ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ਹਿੰਦੁਸਤਾਨ ਏਅਰੋਨੌਟਿਕਸ ਲਿਮਿਟਿਡ (ਐੱਚਏਐੱਲ) ਦੀ ਏਕੀਕ੍ਰਿਤ ਕ੍ਰਾਇਓਜੇਨਿਕ ਇੰਜਣ ਨਿਰਮਾਣ ਸੁਵਿਧਾ ਦਾ ਉਦਘਾਟਨ ਕੀਤਾ; ਜ਼ੋਨਲ ਇੰਸਟੀਟਿਊਟ ਆਵ੍ ਵਾਇਰੋਲੋਜੀ (ਦੱਖਣੀ ਜ਼ੋਨ) ਦਾ ਨੀਂਹ ਪੱਥਰ ਵੀ ਰੱਖਿਆ


ਐੱਚਏਐੱਲ ਬਲਾਂ ਦੇ ਪਿੱਛੇ ਦੀ ਤਾਕਤ ਰਿਹਾ ਹੈ: ਰਾਸ਼ਟਰਪਤੀ ਮੁਰਮੂ

Posted On: 27 SEP 2022 1:26PM by PIB Chandigarh

ਮਹਾਮਹਿਮ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (27 ਸਤੰਬਰ, 2022) ਬੈਂਗਲੁਰੂ ਵਿੱਚ ਹਿੰਦੁਸਤਾਨ ਏਅਰੋਨੌਟਿਕਸ ਲਿਮਿਟਿਡ (HAL) ਦੀ ਏਕੀਕ੍ਰਿਤ ਕ੍ਰਾਇਓਜੇਨਿਕ ਇੰਜਣ ਨਿਰਮਾਣ ਸੁਵਿਧਾ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨੇ ਜ਼ੋਨਲ ਇੰਸਟੀਟਿਊਟ ਆਵ੍ ਵਾਇਰੋਲੋਜੀ (ਦੱਖਣੀ ਜ਼ੋਨ) ਦਾ ਨੀਂਹ ਪੱਥਰ ਵੀ ਰੱਖਿਆ।

 

 

ਇਸ ਮੌਕੇ ਬੋਲਦਿਆਂ ਮਹਾਮਹਿਮ ਰਾਸ਼ਟਰਪਤੀ ਨੇ ਕਿਹਾ ਕਿ ਏਕੀਕ੍ਰਿਤ ਕ੍ਰਾਇਓਜੇਨਿਕ ਇੰਜਣ ਨਿਰਮਾਣ ਸੁਵਿਧਾ ਦਾ ਉਦਘਾਟਨ ਨਾ ਸਿਰਫ ਐੱਚਏਐੱਲ ਅਤੇ ਇਸਰੋ ਲਈ, ਸਗੋਂ ਸਮੁੱਚੇ ਦੇਸ਼ ਲਈ ਕ੍ਰਾਇਓਜੈਨਿਕ ਅਤੇ ਸੈਮੀ-ਕ੍ਰਾਇਓਜੈਨਿਕ ਇੰਜਣ ਦੇ ਨਿਰਮਾਣ ਲਈ ਅਤਿ-ਆਧੁਨਿਕ ਸੁਵਿਧਾ ਵਜੋਂ ਇੱਕ ਇਤਿਹਾਸਕ ਛਿਣ ਹੈ। ਇੰਝ ਕਿਹਾ ਜਾ ਸਕਦਾ ਹੈ ਕਿ ਐੱਚਏਐੱਲ ਨੇ ਰੱਖਿਆ ਖੇਤਰ ਵਿੱਚ ਭਾਰਤ ਦੀ ਆਤਮਨਿਰਭਰਤਾ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਐੱਚਏਐੱਲ ਨੇ ਵੱਖ-ਵੱਖ ਜਹਾਜ਼ਾਂ ਦੇ ਪਲੈਟਫਾਰਮਾਂ ਦੀ ਖੋਜ, ਵਿਕਾਸ ਅਤੇ ਨਿਰਮਾਣ ਵਿੱਚ ਸਮੇਂ–ਸਮੇਂ ’ਤੇ ਆਪਣੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ ਹੈ।

 

 

