ਪ੍ਰਧਾਨ ਮੰਤਰੀ ਦਫਤਰ
ਡਿੰਡੀਗੁਲ ਵਿੱਚ ਗਾਂਧੀਗ੍ਰਾਮ ਗ੍ਰਾਮੀਣ ਇੰਸਟੀਟਿਊਟ ਦੀ 36ਵੀਂ ਕਨਵੋਕੇਸ਼ਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
11 NOV 2022 6:03PM by PIB Chandigarh
ਤਮਿਲ ਨਾਡੂ ਦੇ ਰਾਜਪਾਲ ਸ਼੍ਰੀ ਆਰ ਐੱਨ ਰਵੀ ਜੀ, ਤਮਿਲ ਨਾਡੂ ਦੇ ਮੁੱਖ ਮੰਤਰੀ ਸ਼੍ਰੀ ਐੱਮ ਕੇ ਸਟਾਲਿਨ ਜੀ, ਚਾਂਸਲਰ ਡਾ. ਕੇ ਐੱਮ ਅੰਨਾਮਲਾਈ ਜੀ, ਵਾਈਸ ਚਾਂਸਲਰ ਪ੍ਰੋਫੈਸਰ ਗੁਰਮੀਤ ਸਿੰਘ ਜੀ, ਗਾਂਧੀਗ੍ਰਾਮ ਗ੍ਰਾਮੀਣ ਸੰਸਥਾ ਦਾ ਸਟਾਫ਼ ਅਤੇ ਸਹਿਯੋਗੀ ਅਮਲਾ, ਹੋਣਹਾਰ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਣਮੱਤੇ ਮਾਪੇ, ਵਣਕਮ!
ਅੱਜ ਗ੍ਰੈਜੂਏਟ ਹੋਣ ਵਾਲੇ ਸਾਰੇ ਯੁਵਾ ਦਿਮਾਗਾਂ ਨੂੰ ਬਹੁਤ ਬਹੁਤ ਵਧਾਈ। ਮੈਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਵੀ ਵਧਾਈ ਦਿੰਦਾ ਹਾਂ। ਤੁਹਾਡੇ ਬਲੀਦਾਨਾਂ ਸਦਕਾ ਅੱਜ ਇਹ ਸੰਭਵ ਹੋਇਆ ਹੈ। ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਵੀ ਸ਼ਲਾਘਾ ਦਾ ਹੱਕਦਾਰ ਹੈ।
ਮਿੱਤਰੋ,
ਇੱਥੇ ਕਨਵੋਕੇਸ਼ਨ ਵਿੱਚ ਆਉਣਾ ਮੇਰੇ ਲਈ ਬਹੁਤ ਪ੍ਰੇਰਣਾਦਾਇਕ ਅਨੁਭਵ ਹੈ। ਗਾਂਧੀਗ੍ਰਾਮ ਦਾ ਉਦਘਾਟਨ ਖ਼ੁਦ ਮਹਾਤਮਾ ਗਾਂਧੀ ਨੇ ਕੀਤਾ ਸੀ। ਕੁਦਰਤੀ ਸੁੰਦਰਤਾ, ਸਥਿਰ ਗ੍ਰਾਮੀਣ ਜੀਵਨ, ਸਾਦਾ ਪਰ ਬੌਧਿਕ ਵਾਤਾਵਰਣ, ਮਹਾਤਮਾ ਗਾਂਧੀ ਦੇ ਗ੍ਰਾਮੀਣ ਵਿਕਾਸ ਦੇ ਵਿਚਾਰਾਂ ਦੀ ਭਾਵਨਾ ਨੂੰ ਇੱਥੇ ਦੇਖਿਆ ਜਾ ਸਕਦਾ ਹੈ। ਮੇਰੇ ਯੁਵਾ ਮਿੱਤਰੋ, ਤੁਸੀਂ ਸਾਰੇ ਇੱਕ ਬਹੁਤ ਹੀ ਮਹੱਤਵਪੂਰਨ ਸਮੇਂ ਗ੍ਰੈਜੂਏਟ ਹੋ ਰਹੇ ਹੋ। ਗਾਂਧੀਵਾਦੀ ਕਦਰਾਂ-ਕੀਮਤਾਂ ਬਹੁਤ ਪ੍ਰਾਸੰਗਿਕ ਬਣ ਰਹੀਆਂ ਹਨ। ਭਾਵੇਂ ਇਹ ਵਿਵਾਦਾਂ ਨੂੰ ਖ਼ਤਮ ਕਰਨ ਬਾਰੇ ਹੋਵੇ, ਜਾਂ ਜਲਵਾਯੂ ਸੰਕਟ ਬਾਰੇ, ਮਹਾਤਮਾ ਗਾਂਧੀ ਦੇ ਵਿਚਾਰਾਂ ਵਿੱਚ ਅੱਜ ਦੇ ਬਹੁਤ ਸਾਰੇ ਭਖਦੇ ਮੁੱਦਿਆਂ ਦੇ ਜਵਾਬ ਹਨ। ਗਾਂਧੀਵਾਦੀ ਜੀਵਨ ਜਾਚ ਦੇ ਵਿਦਿਆਰਥੀ ਹੋਣ ਦੇ ਨਾਤੇ, ਤੁਹਾਡੇ ਕੋਲ ਵੱਡਾ ਪ੍ਰਭਾਵ ਪਾਉਣ ਦਾ ਵਧੀਆ ਮੌਕਾ ਹੈ।
ਮਿੱਤਰੋ,
ਮਹਾਤਮਾ ਗਾਂਧੀ ਨੂੰ ਸਭ ਤੋਂ ਵਧੀਆ ਸ਼ਰਧਾਂਜਲੀ ਉਨ੍ਹਾਂ ਦੇ ਦਿਲ ਨੇੜਲੇ ਵਿਚਾਰਾਂ 'ਤੇ ਕੰਮ ਕਰਨਾ ਹੈ। ਖਾਦੀ ਨੂੰ ਲੰਬੇ ਸਮੇਂ ਤੋਂ ਅਣਗੌਲਿਆ ਗਿਆ ਅਤੇ ਵਿਸਾਰ ਦਿੱਤਾ ਗਿਆ ਸੀ। ਪਰ 'ਖਾਦੀ ਫੌਰ ਨੇਸ਼ਨ, ਖਾਦੀ ਫੌਰ ਫੈਸ਼ਨ' ਦੇ ਸੱਦੇ ਰਾਹੀਂ ਇਹ ਬਹੁਤ ਮਸ਼ਹੂਰ ਹੋ ਗਿਆ ਹੈ। ਪਿਛਲੇ 8 ਸਾਲਾਂ ਵਿੱਚ, ਖਾਦੀ ਸੈਕਟਰ ਦੀ ਵਿਕਰੀ ਵਿੱਚ 300% ਤੋਂ ਵੱਧ ਦਾ ਵਾਧਾ ਹੋਇਆ ਹੈ। ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ ਨੇ ਪਿਛਲੇ ਸਾਲ 1 ਲੱਖ ਕਰੋੜ ਰੁਪਏ ਤੋਂ ਵੱਧ ਦਾ ਰਿਕਾਰਡ ਕਾਰੋਬਾਰ ਕੀਤਾ ਹੈ। ਹੁਣ ਤਾਂ ਗਲੋਬਲ ਫੈਸ਼ਨ ਬ੍ਰਾਂਡ ਵੀ ਖਾਦੀ ਨੂੰ ਲੈ ਕੇ ਜਾ ਰਹੇ ਹਨ। ਕਿਉਂਕਿ ਇਹ ਇੱਕ ਵਾਤਾਵਰਣ-ਅਨੁਕੂਲ ਫੈਬਰਿਕ ਹੈ, ਗ੍ਰਹਿ ਲਈ ਚੰਗਾ ਹੈ। ਇਹ ਵਿਆਪਕ ਉਤਪਾਦਨ ਦੀ ਕ੍ਰਾਂਤੀ ਨਹੀਂ ਹੈ। ਇਹ ਜਨਤਾ ਦੁਆਰਾ ਉਤਪਾਦਨ ਦਾ ਇਨਕਲਾਬ ਹੈ। ਮਹਾਤਮਾ ਗਾਂਧੀ ਨੇ ਖਾਦੀ ਨੂੰ ਪਿੰਡਾਂ ਵਿੱਚ ਆਤਮਨਿਰਭਰਤਾ ਦੇ ਸਾਧਨ ਵਜੋਂ ਦੇਖਿਆ। ਪਿੰਡਾਂ ਦੀ ਆਤਮਨਿਰਭਰਤਾ ਵਿੱਚ ਉਨ੍ਹਾਂ ਨੇ ਆਤਮਨਿਰਭਰ ਭਾਰਤ ਦਾ ਬੀਜ ਦੇਖਿਆ। ਉਨ੍ਹਾਂ ਤੋਂ ਪ੍ਰੇਰਿਤ ਹੋ ਕੇ ਅਸੀਂ ਆਤਮਨਿਰਭਰ ਭਾਰਤ ਲਈ ਕੰਮ ਕਰ ਰਹੇ ਹਾਂ। ਤਮਿਲ ਨਾਡੂ ਸਵਦੇਸ਼ੀ ਅੰਦੋਲਨ ਦਾ ਮੁੱਖ ਕੇਂਦਰ ਸੀ। ਇਹ ਇੱਕ ਵਾਰ ਫਿਰ ਆਤਮਨਿਰਭਰ ਭਾਰਤ ਵਿੱਚ ਅਹਿਮ ਭੂਮਿਕਾ ਨਿਭਾਏਗਾ।
ਮਿੱਤਰੋ,
ਗ੍ਰਾਮੀਣ ਵਿਕਾਸ ਬਾਰੇ ਮਹਾਤਮਾ ਗਾਂਧੀ ਦੇ ਦ੍ਰਿਸ਼ਟੀਕੋਣ ਨੂੰ ਸਮਝਣਾ ਮਹੱਤਵਪੂਰਨ ਹੈ। ਉਹ ਚਾਹੁੰਦੇ ਸਨ ਕਿ ਪਿੰਡਾਂ ਦੀ ਪ੍ਰਗਤੀ ਹੋਵੇ। ਇਸ ਦੇ ਨਾਲ ਹੀ ਉਹ ਗ੍ਰਾਮੀਣ ਜੀਵਨ ਦੀਆਂ ਕਦਰਾਂ-ਕੀਮਤਾਂ ਨੂੰ ਸੰਭਾਲਣਾ ਚਾਹੁੰਦੇ ਸਨ। ਗ੍ਰਾਮੀਣ ਵਿਕਾਸ ਦਾ ਸਾਡਾ ਦ੍ਰਿਸ਼ਟੀਕੋਣ ਉਨ੍ਹਾਂ ਤੋਂ ਪ੍ਰੇਰਣਾ ਲੈਂਦਾ ਹੈ। ਸਾਡਾ ਵਿਜ਼ਨ ਹੈ,
"ਆਤਮਾ ਪਿੰਡ ਦੀ, ਸੁਵਿਧਾ ਸ਼ਹਿਰ ਦੀ"
ਜਾਂ
“ग्रामत्तिन् आण्मा, नगरत्तिन् वसदि”
ਸ਼ਹਿਰੀ ਅਤੇ ਗ੍ਰਾਮੀਣ ਖੇਤਰਾਂ ਦਾ ਵੱਖਰਾ ਹੋਣਾ ਠੀਕ ਹੈ। ਫਰਕ ਠੀਕ ਹੈ। ਅਸਮਾਨਤਾ ਨਹੀਂ। ਲੰਬੇ ਸਮੇਂ ਤੱਕ ਸ਼ਹਿਰੀ ਅਤੇ ਗ੍ਰਾਮੀਣ ਖੇਤਰਾਂ ਵਿੱਚ ਅਸਮਾਨਤਾ ਬਣੀ ਰਹੀ। ਪਰ ਅੱਜ ਰਾਸ਼ਟਰ ਇਸ ਨੂੰ ਠੀਕ ਕਰ ਰਿਹਾ ਹੈ। ਪੂਰਨ ਗ੍ਰਾਮੀਣ ਸਵੱਛਤਾ ਕਵਰੇਜ, 6 ਕਰੋੜ ਤੋਂ ਵੱਧ ਘਰਾਂ ਨੂੰ ਟੂਟੀ ਦਾ ਪਾਣੀ, 2.5 ਕਰੋੜ ਬਿਜਲੀ ਕਨੈਕਸ਼ਨ, ਹੋਰ ਗ੍ਰਾਮੀਣ ਸੜਕਾਂ, ਵਿਕਾਸ ਨੂੰ ਲੋਕਾਂ ਦੇ ਬੂਹੇ ਤੱਕ ਲੈ ਜਾ ਰਹੀਆਂ ਹਨ। ਸਵੱਛਤਾ ਮਹਾਤਮਾ ਗਾਂਧੀ ਦੀ ਬਹੁਤ ਪਿਆਰੀ ਧਾਰਨਾ ਸੀ। ਸਵੱਛ ਭਾਰਤ ਰਾਹੀਂ ਇਹ ਕ੍ਰਾਂਤੀ ਆਈ ਹੈ। ਪਰ ਅਸੀਂ ਸਿਰਫ਼ ਬੁਨਿਆਦੀ ਚੀਜ਼ਾਂ ਪ੍ਰਦਾਨ ਕਰਨ 'ਤੇ ਹੀ ਨਹੀਂ ਰੁਕੇ। ਅੱਜ ਆਧੁਨਿਕ ਵਿਗਿਆਨ ਅਤੇ ਟੈਕਨਾਲੋਜੀ ਦੇ ਲਾਭ ਵੀ ਪਿੰਡਾਂ ਤੱਕ ਪਹੁੰਚ ਰਹੇ ਹਨ। ਕਰੀਬ 2 ਲੱਖ ਗ੍ਰਾਮ ਪੰਚਾਇਤਾਂ ਨੂੰ ਜੋੜਨ ਲਈ 6 ਲੱਖ ਕਿਲੋਮੀਟਰ ਦੀ ਔਪਟਿਕਲ ਫਾਈਬਰ ਕੇਬਲ ਵਿਛਾਈ ਗਈ ਹੈ। ਗ੍ਰਾਮੀਣ ਖੇਤਰਾਂ ਨੂੰ ਇੰਟਰਨੈੱਟ ਡਾਟਾ ਦੀ ਘੱਟ ਕੀਮਤ ਦਾ ਫਾਇਦਾ ਹੋਇਆ ਹੈ। ਅਧਿਐਨ ਦੱਸਦੇ ਹਨ ਕਿ ਸ਼ਹਿਰੀ ਖੇਤਰਾਂ ਦੇ ਮੁਕਾਬਲੇ ਗ੍ਰਾਮੀਣ ਖੇਤਰਾਂ ਵਿੱਚ ਇੰਟਰਨੈੱਟ ਦੀ ਵਰਤੋਂ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਇਹ ਮੌਕਿਆਂ ਦੀ ਦੁਨੀਆ ਖੋਲ੍ਹਦਾ ਹੈ। ਸਵਾਮਿਤਵ ਯੋਜਨਾ ਦੇ ਤਹਿਤ, ਅਸੀਂ ਜ਼ਮੀਨਾਂ ਦਾ ਨਕਸ਼ਾ ਬਣਾਉਣ ਲਈ ਡ੍ਰੋਨ ਦੀ ਵਰਤੋਂ ਕਰ ਰਹੇ ਹਾਂ। ਅਸੀਂ ਲੋਕਾਂ ਨੂੰ ਪ੍ਰਾਪਰਟੀ ਕਾਰਡ ਵੀ ਪ੍ਰਦਾਨ ਕਰਦੇ ਹਾਂ। ਕਿਸਾਨ ਕਈ ਐਪਸ ਨਾਲ ਜੁੜ ਰਹੇ ਹਨ। ਉਨ੍ਹਾਂ ਨੂੰ ਕਰੋੜਾਂ ਭੂਮੀ ਸਿਹਤ ਕਾਰਡਾਂ ਦੀ ਮਦਦ ਮਿਲ ਰਹੀ ਹੈ। ਬਹੁਤ ਕੁਝ ਕੀਤਾ ਗਿਆ ਹੈ ਪਰ ਹੋਰ ਵੀ ਬਹੁਤ ਕੁਝ ਕਰਨਾ ਬਾਕੀ ਹੈ। ਤੁਸੀਂ ਯੁਵਾ, ਰੌਸ਼ਨ ਪੀੜ੍ਹੀ ਹੋ। ਤੁਸੀਂ ਇਸ ਬੁਨਿਆਦ ਨੂੰ ਬਣਾਉਣ ਲਈ ਬਹੁਤ ਸਮਰੱਥ ਹੋ।
ਮਿੱਤਰੋ,
ਜਦੋਂ ਗ੍ਰਾਮੀਣ ਵਿਕਾਸ ਦੀ ਗੱਲ ਆਉਂਦੀ ਹੈ, ਸਾਨੂੰ ਸਥਿਰਤਾ ਦਾ ਧਿਆਨ ਰੱਖਣਾ ਚਾਹੀਦਾ ਹੈ। ਨੌਜਵਾਨਾਂ ਨੂੰ ਇਸ ਦੀ ਅਗਵਾਈ ਦੇਣ ਦੀ ਲੋੜ ਹੈ। ਟਿਕਾਊ ਖੇਤੀ ਗ੍ਰਾਮੀਣ ਖੇਤਰਾਂ ਦੇ ਭਵਿੱਖ ਲਈ ਮਹੱਤਵਪੂਰਨ ਹੈ। ਕੁਦਰਤੀ ਖੇਤੀ ਲਈ, ਰਸਾਇਣ ਰਹਿਤ ਖੇਤੀ ਲਈ ਬਹੁਤ ਉਤਸ਼ਾਹ ਹੈ। ਇਹ ਖਾਦ ਦੀ ਦਰਾਮਦ 'ਤੇ ਦੇਸ਼ ਦੀ ਨਿਰਭਰਤਾ ਨੂੰ ਘਟਾਉਂਦਾ ਹੈ। ਇਹ ਮਿੱਟੀ ਦੀ ਸਿਹਤ ਅਤੇ ਮਨੁੱਖੀ ਸਿਹਤ ਲਈ ਵੀ ਵਧੀਆ ਹੈ। ਅਸੀਂ ਇਸ ਦਿਸ਼ਾ ਵਿੱਚ ਕੰਮ ਸ਼ੁਰੂ ਕਰ ਦਿੱਤਾ ਹੈ। ਸਾਡੀ ਜੈਵਿਕ ਖੇਤੀ ਯੋਜਨਾ ਖਾਸ ਤੌਰ 'ਤੇ ਉੱਤਰ-ਪੂਰਬ ਵਿੱਚ ਅਦਭੁੱਤ ਕੰਮ ਕਰ ਰਹੀ ਹੈ। ਪਿਛਲੇ ਸਾਲ ਦੇ ਬਜਟ ਵਿੱਚ, ਅਸੀਂ ਕੁਦਰਤੀ ਖੇਤੀ ਨਾਲ ਸਬੰਧਿਤ ਨੀਤੀ ਲੈ ਕੇ ਆਏ ਹਾਂ। ਤੁਸੀਂ ਪਿੰਡਾਂ ਵਿੱਚ ਕੁਦਰਤੀ ਖੇਤੀ ਬਾਰੇ ਜਾਗਰੂਕਤਾ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹੋ।
ਟਿਕਾਊ ਖੇਤੀ ਦੇ ਸਬੰਧ ਵਿੱਚ, ਇੱਕ ਹੋਰ ਮਹੱਤਵਪੂਰਨ ਨੁਕਤਾ ਹੈ ਜਿਸ 'ਤੇ ਨੌਜਵਾਨਾਂ ਨੂੰ ਧਿਆਨ ਦੇਣਾ ਚਾਹੀਦਾ ਹੈ। ਖੇਤੀ ਨੂੰ ਮੋਨੋ ਕਲਚਰ ਤੋਂ ਬਚਾਉਣ ਦਾ ਸਮਾਂ ਆ ਗਿਆ ਹੈ। ਅਨਾਜ, ਛੋਟੇ ਅਨਾਜ ਅਤੇ ਹੋਰ ਫਸਲਾਂ ਦੀਆਂ ਕਈ ਦੇਸੀ ਕਿਸਮਾਂ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਹੈ। ਸੰਗਮ ਯੁੱਗ ਵਿੱਚ ਵੀ ਛੋਟੇ ਅਨਾਜ ਦੀਆਂ ਕਈ ਕਿਸਮਾਂ ਦਾ ਜ਼ਿਕਰ ਮਿਲਦਾ ਹੈ। ਪ੍ਰਾਚੀਨ ਤਮਿਲ ਨਾਡੂ ਦੇ ਲੋਕ ਉਨ੍ਹਾਂ ਨੂੰ ਪਿਆਰ ਕਰਦੇ ਸਨ। ਇਹ ਪੌਸ਼ਟਿਕ ਅਤੇ ਜਲਵਾਯੂ ਅਨੁਕੂਲ ਹਨ। ਇਸ ਤੋਂ ਇਲਾਵਾ, ਫਸਲੀ ਵਿਵਿਧਤਾ ਮਿੱਟੀ ਅਤੇ ਪਾਣੀ ਨੂੰ ਬਚਾਉਣ ਵਿੱਚ ਮਦਦ ਕਰਦੀ ਹੈ। ਤੁਹਾਡੀ ਆਪਣੀ ਯੂਨੀਵਰਸਿਟੀ ਅਖੁੱਟ ਊਰਜਾ ਦੀ ਵਰਤੋਂ ਕਰਦੀ ਹੈ। ਪਿਛਲੇ 8 ਸਾਲਾਂ ਵਿੱਚ ਸੌਰ ਊਰਜਾ ਦੀ ਸਥਾਪਿਤ ਸਮਰੱਥਾ ਲਗਭਗ 20 ਗੁਣਾ ਵਧੀ ਹੈ। ਜੇਕਰ ਪਿੰਡਾਂ ਵਿੱਚ ਸੌਰ ਊਰਜਾ ਦਾ ਫੈਲਾਅ ਹੋ ਜਾਵੇ ਤਾਂ ਭਾਰਤ ਊਰਜਾ ਵਿੱਚ ਵੀ ਆਤਮਨਿਰਭਰ ਬਣ ਸਕਦਾ ਹੈ।
