ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ 9ਵੀਂ ਵਿਸ਼ਵ ਆਯੁਰਵੇਦ ਕਾਂਗਰਸ ਦੇ ਸਮਾਪਨ ਸਮਾਰੋਹ ਨੂੰ ਸੰਬੋਧਨ ਕੀਤਾ
ਤਿੰਨ ਰਾਸ਼ਟਰੀ ਆਯੁਸ਼ ਸੰਸਥਾਨਾਂ ਦਾ ਉਦਘਾਟਨ ਕੀਤਾ
"ਆਯੁਰਵੇਦ ਇਲਾਜ ਤੋਂ ਅਗਾਂਹ ਜਾਂਦਾ ਹੈ ਤੇ ਤੰਦਰੁਸਤੀ ਵਧਾਉਂਦਾ ਹੈ"
"ਅੰਤਰਰਾਸ਼ਟਰੀ ਯੋਗ ਦਿਵਸ ਨੂੰ ਪੂਰੀ ਦੁਨੀਆ ਦੁਆਰਾ ਸਿਹਤ ਅਤੇ ਤੰਦਰੁਸਤੀ ਦੇ ਵਿਸ਼ਵ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ"
"ਅਸੀਂ ਹੁਣ 'ਰਾਸ਼ਟਰੀ ਆਯੁਸ਼ ਖੋਜ ਸੰਗਠਨ' ਬਣਾਉਣ ਦੀ ਦਿਸ਼ਾ ਵਿੱਚ ਅੱਗੇ ਵਧ ਰਹੇ ਹਾਂ"
"ਆਯੁਸ਼ ਉਦਯੋਗ ਜੋ 8 ਸਾਲ ਪਹਿਲਾਂ ਲਗਭਗ 20 ਹਜ਼ਾਰ ਕਰੋੜ ਰੁਪਏ ਸੀ, ਅੱਜ ਲਗਭਗ 1.5 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ ਹੈ"
“ਪਰੰਪਰਾਗਤ ਚਿਕਿਤਸਾ ਦਾ ਖੇਤਰ ਲਗਾਤਾਰ ਵਧ ਰਿਹਾ ਹੈ ਤੇ ਸਾਨੂੰ ਇਸਦੀ ਹਰ ਸੰਭਾਵਨਾ ਦਾ ਪੂਰਾ ਫਾਇਦਾ ਉਠਾਉਣਾ ਹੋਵੇਗਾ”
"'ਇੱਕ ਧਰਤੀ, ਇੱਕ ਸਿਹਤ' ਦਾ ਅਰਥ ਹੈ ਸਿਹਤ ਦਾ ਇੱਕ ਵਿਆਪਕ ਦ੍ਰਿਸ਼ਟੀਕੋਣ"
Posted On:
11 DEC 2022 5:58PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 9ਵੀਂ ਵਿਸ਼ਵ ਆਯੁਰਵੇਦ ਕਾਂਗਰਸ ਦੇ ਸਮਾਪਨ ਸਮਾਰੋਹ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਤਿੰਨ ਰਾਸ਼ਟਰੀ ਆਯੁਸ਼ ਸੰਸਥਾਵਾਂ ਦਾ ਉਦਘਾਟਨ ਵੀ ਕੀਤਾ। ਤਿੰਨ ਸੰਸਥਾਵਾਂ - ਆਲ ਇੰਡੀਆ ਇੰਸਟੀਟਿਊਟ ਆਵ੍ ਆਯੁਰਵੇਦ (AIIA), ਗੋਆ, ਨੈਸ਼ਨਲ ਇੰਸਟੀਟਿਊਟ ਆਵ੍ ਯੂਨਾਨੀ ਮੈਡੀਸਿਨ (NIUM), ਗਾਜ਼ੀਆਬਾਦ ਅਤੇ ਨੈਸ਼ਨਲ ਇੰਸਟੀਟਿਊਟ ਆਵ੍ ਹੋਮਿਓਪੈਥੀ (NIH), ਦਿੱਲੀ - ਖੋਜ ਅਤੇ ਅੰਤਰਰਾਸ਼ਟਰੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਗੇ ਅਤੇ ਕਿਫਾਇਤੀ ਆਯੁਸ਼ ਸੇਵਾਵਾਂ ਦੀ ਸੁਵਿਧਾ ਵੀ ਪ੍ਰਦਾਨ ਕਰਨਗੇ। ਲੋਕਾਂ ਲਈ ਲਗਭਗ 970 ਕਰੋੜ ਰੁਪਏ ਦੀ ਕੁੱਲ ਲਾਗਤ ਨਾਲ ਵਿਕਸਿਤ ਇਹ ਸੰਸਥਾਵਾਂ ਲਗਭਗ 500 ਹਸਪਤਾਲ ਦੇ ਬੈੱਡਾਂ ਦੇ ਨਾਲ-ਨਾਲ ਵਿਦਿਆਰਥੀਆਂ ਦੇ ਦਾਖਲੇ ਵਿੱਚ 400 ਦੇ ਕਰੀਬ ਵਾਧਾ ਕਰਨਗੀਆਂ।
ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਗੋਆ ਦੀ ਖੂਬਸੂਰਤ ਧਰਤੀ 'ਤੇ ਦੁਨੀਆ ਭਰ ਤੋਂ 9ਵੀਂ ਵਿਸ਼ਵ ਆਯੁਰਵੇਦ ਕਾਂਗਰਸ ਦੇ ਸਾਰੇ ਡੈਲੀਗੇਟਾਂ ਦਾ ਸੁਆਗਤ ਕੀਤਾ ਅਤੇ ਵਿਸ਼ਵ ਆਯੁਰਵੇਦ ਕਾਂਗਰਸ ਦੀ ਸਫ਼ਲਤਾ ਲਈ ਸਾਰਿਆਂ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਉਜਾਗਰ ਕੀਤਾ ਕਿ ਵਿਸ਼ਵ ਆਯੁਰਵੇਦ ਕਾਂਗਰਸ ਦਾ ਆਯੋਜਨ ਉਸ ਸਮੇਂ ਕੀਤਾ ਜਾ ਰਿਹਾ ਹੈ ਜਦੋਂ ਆਜ਼ਾਦੀ ਕਾ ਅੰਮ੍ਰਿਤ ਕਾਲ ਦੀ ਯਾਤਰਾ ਚਲ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੰਮ੍ਰਿਤ ਕਾਲ ਦੇ ਮੁੱਖ ਸੰਕਲਪਾਂ ਵਿੱਚੋਂ ਇੱਕ ਭਾਰਤ ਦੇ ਵਿਗਿਆਨਕ, ਗਿਆਨ ਅਤੇ ਸੱਭਿਆਚਾਰਕ ਅਨੁਭਵ ਰਾਹੀਂ ਵਿਸ਼ਵ ਭਲਾਈ ਨੂੰ ਯਕੀਨੀ ਬਣਾਉਣਾ ਹੈ ਅਤੇ ਆਯੁਰਵੇਦ ਇਸ ਲਈ ਇੱਕ ਮਜ਼ਬੂਤ ਅਤੇ ਪ੍ਰਭਾਵੀ ਮਾਧਿਅਮ ਹੈ। ਭਾਰਤ ਦੀ ਜੀ-20 ਦੇਸ਼ਾਂ ਦੀ ਪ੍ਰਧਾਨਗੀ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਜੀ-20 ਦੀ ਥੀਮ ‘ਇੱਕ ਧਰਤੀ, ਇੱਕ ਪਰਿਵਾਰ, ਇੱਕ ਭਵਿੱਖ ਬਾਰੇ ਜਾਣਕਾਰੀ ਦਿੱਤੀ।
ਪ੍ਰਧਾਨ ਮੰਤਰੀ ਨੇ ਖੁਸ਼ੀ ਜ਼ਾਹਰ ਕੀਤੀ ਕਿ ਦੁਨੀਆ ਦੇ 30 ਤੋਂ ਵੱਧ ਦੇਸ਼ਾਂ ਨੇ ਆਯੁਰਵੇਦ ਨੂੰ ਪਰੰਪਰਾਗਤ ਚਿਕਿਤਸਾ ਪ੍ਰਣਾਲੀ ਵਜੋਂ ਮਾਨਤਾ ਦਿੱਤੀ ਹੈ। ਉਨ੍ਹਾਂ ਆਯੁਰਵੇਦ ਦੀ ਵਿਆਪਕ ਮਾਨਤਾ ਨੂੰ ਯਕੀਨੀ ਬਣਾਉਣ ਲਈ ਹੋਰ ਨਿਰੰਤਰ ਕੰਮ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਅੱਜ ਉਦਘਾਟਨ ਕੀਤੇ ਗਏ ਤਿੰਨ ਰਾਸ਼ਟਰੀ ਸੰਸਥਾਨ ਆਯੁਸ਼ ਸਿਹਤ ਸੰਭਾਲ਼ ਪ੍ਰਣਾਲੀ ਨੂੰ ਨਵੀਂ ਗਤੀ ਪ੍ਰਦਾਨ ਕਰਨਗੇ।
ਆਯੁਰਵੇਦ ਦੇ ਦਾਰਸ਼ਨਿਕ ਅਧਾਰਾਂ 'ਤੇ ਵਿਚਾਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ "ਆਯੁਰਵੇਦ ਇਲਾਜ ਤੋਂ ਅਗਾਂਹ ਜਾਂਦਾ ਹੈ ਅਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਦਾ ਹੈ", ਜਿਵੇਂ ਕਿ ਉਨ੍ਹਾਂ ਨੇ ਧਿਆਨ ਦਿਵਾਇਆ ਕਿ ਦੁਨੀਆ ਵੱਖ-ਵੱਖ ਰੁਝਾਨਾਂ ਵਿੱਚ ਤਬਦੀਲੀਆਂ ਤੋਂ ਬਾਅਦ ਜੀਵਨ ਦੇ ਇਸ ਪ੍ਰਾਚੀਨ ਢੰਗ ਵੱਲ ਵਧ ਰਹੀ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਖੁਸ਼ੀ ਜ਼ਾਹਰ ਕੀਤੀ ਕਿ ਭਾਰਤ ਵਿੱਚ ਆਯੁਰਵੇਦ ਦੇ ਸਬੰਧ ਵਿੱਚ ਬਹੁਤ ਸਾਰਾ ਕੰਮ ਪਹਿਲਾਂ ਹੀ ਚਲ ਰਿਹਾ ਹੈ। ਉਸ ਸਮੇਂ ਨੂੰ ਯਾਦ ਕਰਦੇ ਹੋਏ ਜਦੋਂ ਉਹ ਗੁਜਰਾਤ ਦੇ ਮੁੱਖ ਮੰਤਰੀ ਸਨ, ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਆਯੁਰਵੇਦ ਨਾਲ ਸਬੰਧਤ ਸੰਸਥਾਵਾਂ ਨੂੰ ਅੱਗੇ ਵਧਾਇਆ ਸੀ ਅਤੇ ਗੁਜਰਾਤ ਆਯੁਰਵੇਦਿਕ ਯੂਨੀਵਰਸਿਟੀ ਨੂੰ ਅੱਗੇ ਵਧਾਉਣ ਲਈ ਕੰਮ ਕੀਤਾ ਸੀ। ਨਤੀਜੇ ਵਜੋਂ, ਪ੍ਰਧਾਨ ਮੰਤਰੀ ਨੇ ਕਿਹਾ, “ਵਿਸ਼ਵ ਸਿਹਤ ਸੰਗਠਨ ਨੇ ਜਾਮਨਗਰ ਵਿੱਚ ਪਰੰਪਰਾਗਤ ਦਵਾਈਆਂ ਲਈ ਪਹਿਲਾ ਅਤੇ ਇੱਕੋ ਇੱਕ ਗਲੋਬਲ ਸੈਂਟਰ ਸਥਾਪਿਤ ਕੀਤਾ। ਮੌਜੂਦਾ ਸਰਕਾਰ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਉਜਾਗਰ ਕੀਤਾ ਕਿ ਵੱਖਰਾ ਆਯੁਸ਼ ਮੰਤਰਾਲਾ ਸਥਾਪਿਤ ਕੀਤਾ ਗਿਆ ਸੀ, ਜਿਸ ਨਾਲ ਆਯੁਰਵੇਦ ਪ੍ਰਤੀ ਉਤਸ਼ਾਹ ਅਤੇ ਵਿਸ਼ਵਾਸ ਵਧਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਏਮਸ ਦੀ ਤਰਜ਼ 'ਤੇ ਆਲ ਇੰਡੀਆ ਇੰਸਟੀਟਿਊਟ ਆਵ੍ ਆਯੁਰਵੇਦ ਵੀ ਸਥਾਪਿਤ ਕੀਤਾ ਜਾ ਰਿਹਾ ਹੈ। ਇਸ ਸਾਲ ਦੇ ਸ਼ੁਰੂ ਵਿੱਚ ਹੋਏ ਗਲੋਬਲ ਆਯੁਸ਼ ਇਨੋਵੇਸ਼ਨ ਐਂਡ ਇਨਵੈਸਟਮੈਂਟ ਸਿਖ਼ਰ ਸੰਮੇਲਨ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਉਜਾਗਰ ਕੀਤਾ ਕਿ ਵਿਸ਼ਵ ਸਿਹਤ ਸੰਗਠਨ ਪਰੰਪਰਾਗਤ ਚਿਕਿਤਸਾ ਦੇ ਖੇਤਰ ਵਿੱਚ ਭਾਰਤ ਦੇ ਯਤਨਾਂ ਦੀ ਪ੍ਰਸ਼ੰਸਾ ਨਾਲ ਭਰਪੂਰ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਵਿਸ਼ਵ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਸਿਹਤ ਅਤੇ ਤੰਦਰੁਸਤੀ ਦੇ ਵਿਸ਼ਵ ਤਿਉਹਾਰ ਵਜੋਂ ਮਨਾ ਰਿਹਾ ਹੈ। ਸ਼੍ਰੀ ਮੋਦੀ ਨੇ ਟਿੱਪਣੀ ਕੀਤੀ, “ਇੱਕ ਸਮਾਂ ਸੀ ਜਦੋਂ ਯੋਗ ਨੂੰ ਤੁੱਛ ਸਮਝਿਆ ਜਾਂਦਾ ਸੀ ਪਰ ਅੱਜ, ਇਹ ਸਮੁੱਚੀ ਮਨੁੱਖਤਾ ਲਈ ਆਸਾਂ ਅਤੇ ਉਮੀਦਾਂ ਦਾ ਸਰੋਤ ਬਣ ਗਿਆ ਹੈ।”
ਅਜੋਕੇ ਸੰਸਾਰ ਵਿੱਚ ਆਯੁਰਵੇਦ ਦੀ ਦੇਰੀ ਨਾਲ ਹੋਏ ਸਮਝੌਤੇ, ਸੌਖ ਅਤੇ ਪ੍ਰਵਾਨਗੀ 'ਤੇ ਦੁੱਖ ਪ੍ਰਗਟ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਨਤ ਵਿਗਿਆਨ ਸਿਰਫ਼ ਪ੍ਰਮਾਣ ਨੂੰ ਪਵਿੱਤਰ ਗਰੇਲ ਮੰਨਦਾ ਹੈ। 