ਕਲਾਕਾਰ ਹਨ ਜੋ ਰਾਜੂਲਾ-ਮਲੁਸ਼ਾਹੀ, ਨਿਓਲੀ, ਹੁਡਕਾ ਬੋਲ, ਜਾਗਰ ਜਿਹੀਆਂ ਵਿਭਿੰਨ ਸੰਗੀਤ ਸ਼ੈਲੀਆਂ ਨੂੰ ਹਰਮਨਪਿਆਰਾ ਬਣਾ ਰਹੀ ਹੈ। ਇਨ੍ਹਾਂ ਨੇ ਇਨ੍ਹਾਂ ਨਾਲ ਜੁੜੀਆਂ ਕਈ ਆਡੀਓ ਰਿਕਾਰਡਿੰਗ ਵੀ ਤਿਆਰ ਕੀਤੀਆਂ ਹਨ। ਉੱਤਰਾਖੰਡ ਦੇ ਲੋਕ ਸੰਗੀਤ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਕੇ ਪੂਰਨ ਸਿੰਘ ਜੀ ਨੇ ਕਈ ਪੁਰਸਕਾਰ ਵੀ ਜਿੱਤੇ ਹਨ। ਸਮੇਂ ਦੀ ਕਮੀ ਕਾਰਣ ਮੈਂ ਇੱਥੇ ਸਾਰੇ ਪੁਰਸਕਾਰ ਜੇਤੂਆਂ ਦੀਆਂ ਗੱਲਾਂ ਭਾਵੇਂ ਨਾ ਕਰ ਸਕਾਂ, ਲੇਕਿਨ ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਉਨ੍ਹਾਂ ਦੇ ਬਾਰੇ ਜ਼ਰੂਰ ਪੜ੍ਹੋਗੇ। ਮੈਨੂੰ ਉਮੀਦ ਹੈ ਕਿ ਇਹ ਸਾਰੇ ਕਲਾਕਾਰ ਪਰਫਾਰਮਿੰਗ ਆਰਟਸ ਨੂੰ ਹੋਰ ਹਰਮਨਪਿਆਰਾ ਬਣਾਉਣ ਦੇ ਲਈ ਜ਼ਮੀਨੀ ਪੱਧਰ ’ਤੇ ਸਾਰਿਆਂ ਨੂੰ ਪ੍ਰੇਰਿਤ ਕਰਦੇ ਰਹਿਣਗੇ। 

ਮੇਰੇ ਪਿਆਰੇ ਦੇਸ਼ਵਾਸੀਓ, ਤੇਜ਼ੀ ਨਾਲ ਅੱਗੇ ਵਧਦੇ ਸਾਡੇ ਦੇਸ਼ ਵਿੱਚ ਡਿਜੀਟਲ ਇੰਡੀਆ ਦੀ ਤਾਕਤ ਕੋਨੇ-ਕੋਨੇ ਵਿੱਚ ਦਿਸ ਰਹੀ ਹੈ। ਡਿਜੀਟਲ ਇੰਡੀਆ ਦੀ ਸ਼ਕਤੀ ਨੂੰ ਘਰ-ਘਰ ਪਹੁੰਚਾਉਣ ਵਿੱਚ ਵੱਖ-ਵੱਖ ਐਪਸ ਦੀ ਵੱਡੀ ਭੂਮਿਕਾ ਹੁੰਦੀ ਹੈ। ਅਜਿਹੀ ਹੀ ਇੱਕ ਐਪ ਹੈ, ਈ-ਸੰਜੀਵਨੀ। ਇਸ ਐਪ ਨਾਲ Tele-Consultation ਯਾਨੀ ਦੂਰ ਬੈਠੇ ਵੀਡੀਓ ਕਾਨਫਰੰਸ ਦੇ ਮਾਧਿਅਮ ਨਾਲ ਡਾਕਟਰ ਨਾਲ ਆਪਣੀ ਬਿਮਾਰੀ ਸਬੰਧੀ ਸਲਾਹ ਕਰ ਸਕਦੇ ਹਨ। ਇਸ ਐਪ ਦੀ ਵਰਤੋਂ ਕਰਕੇ ਹੁਣ ਤੱਕ Tele-Consultation ਕਰਨ ਵਾਲਿਆਂ ਦੀ ਗਿਣਤੀ 10 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਤੁਸੀਂ ਕਲਪਨਾ ਕਰ ਸਕਦੇ ਹੋ ਵੀਡੀਓ ਕਾਨਫਰੰਸ ਦੇ ਮਾਧਿਅਮ ਨਾਲ 10 ਕਰੋੜ Consultation ਮਰੀਜ਼ ਅਤੇ ਡਾਕਟਰ ਦੇ ਨਾਲ ਅਨੋਖਾ ਨਾਤਾ - ਇਹ ਬਹੁਤ ਵੱਡੀ ਪ੍ਰਾਪਤੀ ਹੈ। ਇਸ ਪ੍ਰਾਪਤੀ ਦੇ ਲਈ ਮੈਂ ਸਾਰੇ ਡਾਕਟਰਾਂ ਅਤੇ ਇਸ ਸਹੂਲਤ ਦਾ ਲਾਭ ਉਠਾਉਣ ਵਾਲੇ ਮਰੀਜ਼ਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਭਾਰਤ ਦੇ ਲੋਕਾਂ ਨੇ ਤਕਨੀਕ ਨੂੰ ਕਿਵੇਂ ਆਪਣੇ ਜੀਵਨ ਦਾ ਹਿੱਸਾ ਬਣਾਇਆ ਹੈ, ਇਹ ਇਸ ਦਾ ਜਿਊਂਦਾ-ਜਾਗਦਾ ਉਦਾਹਰਣ ਹੈ। ਅਸੀਂ ਵੇਖਿਆ ਹੈ ਕਿ ਕਰੋਨਾ ਦੇ ਕਾਲ ਵਿੱਚ ਈ-ਸੰਜੀਵਨੀ ਐਪ, ਇਸ ਦੇ ਜ਼ਰੀਏ Tele-Consultation ਲੋਕਾਂ ਦੇ ਲਈ ਇੱਕ ਬਹੁਤ ਵੱਡਾ ਵਰਦਾਨ ਸਾਬਿਤ ਹੋਇਆ ਹੈ। ਮੇਰਾ ਵੀ ਮਨ ਕੀਤਾ ਕਿ ਕਿਉਂ ਨਾ ਇਸ ਸਬੰਧੀ ‘ਮਨ ਕੀ ਬਾਤ’ ਵਿੱਚ ਅਸੀਂ ਇੱਕ ਡਾਕਟਰ ਅਤੇ ਮਰੀਜ਼ ਨਾਲ ਗੱਲ ਕਰੀਏ, ਸੰਵਾਦ ਕਰੀਏ ਅਤੇ ਤੁਹਾਡੇ ਤੱਕ ਗੱਲ ਨੂੰ ਪਹੁੰਚਾਈਏ। ਅਸੀਂ ਇਹ ਜਾਨਣ ਦੀ ਕੋਸ਼ਿਸ਼ ਕਰੀਏ ਕਿ Tele-Consultation ਲੋਕਾਂ ਦੇ ਲਈ ਆਖਿਰ ਕਿੰਨਾ ਪ੍ਰਭਾਵੀ ਰਿਹਾ ਹੈ। ਸਾਡੇ ਨਾਲ ਸਿੱਕਿਮ ਦੇ ਡਾਕਟਰ ਮਦਨ ਮਨੀ ਜੀ ਹਨ, ਡਾਕਟਰ ਮਦਨ ਮਨੀ ਜੀ ਰਹਿਣ ਵਾਲੇ ਸਿੱਕਿਮ ਦੇ ਹੀ ਹਨ, ਲੇਕਿਨ ਉਨ੍ਹਾਂ ਨੇ ਐੱਮਬੀਬੀਐੱਸ ਧਨਬਾਦ ਤੋਂ ਕੀਤਾ ਅਤੇ ਫਿਰ ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਐੱਮਡੀ ਕੀਤਾ। ਉਹ ਗ੍ਰਾਮੀਣ ਇਲਾਕਿਆਂ ਦੇ ਸੈਂਕੜੇ ਲੋਕਾਂ ਨੂੰ Tele-Consultation ਦੇ ਚੁੱਕੇ ਹਨ। 

