ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਵਿਸ਼ਵ ਸ਼ਾਂਤੀ ਦੇ ਲਈ ਕ੍ਰਿਸ਼ਨਗੁਰੂ ਏਕਨਾਮ ਅਖੰਡ ਕੀਰਤਨ ਨੂੰ ਸੰਬੋਧਨ ਕੀਤਾ


"ਕ੍ਰਿਸ਼ਨਗੁਰੂ ਜੀ ਨੇ ਗਿਆਨ, ਸੇਵਾ ਅਤੇ ਮਾਨਵਤਾ ਦੀਆਂ ਪ੍ਰਾਚੀਨ ਭਾਰਤੀ ਪਰੰਪਰਾਵਾਂ ਦਾ ਪ੍ਰਚਾਰ ਕੀਤਾ"

"ਏਕਨਾਮ ਅਖੰਡ ਕੀਰਤਨ ਉੱਤਰ ਪੂਰਬ ਦੀ ਵਿਰਾਸਤ ਅਤੇ ਅਧਿਆਤਮਿਕ ਚੇਤਨਾ ਨਾਲ ਦੁਨੀਆ ਨੂੰ ਜਾਣੂ ਕਰਵਾ ਰਿਹਾ ਹੈ"

"ਸਾਡੇ ਦੇਸ਼ ਵਿੱਚ 12 ਵਰ੍ਹਿਆਂ ਦੀ ਅਵਧੀ 'ਤੇ ਅਜਿਹੇ ਸਮਾਗਮ ਆਯੋਜਿਤ ਕਰਨ ਦੀ ਪੁਰਾਣੀ ਪਰੰਪਰਾ ਰਹੀ ਹੈ"

“ਵੰਚਿਤ ਲੋਕਾਂ ਪ੍ਰਤੀ ਪ੍ਰਾਥਮਿਕਤਾ ਅੱਜ ਸਾਡੇ ਲਈ ਮੁੱਖ ਮਾਰਗ ਦਰਸ਼ਕ ਹੈ”

ਵਿਸ਼ੇਸ਼ ਮੁਹਿੰਮ ਜ਼ਰੀਏ 50 ਟੂਰਿਸਟ ਸਥਾਨ ਵਿਕਸਿਤ ਕੀਤੇ ਜਾਣਗੇ

"ਪਿਛਲੇ 8-9 ਵਰ੍ਹਿਆਂ ਵਿੱਚ ਦੇਸ਼ ਵਿੱਚ ਗਾਮੋਸ਼ਾ ਪ੍ਰਤੀ ਆਕਰਸ਼ਣ ਵਧਿਆ ਹੈ ਅਤੇ ਇਸਦੀ ਮੰਗ ਵੀ ਵਧੀ ਹੈ"

“ਮਹਿਲਾਵਾਂ ਦੀ ਆਮਦਨ ਨੂੰ ਉਨ੍ਹਾਂ ਦੇ ਸਸ਼ਕਤੀਕਰਣ ਦਾ ਸਾਧਨ ਬਣਾਉਣ ਲਈ 'ਮਹਿਲਾ ਸਨਮਾਨ ਬੱਚਤ ਸਰਟੀਫਿਕੇਟ' ਸਕੀਮ ਵੀ ਸ਼ੁਰੂ ਕੀਤੀ ਗਈ ਹੈ”

"ਦੇਸ਼ ਦੀਆਂ ਕਲਿਆਣਕਾਰੀ ਯੋਜਨਾਵਾਂ ਦੀ ਜੀਵਨ ਸ਼ਕਤੀ ਸਮਾਜਿਕ ਊਰਜਾ ਅਤੇ ਜਨ ਭਾਗੀਦਾਰੀ ਹੈ"

"ਮੋਟੇ ਅਨਾਜ ਨੂੰ ਹੁਣ ਨਵੀਂ ਪਹਿਚਾਣ ਦਿੱਤੀ ਗਈ ਹੈ - ਸ਼੍ਰੀ ਅੰਨ"

Posted On: 03 FEB 2023 6:22PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡਿਓ ਕਾਨਫਰੰਸਿੰਗ ਦੇ ਜ਼ਰੀਏ ਅਸਾਮ ਦੇ ਬਾਰਪੇਟਾ ਵਿੱਚ ਕ੍ਰਿਸ਼ਨਗੁਰੂ ਸੇਵਾਸ਼੍ਰਮ ਵਿਖੇ ਆਯੋਜਿਤ ਕੀਤੇ ਜਾ ਰਹੇ ਵਿਸ਼ਵ ਸ਼ਾਂਤੀ ਲਈ ਕ੍ਰਿਸ਼ਨਗੁਰੂ ਏਕਨਾਮ ਅਖੰਡ ਕੀਰਤਨ ਨੂੰ ਸੰਬੋਧਨ ਕੀਤਾ। ਵਿਸ਼ਵ ਸ਼ਾਂਤੀ ਲਈ ਕ੍ਰਿਸ਼ਨਗੁਰੂ ਏਕਨਾਮ ਅਖੰਡ ਕੀਰਤਨ 6 ਜਨਵਰੀ ਤੋਂ ਕ੍ਰਿਸ਼ਨਗੁਰੂ ਸੇਵਾਸ਼੍ਰਮ ਵਿਖੇ ਇੱਕ ਮਹੀਨਾ ਚਲਣ ਵਾਲਾ ਕੀਰਤਨ ਹੈ।

 

ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕ੍ਰਿਸ਼ਨਗੁਰੂ ਏਕਨਾਮ ਅਖੰਡ ਕੀਰਤਨ ਪਿਛਲੇ ਇੱਕ ਮਹੀਨੇ ਤੋਂ ਚਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਾਚੀਨ ਭਾਰਤ ਵਿੱਚ ਗਿਆਨ, ਸੇਵਾ ਅਤੇ ਮਾਨਵਤਾ ਦੀਆਂ ਪਰੰਪਰਾਵਾਂ ਜੋ ਕ੍ਰਿਸ਼ਨ ਗੁਰੂ ਜੀ ਦੁਆਰਾ ਪ੍ਰਚਾਰੀਆਂ ਗਈਆਂ ਸਨ, ਅੱਜ ਵੀ ਨਿਰੰਤਰ ਚਲ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸ਼ਾਨਦਾਰ ਮੌਕੇ 'ਤੇ ਗੁਰੂ ਕ੍ਰਿਸ਼ਨ ਪ੍ਰੇਮਾਨੰਦ ਪ੍ਰਭੂ ਜੀ ਦੇ ਯੋਗਦਾਨ ਅਤੇ ਉਨ੍ਹਾਂ ਦੇ ਚੇਲਿਆਂ ਦੇ ਪ੍ਰਯਾਸਾਂ ਦੀ ਬ੍ਰਹਮਤਾ ਸਪਸ਼ਟ ਤੌਰ 'ਤੇ ਦਿਖਾਈ ਦੇ ਰਹੀ ਹੈ। ਅੱਜ ਦੇ ਨਾਲ-ਨਾਲ ਪਿਛਲੇ ਮੌਕਿਆਂ 'ਤੇ ਵੀ ਵਿਅਕਤੀਗਤ ਤੌਰ 'ਤੇ ਇਸ ਵਿਸ਼ਾਲ ਸਮਾਗਮ ਵਿੱਚ ਸ਼ਾਮਲ ਹੋਣ ਦੀ ਇੱਛਾ ਪ੍ਰਗਟ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕ੍ਰਿਸ਼ਨ ਗੁਰੂ ਦਾ ਆਸ਼ੀਰਵਾਦ ਮੰਗਿਆ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਨੂੰ ਸੇਵਾਸ਼੍ਰਮ ਦਾ ਦੌਰਾ ਕਰਨ ਦਾ ਮੌਕਾ ਮਿਲੇ।

 