ਮਿੱਤਰੋ,
ਗਾਂਧੀਵਾਦੀ ਚਿੰਤਕ ਵਿਨੋਬਾ ਭਾਵੇ ਨੇ ਇੱਕ ਵਾਰ ਇੱਕ ਨਿਰੀਖਣ ਕੀਤਾ ਸੀ। ਉਨ੍ਹਾਂ ਕਿਹਾ ਕਿ ਪਿੰਡ ਪੱਧਰੀ ਸੰਸਥਾਵਾਂ ਦੀਆਂ ਚੋਣਾਂ ਵੰਡੀਆਂ ਪਾਉਣ ਵਾਲੀਆਂ ਹੁੰਦੀਆਂ ਹਨ। ਸਮਾਜ ਅਤੇ ਇੱਥੋਂ ਤੱਕ ਕਿ ਪਰਿਵਾਰ ਵੀ ਉਨ੍ਹਾਂ ਨੂੰ ਤੋੜ ਦਿੰਦੀਆਂ ਹਨ। ਗੁਜਰਾਤ ਵਿੱਚ ਇਸ ਦਾ ਮੁਕਾਬਲਾ ਕਰਨ ਲਈ ਅਸੀਂ ਸਮਰਸ ਗ੍ਰਾਮ ਯੋਜਨਾ ਸ਼ੁਰੂ ਕੀਤੀ ਸੀ। ਜਿਨ੍ਹਾਂ ਪਿੰਡਾਂ ਨੇ ਸਰਬਸੰਮਤੀ ਨਾਲ ਨੇਤਾਵਾਂ ਦੀ ਚੋਣ ਕੀਤੀ, ਉਨ੍ਹਾਂ ਨੂੰ ਕੁਝ ਪ੍ਰੋਤਸਾਹਨ ਦਿੱਤੇ ਗਏ ਸਨ। ਇਸ ਨਾਲ ਸਮਾਜਿਕ ਝਗੜੇ ਬਹੁਤ ਘਟ ਗਏ। ਪੂਰੇ ਭਾਰਤ ਵਿੱਚ ਇਸੇ ਤਰ੍ਹਾਂ ਦੀ ਵਿਧੀ ਵਿਕਸਿਤ ਕਰਨ ਲਈ ਯੁਵਾ ਪਿੰਡ ਵਾਸੀਆਂ ਨਾਲ ਮਿਲ ਕੇ ਕੰਮ ਕਰ ਸਕਦੇ ਹਨ। ਜੇਕਰ ਪਿੰਡ ਇਕਜੁੱਟ ਹੋ ਜਾਣ ਤਾਂ ਉਹ ਅਪਰਾਧ, ਨਸ਼ਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਵਰਗੀਆਂ ਸਮੱਸਿਆਵਾਂ ਨਾਲ ਲੜ ਸਕਦੇ ਹਨ।
ਮਿੱਤਰੋ,
ਮਹਾਤਮਾ ਗਾਂਧੀ ਨੇ ਅਖੰਡ ਅਤੇ ਆਜ਼ਾਦ ਭਾਰਤ ਲਈ ਲੜਾਈ ਲੜੀ। ਗਾਂਧੀਗ੍ਰਾਮ ਆਪਣੇ ਆਪ ਵਿੱਚ ਭਾਰਤ ਦੀ ਏਕਤਾ ਦੀ ਕਹਾਣੀ ਹੈ। ਇਹ ਉਹ ਥਾਂ ਹੈ ਜਿੱਥੇ ਹਜ਼ਾਰਾਂ ਪਿੰਡ ਵਾਸੀ ਗਾਂਧੀ ਜੀ ਦੇ ਦਰਸ਼ਨ ਕਰਨ ਲਈ ਟ੍ਰੇਨ ਵਿੱਚ ਆਏ ਸਨ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹ ਕਿੱਥੋਂ ਦੇ ਸਨ। ਮਹੱਤਵਪੂਰਨ ਗੱਲ ਇਹ ਸੀ ਕਿ ਗਾਂਧੀ ਜੀ ਅਤੇ ਪਿੰਡ ਵਾਸੀ ਦੋਵੇਂ ਭਾਰਤੀ ਸਨ। ਤਮਿਲ ਨਾਡੂ ਹਮੇਸ਼ਾ ਰਾਸ਼ਟਰੀ ਚੇਤਨਾ ਦਾ ਘਰ ਰਿਹਾ ਹੈ। ਇੱਥੇ, ਸਵਾਮੀ ਵਿਵੇਕਾਨੰਦ ਦਾ ਪੱਛਮ ਤੋਂ ਵਾਪਸੀ 'ਤੇ ਇੱਕ ਨਾਇਕ ਵਜੋਂ ਸੁਆਗਤ ਕੀਤਾ ਗਿਆ। ਪਿਛਲੇ ਸਾਲ ਵੀ, ਅਸੀਂ ‘ਵੀਰਾ ਵਣਕਮ’ ਦੇ ਗੀਤ ਸੁਣੇ। ਜਿਸ ਤਰ੍ਹਾਂ ਤਮਿਲ ਲੋਕਾਂ ਨੇ ਜਨਰਲ ਬਿਪਿਨ ਰਾਵਤ ਪ੍ਰਤੀ ਆਪਣਾ ਆਦਰ ਦਿਖਾਇਆ ਹੈ, ਉਹ ਦਿਲ ਪਸੀਜਣ ਵਾਲਾ ਸੀ। ਇਸ ਦੌਰਾਨ ਕਾਸ਼ੀ 'ਚ ਜਲਦ ਹੀ 'ਕਾਸ਼ੀ ਤਮਿਲ ਸੰਗਮ' ਹੋਵੇਗਾ। ਇਹ ਕਾਸ਼ੀ ਅਤੇ ਤਮਿਲ ਨਾਡੂ ਦੇ ਦਰਮਿਆਨ ਸਬੰਧ ਦਾ ਜਸ਼ਨ ਮਨਾਏਗਾ। ਕਾਸ਼ੀ ਦੇ ਲੋਕ ਤਮਿਲ ਨਾਡੂ ਦੀ ਭਾਸ਼ਾ, ਸੱਭਿਆਚਾਰ ਅਤੇ ਇਤਿਹਾਸ ਦੇ ਜਸ਼ਨ ਨੂੰ ਮਨਾਉਣ ਲਈ ਉਤਸੁਕ ਹਨ। ਇਹ ਐਕਸ਼ਨ ਵਿੱਚ ਏਕ ਭਾਰਤ ਸ਼੍ਰੇਸ਼ਠ ਭਾਰਤ ਹੈ। ਇੱਕ ਦੂਸਰੇ ਲਈ ਇਹ ਪਿਆਰ ਅਤੇ ਸਤਿਕਾਰ ਸਾਡੀ ਏਕਤਾ ਦਾ ਅਧਾਰ ਹੈ। ਮੈਂ ਇੱਥੇ ਗ੍ਰੈਜੂਏਟ ਹੋ ਰਹੇ ਨੌਜਵਾਨਾਂ ਨੂੰ ਵਿਸ਼ੇਸ਼ ਤੌਰ 'ਤੇ ਏਕਤਾ ਨੂੰ ਉਤਸ਼ਾਹਿਤ ਕਰਨ 'ਤੇ ਧਿਆਨ ਦੇਣ ਦੀ ਅਪੀਲ ਕਰਦਾ ਹਾਂ।
ਮਿੱਤਰੋ,
ਅੱਜ ਮੈਂ ਉਸ ਖਿੱਤੇ ਵਿੱਚ ਹਾਂ ਜਿਸ ਨੇ ਨਾਰੀ ਸ਼ਕਤੀ ਦੀ ਤਾਕਤ ਦੇਖੀ ਹੈ। ਇਹ ਉਹ ਥਾਂ ਹੈ ਜਿੱਥੇ ਰਾਣੀ ਵੇਲੂ ਨਚੀਆਰ ਠਹਿਰੇ ਸਨ, ਜਦੋਂ ਉਹ ਅੰਗ੍ਰੇਜ਼ਾਂ ਨਾਲ ਲੜਨ ਦੀ ਤਿਆਰੀ ਕਰ ਰਹੇ ਸਨ। ਮੈਂ ਇੱਥੇ ਗ੍ਰੈਜੂਏਟ ਹੋ ਰਹੀਆਂ ਯੁਵਾ ਮਹਿਲਾਵਾਂ ਨੂੰ ਸਭ ਤੋਂ ਵੱਡੀ ਤਬਦੀਲੀ ਕਰਨ ਵਾਲੀਆਂ ਵਜੋਂ ਦੇਖਦਾ ਹਾਂ। ਤੁਸੀਂ ਗ੍ਰਾਮੀਣ ਮਹਿਲਾਵਾਂ ਨੂੰ ਕਾਮਯਾਬ ਹੋਣ ਵਿੱਚ ਮਦਦ ਕਰੋਗੇ। ਉਨ੍ਹਾਂ ਦੀ ਸਫ਼ਲਤਾ ਹੀ ਦੇਸ਼ ਦੀ ਸਫ਼ਲਤਾ ਹੈ।
ਮਿੱਤਰੋ,