ਰਾਸ਼ਟਰਪਤੀ ਨੇ ਕਿਹਾ ਕਿ ਇਸਰੋ ਦੇਸ਼ ਦਾ ਮਾਣ ਰਿਹਾ ਹੈ। ਜਦੋਂ ਸੰਸਥਾ ਨੇ 1960 ਦੇ ਦਹਾਕੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ, ਤਾਂ ਭਾਰਤ ਇੱਕ ਨੌਜਵਾਨ ਗਣਰਾਜ ਸੀ, ਜੋ ਗ਼ਰੀਬੀ ਅਤੇ ਅਨਪੜ੍ਹਤਾ ਦੀਆਂ ਗੰਭੀਰ ਚੁਣੌਤੀਆਂ ਨਾਲ ਜੂਝ ਰਿਹਾ ਸੀ, ਪਰ ਉਸ ਵਿੱਚ ਅਥਾਹ ਸੰਭਾਵਨਾਵਾਂ ਵੀ ਸਨ। ਇਸਰੋ ਨੇ ਜਿਸ ਤੇਜ਼ੀ ਨਾਲ ਵਿਕਾਸ ਕੀਤਾ ਹੈ, ਉਸ ਨੇ ਸਭ ਤੋਂ ਉੱਨਤ ਅਤੇ ਤਕਨੀਕੀ ਤੌਰ 'ਤੇ ਵਿਕਸਿਤ ਦੇਸ਼ਾਂ ਦਾ ਧਿਆਨ ਵੀ ਆਪਣੇ ਵੱਲ ਖਿੱਚਿਆ ਹੈ। ਇਸਰੋ ਦੇ ਸੁਹਿਰਦ ਯਤਨਾਂ ਅਤੇ ਸਮਰਪਣ ਕਾਰਨ, ਭਾਰਤ ਕ੍ਰਾਇਓਜੇਨਿਕ ਇੰਜਣ ਬਣਾਉਣ ਦੀ ਸਮਰੱਥਾ ਰੱਖਣ ਵਾਲਾ ਦੁਨੀਆ ਦਾ ਛੇਵਾਂ ਦੇਸ਼ ਬਣਨ ਦੇ ਯੋਗ ਹੋਇਆ ਹੈ।

 

 

ਰਾਸ਼ਟਰਪਤੀ ਨੇ ਕਿਹਾ ਕਿ ਐੱਚਏਐੱਲ ਅਤੇ ਇਸਰੋ ਰਣਨੀਤਕ ਰੱਖਿਆ ਅਤੇ ਵਿਕਾਸ ਦੇ ਖੇਤਰ ਵਿੱਚ ਸਾਂਝੇ ਤੌਰ 'ਤੇ ਯੋਗਦਾਨ ਪਾਉਂਦੇ ਹਨ। ਦੋਵਾਂ ਸੰਸਥਾਵਾਂ ਨੇ ਸਾਡੇ ਦੇਸ਼ ਦੀ ਸੁਰੱਖਿਆ ਅਤੇ ਵਿਕਾਸ ਨੂੰ ਮਜ਼ਬੂਤ ਕਰਨ ਵਾਲੇ ਵੱਖ-ਵੱਖ ਸਾਧਨਾਂ ਅਤੇ ਪ੍ਰੋਗਰਾਮਾਂ ਦੇ ਵਿਕਾਸ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਰੱਖਿਆ ਨਾਲ ਸਬੰਧਤ ਉਪਕਰਣਾਂ ਦੇ ਨਿਰਮਾਣ ਲਈ ਆਪਣੀ ਅਤਿ-ਆਧੁਨਿਕ ਸੁਵਿਧਾ ਦੇ ਨਾਲ ਐੱਚਏਐੱਲ ਸਾਡੇ ਦੇਸ਼ ਲਈ ਇੱਕ ਵਡਮੁੱਲੀ ਸੰਪਤੀ ਸਾਬਤ ਹੋਇਆ ਹੈ।

 

 

ਮਹਾਮਹਿਮ ਰਾਸ਼ਟਰਪਤੀ ਨੇ ਕਿਹਾ ਕਿ ਹੁਣ ਜਦੋਂ ਭਾਰਤ ਅੰਮ੍ਰਿਤ ਕਾਲ ਵਿੱਚ ਦਾਖ਼ਲ ਹੋ ਰਿਹਾ ਹੈ, ਐੱਚਏਐੱਲ ਅਤੇ ਇਸਰੋ ਦਾ ਸ਼ਾਨਦਾਰ ਅਤੀਤ ਸਾਨੂੰ ਭਰੋਸਾ ਦਿਵਾਉਂਦਾ ਹੈ ਕਿ ਇਹ ਸੰਸਥਾਵਾਂ ਭਵਿੱਖ ਵਿੱਚ ਵੀ ਮਹੱਤਵਪੂਰਨ ਅਤੇ ਸਕਾਰਾਤਮਕ ਭੂਮਿਕਾ ਨਿਭਾਉਂਦੀਆਂ ਰਹਿਣਗੀਆਂ। ਸਾਲ 2047 ਤੱਕ, ਜਦੋਂ ਅਸੀਂ ਆਜ਼ਾਦੀ ਦੇ 100 ਸਾਲ ਮਨਾਵਾਂਗੇ, ਸਾਡੇ ਆਲ਼ੇ-ਦੁਆਲ਼ੇ ਦੀ ਦੁਨੀਆ ਬਹੁਤ ਬਦਲ ਚੁੱਕੀ ਹੋਵੇਗੀ। ਜਿਸ ਤਰ੍ਹਾਂ ਅਸੀਂ 25 ਸਾਲ ਪਹਿਲਾਂ ਸਮਕਾਲੀ ਸੰਸਾਰ ਦੀ ਕਲਪਨਾ ਵੀ ਨਹੀਂ ਕਰ ਸਕਦੇ ਸੀ, ਅਸੀਂ ਅਜੇ ਵੀ ਕਲਪਨਾ ਨਹੀਂ ਕਰ ਸਕਦੇ ਕਿ ਆਰਟੀਫਿਸ਼ਲ ਇੰਟੈਲੀਜੈਂਸ ਅਤੇ ਆਟੋਮੇਸ਼ਨ ਸਾਡੀ ਜ਼ਿੰਦਗੀ ਨੂੰ ਕਿਵੇਂ ਬਦਲਣ ਜਾ ਰਹੇ ਹਨ। ਅਸੀਂ ਇੱਕ ਆਜ਼ਾਦ ਦੇਸ਼ ਵਜੋਂ 75 ਸਾਲ ਪੂਰੇ ਕਰ ਲਏ ਹਨ। ਅਸੀਂ ਅਗਲੇ 25 ਸਾਲਾਂ ਨੂੰ ਭਾਰਤ ਦੀ ਪੁਨਰ-ਕਲਪਨਾ ਕਰਨ ਅਤੇ ਇਸ ਨੂੰ ਵਿਕਸਿਤ ਦੇਸ਼ ਬਣਾਉਣ ਦੇ ਸਮੇਂ ਵਜੋਂ ਦੇਖ ਰਹੇ ਹਾਂ। ਇਹ ਯਕੀਨੀ ਕਰਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ ਕਿ 2047 ਦਾ ਭਾਰਤ ਇੱਕ ਵਧੇਰੇ ਖੁਸ਼ਹਾਲ ਅਤੇ ਮਜ਼ਬੂਤ ਰਾਸ਼ਟਰ ਹੋਵੇ।