ਕ੍ਰਿਸ਼ਨਗੁਰੂ ਜੀ ਦੁਆਰਾ ਹਰ ਬਾਰਾਂ ਵਰ੍ਹਿਆਂ ਵਿੱਚ ਅਖੰਡ ਏਕਨਾਮ ਜਾਪ ਦੀ ਪਰੰਪਰਾ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਰਤਵ ਦੇ ਨਾਲ ਅਧਿਆਤਮਿਕ ਸਮਾਗਮਾਂ ਦੇ ਆਯੋਜਨ ਦੀ ਭਾਰਤੀ ਪਰੰਪਰਾ ਨੂੰ ਮੁੱਖ ਵਿਚਾਰ ਵਜੋਂ ਨੋਟ ਕੀਤਾ।  “ਇਹ ਸਮਾਗਮ ਵਿਅਕਤੀ ਅਤੇ ਸਮਾਜ ਵਿੱਚ ਕਰਤੱਵ ਦੀ ਭਾਵਨਾ ਨੂੰ ਪੁਨਰ ਜਾਗ੍ਰਿਤ ਕਰਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕ ਪਿਛਲੇ ਬਾਰਾਂ ਸਾਲਾਂ ਦੇ ਸਮਾਗਮਾਂ 'ਤੇ ਚਰਚਾ ਕਰਨ ਅਤੇ ਵਿਸ਼ਲੇਸ਼ਣ ਕਰਨ, ਵਰਤਮਾਨ ਦਾ ਮੁਲਾਂਕਣ ਕਰਨ ਅਤੇ ਭਵਿੱਖ ਲਈ ਰੂਪਰੇਖਾ ਤਿਆਰ ਕਰਨ ਲਈ ਇਕੱਠੇ ਹੁੰਦੇ ਸਨ। ਪ੍ਰਧਾਨ ਮੰਤਰੀ ਨੇ ਕੁੰਭ, ਬ੍ਰਹਮਪੁੱਤਰ ਨਦੀ ਵਿੱਚ ਪੁਸ਼ਕਰਮ ਉੱਤਸਵ, ਤਮਿਲ ਨਾਡੂ ਦੇ ਕੁੰਭਕੋਨਮ ਵਿਖੇ ਮਹਾਮਹਿਮ, ਭਗਵਾਨ ਬਾਹੂਬਲੀ ਦੇ ਮਹਾਮਸਤਕਾਭਿਸ਼ੇਕ, ਨੀਲਕੁਰਿੰਜੀ ਦੇ ਫੁੱਲ ਦੇ ਖਿੜਨ ਜਿਹੇ ਪ੍ਰਮੁੱਖ ਸਮਾਗਮਾਂ ਦੀਆਂ ਉਦਾਹਰਣਾਂ ਦਿੱਤੀਆਂ ਜੋ ਬਾਰਾਂ ਵਰ੍ਹਿਆਂ ਵਿੱਚ ਇੱਕ ਵਾਰ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਏਕਨਾਮ ਅਖੰਡ ਕੀਰਤਨ ਇਸੇ ਤਰ੍ਹਾਂ ਦੀ ਸ਼ਕਤੀਸ਼ਾਲੀ ਪਰੰਪਰਾ ਦੀ ਸਥਾਪਨਾ ਕਰ ਰਿਹਾ ਹੈ ਅਤੇ ਦੁਨੀਆ ਨੂੰ ਉੱਤਰ-ਪੂਰਬ ਦੀ ਵਿਰਾਸਤ ਅਤੇ ਅਧਿਆਤਮਿਕ ਚੇਤਨਾ ਤੋਂ ਜਾਣੂ ਕਰਵਾ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਅਸਾਧਾਰਣ ਪ੍ਰਤਿਭਾ, ਅਧਿਆਤਮਿਕ ਅਨੁਭਵ ਅਤੇ ਕ੍ਰਿਸ਼ਨਗੁਰੂ ਦੇ ਜੀਵਨ ਨਾਲ ਜੁੜੀਆਂ ਅਸਾਧਾਰਣ ਘਟਨਾਵਾਂ ਸਾਡੇ ਵਿੱਚੋਂ ਹਰੇਕ ਲਈ ਪ੍ਰੇਰਨਾ ਸਰੋਤ ਵਜੋਂ ਕੰਮ ਕਰਦੀਆਂ ਹਨ। ਉਨ੍ਹਾਂ ਦੀਆਂ ਸਿੱਖਿਆਵਾਂ 'ਤੇ ਧਿਆਨ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਈ ਵੀ ਕੰਮ ਜਾਂ ਵਿਅਕਤੀ ਵੱਡਾ ਜਾਂ ਛੋਟਾ ਨਹੀਂ ਹੁੰਦਾ। ਇਸੇ ਤਰ੍ਹਾਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰ ਨੇ ਪੂਰਨ ਸਮਰਪਣ ਦੇ ਨਾਲ ਸਾਰਿਆਂ ਦੇ ਵਿਕਾਸ (ਸਬਕਾ ਵਿਕਾਸ) ਲਈ ਸਾਰਿਆਂ ਨੂੰ ਨਾਲ ਲੈ ਕੇ ਚਲਣ ਦੀ ਭਾਵਨਾ ਨਾਲ ਆਪਣੇ ਲੋਕਾਂ ਦੀ ਬਿਹਤਰੀ ਲਈ ਕੰਮ ਕੀਤਾ ਹੈ। ਇਹ ਰੇਖਾਂਕਿਤ ਕਰਦੇ ਹੋਏ ਕਿ ਰਾਸ਼ਟਰ ਵੰਚਿਤ ਅਤੇ ਅਣਗੌਲੇ ਲੋਕਾਂ ਨੂੰ ਸਭ ਤੋਂ ਵੱਧ ਪ੍ਰਾਥਮਿਕਤਾ ਦਿੰਦਾ ਹੈ, ਪ੍ਰਧਾਨ ਮੰਤਰੀ ਨੇ ਕਿਹਾ, “ਵੰਚਿਤ ਲੋਕਾਂ ਨੂੰ ਪ੍ਰਾਥਮਿਕਤਾ ਦਿੱਤੀ ਜਾਂਦੀ ਹੈ।” ਅਸਾਮ ਅਤੇ ਉੱਤਰ ਪੂਰਬੀ ਰਾਜਾਂ ਦੀਆਂ ਉਦਾਹਰਣਾਂ ਦਾ ਹਵਾਲਾ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਖੇਤਰਾਂ ਨੂੰ ਅਣਗੌਲਿਆ ਕੀਤਾ ਗਿਆ ਹੈ। ਵਿਕਾਸ ਅਤੇ ਕਨੈਕਟੀਵਿਟੀ ਦੀ ਗੱਲ ਦਹਾਕਿਆਂ ਤੋਂ ਕੀਤੀ ਗਈ ਹੈ, ਪਰ ਅੱਜ ਉਨ੍ਹਾਂ ਨੂੰ ਸਭ ਤੋਂ ਵੱਧ ਪ੍ਰਾਥਮਿਕਤਾ ਦਿੱਤੀ ਜਾ ਰਹੀ ਹੈ।