ਪ੍ਰਧਾਨ ਮੰਤਰੀ ਜੀ : ਨਮਸਕਾਰ, ਨਮਸਕਾਰ ਮਦਨ ਮਨੀ ਜੀ।

ਡਾਕਟਰ ਮਦਨ ਮਨੀ : ਜੀ ਨਮਸਕਾਰ ਸਰ।

ਪ੍ਰਧਾਨ ਮੰਤਰੀ ਜੀ : ਮੈਂ ਨਰੇਂਦਰ ਮੋਦੀ ਬੋਲ ਰਿਹਾ ਹਾਂ।

ਡਾਕਟਰ ਮਦਨ ਮਨੀ : ਜੀ ਸਰ।

ਪ੍ਰਧਾਨ ਮੰਤਰੀ ਜੀ : ਤੁਸੀਂ ਤਾਂ ਬਨਾਰਸ ਵਿੱਚ ਪੜ੍ਹੇ ਹੋ।

ਡਾਕਟਰ ਮਦਨ ਮਨੀ : ਜੀ ਮੈਂ ਬਨਾਰਸ ਵਿੱਚ ਪੜ੍ਹਿਆ ਹਾਂ ਸਰ।

ਪ੍ਰਧਾਨ ਮੰਤਰੀ ਜੀ : ਤੁਹਾਡੀ ਮੈਡੀਕਲ ਐਜੂਕੇਸ਼ਨ ਉੱਥੇ ਹੋਈ।

ਡਾਕਟਰ ਮਦਨ ਮਨੀ : ਜੀ... ਜੀ...।

ਪ੍ਰਧਾਨ ਮੰਤਰੀ ਜੀ : ਤਾਂ ਜਦੋਂ ਤੁਸੀਂ ਬਨਾਰਸ ਵਿੱਚ ਸੀ, ਉਦੋਂ ਦਾ ਬਨਾਰਸ ਅਤੇ ਬਦਲਿਆ ਹੋਇਆ ਬਨਾਰਸ ਕਦੇ ਦੇਖਣ ਗਏ ਕਿ ਨਹੀਂ ਗਏ।

ਡਾਕਟਰ ਮਦਨ ਮਨੀ : ਜੀ ਪ੍ਰਧਾਨ ਮੰਤਰੀ ਜੀ ਮੈਂ ਜਾ ਨਹੀਂ ਪਾਇਆ ਹਾਂ, ਜਦੋਂ ਤੋਂ ਮੈਂ ਵਾਪਸ ਸਿੱਕਿਮ ਆਇਆ ਹਾਂ, ਲੇਕਿਨ ਮੈਂ ਸੁਣਿਆ ਹੈ ਕਿ ਕਾਫੀ ਬਦਲ ਗਿਆ ਹੈ।

ਪ੍ਰਧਾਨ ਮੰਤਰੀ ਜੀ : ਤਾਂ ਕਿੰਨੇ ਸਾਲ ਹੋ ਗਏ ਤੁਹਾਨੂੰ ਬਨਾਰਸ ਛੱਡਿਆਂ।

ਡਾਕਟਰ ਮਦਨ ਮਨੀ : ਬਨਾਰਸ 2006 ਤੋਂ ਛੱਡਿਆ ਹੋਇਆ ਹੈ ਸਰ।

ਪ੍ਰਧਾਨ ਮੰਤਰੀ ਜੀ : ਓਹ ਫਿਰ ਤਾਂ ਤੁਹਾਨੂੰ ਜ਼ਰੂਰ ਜਾਣਾ ਚਾਹੀਦਾ ਹੈ।

ਡਾਕਟਰ ਮਦਨ ਮਨੀ : ਜੀ... ਜੀ...।

ਪ੍ਰਧਾਨ ਮੰਤਰੀ ਜੀ : ਅੱਛਾ! ਮੈਂ ਫੋਨ ਤਾਂ ਇਸ ਲਈ ਕੀਤਾ ਕਿ ਤੁਸੀਂ ਸਿੱਕਿਮ ਦੇ ਅੰਦਰ ਦੂਰ-ਦੁਰਾਡੇ ਪਹਾੜਾਂ ਵਿੱਚ ਰਹਿ ਕੇ ਉੱਥੋਂ ਦੇ ਲੋਕਾਂ ਨੂੰ Tele-Consultation ਦੀਆਂ ਬਹੁਤ ਵੱਡੀਆਂ ਸੇਵਾਵਾਂ ਦੇ ਰਹੇ ਹੋ।

ਡਾਕਟਰ ਮਦਨ ਮਨੀ : ਜੀ।

ਪ੍ਰਧਾਨ ਮੰਤਰੀ ਜੀ : ਮੈਂ ‘ਮਨ ਕੀ ਬਾਤ’ ਦੇ ਸਰੋਤਿਆਂ ਨੂੰ ਤੁਹਾਡਾ ਅਨੁਭਵ ਸੁਣਾਉਣਾ ਚਾਹੁੰਦਾ ਹਾਂ।

ਡਾਕਟਰ ਮਦਨ ਮਨੀ : ਜੀ।

ਪ੍ਰਧਾਨ ਮੰਤਰੀ ਜੀ : ਜ਼ਰਾ ਮੈਨੂੰ ਦੱਸੋ ਕਿਹੋ ਜਿਹਾ ਅਨੁਭਵ ਰਿਹਾ।

ਡਾਕਟਰ ਮਦਨ ਮਨੀ : ਅਨੁਭਵ ਬਹੁਤ ਵਧੀਆ ਰਿਹਾ ਪ੍ਰਧਾਨ ਮੰਤਰੀ ਜੀ। ਕੀ ਹੈ ਕਿ ਸਿੱਕਿਮ ਵਿੱਚ ਬਹੁਤ ਨੇੜੇ ਦਾ ਜੋ ਪੀ. ਐੱਚ. ਸੀ. ਹੈ, ਉੱਥੇ ਜਾਣ ਦੇ ਲਈ ਵੀ ਲੋਕਾਂ ਨੂੰ ਗੱਡੀ ਵਿੱਚ ਚੜ੍ਹ ਕੇ ਘੱਟ ਤੋਂ ਘੱਟ ਇੱਕ-ਦੋ ਸੌ ਰੁਪਏ ਲੈ ਕੇ ਜਾਣਾ ਪੈਂਦਾ ਹੈ ਅਤੇ ਡਾਕਟਰ ਮਿਲੇ ਨਾ ਮਿਲੇ, ਇਹ ਵੀ ਇੱਕ ਸਮੱਸਿਆ ਹੈ ਤਾਂ Tele-Consultation ਦੇ ਮਾਧਿਅਮ ਨਾਲ ਲੋਕ ਸਾਡੇ ਨਾਲ ਸਿੱਧੇ ਜੁੜ ਜਾਂਦੇ ਹਨ, ਦੂਰ-ਦੁਰਾਡੇ ਦੇ ਲੋਕ। ਹੈਲਥ ਅਤੇ ਵੈੱਲਨੈੱਸ ਸੈਂਟਰ ਦੇ ਜੋ CHOs ਹੁੰਦੇ ਹਨ, ਉਹ ਲੋਕ ਸਾਡੇ ਨਾਲ ਸੰਪਰਕ ਕਰਵਾ ਦਿੰਦੇ ਹਨ ਅਤੇ ਅਸੀਂ ਲੋਕ, ਜੋ ਪੁਰਾਣੀ ਉਨ੍ਹਾਂ ਦੀ ਬਿਮਾਰੀ ਹੈ, ਉਨ੍ਹਾਂ ਦੀ ਰਿਪੋਰਟਾਂ,ਉਨ੍ਹਾਂ ਦੀ ਹੁਣ ਦੀ ਮੌਜੂਦਾ ਹਾਲਤ ਸਾਰੀਆਂ ਚੀਜ਼ਾਂ ਉਹ ਲੋਕ ਸਾਨੂੰ ਦੱਸ ਦਿੰਦੇ ਹਨ।

ਪ੍ਰਧਾਨ ਮੰਤਰੀ ਜੀ : ਯਾਨੀ ਦਸਤਾਵੇਜ਼ ਭੇਜਦੇ ਹਨ।

ਡਾਕਟਰ ਮਦਨ ਮਨੀ : ਜੀ... ਜੀ... ਦਸਤਾਵੇਜ਼ ਵੀ ਭੇਜਦੇ ਹਨ ਅਤੇ ਜੇਕਰ ਭੇਜ ਨਹੀਂ ਸਕਦੇ ਤਾਂ ਪੜ੍ਹ ਕੇ ਸਾਨੂੰ ਦੱਸਦੇ ਹਨ। 

ਪ੍ਰਧਾਨ ਮੰਤਰੀ ਜੀ : ਉੱਥੋਂ ਦੇ ਵੈੱਲਨੈੱਸ ਸੈਂਟਰ ਦਾ ਡਾਕਟਰ ਦੱਸਦਾ ਹੈ।

ਡਾਕਟਰ ਮਦਨ ਮਨੀ : ਵੈੱਲਨੈੱਸ ਸੈਂਟਰ ਵਿੱਚ ਜੋ CHOs ਹੁੰਦਾ ਹੈ, ਕਮਿਊਨਿਟੀ ਹੈਲਥ ਆਫੀਸਰ।

ਪ੍ਰਧਾਨ ਮੰਤਰੀ ਜੀ : ਅਤੇ ਜੋ ਮਰੀਜ਼ ਹੈ, ਉਹ ਆਪਣੀਆਂ ਕਠਿਨਾਈਆਂ ਤੁਹਾਨੂੰ ਸਿੱਧੀਆਂ ਦੱਸਦਾ ਹੈ।

ਡਾਕਟਰ ਮਦਨ ਮਨੀ : ਜੀ, ਮਰੀਜ਼ ਵੀ ਕਠਿਨਾਈਆਂ ਸਾਨੂੰ ਦੱਸਦਾ ਹੈ। ਫਿਰ ਪੁਰਾਣੇ ਰਿਕਾਰਡ ਵੇਖ ਕੇ ਜੇਕਰ ਕੋਈ ਨਵੀਂ ਚੀਜ਼ ਅਸੀਂ ਲੋਕਾਂ ਨੇ ਜਾਨਣੀ ਹੈ ਤਾਂ... ਜਿਵੇਂ ਕਿ ਕਿਸੇ ਦੀ ਛਾਤੀ ਦੀ ਜਾਂਚ ਕਰਨੀ ਹੈ, ਜੇਕਰ ਉਨ੍ਹਾਂ ਦਾ ਪੈਰ ਸੁੱਜਿਆ ਹੈ ਕਿ ਨਹੀਂ? ਜੇਕਰ ਸੀਐੱਚਓ ਨੇ ਨਹੀਂ ਵੇਖਿਆ ਹੈ ਤਾਂ ਅਸੀਂ ਲੋਕ ਉਸਨੂੰ ਕਹਿੰਦੇ ਹਾਂ ਕਿ ਜਾ ਕੇ ਵੇਖੋ ਸੋਜਿਸ਼ ਹੈ, ਨਹੀਂ ਹੈ, ਅੱਖ ਵੇਖੋ, ਅਨੀਮੀਆ ਹੈ ਕਿ ਨਹੀਂ ਹੈ। ਜੇਕਰ ਉਨ੍ਹਾਂ ਖਾਂਸੀ ਹੈ ਤਾਂ ਛਾਤੀ ਦੀ ਜਾਂਚ ਕਰੋ ਅਤੇ ਪਤਾ ਕਰੋ ਕਿ ਉੱਥੇ ਆਵਾਜ਼ਾਂ ਆ ਰਹੀਆਂ ਹਨ ਕਿ ਨਹੀਂ।

ਪ੍ਰਧਾਨ ਮੰਤਰੀ ਜੀ : ਤੁਸੀਂ ਵਾਇਸ ਕਾਲ ਨਾਲ ਗੱਲ ਕਰਦੇ ਹੋ ਜਾਂ ਵੀਡੀਓ ਕਾਲ ਦੀ ਵੀ ਵਰਤੋਂ ਕਰਦੇ ਹੋ?

ਡਾਕਟਰ ਮਦਨ ਮਨੀ : ਜੀ ਵੀਡੀਓ ਕਾਲ ਦੀ ਵਰਤੋਂ ਕਰਦੇ ਹਾਂ।

ਪ੍ਰਧਾਨ ਮੰਤਰੀ ਜੀ : ਤਾਂ ਤੁਸੀਂ ਮਰੀਜ਼ਾਂ ਨੂੰ ਵੀ, ਆਪ ਵੀ ਵੇਖਦੇ ਹੋ।

ਡਾਕਟਰ ਮਦਨ ਮਨੀ : ਮਰੀਜ਼ਾਂ ਨੂੰ ਵੀ ਵੇਖ ਪਾਉਂਦੇ ਹਾਂ, ਜੀ...ਜੀ...

ਪ੍ਰਧਾਨ ਮੰਤਰੀ ਜੀ : ਮਰੀਜ਼ ਨੂੰ ਕੀ ਮਹਿਸੂਸ ਹੁੰਦਾ ਹੈ।

ਡਾਕਟਰ ਮਦਨ ਮਨੀ : ਮਰੀਜ਼ ਨੂੰ ਚੰਗਾ ਲਗਦਾ ਹੈ, ਕਿਉਂਕਿ ਡਾਕਟਰ ਨੂੰ ਨਜ਼ਦੀਕ ਤੋਂ ਉਹ ਵੇਖ ਪਾਉਂਦਾ ਹੈ। ਉਸ ਨੂੰ ਇਹ ਸਮਝ ਨਹੀਂ ਆਉਂਦੀ ਕਿ ਉਸ ਦੀ ਦਵਾਈ ਘਟਾਉਣੀ ਹੈ, ਵਧਾਉਣੀ ਹੈ, ਕਿਉਂਕਿ ਸਿੱਕਿਮ ਵਿੱਚ ਜ਼ਿਆਦਾਤਰ ਜੋ ਮਰੀਜ਼ ਹੁੰਦੇ ਹਨ, ਉਹ ਡਾਇਬਟੀਸ, ਹਾਈਪਰਟੈਂਸ਼ਨ ਦੇ ਆਉਂਦੇ ਹਨ ਅਤੇ ਸਿਰਫ਼ ਡਾਇਬਟੀਸ ਅਤੇ ਹਾਈਪਰਟੈਂਸ਼ਨ ਦੀ ਦਵਾਈ ਨੂੰ ਬਦਲਣ ਦੇ ਲਈ ਉਸ ਨੂੰ ਡਾਕਟਰ ਦੇ ਕੋਲ ਕਿੰਨੀ ਦੂਰ ਜਾਣਾ ਪੈਂਦਾ ਹੈ, ਲੇਕਿਨ Tele-Consultation ਦੇ ਜ਼ਰੀਏ ਉੱਥੇ ਹੀ ਮਿਲ ਜਾਂਦਾ ਹੈ ਅਤੇ ਦਵਾਈ ਵੀ ਹੈਲਥ ਅਤੇ ਵੈੱਲਨੈੱਸ ਸੈਂਟਰ ਵਿੱਚ ਫਰੀ ਡਰੱਗਜ਼ ਇਨੀਸ਼ਿਏਟਿਵ ਦੇ ਰਾਹੀਂ ਮਿਲ ਜਾਂਦੀ ਹੈ ਤਾਂ ਉੱਥੋਂ ਹੀ ਦਵਾਈ ਲੈ ਕੇ ਜਾਂਦਾ ਹੈ ਉਹ।

ਪ੍ਰਧਾਨ ਮੰਤਰੀ ਜੀ : ਅੱਛਾ! ਮਦਨ ਮਨੀ ਜੀ ਤੁਸੀਂ ਤਾਂ ਜਾਣਦੇ ਹੀ ਹੋ ਕਿ ਮਰੀਜ਼ ਤਾਂ ਇੱਕ ਸੁਭਾਅ ਹੁੰਦਾ ਹੈ ਕਿ ਜਦੋਂ ਤੱਕ ਉਹ ਡਾਕਟਰ ਆਉਂਦਾ ਨਹੀਂ ਹੈ, ਡਾਕਟਰ ਵੇਖਦਾ ਨਹੀਂ ਹੈ, ਉਸ ਨੂੰ ਸੰਤੋਸ਼ ਨਹੀਂ ਹੁੰਦਾ ਅਤੇ ਡਾਕਟਰ ਨੂੰ ਵੀ ਲਗਦਾ ਹੈ ਕਿ ਜ਼ਰਾ ਮਰੀਜ਼ ਨੂੰ ਵੇਖਣਾ ਪਵੇਗਾ। ਹੁਣ ਉੱਥੇ ਸਾਰਾ ਹੀ ਟੈਲੀਕਾਮ ਵਿੱਚ ਸਲਾਹ-ਮਸ਼ਵਰਾ ਹੁੰਦਾ ਹੈ ਤਾਂ ਡਾਕਟਰ ਨੂੰ ਕੀ ਮਹਿਸੂਸ ਹੁੰਦਾ ਹੈ, ਰੋਗੀ ਨੂੰ ਕੀ ਮਹਿਸੂਸ ਹੁੰਦਾ ਹੈ? 

ਡਾਕਟਰ ਮਦਨ ਮਨੀ : ਜੀ... ਉਹ ਸਾਨੂੰ ਲੋਕਾਂ ਨੂੰ ਵੀ ਲਗਦਾ ਹੈ ਕਿ ਜੇਕਰ ਮਰੀਜ਼ ਨੂੰ ਲਗਦਾ ਹੈ ਕਿ ਡਾਕਟਰ ਨੂੰ ਵੇਖਣਾ ਚਾਹੀਦਾ ਹੈ ਤਾਂ ਅਸੀਂ ਲੋਕ, ਜੋ-ਜੋ ਚੀਜ਼ਾਂ ਵੇਖਣੀਆਂ ਹਨ, ਉਹ, ਅਸੀਂ ਲੋਕ ਸੀਐੱਚਓ ਨੂੰ ਕਹਿ ਕੇ, ਵੀਡੀਓ ਵਿੱਚ ਹੀ ਅਸੀਂ ਲੋਕ ਦੇਖਣ ਲਈ ਆਖਦੇ ਹਾਂ ਅਤੇ ਕਦੇ-ਕਦੇ ਤਾਂ ਰੋਗੀ ਨੂੰ ਵੀਡੀਓ ਵਿੱਚ ਹੀ ਨੇੜੇ ਆ ਕੇ ਉਸ ਦੀਆਂ ਜੋ ਪਰੇਸ਼ਾਨੀਆਂ ਹਨ, ਜੇਕਰ ਕਿਸੇ ਨੂੰ ਚਮੜੀ ਦਾ ਰੋਗ ਹੈ, ਚਮੜੀ ਦੀ ਸਮੱਸਿਆ ਹੈ ਤਾਂ ਉਹ ਸਾਨੂੰ ਲੋਕਾਂ ਨੂੰ ਵੀਡੀਓ ਤੋਂ ਹੀ ਵਿਖਾ ਦਿੰਦੇ ਹਨ ਤਾਂ ਸੰਤੁਸ਼ਟੀ ਰਹਿੰਦੀ ਹੈ ਉਨ੍ਹਾਂ ਲੋਕਾਂ ਨੂੰ।