'ਡਾਟਾ ਅਧਾਰਿਤ ਸਬੂਤ' ਦੇ ਦਸਤਾਵੇਜ਼ਾਂ ਵੱਲ ਲਗਾਤਾਰ ਕੰਮ ਕਰਨ ਦੀ ਲੋੜ 'ਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਕੋਲ ਆਯੁਰਵੇਦ ਦੇ ਨਤੀਜੇ ਅਤੇ ਪ੍ਰਭਾਵ ਸਾਡੇ ਪੱਖ 'ਚ ਸਨ, ਪਰ ਅਸੀਂ ਸਬੂਤਾਂ ਦੇ ਮਾਮਲੇ 'ਚ ਪਿਛੜ ਗਏ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਆਧੁਨਿਕ ਵਿਗਿਆਨਕ ਮਾਪਦੰਡਾਂ 'ਤੇ ਹਰ ਦਾਅਵੇ ਦੀ ਪੁਸ਼ਟੀ ਕਰਨ ਲਈ ਸਾਡੇ ਮੈਡੀਕਲ ਡਾਟਾ, ਖੋਜ ਅਤੇ ਰਸਾਲਿਆਂ ਨੂੰ ਇਕੱਠੇ ਲਿਆਉਣਾ ਹੋਵੇਗਾ। ਇਸ ਸਬੰਧ ਵਿੱਚ ਕੀਤੇ ਗਏ ਕੰਮਾਂ 'ਤੇ ਚਾਨਣਾ ਪਾਉਂਦਿਆਂ ਪ੍ਰਧਾਨ ਮੰਤਰੀ ਨੇ ਸਬੂਤ ਅਧਾਰਿਤ ਖੋਜ ਡਾਟਾ ਲਈ ਇੱਕ ਆਯੁਸ਼ ਖੋਜ ਪੋਰਟਲ ਬਣਾਉਣ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਹੁਣ ਤੱਕ ਲਗਭਗ 40 ਹਜ਼ਾਰ ਖੋਜ ਅਧਿਐਨਾਂ ਦੇ ਅੰਕੜੇ ਉਪਲਬਧ ਹਨ, ਅਤੇ ਕੋਰੋਨਾ ਮਿਆਦ ਦੌਰਾਨ, ਸਾਡੇ ਕੋਲ ਆਯੁਸ਼ ਨਾਲ ਸਬੰਧਤ ਲਗਭਗ 150 ਵਿਸ਼ੇਸ਼ ਖੋਜ ਅਧਿਐਨ ਸਨ। ਉਨ੍ਹਾਂ ਅੱਗੇ ਕਿਹਾ,"ਅਸੀਂ ਹੁਣ 'ਰਾਸ਼ਟਰੀ ਆਯੁਸ਼ ਖੋਜ ਕੰਸੋਰਟੀਅਮ' ਬਣਾਉਣ ਦੀ ਦਿਸ਼ਾ ਵਿੱਚ ਅੱਗੇ ਵਧ ਰਹੇ ਹਾਂ।"
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਆਯੁਰਵੇਦ ਵੀ ਜੀਵਨ ਦਾ ਇੱਕ ਤਰੀਕਾ ਹੈ। ਅੰਤਿਮ ਖਪਤਕਾਰ ਦੁਆਰਾ ਗਿਆਨ ਦੀ ਘਾਟ ਕਾਰਨ ਖਰਾਬ ਹੋਣ ਵਾਲੀ ਮਸ਼ੀਨ ਜਾਂ ਕੰਪਿਊਟਰ ਦੀ ਸਮਾਨਤਾ ਖਿੱਚਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਯੁਰਵੇਦ ਸਾਨੂੰ ਸਿਖਾਉਂਦਾ ਹੈ ਕਿ ਸਰੀਰ ਅਤੇ ਮਨ ਨੂੰ ਇੱਕ ਦੂਸਰੇ ਨਾਲ ਅਤੇ ਇਕਸੁਰਤਾ ਵਿੱਚ ਸਿਹਤਮੰਦ ਹੋਣਾ ਚਾਹੀਦਾ ਹੈ। ਆਯੁਰਵੇਦ ਦੀ ਵਿਸ਼ੇਸ਼ਤਾ ਨੂੰ ਉਜਾਗਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ 'ਸਹੀ ਨੀਂਦ' ਅੱਜ ਡਾਕਟਰੀ ਵਿਗਿਆਨ ਲਈ ਚਰਚਾ ਦਾ ਇੱਕ ਵੱਡਾ ਵਿਸ਼ਾ ਹੈ, ਪਰ ਭਾਰਤ ਦੇ ਆਯੁਰਵੇਦ ਮਾਹਿਰਾਂ ਨੇ ਸਦੀਆਂ ਪਹਿਲਾਂ ਇਸ 'ਤੇ ਵਿਸਤਾਰ ਨਾਲ ਲਿਖਿਆ ਸੀ। ਆਰਥਿਕਤਾ ਵਿੱਚ ਆਯੁਰਵੇਦ ਦੇ ਮਹੱਤਵ 'ਤੇ ਵੀ ਰੌਸ਼ਨੀ ਪਾਉਂਦਿਆਂ ਪ੍ਰਧਾਨ ਮੰਤਰੀ ਨੇ ਆਯੁਰਵੇਦ ਦੇ ਖੇਤਰ ਵਿੱਚ ਨਵੇਂ ਮੌਕਿਆਂ ਜਿਵੇਂ ਕਿ ਜੜ੍ਹੀਆਂ ਬੂਟੀਆਂ ਦੀ ਖੇਤੀ, ਆਯੁਸ਼ ਦਵਾਈਆਂ ਦਾ ਨਿਰਮਾਣ ਅਤੇ ਸਪਲਾਈ, ਅਤੇ ਡਿਜੀਟਲ ਸੇਵਾਵਾਂ ਬਾਰੇ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਖੇਤਰਾਂ ਵਿੱਚ ਆਯੁਸ਼ ਸਟਾਰਟਅੱਪ ਦੀ ਵੱਡੀ ਸੰਭਾਵਨਾ ਹੈ। ਆਯੁਰਵੇਦ ਦੇ ਖੇਤਰ ਵਿੱਚ ਸਾਰਿਆਂ ਲਈ ਮੌਕਿਆਂ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਆਯੁਸ਼ ਖੇਤਰ ਵਿੱਚ ਲਗਭਗ 40,000 ਐੱਮਐੱਸਐੱਮਈ ਸਰਗਰਮ ਹਨ। ਆਯੁਸ਼ ਇੰਡਸਟਰੀ ਜੋ 8 ਸਾਲ ਪਹਿਲਾਂ ਲਗਭਗ 20 ਹਜ਼ਾਰ ਕਰੋੜ ਰੁਪਏ ਸੀ, ਅੱਜ ਲਗਭਗ 1.5 ਲੱਖ ਕਰੋੜ ਰੁਪਏ ਤੱਕ ਪਹੁੰਚ ਗਈ ਹੈ। ਉਨ੍ਹਾਂ ਨੇ ਕਿਹਾ,"ਇਸ ਦਾ ਮਤਲਬ ਹੈ ਕਿ 7-8 ਸਾਲਾਂ ਵਿੱਚ 7 ਗੁਣਾ ਵਾਧਾ ਹੋਇਆ ਹੈ।" ਉਨ੍ਹਾਂ ਸੈਕਟਰ ਦੇ ਵਿਸ਼ਵਵਿਆਪੀ ਵਿਕਾਸ ਬਾਰੇ ਵੀ ਵਿਸਤਾਰ ਨਾਲ ਦੱਸਿਆ ਅਤੇ ਕਿਹਾ ਕਿ ਜੜੀ-ਬੂਟੀਆਂ ਦੀ ਦਵਾਈ ਅਤੇ ਮਸਾਲਿਆਂ ਲਈ ਮੌਜੂਦਾ ਵਿਸ਼ਵ ਬਜ਼ਾਰ ਲਗਭਗ 120 ਅਰਬ ਡਾਲਰ ਜਾਂ 10 ਲੱਖ ਕਰੋੜ ਰੁਪਏ ਹੈ। ਉਨ੍ਹਾਂ ਅੱਗੇ ਕਿਹਾ,“ਪਰੰਪਰਾਗਤ ਚਿਕਿਤਸਾ ਦਾ ਇਹ ਖੇਤਰ ਲਗਾਤਾਰ ਵਧ ਰਿਹਾ ਹੈ ਅਤੇ ਸਾਨੂੰ ਇਸ ਦੀ ਹਰ ਸੰਭਾਵਨਾ ਦਾ ਪੂਰਾ ਫਾਇਦਾ ਉਠਾਉਣਾ ਹੋਵੇਗਾ। ਗ੍ਰਾਮੀਣ ਅਰਥਵਿਵਸਥਾ ਲਈ, ਸਾਡੇ ਕਿਸਾਨਾਂ ਲਈ ਖੇਤੀਬਾੜੀ ਦਾ ਇੱਕ ਬਿਲਕੁਲ ਨਵਾਂ ਖੇਤਰ ਖੁੱਲ੍ਹ ਰਿਹਾ ਹੈ, ਜਿਸ ਵਿੱਚ ਉਨ੍ਹਾਂ ਨੂੰ ਬਹੁਤ ਵਧੀਆ ਭਾਅ ਵੀ ਮਿਲਣਗੇ। ਇਸ ਵਿੱਚ ਨੌਜਵਾਨਾਂ ਲਈ ਹਜ਼ਾਰਾਂ ਅਤੇ ਲੱਖਾਂ ਨਵੀਆਂ ਨੌਕਰੀਆਂ ਪੈਦਾ ਹੋਣਗੀਆਂ।”
ਆਯੁਰਵੇਦ ਅਤੇ ਯੋਗਾ ਸੈਰ-ਸਪਾਟੇ ਦੇ ਮੌਕਿਆਂ ਦਾ ਜ਼ਿਕਰ ਕਰਦਿਆਂ ਖਾਸ ਤੌਰ 'ਤੇ ਗੋਆ ਵਰਗੇ ਰਾਜ ਲਈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਆਲ ਇੰਡੀਆ ਇੰਸਟੀਟਿਊਟ ਆਵ੍ ਆਯੁਰਵੇਦ (ਏਆਈਆਈਏ), ਗੋਆ ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਸ਼ੁਰੂਆਤ ਸਾਬਤ ਹੋ ਸਕਦਾ ਹੈ।
ਪ੍ਰਧਾਨ ਮੰਤਰੀ ਨੇ ‘ਵੰਨ ਅਰਥ ਵੰਨ ਹੈਲਥ’ ਦੇ ਭਵਿੱਖਵਾਦੀ ਦ੍ਰਿਸ਼ਟੀਕੋਣ ਦੀ ਵਿਆਖਿਆ ਕੀਤੀ ਜਿਸ ਨੂੰ ਭਾਰਤ ਨੇ ਦੁਨੀਆ ਦੇ ਸਾਹਮਣੇ ਰੱਖਿਆ ਹੈ। ਉਨ੍ਹਾਂ ਨੇ ਕਿਹਾ,“'ਇੱਕ ਧਰਤੀ, ਇੱਕ ਸਿਹਤ' ਦਾ ਅਰਥ ਹੈ ਸਿਹਤ ਦਾ ਵਿਸ਼ਵਵਿਆਪੀ ਦ੍ਰਿਸ਼ਟੀਕੋਣ। ਭਾਵੇਂ ਇਹ ਸਮੁੰਦਰੀ ਜਾਨਵਰ ਹਨ, ਜੰਗਲੀ ਜਾਨਵਰ, ਮਨੁੱਖ ਜਾਂ ਪੌਦੇ, ਉਨ੍ਹਾਂ ਦੀ ਸਿਹਤ ਆਪਸ ਵਿੱਚ ਜੁੜੀ ਹੋਈ ਹੈ। ਉਨ੍ਹਾਂ ਨੂੰ ਅਲੱਗ-ਥਲੱਗ ਦੇਖਣ ਦੀ ਬਜਾਏ, ਸਾਨੂੰ ਉਨ੍ਹਾਂ ਨੂੰ ਪੂਰੀ ਤਰ੍ਹਾਂ ਦੇਖਣਾ ਹੋਵੇਗਾ। ਆਯੁਰਵੇਦ ਦਾ ਇਹ ਸੰਪੂਰਨ ਦ੍ਰਿਸ਼ਟੀਕੋਣ ਭਾਰਤ ਦੀ ਪਰੰਪਰਾ ਅਤੇ ਜੀਵਨ ਸ਼ੈਲੀ ਦਾ ਹਿੱਸਾ ਰਿਹਾ ਹੈ।” ਉਨ੍ਹਾਂ ਨੇ ਆਯੁਰਵੇਦ ਕਾਂਗਰਸ ਨੂੰ ਇਸ ਗੱਲ 'ਤੇ ਚਰਚਾ ਕਰਨ ਦਾ ਸੱਦਾ ਦਿੱਤਾ ਕਿ ਆਯੁਸ਼ ਅਤੇ ਆਯੁਰਵੇਦ ਨੂੰ ਸੰਪੂਰਨ ਰੂਪ ਵਿੱਚ ਅੱਗੇ ਲਿਜਾਣ ਦਾ ਰੋਡਮੈਪ ਕਿਵੇਂ ਬਣਾਇਆ ਜਾ ਸਕਦਾ ਹੈ।
ਗੋਆ ਦੇ ਮੁੱਖ ਮੰਤਰੀ, ਡਾ: ਪ੍ਰਮੋਦ ਸਾਵੰਤ, ਗੋਆ ਦੇ ਰਾਜਪਾਲ, ਸ਼੍ਰੀ ਪੀ. ਐੱਸ. ਸ਼੍ਰੀਧਰਨ ਪਿੱਲੈ, ਆਯੁਸ਼ ਦੇ ਕੇਂਦਰੀ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ, ਆਯੁਸ਼ ਰਾਜ ਮੰਤਰੀ ਡਾ: ਮੁੰਜਪਾਰਾ ਮਹੇਂਦਰਭਾਈ, ਕੇਂਦਰੀ ਸੱਭਿਆਚਾਰ ਅਤੇ ਟੂਰਿਜ਼ਮ ਰਾਜ ਮੰਤਰੀ ਸ਼੍ਰੀਪਦ ਯੇਸੋ ਨਾਇਕ ਅਤੇ ਵਿਗਿਆਨ ਭਾਰਤ ਦੇ ਪ੍ਰਧਾਨ ਡਾ. ਸ਼ੇਖਰ ਮਾਂਡੇ ਇਸ ਮੌਕੇ ਹਾਜ਼ਰ ਸਨ।