 

ਇਸ ਸਾਲ ਦੇ ਬਜਟ ਦਾ ਹਵਾਲਾ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਮੁੱਖ ਪਥਪ੍ਰਦਰਸ਼ਕ ਭਾਵਨਾ ਦੇ ਰੂਪ ਵਿੱਚ ਵੰਚਿਤ ਲੋਕਾਂ ਲਈ ਉਸੇ ਪ੍ਰਾਥਮਿਕਤਾ ਨੂੰ ਰੇਖਾਂਕਿਤ ਕੀਤਾ। ਉੱਤਰ-ਪੂਰਬ ਦੀ ਅਰਥਵਿਵਸਥਾ ਵਿੱਚ ਟੂਰਿਜ਼ਮ ਦੀ ਅਹਿਮ ਭੂਮਿਕਾ ਨੂੰ ਧਿਆਨ ਵਿੱਚ ਰੱਖਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਸਾਲ ਦੇ ਬਜਟ ਵਿੱਚ 50 ਟੂਰਿਸਟ ਸਥਾਨਾਂ ਦੇ ਵਿਕਾਸ ਅਤੇ ਅੱਪਗ੍ਰੇਡ ਕਰਨ ਦੀ ਵਿਵਸਥਾ ਦਾ ਜ਼ਿਕਰ ਕੀਤਾ ਜਿਸ ਨਾਲ ਇਸ ਖੇਤਰ ਨੂੰ ਬਹੁਤ ਫਾਇਦਾ ਹੋਵੇਗਾ। ਪ੍ਰਧਾਨ ਮੰਤਰੀ ਨੇ ਗੰਗਾ ਵਿਲਾਸ ਕਰੂਜ਼ ਬਾਰੇ ਵੀ ਗੱਲ ਕੀਤੀ ਜੋ ਜਲਦੀ ਹੀ ਅਸਾਮ ਪਹੁੰਚੇਗੀ। ਉਨ੍ਹਾਂ ਨੇ ਦੱਸਿਆ ਕਿ ਭਾਰਤੀ ਵਿਰਾਸਤ ਦੇ ਸਭ ਤੋਂ ਕੀਮਤੀ ਖਜ਼ਾਨੇ ਨਦੀਆਂ ਦੇ ਕੰਢਿਆਂ ‘ਤੇ ਸਥਿਤ ਹਨ।

 