ਪ੍ਰਧਾਨ ਮੰਤਰੀ ਜੀ : ਅਤੇ ਬਾਅਦ ਵਿੱਚ ਉਸ ਦਾ ਇਲਾਜ ਕਰਨ ਤੋਂ ਬਾਅਦ ਉਸ ਨੂੰ ਸੰਤੋਸ਼ ਮਿਲਦਾ ਹੈ। ਕੀ ਮਹਿਸੂਸ ਹੁੰਦਾ ਹੈ?ਰੋਗੀ ਠੀਕ ਹੋਰਹੇ ਹਨ। 

ਡਾਕਟਰ ਮਦਨ ਮਨੀ : ਜੀ, ਬਹੁਤ ਸੰਤੋਸ਼ ਮਿਲਦਾ ਹੈ। ਸਾਨੂੰ ਵੀ ਸੰਤੋਸ਼ ਮਿਲਦਾ ਹੈ ਸਰ, ਕਿਉਂਕਿ ਮੈਂ ਹੁਣ ਸਿਹਤ ਵਿਭਾਗ ਵਿੱਚ ਹਾਂ ਅਤੇ ਨਾਲ-ਨਾਲ Tele-Consultation ਵੀ ਕਰਦਾ ਹਾਂ। ਫਾਈਲ ਦੇ ਨਾਲ-ਨਾਲ ਮਰੀਜ਼ ਨੂੰ ਵੀ ਵੇਖਣਾ ਮੇਰੇ ਲਈ ਬਹੁਤ ਚੰਗਾ ਸੁਖਦ ਅਨੁਭਵ ਰਹਿੰਦਾ ਹੈ।

ਪ੍ਰਧਾਨ ਮੰਤਰੀ ਜੀ : ਔਸਤਨ ਕਿੰਨੇ ਮਰੀਜ਼ ਤੁਹਾਨੂੰ Tele-Consultation ਕੇਸ ਆਉਂਦੇ ਹੋਣਗੇ?

ਡਾਕਟਰ ਮਦਨ ਮਨੀ : ਹੁਣ ਤੱਕ ਤਾਂ ਮੈਂ 536 ਮਰੀਜ਼ ਵੇਖੇ ਹਨ।

ਪ੍ਰਧਾਨ ਮੰਤਰੀ ਜੀ : ਓਹ, ਯਾਨੀ ਤੁਹਾਨੂੰ ਕਾਫੀ ਇਸ ਵਿੱਚ ਮੁਹਾਰਤ ਆ ਗਈ ਹੈ।

ਡਾਕਟਰ ਮਦਨ ਮਨੀ : ਜੀ, ਚੰਗਾ ਲਗਦਾ ਹੈ ਦੇਖਣ ਵਿੱਚ।

ਪ੍ਰਧਾਨ ਮੰਤਰੀ ਜੀ : ਚਲੋ ਮੈਂ ਤੁਹਾਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ। ਇਸ ਤਕਨੀਕ ਦੀ ਵਰਤੋਂ ਕਰਦੇ ਹੋਏ ਤੁਸੀਂ ਸਿੱਕਿਮ ਦੇ ਦੂਰ-ਦੁਰਾਡੇ ਜੰਗਲਾਂ ਵਿੱਚ, ਪਹਾੜਾਂ ਵਿੱਚ ਰਹਿਣ ਵਾਲੇ ਲੋਕਾਂ ਦੀ ਇੰਨੀ ਵੱਡੀ ਸੇਵਾ ਕਰ ਰਹੇ ਹੋ ਅਤੇ ਖੁਸ਼ੀ ਦੀ ਗੱਲ ਹੈ ਕਿ ਸਾਡੇ ਦੇਸ਼ ਦੇ ਦੂਰ-ਦੁਰਾਡੇ ਖੇਤਰ ਵਿੱਚ ਵੀ ਤਕਨੀਕ ਦੀ ਇੰਨੀ ਵਧੀਆ ਵਰਤੋਂ ਹੋ ਰਹੀ ਹੈ। ਚਲੋ ਮੇਰੇ ਵੱਲੋਂ ਤੁਹਾਨੂੰ ਬਹੁਤ-ਬਹੁਤ ਵਧਾਈ।

ਡਾਕਟਰ ਮਦਨ ਮਨੀ : ਥੈਂਕ ਯੂ।

ਸਾਥੀਓ, ਡਾਕਟਰ ਮਦਨ ਮਨੀ ਜੀ ਦੀਆਂ ਗੱਲਾਂ ਤੋਂ ਸਾਫ ਹੈ ਕਿ ਈ-ਸੰਜੀਵਨੀ ਐਪ ਕਿਸ ਤਰ੍ਹਾਂ ਉਨ੍ਹਾਂ ਦੀ ਮਦਦ ਕਰ ਰਿਹਾ ਹੈ।  ਡਾਕਟਰ ਮਦਨ ਜੀ ਤੋਂ ਬਾਅਦ ਹੁਣ ਅਸੀਂ ਇੱਕ ਹੋਰ ਮਦਨ ਜੀ ਨਾਲ ਜੁੜਦੇ ਹਾਂ। ਇਹ ਉੱਤਰ ਪ੍ਰਦੇਸ਼ ਦੇ ਚੰਦੋਲੀ ਜ਼ਿਲ੍ਹੇ ਦੇ ਰਹਿਣ ਵਾਲੇ ਮਦਨ ਮੋਹਨ ਲਾਲ ਜੀ ਹਨ। ਹੁਣ ਇਹ ਵੀ ਸੰਯੋਗ ਹੈ ਕਿ ਚੰਦੋਲੀ ਵੀ ਬਨਾਰਸ ਦੇ ਨਜ਼ਦੀਕ ਹੈ। ਆਓ ਮਦਨ ਮੋਹਨ ਜੀ ਤੋਂ ਜਾਣਦੇ ਹਾਂ ਕਿ ਈ-ਸੰਜੀਵਨੀ ਨੂੰ ਲੈ ਕੇ ਇੱਕ ਮਰੀਜ਼ ਦੇ ਰੂਪ ਵਿੱਚ ਉਨ੍ਹਾਂ ਦਾ ਅਨੁਭਵ ਕੀ ਰਿਹਾ ਹੈ?

ਪ੍ਰਧਾਨ ਮੰਤਰੀ ਜੀ : ਮਦਨ ਮੋਹਨ ਜੀ ਪ੍ਰਣਾਮ।

ਮਦਨ ਮੋਹਨ ਜੀ : ਨਮਸਕਾਰ, ਨਮਸਕਾਰ ਸਾਹਿਬ।

ਪ੍ਰਧਾਨ ਮੰਤਰੀ ਜੀ : ਨਮਸਕਾਰ! ਅੱਛਾ ਮੈਨੂੰ ਦੱਸਿਆ ਗਿਆ ਹੈ ਕਿ ਤੁਸੀਂ ਡਾਇਬਟੀਸ ਦੇ ਮਰੀਜ਼ ਹੋ। 

ਮਦਨ ਮੋਹਨ ਜੀ : ਜੀ, 

ਪ੍ਰਧਾਨ ਮੰਤਰੀ ਜੀ : ਅਤੇ ਤੁਸੀਂ ਤਕਨੀਕ ਦੀ ਵਰਤੋਂ ਕਰਕੇ Tele-Consultation ਕਰਕੇ ਆਪਣੀ ਬਿਮਾਰੀ ਦੇ ਸਬੰਧ ਵਿੱਚ ਮਦਦ ਲੈਂਦੇ ਹੋ? 

ਮਦਨ ਮੋਹਨ ਜੀ : ਜੀ, ਜੀ...

ਪ੍ਰਧਾਨ ਮੰਤਰੀ ਜੀ : ਇੱਕ ਮਰੀਜ਼ ਦੇ ਨਾਤੇ, ਇੱਕ ਦਰਦੀ ਦੇ ਰੂਪ ਵਿੱਚ ਮੈਂ ਤੁਹਾਡੇ ਅਨੁਭਵ ਸੁਣਨਾ ਚਾਹੁੰਦਾ ਹਾਂ ਤਾਂ ਕਿ ਮੈਂ ਦੇਸ਼ ਵਾਸੀਆਂ ਤੱਕ ਇਸ ਗੱਲ ਨੂੰ ਪਹੁੰਚਾਉਣਾ ਚਾਹਾਂਗਾ ਕਿ ਅੱਜ ਦੀ ਤਕਨੀਕ ਨਾਲ ਸਾਡੇ ਪਿੰਡ ਵਿੱਚ ਰਹਿਣ ਵਾਲੇ ਲੋਕ ਵੀ ਕਿਸ ਤਰ੍ਹਾਂ ਨਾਲ ਇਸ ਦੀ ਵਰਤੋਂ ਵੀ ਕਰ ਸਕਦੇ ਹਨ, ਜ਼ਰਾ ਦੱਸੋ ਕਿਵੇਂ ਕਰਦੇ ਹੋ?

ਮਦਨ ਮੋਹਨ ਜੀ : ਇੰਝ ਹੈ ਸਰ ਜੀ, ਹਸਪਤਾਲ ਦੂਰ ਹਨ ਅਤੇ ਜਦੋਂ ਡਾਇਬਟੀਸ ਸਾਨੂੰ ਹੋਇਆ ਤਾਂ ਸਾਨੂੰ 5-6 ਕਿਲੋਮੀਟਰ ਦੂਰ ਜਾ ਕੇ ਇਲਾਜ ਕਰਵਾਉਣਾ ਪੈਂਦਾ ਸੀ, ਵਿਖਾਉਣਾ ਪੈਂਦਾ ਸੀ ਅਤੇ ਜਦੋਂ ਤੋਂ ਵਿਵਸਥਾ ਤੁਹਾਡੇ ਦੁਆਰਾ ਬਣਾਈ ਗਈ ਹੈ, ਇੰਝ ਹੈ ਕਿ ਜਦੋਂ ਹੁਣ ਜਾਂਦਾ ਹਾਂ, ਸਾਡੀ ਜਾਂਚ ਹੁੰਦੀ ਹੈ, ਸਾਡੀ ਬਾਹਰ ਦੇ ਡਾਕਟਰਾਂ ਨਾਲ ਗੱਲ ਵੀ ਕਰਾ ਦਿੰਦੀ ਹੈ ਅਤੇ ਦਵਾਈ ਵੀ ਦੇ ਦਿੰਦੀ ਹੈ। ਇਸ ਨਾਲ ਸਾਨੂੰ ਬੜਾ ਲਾਭ ਹੈ ਅਤੇ ਲੋਕਾਂ ਨੂੰ ਵੀ ਲਾਭ ਹੈ ਇਸ ਨਾਲ। 

ਪ੍ਰਧਾਨ ਮੰਤਰੀ ਜੀ : ਤਾਂ ਇੱਕ ਹੀ ਡਾਕਟਰ ਹਰ ਵਾਰ ਤੁਹਾਨੂੰ ਵੇਖਦੇ ਹਨ ਕਿ ਡਾਕਟਰ ਬਦਲਦੇ ਜਾਂਦੇ ਹਨ? 

ਮਦਨ ਮੋਹਨ ਜੀ : ਜਿਵੇਂ ਉਨ੍ਹਾਂ ਨੂੰ ਨਹੀਂ ਸਮਝ ਲੱਗਦੀ ਏ, ਇਸ ਡਾਕਟਰ ਨੂੰ ਵਿਖਾ ਦਿੰਦੇ ਨੇ। ਉਹ ਹੀ ਗੱਲ ਕਰਕੇ ਦੂਸਰੇ ਡਾਕਟਰ ਦੀ ਸਾਡੇ ਨਾਲ ਗੱਲ ਕਰਵਾਉਂਦੇ ਨੇ। 

ਪ੍ਰਧਾਨ ਮੰਤਰੀ ਜੀ : ਅਤੇ ਡਾਕਟਰ ਤੁਹਾਨੂੰ ਜੋ ਦੱਸਦੇ ਹਨ, ਤੁਹਾਨੂੰ ਪੂਰਾ ਫਾਇਦਾ ਹੁੰਦਾ ਹੈ ਉਸ ਨਾਲ।

ਮਦਨ ਮੋਹਨ ਜੀ : ਜੀ ਸਾਨੂੰ ਫਾਇਦਾ ਹੁੰਦਾ ਹੈ। ਸਾਨੂੰ ਉਸ ਨਾਲ ਬਹੁਤ ਵੱਡਾ ਫਾਇਦਾ ਹੈ ਅਤੇ ਪਿੰਡ ਦੇ ਲੋਕਾਂ ਨੂੰ ਵੀ ਫਾਇਦਾ ਹੈ ਇਸ ਨਾਲ। ਸਾਰੇ ਲੋਕ ਇੱਥੇ ਪੁੱਛਦੇ ਹਨ ਕਿ ਭਾਈ ਸਾਨੂੰ ਬੀ.ਪੀ. ਹੈ, ਨੂੰ ਸ਼ੂਗਰ ਹੈ, ਟੈਸਟ ਕਰੋ, ਜਾਂਚ ਕਰੋ, ਦਵਾਈ ਦੱਸੋ। ਇਸ ਤੋਂ ਪਹਿਲਾਂ ਤਾਂ 5-6 ਕਿਲੋਮੀਟਰ ਦੂਰ ਜਾਂਦੇ ਸੀ। ਲੰਬੀ ਲਾਈਨ ਲਗੀ ਰਹਿੰਦੀ ਸੀ। ਪੈਥੋਲੋਜੀ ਵਿੱਚ ਲਾਈਨ ਲਗੀ ਰਹਿੰਦੀ ਸੀ। ਇੱਕ-ਇੱਕ ਦਿਨ ਦੇ ਸਮੇਂ ਦਾ ਨੁਕਸਾਨ ਹੁੰਦਾ ਹੈ। 

ਪ੍ਰਧਾਨ ਮੰਤਰੀ ਜੀ : ਮਤਲਬ ਤੁਹਾਡਾ ਸਮਾਂ ਵੀ ਬਚ ਜਾਂਦਾ ਹੈ। 

ਮਦਨ ਮੋਹਨ ਜੀ : ਅਤੇ ਪੈਸਾ ਵੀ ਖਰਚ ਹੁੰਦਾ ਸੀ, ਇੱਥੇ ਤਾਂ ਮੁਫ਼ਤ ਸੇਵਾਵਾਂ ਸਭ ਹੋ ਰਹੀਆਂ ਹਨ। 

ਪ੍ਰਧਾਨ ਮੰਤਰੀ ਜੀ : ਅੱਛਾ! ਜਦੋਂ ਤੁਸੀਂ ਆਪਣੇ ਸਾਹਮਣੇ ਡਾਕਟਰ ਨੂੰ ਮਿਲਦੇ ਹੋ ਤਾਂ ਇੱਕ ਵਿਸ਼ਵਾਸ ਬਣਦਾ ਹੈ, ਚਲੋ ਭਾਈ ਡਾਕਟਰ ਹੈ, ਉਨ੍ਹਾਂ ਨੇ ਮੇਰੀ ਨਾੜੀ ਵੇਖ ਲਈ ਹੈ, ਮੇਰੀਆਂ ਅੱਖਾਂ ਵੇਖ ਲਈਆਂ ਹਨ, ਮੇਰੀ ਜੀਭ ਨੂੰ ਵੀ ਚੈੱਕ ਕਰ ਲਿਆ ਹੈ ਤਾਂ ਇੱਕ ਵੱਖ ਫੀਲਿੰਗ ਆਉਂਦੀ ਹੈ। ਹੁਣ ਇਹ Tele-Consultation ਕਰਦੇ ਹਨ ਤਾਂ ਉਸੇ ਤਰ੍ਹਾਂ ਹੀ ਸੰਤੋਸ਼ ਹੁੰਦਾ ਹੈ ਤੁਹਾਨੂੰ?  

ਮਦਨ ਮੋਹਨ ਜੀ : ਹਾਂ ਸੰਤੋਸ਼ ਹੁੰਦਾ ਹੈ ਕਿ ਉਹ ਸਾਡੀ ਨਾੜੀ ਫੜ੍ਹ ਰਹੇ ਹਨ, ਆਲਾ ਲਗਾ ਰਹੇ ਹਨ, ਅਜਿਹਾ ਮੈਨੂੰ ਮਹਿਸੂਸ ਹੁੰਦਾ ਹੈ ਅਤੇ ਸਾਡੀ ਬੜੀ ਤਬੀਅਤ ਖੁਸ਼ ਹੁੰਦੀ ਹੈ ਕਿ ਭਾਈ ਇੰਨੀ ਚੰਗੀ ਵਿਵਸਥਾ ਤੁਹਾਡੇ ਦੁਆਰਾ ਬਣਾਈ ਗਈ ਹੈ, ਜਿਸ ਨਾਲ ਸਾਨੂੰ ਇੱਥੋਂ ਪਰੇਸ਼ਾਨੀ ਨਾਲ ਜਾਣਾ ਪੈਂਦਾ ਸੀ, ਗੱਡੀ ਦਾ ਭਾੜਾ ਦੇਣਾ ਪੈਂਦਾ ਸੀ, ਉੱਥੇ ਲਾਈਨ ਵਿੱਚ ਲੱਗਣਾ ਪੈਂਦਾ ਸੀ। ਹੁਣ ਸਾਨੂੰ ਸਾਰੀਆਂ ਸਹੂਲਤਾਂ ਘਰ ਬੈਠੇ ਹੀ ਮਿਲ ਰਹੀਆਂ ਹਨ।

ਪ੍ਰਧਾਨ ਮੰਤਰੀ ਜੀ : ਚਲੋ ਮਦਨ ਮੋਹਨ ਜੀ ਮੇਰੇ ਵੱਲੋਂ ਤੁਹਾਨੂੰ ਬਹੁਤ ਸ਼ੁਭਕਾਮਨਾਵਾਂ ਹਨ। ਉਮਰ ਦੇ ਇਸ ਪੜਾਅ ’ਤੇ ਵੀ ਤੁਸੀਂ ਟੈਕਨਾਲੋਜੀ ਨੂੰ ਸਿੱਖੇ ਹੋ, ਟੈਕਨਾਲੋਜੀ ਦੀ ਵਰਤੋਂ ਕਰਦੇ ਹੋ, ਹੋਰਾਂ ਨੂੰ ਵੀ ਦੱਸੋ ਤਾਂ ਕਿ ਲੋਕਾਂ ਦਾ ਸਮਾਂ ਵੀ ਬਚ ਜਾਵੇ, ਧਨ ਵੀ ਬਚ ਜਾਵੇ ਅਤੇ ਉਨ੍ਹਾਂ ਨੂੰ ਜੋ ਵੀ ਮਾਰਗ-ਦਰਸ਼ਨ ਮਿਲਦਾ ਹੈ, ਉਸ ਨਾਲ ਦਵਾਈਆਂ ਵੀ ਚੰਗੇ ਢੰਗ ਨਾਲ ਮਿਲ ਸਕਦੀਆਂ ਹਨ।

ਮਦਨ ਮੋਹਨ ਜੀ : ਹਾਂ... ਹੋਰ ਕੀ।

ਪ੍ਰਧਾਨ ਮੰਤਰੀ ਜੀ : ਚਲੋ, ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਮਦਨ ਮੋਹਨ ਜੀ।  

ਮਦਨ ਮੋਹਨ ਜੀ : ਬਨਾਰਸ ਨੂੰ ਸਾਹਿਬ ਤੁਸੀਂ ਕਾਸ਼ੀ ਵਿਸ਼ਵਨਾਥ ਸਟੇਸ਼ਨ ਬਣਾ ਦਿੱਤਾ, ਵਿਕਾਸ ਕਰ ਦਿੱਤਾ। ਇਹ ਤੁਹਾਨੂੰ ਵਧਾਈ ਹੈ ਸਾਡੇ ਵੱਲੋਂ।

ਪ੍ਰਧਾਨ ਮੰਤਰੀ ਜੀ : ਮੈਂ ਤੁਹਾਡਾ ਧੰਨਵਾਦ ਕਰਦਾ ਹਾਂ। ਅਸੀਂ ਕੀ ਬਣਾਇਆ ਜੀ, ਬਨਾਰਸ ਦੇ ਲੋਕਾਂ ਨੇ ਬਨਾਰਸ ਨੂੰ ਬਣਾਇਆ ਹੈ। ਨਹੀਂ ਤਾਂ, ਅਸੀਂ ਤਾਂ ਮਾਂ ਗੰਗਾ ਦੀ ਸੇਵਾ ਦੇ ਲਈ, ਮਾਂ ਗੰਗਾ ਨੇ ਬੁਲਾਇਆ ਹੈ, ਬਸ ਹੋਰ ਕੁਝ ਨਹੀਂ। ਠੀਕ ਹੈ ਜੀ ਬਹੁਤ-ਬਹੁਤ ਸ਼ੁਭਕਾਮਨਾਵਾਂ ਤੁਹਾਨੂੰ। ਪ੍ਰਣਾਮ ਜੀ।

ਮਦਨ ਮੋਹਨ ਜੀ : ਨਮਸਕਾਰ ਸਰ। 

ਪ੍ਰਧਾਨ ਮੰਤਰੀ ਜੀ : ਨਮਸਕਾਰ ਜੀ।

ਸਾਥੀਓ, ਦੇਸ਼ ਦੇ ਆਮ ਲੋਕਾਂ ਦੇ ਲਈ, ਮੱਧਮ ਵਰਗ ਦੇ ਲਈ, ਪਹਾੜੀ ਖੇਤਰਾਂ ਵਿੱਚ ਰਹਿਣ ਵਾਲਿਆਂ ਦੇ ਲਈ ਈ-ਸੰਜੀਵਨੀ, ਜੀਵਨ ਰੱਖਿਆ ਕਰਨ ਵਾਲਾ ਐਪ ਬਣ ਰਿਹਾ ਹੈ। ਇਹ ਹੈ ਭਾਰਤ ਦੀ ਡਿਜੀਟਲ ਕ੍ਰਾਂਤੀ ਦੀ ਸ਼ਕਤੀ ਅਤੇ ਇਸ ਦਾ ਪ੍ਰਭਾਵ ਅੱਜ ਹਰ ਖੇਤਰ ਵਿੱਚ ਵੇਖ ਰਹੇ ਹਾਂ। ਭਾਰਤ ਦੇ UPI ਦੀ ਤਾਕਤ ਵੀ ਤੁਸੀਂ ਜਾਣਦੇ ਹੀ ਹੋ। ਦੁਨੀਆਂ ਦੇ ਕਿੰਨੇ ਹੀ ਦੇਸ਼ ਇਸ ਵੱਲ ਆਕਰਸ਼ਿਤ ਹਨ। ਕੁਝ ਦਿਨ ਪਹਿਲਾਂ ਹੀ ਭਾਰਤ ਅਤੇ ਸਿੰਗਾਪੁਰ ਵਿਚਕਾਰ UPI-Pay Now Link Launch ਕੀਤਾ ਗਿਆ। ਹੁਣ ਸਿੰਗਾਪੁਰ ਅਤੇ ਭਾਰਤ ਦੇ ਲੋਕ ਆਪਣੇ ਮੋਬਾਈਲ ਫੋਨ ਨਾਲ ਉਸੇ ਤਰ੍ਹਾਂ ਪੈਸੇ ਟਰਾਂਸਫਰ ਕਰ ਰਹੇ ਹਨ, ਜਿਵੇਂ ਉਹ ਆਪਣੇ-ਆਪਣੇ ਦੇਸ਼ ਦੇ ਅੰਦਰ ਕਰਦੇ ਹਨ। ਮੈਨੂੰ ਖੁਸ਼ੀ ਹੈ ਕਿ ਲੋਕਾਂ ਨੇ ਇਸ ਦਾ ਲਾਭ ਉਠਾਉਣਾ ਸ਼ੁਰੂ ਕਰ ਦਿੱਤਾ ਹੈ। ਭਾਰਤ ਦਾ ਈ-ਸੰਜੀਵਨੀ ਐਪ ਹੋਵੇ ਜਾਂ ਫਿਰ UPI ਇਹ ਜ਼ਿੰਦਗੀ ਨੂੰ ਸੌਖਾ ਕਰਨ ਵਿੱਚ ਬਹੁਤ ਮਦਦਗਾਰ ਸਾਬਿਤ ਹੋਏ ਹਨ। 

ਮੇਰੇ ਪਿਆਰੇ ਦੇਸ਼ਵਾਸੀਓ, ਜਦੋਂ ਕਿਸੇ ਦੇਸ਼ ਵਿੱਚ ਲੁਪਤ ਹੋ ਰਹੇ ਕਿਸੇ ਪੰਛੀ ਦੀ ਪ੍ਰਜਾਤੀ ਨੂੰ, ਕਿਸੇ ਜੀਵ-ਜੰਤੂ ਨੂੰ ਬਚਾਅ ਲਿਆ ਜਾਂਦਾ ਹੈ ਤਾਂ ਉਸ ਦੀ ਪੂਰੀ ਦੁਨੀਆਂ ਵਿੱਚ ਚਰਚਾ ਹੁੰਦੀ ਹੈ। ਸਾਡੀ ਦੇਸ਼ ਵਿੱਚ ਅਜਿਹੀਆਂ ਅਨੇਕਾਂ ਮਹਾਨ ਰਵਾਇਤਾਂ ਵੀ ਹਨ ਜੋ ਲੁਪਤ ਹੋ ਚੁੱਕੀਆਂ ਸਨ। ਲੋਕਾਂ ਦੇ ਦਿਲ ਅਤੇ ਦਿਮਾਗ ਤੋਂ ਹਟ ਚੁਕੀਆਂ ਸਨ। ਹੁਣ ਇਨ੍ਹਾਂ ਨੂੰ ਜਨ-ਭਾਗੀਦਾਰੀ ਦੀ ਸ਼ਕਤੀ ਨਾਲ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਤਾਂ ਇਸ ਦੀ ਚਰਚਾ ਦੇ ਲਈ ‘ਮਨ ਕੀ ਬਾਤ’ ਤੋਂ ਬਿਹਤਰ ਮੰਚ ਹੋਰ ਕੀ ਹੋਵੇਗਾ। 

ਹੁਣ ਜੋ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ, ਉਹ ਜਾਣ ਕੇ ਵਾਕਿਆ ਤੁਹਾਨੂੰ ਬਹੁਤ ਖੁਸ਼ੀ ਹੋਵੇਗੀ, ਵਿਰਾਸਤ ’ਤੇ ਫ਼ਖ਼ਰ ਹੋਵੇਗਾ। ਅਮਰੀਕਾ ਵਿੱਚ ਰਹਿਣ ਵਾਲੇ ਸ਼੍ਰੀਮਾਨ ਕੰਚਨ ਬੈਨਰਜੀ ਨੇ ਵਿਰਾਸਤ ਦੀ ਸੰਭਾਲ ਨਾਲ ਜੁੜੀ ਅਜਿਹੀ ਇੱਕ ਮੁਹਿੰਮ ਵੱਲ ਮੇਰਾ ਧਿਆਨ ਆਕਰਸ਼ਿਤ ਕੀਤਾ ਹੈ। ਮੈਂ ਉਨ੍ਹਾਂ ਦਾ ਸਵਾਗਤ ਕਰਦਾ ਹਾਂ। ਸਾਥੀਓ, ਪੱਛਮੀ ਬੰਗਾਲ ਵਿੱਚ ਹੁੱਬਲੀ ਜ਼ਿਲ੍ਹੇ ਦੇ ਬਾਂਸਬੇਰੀਆ ਵਿੱਚ ਇਸ ਮਹੀਨੇ ‘ਤ੍ਰਿਬੇਨੀ ਕੁੰਭੋ ਮਹਾਉਤਸ਼ੌਵ’ ਦਾ ਆਯੋਜਨ ਕੀਤਾ ਗਿਆ। ਇਸ ਵਿੱਚ 8 ਲੱਖ ਤੋਂ ਜ਼ਿਆਦਾ ਸ਼ਰਧਾਲੂ ਸ਼ਾਮਲ ਹੋਏ, ਲੇਕਿਨ ਕੀ ਤੁਸੀਂ ਜਾਣਦੇ ਹੋ ਕਿ ਇਹ ਇੰਨਾ ਖਾਸ ਕਿਉਂ ਹੈ, ਖਾਸ ਇਸ ਲਈ, ਕਿਉਂਕਿ ਇਸ ਰਵਾਇਤ ਨੂੰ 700 ਸਾਲਾਂ ਤੋਂ ਬਾਅਦ ਮੁੜ ਸੁਰਜੀਤ ਕੀਤਾ ਗਿਆ। ਉਂਝ ਤਾਂ ਇਹ ਰਵਾਇਤ 11 ਸਾਲ ਪੁਰਾਣੀ ਹੈ, ਲੇਕਿਨ ਦੁਰਭਾਗ ਨਾਲ 700 ਸਾਲ ਪਹਿਲਾਂ ਬੰਗਾਲ ਦੇ ਤ੍ਰਿਬੇਨੀ ਵਿੱਚ ਹੋਣ ਵਾਲਾ ਇਹ ਮਹੋਤਸਵ ਬੰਦ ਹੋ ਗਿਆ ਸੀ। ਇਸ ਨੂੰ ਆਜ਼ਾਦੀ ਤੋਂ ਬਾਅਦ ਸ਼ੁਰੂ ਕੀਤਾ ਜਾਣਾ ਚਾਹੀਦਾ ਸੀ, ਲੇਕਿਨ ਉਹ ਵੀ ਨਹੀਂ ਹੋ ਪਾਇਆ। 2 ਸਾਲ ਪਹਿਲਾਂ ਸਥਾਨਕ ਲੋਕਾਂ ਅਤੇ ‘ਤ੍ਰਿਬੇਨੀ ਕੁੰਭੋ ਪਾਰੀਚਾਲੋਨਾ ਸਮਿਤੀ’ ਦੇ ਮਾਧਿਅਮ ਨਾਲ ਇਹ ਮਹੋਤਸਵ ਫਿਰ ਸ਼ੁਰੂ ਹੋਇਆ। ਮੈਂ ਇਸ ਦੇ ਆਯੋਜਨ ਨਾਲ ਜੁੜੇ ਸਾਰੇ ਲੋਕਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਤੁਸੀਂ ਸਿਰਫ਼ ਇੱਕ ਰਵਾਇਤ ਨੂੰ ਹੀ ਜੀਵਿਤ ਨਹੀਂ ਕਰ ਰਹੇ ਹੋ, ਸਗੋਂ ਤੁਸੀਂ ਭਾਰਤ ਦੀ ਸੰਸਕ੍ਰਿਤਕ ਵਿਰਾਸਤ ਦੀ ਵੀ ਰੱਖਿਆ ਕਰ ਰਹੇ ਹੋ।

ਸਾਥੀਓ, ਪੱਛਮੀ ਬੰਗਾਲ ਵਿੱਚ ਤ੍ਰਿਬੇਨੀ ਨੂੰ ਸਦੀਆਂ ਤੋਂ ਇੱਕ ਪਵਿੱਤਰ ਸਥਾਨ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਇਸ ਦਾ ਵਰਨਣ ਵਿਭਿੰਨ ਮੰਗਲ ਕਾਵਿ ਵੈਸ਼ਨਵ ਸਾਹਿਤ, ਸ਼ਾਕਤ ਸਾਹਿਤ ਅਤੇ ਹੋਰ ਬੰਗਾਲੀ ਸਾਹਿਤਕ ਰਚਨਾਵਾਂ ਵਿੱਚ ਵੀ ਮਿਲਦਾ ਹੈ। ਵਿਭਿੰਨ ਇਤਿਹਾਸਿਕ ਦਸਤਾਵੇਜ਼ਾਂ ਤੋਂ ਇਹ ਪਤਾ ਲਗਦਾ ਹੈ ਕਿ ਕਦੇ ਇਹ ਖੇਤਰ ਸੰਸਕ੍ਰਿਤ ਸਿੱਖਿਆ ਅਤੇ ਭਾਰਤੀ ਸੰਸਕ੍ਰਿਤੀ ਦਾ ਕੇਂਦਰ ਸੀ। ਕਈ ਸੰਤ ਇਸ ਨੂੰ ਮਾਘ ਸੰਕ੍ਰਾਂਤੀ ਵਿੱਚ ਕੁੰਭ ਇਸ਼ਨਾਨ ਦੇ ਲਈ ਪਵਿੱਤਰ ਸਥਾਨ ਮੰਨਦੇ ਹਨ। ਤ੍ਰਿਬੇਨੀ ਵਿੱਚ ਤੁਹਾਨੂੰ ਕਈ ਗੰਗਾ ਘਾਟ, ਸ਼ਿਵ ਮੰਦਿਰ ਅਤੇ ਟੈਰਾਕੋਟਾ ਵਾਸਤੂ ਕਲਾ ਨਾਲ ਸਜੀਆਂ ਪੁਰਾਣੀਆਂ ਇਮਾਰਤਾਂ ਦੇਖਣ ਨੂੰ ਮਿਲ ਜਾਣਗੀਆਂ। ਤ੍ਰਿਬੇਨੀ ਦੀ ਵਿਰਾਸਤ ਨੂੰ ਮੁੜ ਸਥਾਪਿਤ ਕਰਨ ਅਤੇ ਕੁੰਭ ਪਰੰਪਰਾ ਦੇ ਗੌਰਵ ਨੂੰ ਮੁੜ ਸੁਰਜੀਤ ਕਰਨ ਦੇ ਲਈ ਇੱਥੇ ਪਿਛਲੇ ਸਾਲ ਕੁੰਭ ਮੇਲੇ ਦਾ ਆਯੋਜਨ ਕੀਤਾ ਗਿਆ ਸੀ। ਸੱਤ ਸਦੀਆਂ ਬਾਅਦ ਤਿੰਨ ਦਿਨਾਂ ਦੇ ਕੁੰਭ ਮਹਾ-ਇਸ਼ਨਾਨ ਅਤੇ ਮੇਲੇ ਨੇ ਇਸ ਖੇਤਰ ਵਿੱਚ ਇੱਕ ਨਵੀਂ ਊਰਜਾ ਦਾ ਸੰਚਾਰ ਕੀਤਾ ਹੈ। ਤਿੰਨ ਦਿਨਾਂ ਤੱਕ ਹਰ ਰੋਜ਼ ਹੋਣ ਵਾਲੀ ਗੰਗਾ ਆਰਤੀ, ਰੂਦਰ ਅਭਿਸ਼ੇਕ ਅਤੇ ਯੱਗ ਵਿੱਚ ਵੱਡੀ ਗਿਣਤੀ ’ਚ ਲੋਕ ਸ਼ਾਮਲ ਹੋਏ। ਇਸ ਵਾਰ ਹੋਏ ਮਹੋਤਸਵ ਵਿੱਚ ਵਿਭਿੰਨ ਆਸ਼ਰਮ, ਮੱਠ ਅਤੇ ਅਖਾੜੇ ਵੀ ਸ਼ਾਮਲ ਸਨ। ਬੰਗਾਲੀ ਰਵਾਇਤਾਂ ਨਾਲ ਜੁੜੀਆਂ ਵਿਭਿੰਨ ਵਿਧਾਵਾਂ ਜਿਵੇਂ ਕੀਰਤਨ, ਬਾਊਲ, ਗੋੜੀਓਂ ਨਰਿੱਤਾਂ, ਇਸਤਰੀ-ਖੋਲ, ਪੋਟੇਰ ਗਾਨ, ਛਾਊ-ਨਾਚ, ਸ਼ਾਮ ਦੇ ਪ੍ਰੋਗਰਾਮਾਂ ਵਿੱਚ ਆਕਰਸ਼ਣ ਦਾ ਕੇਂਦਰ ਬਣੇ ਸਨ। ਸਾਡੇ ਨੌਜਵਾਨਾਂ ਨੂੰ ਦੇਸ਼ ਦੇ ਸੁਨਹਿਰੇ ਭਵਿੱਖ ਨਾਲ ਜੁੜਨ ਦਾ ਇਹ ਇੱਕ ਬਹੁਤ ਹੀ ਸ਼ਲਾਘਾਯੋਗ ਯਤਨ ਹੈ। ਭਾਰਤ ਵਿੱਚ ਅਜਿਹੀਆਂ ਕਈ ਹੋਰ ਰਵਾਇਤਾਂ ਹਨ, ਜਿਨ੍ਹਾਂ ਨੂੰ ਮੁੜ ਸੁਰਜੀਤ ਕਰਨ ਦੀ ਜ਼ਰੂਰਤ ਹੈ। ਮੈਨੂੰ ਆਸ ਹੈ ਕਿ ਇਨ੍ਹਾਂ ਬਾਰੇ ਹੋਣ ਵਾਲੀ ਚਰਚਾ ਲੋਕਾਂ ਨੂੰ ਇਸ ਦਿਸ਼ਾ ਵਿੱਚ ਜ਼ਰੂਰ ਪ੍ਰੇਰਿਤ ਕਰੇਗੀ। 

ਮੇਰੇ ਪਿਆਰੇ ਦੇਸ਼ਵਾਸੀਓ, ਸਵੱਛ ਭਾਰਤ ਮੁਹਿੰਮ ਨੇ ਸਾਡੇ ਦੇਸ਼ ’ਚ ਜਨ-ਭਾਗੀਦਾਰੀ ਦੇ ਮਾਅਨੇ ਹੀ ਬਦਲ ਦਿੱਤੇ ਹਨ। ਦੇਸ਼ ਵਿੱਚ ਕਿਤੇ ਵੀ ਕੁਝ ਸਵੱਛਤਾ ਨਾਲ ਜੁੜਿਆ ਹੋਇਆ ਹੁੰਦਾ ਹੈ ਤਾਂ ਲੋਕ ਇਸ ਦੀ ਜਾਣਕਾਰੀ ਮੇਰੇ ਤੱਕ ਜ਼ਰੂਰ ਪਹੁੰਚਾਉਂਦੇ ਹਨ। ਅਜਿਹਾ ਹੀ ਮੇਰਾ ਧਿਆਨ ਗਿਆ ਹੈ ਹਰਿਆਣਾ ਦੇ ਨੌਜਵਾਨਾਂ ਦੀ ਇੱਕ ਸਵੱਛਤਾ ਮੁਹਿੰਮ ਵੱਲ। ਹਰਿਆਣਾ ’ਚ ਇੱਕ ਪਿੰਡ ਹੈ - ਦੁਲਹੇੜੀ। ਇੱਥੋਂ ਦੇ ਨੌਜਵਾਨਾਂ ਨੇ ਤੈਅ ਕੀਤਾ ਅਸੀਂ ਭਿਵਾਨੀ ਸ਼ਹਿਰ ਨੂੰ ਸਵੱਛਤਾ ਦੇ ਮਾਮਲੇ ’ਚ ਇੱਕ ਮਿਸਾਲ ਬਣਾਉਣਾ ਹੈ। ਉਨ੍ਹਾਂ ਨੇ ਯੁਵਾ ਸਵੱਛਤਾ ਅਤੇ ਜਨ ਸੇਵਾ ਸਮਿਤੀ ਨਾਮ ਨਾਲ ਇੱਕ ਸੰਗਠਨ ਬਣਾਇਆ ਹੈ। ਇਸ ਸਮਿਤੀ ਨਾਲ ਜੁੜੇ ਨੌਜਵਾਨ ਸਵੇਰੇ 4 ਵਜੇ ਭਿਵਾਨੀ ਪਹੁੰਚ ਜਾਂਦੇ ਹਨ, ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਇਹ ਮਿਲ ਕੇ ਸਫਾਈ ਮੁਹਿੰਮ ਚਲਾਉਂਦੇ ਹਨ। ਇਹ ਲੋਕ ਹੁਣ ਤੱਕ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਕਈ ਟਨ ਕੂੜਾ ਸਾਫ ਕਰ ਚੁੱਕੇ ਹਨ। 

ਸਾਥੀਓ, ਸਵੱਛ ਭਾਰਤ ਮੁਹਿੰਮ ਦੀ ਇੱਕ ਮਹੱਤਵਪੂਰਨ ਪੱਖ ਵੇਸਟ-ਟੂ-ਵੈਲਥ ਦੀ ਹੈ। ਓਡੀਸ਼ਾ ਦੇ ਕੇਂਦਰਪਾੜਾ ਜ਼ਿਲ੍ਹੇ ਦੀ ਇੱਕ ਭੈਣ ਕਮਲਾ ਮੁਹਰਾਨਾ ਇੱਕ ਸਵੈ-ਸਹਾਇਤਾ ਸਮੂਹ ਚਲਾਉਂਦੀ ਹੈ। ਇਸ ਸਮੂਹ ਦੀਆਂ ਔਰਤਾਂ ਦੁੱਧ ਦੀ ਥੈਲੀ ਅਤੇ ਦੂਸਰੀ ਪਲਾਸਟਿਕ ਪੈਕਿੰਗ ਨਾਲ ਟੋਕਰੀ ਅਤੇ ਮੋਬਾਈਲ ਸਟੈਂਡ ਜਿਹੀਆਂ ਕਈ ਚੀਜ਼ਾਂ ਬਣਾਉਂਦੀਆਂ ਹਨ। ਇਹ ਇਨ੍ਹਾਂ ਦੇ ਲਈ ਸਵੱਛਤਾ ਦੇ ਨਾਲ ਹੀ ਆਮਦਨੀ ਦਾ ਵੀ ਇੱਕ ਚੰਗਾ ਜ਼ਰੀਆ ਬਣ ਗਿਆ ਹੈ। ਅਸੀਂ ਜੇਕਰ ਠਾਣ ਲਈਏ ਤਾਂ ਸਵੱਛ ਭਾਰਤ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਦੇ ਸਕਦੇ ਹਾਂ। ਘੱਟ ਤੋਂ ਘੱਟ ਪਲਾਸਟਿਕ ਦੇ ਬੈਗ ਦੀ ਜਗ੍ਹਾ ਕੱਪੜੇ ਦੇ ਬੈਗ ਦਾ ਸੰਕਲਪ ਤਾਂ ਸਾਨੂੰ ਸਾਰਿਆਂ ਨੂੰ ਹੀ ਲੈਣਾ ਚਾਹੀਦਾ ਹੈ। ਤੁਸੀਂ ਵੇਖੋਗੇ ਕਿ ਤੁਹਾਡਾ ਇਹ ਸੰਕਲਪ ਤੁਹਾਨੂੰ ਕਿੰਨਾ ਸੰਤੋਸ਼ ਦੇਵੇਗਾ ਅਤੇ ਦੂਸਰੇ ਲੋਕਾਂ ਨੂੰ ਜ਼ਰੂਰ ਪ੍ਰੇਰਿਤ ਕਰੇਗਾ।

ਮੇਰੇ ਪਿਆਰੇ ਦੇਸ਼ਵਾਸੀਓ, ਅਸੀਂ ਅਤੇ ਤੁਸੀਂ ਨਾਲ ਜੁੜ ਕੇ ਇੱਕ ਵਾਰ ਫਿਰ ਕਈ ਪ੍ਰੇਰਣਾਦਾਈ ਵਿਸ਼ਿਆਂ ’ਤੇ ਗੱਲ ਕੀਤੀ। ਪਰਿਵਾਰ ਦੇ ਨਾਲ ਬੈਠ ਕੇ ਉਸ ਨੂੰ ਸੁਣਿਆ ਅਤੇ ਉਸ ਨੂੰ ਦਿਨ ਭਰ ਗੁਣਗੁਣਾਵਾਂਗੇ ਵੀ। ਅਸੀਂ ਦੇਸ਼ ਦੀ ਮਿਹਨਤ ਦੀ ਜਿੰਨੀ ਚਰਚਾ ਕਰਦੇ ਹਾਂ, ਓਨੀ ਹੀ ਸਾਨੂੰ ਊਰਜਾ ਮਿਲਦੀ ਹੈ। ਇਸੇ ਊਰਜਾ ਪ੍ਰਵਾਹ ਦੇ ਨਾਲ ਚਲਦਿਆਂ-ਚਲਦਿਆਂ ਅੱਜ ਅਸੀਂ ‘ਮਨ ਕੀ ਬਾਤ’ ਦੇ 98ਵੇਂ ਐਪੀਸੋਡ ਦੇ ਮੁਕਾਮ ’ਤੇ ਪਹੁੰਚ ਗਏ ਹਾਂ। ਅੱਜ ਤੋਂ ਕੁਝ ਦਿਨਾਂ ਬਾਅਦ ਹੀ ਹੋਲੀ ਦਾ ਤਿਉਹਾਰ ਹੈ। ਤੁਹਾਨੂੰ ਸਾਰਿਆਂ ਨੂੰ ਹੋਲੀ ਦੀਆਂ ਸ਼ੁਭਕਾਮਨਾਵਾਂ। ਅਸੀਂ ਆਪਣੇ ਤਿਉਹਾਰ ‘ਵੋਕਲ ਫੌਰ ਲੋਕਲ’ ਦੇ ਸੰਕਲਪ ਨਾਲ ਹੀ ਮਨਾਉਣੇ ਹਨ। ਆਪਣੇ ਅਨੁਭਵ ਵੀ ਮੇਰੇ ਨਾਲ ਸ਼ੇਅਰ ਕਰਨਾ ਨਾ ਭੁੱਲਣਾ। ਉਦੋਂ ਤੱਕ ਦੇ ਲਈ ਮੈਨੂੰ ਵਿਦਾ ਦਿਓ। ਅਗਲੀ ਵਾਰੀ ਅਸੀਂ ਫਿਰ ਨਵੇਂ ਵਿਸ਼ਿਆਂ ਦੇ ਨਾਲ ਮਿਲਾਂਗੇ। ਬਹੁਤ-ਬਹੁਤ ਧੰਨਵਾਦ। ਨਮਸਕਾਰ।

 

 

*****

 

ਡੀਐੱਸ/ਐੱਸਐੱਚ/ਵੀਕੇ(Release ID: 1902509) Visitor Counter : 109