ਪਿਛੋਕੜ
ਵਿਸ਼ਵ ਆਯੁਰਵੇਦ ਕਾਂਗਰਸ (ਡਬਲਿਊਏਸੀ) ਅਤੇ ਆਰੋਗਯ ਐਕਸਪੋ ਦੇ 9ਵੇਂ ਸੰਸਕਰਣ ਵਿੱਚ 50 ਤੋਂ ਵੱਧ ਦੇਸ਼ਾਂ, ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਆਯੁਰਵੇਦ ਦੇ ਹੋਰ ਹਿਤਧਾਰਕਾਂ ਦੀ ਨੁਮਾਇੰਦਗੀ ਕਰਨ ਵਾਲੇ 400 ਤੋਂ ਵੱਧ ਵਿਦੇਸ਼ੀ ਡੈਲੀਗੇਟਾਂ ਦੀ ਸਰਗਰਮ ਭਾਗੀਦਾਰੀ ਦੇਖਣ ਨੂੰ ਮਿਲ ਰਹੀ ਹੈ। WAC ਦੇ 9ਵੇਂ ਐਡੀਸ਼ਨ ਦਾ ਵਿਸ਼ਾ ਹੈ "ਇੱਕ ਸਿਹਤ ਲਈ ਆਯੁਰਵੇਦ"।
ਤਿੰਨ ਉਦਘਾਟਨੀ ਸੰਸਥਾਵਾਂ - ਆਲ ਇੰਡੀਆ ਇੰਸਟੀਟਿਊਟ ਆਵ੍ ਆਯੁਰਵੇਦ (AIIA), ਗੋਆ, ਨੈਸ਼ਨਲ ਇੰਸਟੀਟਿਊਟ ਆਵ੍ ਯੂਨਾਨੀ ਮੈਡੀਸਿਨ (NIUM), ਗਾਜ਼ੀਆਬਾਦ ਅਤੇ ਨੈਸ਼ਨਲ ਇੰਸਟੀਟਿਊਟ ਆਵ੍ ਹੋਮਿਓਪੈਥੀ (NIH), ਦਿੱਲੀ - ਖੋਜ ਅਤੇ ਅੰਤਰਰਾਸ਼ਟਰੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਗੇ ਅਤੇ ਲੋਕਾਂ ਲਈ ਕਿਫਾਇਤੀ ਆਯੁਸ਼ ਦੀ ਸੁਵਿਧਾ ਦੀਆਂ ਸੇਵਾਵਾਂ ਵੀ ਪ੍ਰਦਾਨ ਕਰਨਗੇ। ਲਗਭਗ 970 ਕਰੋੜ ਰੁਪਏ ਦੀ ਕੁੱਲ ਲਾਗਤ ਨਾਲ ਵਿਕਸਿਤ ਇਹ ਸੰਸਥਾਵਾਂ ਲਗਭਗ 500 ਹਸਪਤਾਲ ਦੇ ਬੈੱਡਾਂ ਦੇ ਨਾਲ-ਨਾਲ ਵਿਦਿਆਰਥੀਆਂ ਦੇ ਦਾਖਲੇ ਵਿੱਚ 400 ਦੇ ਕਰੀਬ ਵਾਧਾ ਕਰਨਗੀਆਂ।
**********
ਡੀਐੱਸ/ਟੀਐੱਸ
(Release ID: 1882811)
Visitor Counter : 151
Read this release in:
Tamil
,
Telugu
,
Kannada
,
English
,
Urdu
,
Marathi
,
Hindi
,
Bengali
,
Assamese
,
Manipuri
,
Gujarati
,
Odia
,
Malayalam