ਕੋਵਿਡ ਮਹਾਮਾਰੀ ਦਾ ਹਵਾਲਾ ਦਿੰਦਿਆਂ ਮਹਾਮਹਿਮ ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਡਾਕਟਰਾਂ ਅਤੇ ਵਿਗਿਆਨੀਆਂ ਦੇ ਲਚਕੀਲੇਪਣ ਅਤੇ ਅਸਾਧਾਰਣ ਯਤਨਾਂ ਨੇ ਇਸ ਸੰਕਟ ਨੂੰ ਪਾਰ ਕਰਨ ਵਿੱਚ ਸਾਡੀ ਮਦਦ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਮੈਡੀਕਲ ਖੋਜ ਪਰਿਸ਼ਦ ਨੇ ਪ੍ਰਭਾਵਸ਼ਾਲੀ ਕੋਵਿਡ ਪ੍ਰਬੰਧਨ ਵਿੱਚ ਮਿਸਾਲੀ ਸਹਾਇਤਾ ਪ੍ਰਦਾਨ ਕੀਤੀ ਹੈ ਅਤੇ ਆਪਣੇ ਖੋਜ ਢਾਂਚੇ ਦਾ ਵਿਸਤਾਰ ਕਰ ਰਹੀ ਹੈ। ਭਾਰਤੀ ਮੈਡੀਕਲ ਖੋਜ ਪਰਿਸ਼ਦ ਦੇ ਤਹਿਤ ਨੈਸ਼ਨਲ ਇੰਸਟੀਟਿਊਟ ਆਵ੍ ਵਾਇਰੋਲੋਜੀ, ਪੁਣੇ ਵੀ ਵਾਇਰੋਲੋਜੀ ਦੇ ਖੇਤਰ ਵਿੱਚ ਖੋਜ ਅਤੇ ਵਿਕਾਸ ਨੂੰ ਵਧਾਉਣ ਲਈ ਹਰ ਸੰਭਵ ਕਦਮ ਚੁੱਕ ਰਿਹਾ ਹੈ। ਉਨ੍ਹਾਂ ਨੇ ਖੁਸ਼ੀ ਜ਼ਾਹਰ ਕੀਤੀ ਕਿ ਨੈਸ਼ਨਲ ਇੰਸਟੀਟਿਊਟ ਆਵ੍ ਵਾਇਰੋਲੋਜੀ ਨੂੰ ਵਿਸ਼ਵ ਸਿਹਤ ਸੰਗਠਨ ਦੀਆਂ ਸਹਿਯੋਗੀ ਪ੍ਰਯੋਗਸ਼ਾਲਾਵਾਂ ਵਿੱਚੋਂ ਇੱਕ ਵਜੋਂ ਮਨੋਨੀਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਭੂਗੋਲਿਕ ਖੇਤਰਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਦੇਸ਼ ਭਰ ਵਿੱਚ ਖੇਤਰੀ ਕੈਂਪਸਾਂ ਰਾਹੀਂ ਨੈਸ਼ਨਲ ਇੰਸਟੀਟਿਊਟ ਆਵ੍ ਵਾਇਰੋਲੋਜੀ ਦਾ ਵਿਸਤਾਰ ਸ਼ਲਾਘਾਯੋਗ ਹੈ। 

 

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਇੱਥੇ ਕਲਿੱਕ ਕਰੋ

 

****

 

ਡੀਐੱਸ/ਐੱਸਐੱਚ



(Release ID: 1862813) Visitor Counter : 106