ਪ੍ਰਧਾਨ ਮੰਤਰੀ ਨੇ ਰਵਾਇਤੀ ਸਕਿੱਲਸ ਵਿੱਚ ਕਾਰੀਗਰਾਂ ਲਈ ਕ੍ਰਿਸ਼ਨਗੁਰੂ ਸੇਵਾਸ਼੍ਰਮ ਦੇ ਕੰਮ ਦਾ ਵੀ ਜ਼ਿਕਰ ਕੀਤਾ ਅਤੇ ਦੱਸਿਆ ਕਿ ਦੇਸ਼ ਨੇ ਪਿਛਲੇ ਕੁਝ ਵਰ੍ਹਿਆਂ ਵਿੱਚ ਰਵਾਇਤੀ ਸਕਿੱਲਸ ਨੂੰ ਵਿਕਸਿਤ ਕਰਨ ਅਤੇ ਕਾਰੀਗਰਾਂ ਨੂੰ ਆਲਮੀ ਬਜ਼ਾਰਾਂ ਨਾਲ ਜੋੜਨ ਵਿੱਚ ਇਤਿਹਾਸਕ ਕੰਮ ਕੀਤਾ ਹੈ। ਉਨ੍ਹਾਂ ਬਾਂਸ ਬਾਰੇ ਕਾਨੂੰਨ ਬਦਲਣ ਅਤੇ ਇਸ ਦੀ ਸ਼੍ਰੇਣੀ ਨੂੰ ਦਰੱਖਤ ਤੋਂ ਘਾਹ ਤੱਕ ਬਦਲਣ ਬਾਰੇ ਵੀ ਦੱਸਿਆ, ਜਿਸ ਨਾਲ ਬਾਂਸ ਦੇ ਕਾਰੋਬਾਰ ਦੇ ਰਾਹ ਖੁੱਲ੍ਹ ਗਏ ਹਨ। ਉਨ੍ਹਾਂ ਕਿਹਾ ਕਿ ਬਜਟ ਵਿੱਚ ਪ੍ਰਸਤਾਵਿਤ 'ਯੂਨੀਟੀ ਮਾਲਸ' ਅਸਾਮ ਦੇ ਕਿਸਾਨਾਂ, ਕਾਰੀਗਰਾਂ ਅਤੇ ਨੌਜਵਾਨਾਂ ਨੂੰ ਉਨ੍ਹਾਂ ਦੇ ਉਤਪਾਦਾਂ ਦਾ ਪ੍ਰਦਰਸ਼ਨ ਕਰਕੇ ਮਦਦ ਕਰੇਗਾ।  ਇਨ੍ਹਾਂ ਉਤਪਾਦਾਂ ਨੂੰ ਦੂਸਰੇ ਰਾਜਾਂ ਦੇ ਯੂਨਿਟੀ ਮਾਲਜ਼ ਅਤੇ ਵੱਡੇ ਟੂਰਿਸਟ ਸਥਾਨਾਂ ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਗਾਮੋਸਾ ਲਈ ਆਪਣੇ ਸ਼ੌਕ ਬਾਰੇ ਵੀ ਗੱਲ ਕੀਤੀ ਅਤੇ ਕਿਹਾ ਕਿ ਇਹ ਅਸਾਮ ਦੀਆਂ ਮਹਿਲਾਵਾਂ ਦੀ ਸਖ਼ਤ ਮਿਹਨਤ ਅਤੇ ਕੌਸ਼ਲ ਨੂੰ ਦਰਸਾਉਂਦਾ ਹੈ।  ਉਨ੍ਹਾਂ ਗਾਮੋਸਾ ਅਤੇ ਸਵੈ-ਸਹਾਇਤਾ ਸਮੂਹਾਂ ਦੀ ਵੱਧਦੀ ਮੰਗ ਨੂੰ ਵੀ ਨੋਟ ਕੀਤਾ ਜੋ ਵਧਦੀ ਮੰਗ ਨੂੰ ਪੂਰਾ ਕਰਨ ਲਈ ਉੱਭਰੇ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਬਜਟ ਵਿੱਚ ਇਨ੍ਹਾਂ ਸਵੈ-ਸਹਾਇਤਾ ਸਮੂਹਾਂ ਲਈ ਵਿਸ਼ੇਸ਼ ਉਪਬੰਧ ਕੀਤੇ ਗਏ ਹਨ। ਮਹਿਲਾਵਾਂ ਦੀ ਆਮਦਨ ਨੂੰ ਉਨ੍ਹਾਂ ਦੇ ਸਸ਼ਕਤੀਕਰਣ ਦਾ ਸਾਧਨ ਬਣਾਉਣ ਲਈ ‘ਮਹਿਲਾ ਸਨਮਾਨ ਬੱਚਤ ਸਰਟੀਫਿਕੇਟ’ ਸਕੀਮ ਵੀ ਸ਼ੁਰੂ ਕੀਤੀ ਗਈ ਹੈ।  ਖਾਸ ਤੌਰ 'ਤੇ ਮਹਿਲਾਵਾਂ ਨੂੰ ਬਚਤ 'ਤੇ ਵੱਧ ਵਿਆਜ ਦਾ ਲਾਭ ਮਿਲੇਗਾ।” ਉਨ੍ਹਾਂ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਅਲਾਟਮੈਂਟ ਵਧਾ ਕੇ 70 ਹਜ਼ਾਰ ਕਰੋੜ ਕਰ ​​ਦਿੱਤੀ ਗਈ ਹੈ ਅਤੇ ਇਸ ਯੋਜਨਾ ਤਹਿਤ ਬਣਾਏ ਗਏ ਜ਼ਿਆਦਾਤਰ ਘਰ, ਘਰ ਦੀਆਂ ਮਹਿਲਾਵਾਂ ਦੇ ਨਾਮ 'ਤੇ ਹਨ। ਉਨ੍ਹਾਂ ਕਿਹਾ ਕਿ ਇਸ ਬਜਟ ਵਿੱਚ ਕਈ ਅਜਿਹੀਆਂ ਵਿਵਸਥਾਵਾਂ ਹਨ, ਜਿਨ੍ਹਾਂ ਤੋਂ ਅਸਾਮ, ਨਾਗਾਲੈਂਡ, ਤ੍ਰਿਪੁਰਾ, ਮੇਘਾਲਿਆ ਜਿਹੇ ਉੱਤਰ ਪੂਰਬੀ ਰਾਜਾਂ ਦੀਆਂ ਮਹਿਲਾਵਾਂ ਨੂੰ ਵਿਆਪਕ ਤੌਰ 'ਤੇ ਲਾਭ ਮਿਲੇਗਾ, ਉਨ੍ਹਾਂ ਲਈ ਨਵੇਂ ਮੌਕੇ ਪੈਦਾ ਹੋਣਗੇ।

 

ਕ੍ਰਿਸ਼ਨਗੁਰੂ ਦੀਆਂ ਸਿੱਖਿਆਵਾਂ ਦਾ ਹਵਾਲਾ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਰੋਜ਼ਾਨਾ ਭਗਤੀ ਦੇ ਕੰਮਾਂ ਵਿੱਚ ਵਿਸ਼ਵਾਸ ਰੱਖਦੇ ਹੋਏ ਹਮੇਸ਼ਾ ਆਪਣੀ ਆਤਮਾ ਦੀ ਸੇਵਾ ਕਰਨੀ ਚਾਹੀਦੀ ਹੈ।  ਦੇਸ਼ ਦੇ ਵਿਕਾਸ ਲਈ ਵਿਭਿੰਨ ਸਰਕਾਰੀ ਯੋਜਨਾਵਾਂ ਦੀ ਜੀਵਨ ਰੇਖਾ ਸਮਾਜ ਦੀ ਸ਼ਕਤੀ ਅਤੇ ਜਨ ਭਾਗੀਦਾਰੀ ਨੂੰ ਦਰਸਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਆਯੋਜਿਤ ਕੀਤੇ ਗਏ ਇਹ ਸੇਵਾ ਯੱਗ ਦੇਸ਼ ਦੀ ਵੱਡੀ ਤਾਕਤ ਬਣ ਰਹੇ ਹਨ। ਸਵੱਛ ਭਾਰਤ, ਡਿਜੀਟਲ ਇੰਡੀਆ ਅਤੇ ਜਨ ਭਾਗੀਦਾਰੀ ਦੁਆਰਾ ਸਫਲ ਬਣਾਈਆਂ ਗਈਆਂ ਹੋਰ ਕਈ ਯੋਜਨਾਵਾਂ ਦੀਆਂ ਉਦਾਹਰਣਾਂ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਬੇਟੀ ਬਚਾਓ ਬੇਟੀ ਪੜ੍ਹਾਓ, ਪੋਸ਼ਣ ਅਭਿਆਨ, ਖੇਲੋ ਇੰਡੀਆ, ਫਿਟ ਇੰਡੀਆ, ਯੋਗ ਅਤੇ ਆਯੁਰਵੇਦ ਜਿਹੀਆਂ ਯੋਜਨਾਵਾਂ ਨੂੰ ਅੱਗੇ ਲਿਜਾਣ ਵਿੱਚ ਕ੍ਰਿਸ਼ਨਗੁਰੂ ਸੇਵਾਸ਼੍ਰਮ ਦੀ ਮਹੱਤਵਪੂਰਨ ਭੂਮਿਕਾ ਹੈ, ਜੋ ਦੇਸ਼ ਨੂੰ ਹੋਰ ਮਜ਼ਬੂਤ ​​ਕਰਨਗੀਆਂ।

 

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਦੇਸ਼ ਪਰੰਪਰਾਗਤ ਕਾਰੀਗਰਾਂ ਲਈ ਪ੍ਰਧਾਨ ਮੰਤਰੀ ਵਿਸ਼ਵਕਰਮਾ ਕੌਸ਼ਲ ਯੋਜਨਾ ਸ਼ੁਰੂ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਇਸ ਯੋਜਨਾ ਬਾਰੇ ਜਾਗਰੂਕਤਾ ਫੈਲਾਉਣ ਲਈ ਕ੍ਰਿਸ਼ਨਗੁਰੂ ਸੇਵਾਸ਼੍ਰਮ ਨੂੰ ਕੰਮ ਕਰਨ ਦੀ ਬੇਨਤੀ ਕਰਦੇ ਹੋਏ ਜ਼ੋਰ ਦਿੱਤਾ "ਦੇਸ਼ ਨੇ ਹੁਣ ਪਹਿਲੀ ਵਾਰ ਇਨ੍ਹਾਂ ਪਰੰਪਰਾਗਤ ਕਾਰੀਗਰਾਂ ਦੇ ਕੌਸ਼ਲ ਨੂੰ ਹੁਲਾਰਾ ਦੇਣ ਦਾ ਸੰਕਲਪ ਲਿਆ ਹੈ।” ਪ੍ਰਧਾਨ ਮੰਤਰੀ ਨੇ ਸੇਵਾਸ਼੍ਰਮ ਨੂੰ ਸ੍ਰੀ ਅੰਨ ਨਾਲ 'ਪ੍ਰਸਾਦ' ਤਿਆਰ ਕਰਕੇ ਮੋਟੇ ਅਨਾਜ, ਜਿਸ ਨੂੰ ਹਾਲ ਹੀ ਵਿੱਚ ਸ਼੍ਰੀ ਅੰਨ ਦਾ ਨਾਮ ਦਿੱਤਾ ਗਿਆ ਹੈ, ਦਾ ਪ੍ਰਚਾਰ ਕਰਨ ਲਈ ਕਿਹਾ। ਉਨ੍ਹਾਂ ਸੇਵਾਸ਼੍ਰਮ ਪ੍ਰਕਾਸ਼ਨਾਂ ਜ਼ਰੀਏ ਸੁਤੰਤਰਤਾ ਸੈਨਾਨੀਆਂ ਦੇ ਇਤਿਹਾਸ ਨੂੰ ਨੌਜਵਾਨ ਪੀੜ੍ਹੀ ਤੱਕ ਪਹੁੰਚਾਉਣ ਲਈ ਵੀ ਕਿਹਾ। ਸੰਬੋਧਨ ਦੀ ਸਮਾਪਤੀ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਇਹ ਅਖੰਡ ਕੀਰਤਨ 12 ਵਰ੍ਹਿਆਂ ਬਾਅਦ ਹੋਵੇਗਾ ਤਾਂ ਅਸੀਂ ਇੱਕ ਹੋਰ ਸ਼ਕਤੀਸ਼ਾਲੀ ਭਾਰਤ ਦੇ ਗਵਾਹ ਹੋਵਾਂਗੇ।

 

ਪਿਛੋਕੜ

 

ਪਰਮਗੁਰੂ ਕ੍ਰਿਸ਼ਨਗੁਰੂ ਈਸ਼ਵਰ ਨੇ 1974 ਵਿੱਚ ਅਸਾਮ ਦੇ ਬਾਰਪੇਟਾ ਦੇ ਨਸਾਤ੍ਰਾ ਪਿੰਡ ਵਿੱਚ ਕ੍ਰਿਸ਼ਨਗੁਰੂ ਸੇਵਾਸ਼੍ਰਮ ਦੀ ਸਥਾਪਨਾ ਕੀਤੀ। ਉਹ ਮਹਾਵੈਸ਼ਣਵ ਮਨੋਹਰਦੇਵ ਦੇ ਨੌਵੇਂ ਉੱਤਰਾਧਿਕਾਰੀ ਹਨ, ਜੋ ਮਹਾਨ ਵੈਸ਼ਨਵ ਸੰਤ ਸ਼੍ਰੀ ਸ਼ੰਕਰਦੇਵਾ ਦੇ ਅਨੁਯਾਈ ਸਨ। ਵਿਸ਼ਵ ਸ਼ਾਂਤੀ ਲਈ ਕ੍ਰਿਸ਼ਨਗੁਰੂ ਏਕਨਾਮ ਅਖੰਡ ਕੀਰਤਨ 6 ਜਨਵਰੀ ਤੋਂ ਕ੍ਰਿਸ਼ਨਗੁਰੂ ਸੇਵਾਸ਼੍ਰਮ ਵਿਖੇ ਇੱਕ ਮਹੀਨਾ ਚਲਣ ਵਾਲਾ ਕੀਰਤਨ ਹੈ।

 

 

 

 

 

 

 

 

 *******

 

ਡੀਐੱਸ/ਟੀਐੱਸ


(Release ID: 1896405) Visitor Counter : 170