ਸ਼ਹਿਰੀ ਹਵਾਬਾਜ਼ੀ ਮੰਤਰਾਲਾ

ਕੈਬਨਿਟ ਨੇ ਅੰਤਰਰਾਸ਼ਟਰੀ ਸ਼ਹਿਰੀ ਹਵਾਬਾਜ਼ੀ (ਸ਼ਿਕਾਗੋ ਕਨਵੈਨਸ਼ਨ), 1944 'ਤੇ ਕਨਵੈਨਸ਼ਨ ਵਿੱਚ ਸੋਧਾਂ ਨਾਲ ਸਬੰਧਿਤ ਆਰਟੀਕਲ 3 ਬੀਆਈਐੱਸ ਅਤੇ ਆਰਟੀਕਲ 50 (ਏ) ਅਤੇ ਆਰਟੀਕਲ 56 'ਤੇ ਤਿੰਨ ਪ੍ਰੋਟੋਕੋਲਾਂ ਦੀ ਪ੍ਰਵਾਨਗੀ ਦੀ ਪੁਸ਼ਟੀ ਕੀਤੀ

Posted On: 22 FEB 2023 12:45PM by PIB Chandigarh

ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਅੰਤਰਰਾਸ਼ਟਰੀ ਸ਼ਹਿਰੀ ਹਵਾਬਾਜ਼ੀ (ਸ਼ਿਕਾਗੋ ਕਨਵੈਨਸ਼ਨ), 1944 ‘ਤੇ ਕਨਵੈਨਸ਼ਨ ਵਿੱਚ ਸੋਧਾਂ ਨਾਲ ਸਬੰਧਿਤ ਆਰਟੀਕਲ 3 ਬੀਆਈਐੱਸ ਅਤੇ ਆਰਟੀਕਲ 50 (ਏ) ਅਤੇ ਆਰਟੀਕਲ 56 ਦੇ ਤਿੰਨ ਪ੍ਰੋਟੋਕੋਲ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਸ਼ਿਕਾਗੋ ਕਨਵੈਨਸ਼ਨ ਦੇ ਆਰਟੀਕਲ ਸਾਰੇ ਇਕਰਾਰਨਾਮੇ ਵਾਲੇ ਰਾਜਾਂ ਦੇ ਵਿਸ਼ੇਸ਼ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਨੂੰ ਸਥਾਪਿਤ ਕਰਦੇ ਹਨ ਅਤੇ ਅੰਤਰਰਾਸ਼ਟਰੀ ਆਈਸੀਏਓ ਮਿਆਰਾਂ ਅਤੇ ਸਿਫਾਰਸ਼ ਕੀਤੇ ਵਿਵਹਾਰਾਂ (ਐੱਸਏਆਰਪੀ’ਸ) ਨੂੰ ਅਪਣਾਉਣ ਨੂੰ ਉਤਸ਼ਾਹਿਤ ਕਰਦੇ ਹਨ ਜੋ ਅੰਤਰਰਾਸ਼ਟਰੀ ਹਵਾਈ ਆਵਾਜਾਈ ਨੂੰ ਨਿਯੰਤ੍ਰਿਤ ਕਰਦੇ ਹਨ। 

ਪਿਛਲੇ 78 ਸਾਲਾਂ ਦੌਰਾਨ, ਸ਼ਿਕਾਗੋ ਕਨਵੈਨਸ਼ਨ ਵਿੱਚ ਕੁਝ ਸੋਧਾਂ ਹੋਈਆਂ ਹਨ ਅਤੇ ਭਾਰਤ ਸਮੇਂ-ਸਮੇਂ 'ਤੇ ਅਜਿਹੀਆਂ ਸੋਧਾਂ ਦੀ ਪੁਸ਼ਟੀ ਕਰਦਾ ਰਿਹਾ ਹੈ। ਅੰਤਰਰਾਸ਼ਟਰੀ ਸ਼ਹਿਰੀ ਹਵਾਬਾਜ਼ੀ ਕਨਵੈਨਸ਼ਨ "ਸ਼ਿਕਾਗੋ ਕਨਵੈਨਸ਼ਨ", 1944 ਵਿੱਚ ਸੋਧਾਂ ਨਾਲ ਸਬੰਧਿਤ ਹੇਠ ਦਿੱਤੇ ਤਿੰਨ ਪ੍ਰੋਟੋਕੋਲਾਂ ਵਿੱਚ ਰੈਟੀਫਿਕੇਸ਼ਨ ਨੂੰ ਪ੍ਰਵਾਨਗੀ ਦਿੱਤੀ ਗਈ ਹੈ:

  • ਮੈਂਬਰ ਰਾਜਾਂ ਨੂੰ ਉਡਾਣ ਵਿੱਚ ਸਿਵਲ ਏਅਰਕ੍ਰਾਫਟ ਦੇ ਵਿਰੁੱਧ ਹਥਿਆਰਾਂ ਦੀ ਵਰਤੋਂ ਕਰਨ ਤੋਂ ਰੋਕਣ ਲਈ ਸ਼ਿਕਾਗੋ ਕਨਵੈਨਸ਼ਨ, 1944 ਵਿੱਚ ਆਰਟੀਕਲ 3 ਬੀਆਈਐੱਸ ਨੂੰ ਸ਼ਾਮਲ ਕਰਨ ਲਈ ਪ੍ਰੋਟੋਕੋਲ (ਮਈ, 1984 ਵਿੱਚ ਹਸਤਾਖਰ ਕੀਤੇ ਪ੍ਰੋਟੋਕੋਲ);

  • ਆਈਸੀਏਓ ਕੌਂਸਲ ਦੀ ਤਾਕਤ ਨੂੰ 36 ਤੋਂ ਵਧਾ ਕੇ 40 ਕਰਨ ਲਈ ਸ਼ਿਕਾਗੋ ਕਨਵੈਨਸ਼ਨ, 1944 ਦੇ ਆਰਟੀਕਲ 50 (ਏ) ਵਿੱਚ ਸੋਧ ਕਰਨ ਲਈ ਪ੍ਰੋਟੋਕੋਲ (ਅਕਤੂਬਰ, 2016 ਵਿੱਚ ਹਸਤਾਖਰ ਕੀਤੇ ਪ੍ਰੋਟੋਕੋਲ); ਅਤੇ

  • ਏਅਰ ਨੇਵੀਗੇਸ਼ਨ ਕਮਿਸ਼ਨ ਦੀ ਤਾਕਤ ਨੂੰ 18 ਤੋਂ 21 ਤੱਕ ਵਧਾਉਣ ਲਈ ਸ਼ਿਕਾਗੋ ਕਨਵੈਨਸ਼ਨ, 1944 ਦੇ ਆਰਟੀਕਲ 56 ਵਿੱਚ ਸੋਧ ਕਰਨ ਲਈ ਪ੍ਰੋਟੋਕੋਲ (ਅਕਤੂਬਰ, 2016 ਵਿੱਚ ਦਸਤਖਤ ਕੀਤੇ ਗਏ ਪ੍ਰੋਟੋਕੋਲ)।

ਇਹ ਪ੍ਰਵਾਨਗੀ ਅੰਤਰਰਾਸ਼ਟਰੀ ਸ਼ਹਿਰੀ ਹਵਾਬਾਜ਼ੀ ਕਨਵੈਨਸ਼ਨ ਵਿੱਚ ਦਰਜ ਸਿਧਾਂਤਾਂ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕਰੇਗੀ। ਇਹ ਪ੍ਰਵਾਨਗੀ ਅੰਤਰਰਾਸ਼ਟਰੀ ਸ਼ਹਿਰੀ ਹਵਾਬਾਜ਼ੀ ਨਾਲ ਸਬੰਧਿਤ ਮਾਮਲਿਆਂ ਵਿੱਚ ਭਾਰਤ ਨੂੰ ਵਧੇਰੇ ਪ੍ਰਮੁੱਖ ਭੂਮਿਕਾ ਨਿਭਾਉਣ ਦੀਆਂ ਬਿਹਤਰ ਸੰਭਾਵਨਾਵਾਂ ਅਤੇ ਅਵਸਰ ਪ੍ਰਦਾਨ ਕਰੇਗੀ।

 **********

ਡੀਐੱਸ



(Release ID: 1901400) Visitor Counter : 94