ਅਜਿਹੇ ਸਮੇਂ ਜਦੋਂ ਦੁਨੀਆ ਇੱਕ ਸਦੀ ਦੇ ਸਭ ਤੋਂ ਭਿਆਨਕ ਸੰਕਟ ਦਾ ਸਾਹਮਣਾ ਕਰ ਰਹੀ ਹੈ, ਭਾਰਤ ਇੱਕ ਰੌਸ਼ਨ ਟਿਕਾਣਾ ਹੈ। ਚਾਹੇ ਇਹ ਦੁਨੀਆ ਦੀ ਸਭ ਤੋਂ ਵੱਡੀ ਵੈਕਸੀਨ ਮੁਹਿੰਮ ਹੋਵੇ, ਸਭ ਤੋਂ ਗ਼ਰੀਬਾਂ ਲਈ ਭੋਜਨ ਸੁਰੱਖਿਆ ਹੋਵੇ, ਜਾਂ ਵਿਸ਼ਵ ਦਾ ਵਿਕਾਸ ਇੰਜਣ ਹੋਵੇ, ਭਾਰਤ ਨੇ ਦਿਖਾਇਆ ਹੈ ਕਿ ਇਹ ਕਿਸ ਚੀਜ਼ ਦਾ ਬਣਿਆ ਹੈ। ਦੁਨੀਆ ਭਾਰਤ ਤੋਂ ਮਹਾਨ ਕੰਮ ਕਰਨ ਦੀ ਉਮੀਦ ਕਰਦੀ ਹੈ। ਕਿਉਂਕਿ ਭਾਰਤ ਦਾ ਭਵਿੱਖ ਨੌਜਵਾਨਾਂ ਦੀ 'ਕਰ ਸਕਣ' (ਕੈਨ ਡੂ) ਵਾਲੀ ਪੀੜ੍ਹੀ ਦੇ ਹੱਥਾਂ ਵਿੱਚ ਹੈ।
ਯੁਵਾ, ਜੋ ਨਾ ਸਿਰਫ਼ ਚੁਣੌਤੀਆਂ ਨੂੰ ਸਵੀਕਾਰ ਕਰਦੇ ਹਨ, ਬਲਕਿ ਉਨ੍ਹਾਂ ਦਾ ਆਨੰਦ ਵੀ ਮਾਣਦੇ ਹਨ, ਨੌਜਵਾਨ, ਜੋ ਸਿਰਫ਼ ਸਵਾਲ ਹੀ ਨਹੀਂ ਕਰਦੇ, ਬਲਕਿ ਜਵਾਬ ਵੀ ਲੱਭਦੇ ਹਨ, ਨੌਜਵਾਨ, ਜੋ ਸਿਰਫ਼ ਨਿਡਰ ਹੀ ਨਹੀਂ, ਬਲਕਿ ਅਣਥੱਕ ਵੀ ਹਨ, ਨੌਜਵਾਨ, ਜੋ ਨਾ ਸਿਰਫ਼ ਇੱਛਾ ਰੱਖਦੇ ਹਨ, ਬਲਕਿ ਪ੍ਰਾਪਤ ਵੀ ਕਰਦੇ ਹਨ। ਇਸ ਲਈ ਅੱਜ ਗ੍ਰੈਜੂਏਟ ਹੋ ਰਹੇ ਯੁਵਾਵਾਂ ਨੂੰ ਮੇਰਾ ਸੰਦੇਸ਼ ਹੈ, ਤੁਸੀਂ ਨਵੇਂ ਭਾਰਤ ਦੇ ਨਿਰਮਾਤਾ ਹੋ। ਤੁਹਾਡੇ ਕੋਲ ਅਗਲੇ 25 ਸਾਲਾਂ ਵਿੱਚ ਭਾਰਤ ਦੀ ਅੰਮ੍ਰਿਤ ਕਾਲ ਵਿੱਚ ਅਗਵਾਈ ਕਰਨ ਦੀ ਜ਼ਿੰਮੇਵਾਰੀ ਹੈ। ਇੱਕ ਵਾਰ ਫਿਰ, ਤੁਹਾਨੂੰ ਸਾਰਿਆਂ ਨੂੰ ਵਧਾਈਆਂ।
ਅਤੇ ਆਲ ਦ ਬੈਸਟ !
**********
ਡੀਐੱਸ/ਵੀਜੇ
(Release ID: 1875541)
Visitor Counter : 130
Read this release in:
English
,
Urdu
,
Hindi
,
Marathi
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam