ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵਿਖੇ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਰਿਸਰਚ ਸੈਂਟਰ ਰਾਸ਼ਟਰ ਨੂੰ ਸਮਰਪਿਤ ਕੀਤਾ
"ਭਾਰਤ ਨੂੰ ਵਿਕਸਿਤ ਬਣਾਉਣ ਲਈ, ਸਿਹਤ ਸੇਵਾਵਾਂ ਨੂੰ ਵਿਕਸਿਤ ਕਰਨਾ ਵੀ ਉਨਾ ਹੀ ਜ਼ਰੂਰੀ ਹੈ"
"ਪਿਛਲੇ ਅੱਠ ਸਾਲਾਂ ਵਿੱਚ ਦੇਸ਼ ਵਿੱਚ ਸਰਬਪੱਖੀ ਸਿਹਤ ਸੰਭਾਲ਼ ਨੂੰ ਪ੍ਰਮੁੱਖ ਤਰਜੀਹਾਂ ਵਿੱਚ ਰੱਖਿਆ ਗਿਆ ਹੈ"
"ਪਿਛਲੇ 8 ਸਾਲਾਂ ਵਿੱਚ ਦੇਸ਼ ਵਿੱਚ 200 ਤੋਂ ਵੱਧ ਨਵੇਂ ਮੈਡੀਕਲ ਕਾਲਜ ਬਣਾਏ ਗਏ ਹਨ"
"ਇੱਕ ਅਗਾਂਹਵਧੂ ਸਮਾਜ ਵਜੋਂ, ਮਾਨਸਿਕ ਸਿਹਤ ਬਾਰੇ ਸਾਡੀ ਸੋਚ ਵਿੱਚ ਤਬਦੀਲੀ ਅਤੇ ਖੁੱਲ੍ਹਾਪਣ ਲਿਆਉਣਾ ਵੀ ਸਾਡੀ ਜ਼ਿੰਮੇਵਾਰੀ ਹੈ"
"ਮੇਡ ਇਨ ਇੰਡੀਆ 5ਜੀ ਸੇਵਾਵਾਂ ਰਿਮੋਟ ਹੈਲਥਕੇਅਰ ਸੈਕਟਰ ਵਿੱਚ ਕ੍ਰਾਂਤੀ ਲਿਆਉਣਗੀਆਂ"
Posted On:
24 AUG 2022 5:04PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵਿਖੇ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਰਿਸਰਚ ਸੈਂਟਰ ਰਾਸ਼ਟਰ ਨੂੰ ਸਮਰਪਿਤ ਕੀਤਾ। ਇਸ ਮੌਕੇ ਪੰਜਾਬ ਦੇ ਰਾਜਪਾਲ ਸ਼੍ਰੀ ਬਨਵਾਰੀਲਾਲ ਪੁਰੋਹਿਤ, ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ, ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਆਦਿ ਹਾਜ਼ਰ ਸਨ।
ਇਸ ਮੌਕੇ 'ਤੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਸਮਾਗਮ ਦੇਸ਼ ਦੀਆਂ ਸੁਧਰੀਆਂ ਹੋਈਆਂ ਸਿਹਤ ਸੁਵਿਧਾਵਾਂ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਹਸਪਤਾਲ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਸੇਵਾ ਪ੍ਰਦਾਨ ਕਰੇਗਾ। ਉਨ੍ਹਾਂ ਪੰਜਾਬ ਦੇ ਲੋਕਾਂ ਦਾ 'ਹਰ ਘਰ ਤਿਰੰਗਾ ਅਭਿਆਨ' ਵਿੱਚ ਉਤਸ਼ਾਹ ਨਾਲ ਹਿੱਸਾ ਲੈਣ ਲਈ ਧੰਨਵਾਦ ਕੀਤਾ।
ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਉਣ ਬਾਰੇ ਲਾਲ ਕਿਲੇ ਦੀ ਫ਼ਸੀਲ ਤੋਂ ਕੀਤੇ ਆਪਣੇ ਐਲਾਨ ਦਾ ਹਵਾਲਾ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, "ਭਾਰਤ ਨੂੰ ਵਿਕਸਿਤ ਬਣਾਉਣ ਲਈ, ਇਸ ਦੀਆਂ ਸਿਹਤ ਸੇਵਾਵਾਂ ਦਾ ਵਿਕਾਸ ਕਰਨਾ ਵੀ ਉਨਾ ਹੀ ਮਹੱਤਵਪੂਰਨ ਹੈ।" ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਭਾਰਤ ਦੇ ਲੋਕਾਂ ਨੂੰ ਇਲਾਜ ਲਈ ਆਧੁਨਿਕ ਸੁਵਿਧਾਵਾਂ ਨਾਲ ਭਰਪੂਰ ਆਧੁਨਿਕ ਹਸਪਤਾਲ ਮਿਲਣਗੇ, ਤਾਂ ਉਹ ਜਲਦੀ ਠੀਕ ਹੋਣਗੇ ਅਤੇ ਉਨ੍ਹਾਂ ਦੀ ਊਰਜਾ ਸਹੀ ਦਿਸ਼ਾ ਵਿੱਚ ਲੱਗੇਗੀ। ਪ੍ਰਧਾਨ ਮੰਤਰੀ ਨੇ ਕੈਂਸਰ ਦੇ ਇਲਾਜ ਲਈ ਸੁਵਿਧਾਵਾਂ ਦੀ ਸਿਰਜਣਾ ਕਰਨ ਲਈ ਸਰਕਾਰ ਦੀ ਪ੍ਰਤੀਬੱਧਤਾ ਨੂੰ ਦੁਹਰਾਇਆ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਟਾਟਾ ਮੈਮੋਰੀਅਲ ਸੈਂਟਰ ਹੁਣ ਹਰ ਸਾਲ 1.5 ਲੱਖ ਨਵੇਂ ਮਰੀਜ਼ਾਂ ਦੇ ਇਲਾਜ ਲਈ ਸਮਰੱਥ ਹੈ। ਉਨ੍ਹਾਂ ਕਿਹਾ ਕਿ ਬਿਲਾਸਪੁਰ ਵਿਖੇ ਨਵਾਂ ਹਸਪਤਾਲ ਅਤੇ ਏਮਸ ਬਣਨ ਨਾਲ ਪੀਜੀਆਈ ਚੰਡੀਗੜ੍ਹ 'ਤੇ ਬੋਝ ਘਟੇਗਾ ਅਤੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੱਡੀ ਰਾਹਤ ਮਿਲੇਗੀ।
ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਚੰਗੀ ਸਿਹਤ ਸੰਭਾਲ਼ ਪ੍ਰਣਾਲੀ ਦਾ ਮਤਲਬ ਸਿਰਫ਼ ਚਾਰ ਦੀਵਾਰੀ ਬਣਾਉਣਾ ਨਹੀਂ ਹੈ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕਿਸੇ ਵੀ ਦੇਸ਼ ਦੀ ਸਿਹਤ ਸੰਭਾਲ਼ ਪ੍ਰਣਾਲੀ ਉਦੋਂ ਹੀ ਮਜ਼ਬੂਤ ਹੁੰਦੀ ਹੈ, ਜਦੋਂ ਉਹ ਹਰ ਤਰ੍ਹਾਂ ਦਾ ਹੱਲ ਕੱਢਦਾ ਹੈ ਅਤੇ ਕਦਮ-ਦਰ-ਕਦਮ ਸਹਿਯੋਗ ਦਿੰਦਾ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਪਿਛਲੇ ਅੱਠ ਸਾਲਾਂ ਵਿੱਚ ਸੰਪੂਰਨ ਸਿਹਤ ਸੰਭਾਲ਼ ਨੂੰ ਦੇਸ਼ ਵਿੱਚ ਪ੍ਰਮੁੱਖ ਤਰਜੀਹਾਂ ਵਿੱਚ ਰੱਖਿਆ ਗਿਆ ਹੈ।
ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਅੱਜ ਛੇ ਮੋਰਚਿਆਂ 'ਤੇ ਮਿਲ ਕੇ ਕੰਮ ਕਰਕੇ ਦੇਸ਼ ਦੀਆਂ ਸਿਹਤ ਸੁਵਿਧਾਵਾਂ ਨੂੰ ਬਿਹਤਰ ਬਣਾਇਆ ਜਾ ਰਿਹਾ ਹੈ। ਸਾਰੇ ਛੇ ਮੋਰਚਿਆਂ 'ਤੇ ਵਿਸਤਾਰ ਨਾਲ ਦੱਸਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਹਿਲਾ ਮੋਰਚਾ ਨਿਵਾਰਕ ਸਿਹਤ ਸੰਭਾਲ਼ ਨੂੰ ਉਤਸ਼ਾਹਿਤ ਕਰਨਾ ਹੈ, ਦੂਜਾ ਮੋਰਚਾ ਪਿੰਡਾਂ ਵਿੱਚ ਛੋਟੇ ਅਤੇ ਆਧੁਨਿਕ ਹਸਪਤਾਲ ਖੋਲ੍ਹਣਾ ਹੈ, ਤੀਜਾ ਮੋਰਚਾ ਸ਼ਹਿਰਾਂ ਵਿੱਚ ਮੈਡੀਕਲ ਕਾਲਜ ਅਤੇ ਵੱਡੇ ਮੈਡੀਕਲ ਖੋਜ ਸੰਸਥਾਨ ਖੋਲ੍ਹਣਾ ਹੈ, ਚੌਥਾ ਮੋਰਚਾ ਦੇਸ਼ ਭਰ ਵਿੱਚ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਦੀ ਗਿਣਤੀ ਵਧਾਉਣਾ ਹੈ, ਪੰਜਵਾਂ ਮੋਰਚਾ ਮਰੀਜ਼ਾਂ ਨੂੰ ਸਸਤੀਆਂ ਦਵਾਈਆਂ, ਸਸਤੇ ਉਪਕਰਣ ਮੁਹੱਈਆ ਕਰਵਾਉਣਾ ਹੈ ਅਤੇ ਛੇਵਾਂ ਫਰੰਟ ਟੈਕਨੋਲੋਜੀ ਦੀ ਵਰਤੋਂ ਕਰਕੇ ਮਰੀਜ਼ਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਘਟਾਉਣਾ ਹੈ।
ਨਿਵਾਰਕ ਪਹੁੰਚ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਲ ਜੀਵਨ ਮਿਸ਼ਨ ਕਾਰਨ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵਿੱਚ ਕਾਫੀ ਕਮੀ ਆਈ ਹੈ। ਇਸੇ ਤਰ੍ਹਾਂ ਸਫ਼ਾਈ, ਯੋਗ, ਫਿਟਨਸ ਰੁਝਾਨ, ਪੋਸ਼ਣ ਅਭਿਯਾਨ, ਰਸੋਈ ਗੈਸ ਆਦਿ ਮਰੀਜ਼ਾਂ ਦੀ ਗਿਣਤੀ ਵਿੱਚ ਕਮੀ ਲਿਆ ਰਹੇ ਹਨ। ਦੂਸਰੇ ਮੋਰਚੇ 'ਤੇ, ਗੁਣਵੱਤਾ ਭਰਪੂਰ ਜਾਂਚ ਸੁਵਿਧਾਵਾਂ ਬਣਾਈਆਂ ਗਈਆਂ ਹਨ ਅਤੇ 1.5 ਲੱਖ ਤੋਂ ਵੱਧ ਸਿਹਤ ਅਤੇ ਵੈੱਲਨੈੱਸ ਕੇਂਦਰ ਸਥਾਪਿਤ ਕੀਤੇ ਜਾ ਰਹੇ ਹਨ। ਜਿਨ੍ਹਾਂ ਵਿੱਚੋਂ 1.25 ਪਹਿਲਾਂ ਹੀ ਸਥਾਪਿਤ ਕੀਤੇ ਜਾ ਚੁੱਕੇ ਹਨ। ਪੰਜਾਬ ਵਿੱਚ 3000 ਦੇ ਕਰੀਬ ਕੇਂਦਰ ਕੰਮ ਕਰ ਰਹੇ ਹਨ। ਦੇਸ਼ ਭਰ ਵਿੱਚ 22 ਕਰੋੜ ਤੋਂ ਵੱਧ ਲੋਕਾਂ ਦੀ ਕੈਂਸਰ ਸਕ੍ਰੀਨਿੰਗ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ 60 ਲੱਖ ਸਕ੍ਰੀਨਿੰਗ ਪੰਜਾਬ ਵਿੱਚ ਹੋਈਆਂ ਹਨ।
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਇੱਕ ਵਾਰ ਬਿਮਾਰੀ ਦਾ ਪਤਾ ਲਗ ਜਾਣ ਤੋਂ ਬਾਅਦ ਅਜਿਹੇ ਉੱਨਤ ਹਸਪਤਾਲਾਂ ਦੀ ਲੋੜ ਪੈਦਾ ਹੁੰਦੀ ਹੈ, ਜਿੱਥੇ ਗੰਭੀਰ ਬਿਮਾਰੀਆਂ ਦਾ ਸਹੀ ਢੰਗ ਨਾਲ ਇਲਾਜ ਕੀਤਾ ਜਾ ਸਕੇ। ਪ੍ਰਧਾਨ ਮੰਤਰੀ ਨੇ ਚਾਨਣਾ ਪਾਇਆ ਕਿ ਕੇਂਦਰ ਸਰਕਾਰ ਦੇਸ਼ ਦੇ ਹਰ ਜ਼ਿਲ੍ਹੇ ਵਿੱਚ ਘੱਟੋ-ਘੱਟ ਇੱਕ ਮੈਡੀਕਲ ਕਾਲਜ ਦੇ ਟੀਚੇ 'ਤੇ ਕੰਮ ਕਰ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸਿਹਤ ਬੁਨਿਆਦੀ ਢਾਂਚਾ ਮਿਸ਼ਨ ਦੇ ਤਹਿਤ ਆਯੁਸ਼ਮਾਨ ਭਾਰਤ ਯੋਜਨਾ 64 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਜ਼ਿਲ੍ਹਾ ਪੱਧਰ 'ਤੇ ਆਧੁਨਿਕ ਸਿਹਤ ਸੁਵਿਧਾਵਾਂ ਪੈਦਾ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਕਿਸੇ ਸਮੇਂ ਦੇਸ਼ ਵਿੱਚ ਸਿਰਫ਼ 7 ਏਮਸ ਸਨ, ਪਰ ਹੁਣ ਇਹ ਗਿਣਤੀ 21 ਹੋ ਗਈ ਹੈ। ਸਰਕਾਰ ਨੇ ਦੇਸ਼ ਭਰ ਵਿੱਚ ਲਗਭਗ 40 ਸਪੈਸ਼ਲਾਈਜ਼ਡ ਕੈਂਸਰ ਸੰਸਥਾਨਾਂ ਨੂੰ ਮਨਜ਼ੂਰੀ ਦਿੱਤੀ ਹੈ, ਜਿਨ੍ਹਾਂ ਵਿੱਚੋਂ ਕਈ ਹਸਪਤਾਲਾਂ ਨੇ ਪਹਿਲਾਂ ਹੀ ਸੇਵਾਵਾਂ ਪ੍ਰਦਾਨ ਕਰਨਾ ਸ਼ੁਰੂ ਕਰ ਦਿੱਤਾ ਹੈ।
ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਹਸਪਤਾਲ ਬਣਾਉਣਾ ਮਹੱਤਵਪੂਰਨ ਹੈ ਅਤੇ ਚੰਗੇ ਡਾਕਟਰਾਂ ਅਤੇ ਹੋਰ ਪੈਰਾਮੈਡਿਕਸ ਦੀ ਲੋੜੀਂਦੀ ਗਿਣਤੀ ਦਾ ਹੋਣਾ ਵੀ ਉਤਨਾ ਹੀ ਮਹੱਤਵਪੂਰਨ ਹੈ। ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਇਹ ਕੰਮ ਅੱਜ ਦੇਸ਼ ਵਿੱਚ ਮਿਸ਼ਨ ਮੋਡ 'ਤੇ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “2014 ਤੋਂ ਪਹਿਲਾਂ, ਦੇਸ਼ ਵਿੱਚ 400 ਤੋਂ ਘੱਟ ਮੈਡੀਕਲ ਕਾਲਜ ਸਨ। ਯਾਨੀ ਕਿ 70 ਸਾਲਾਂ ਵਿੱਚ 400 ਤੋਂ ਵੀ ਘੱਟ ਮੈਡੀਕਲ ਕਾਲਜ ਸਨ। ਇਸ ਦੇ ਨਾਲ ਹੀ, ਪਿਛਲੇ 8 ਸਾਲਾਂ ਵਿੱਚ, ਦੇਸ਼ ਵਿੱਚ 200 ਤੋਂ ਵੱਧ ਨਵੇਂ ਮੈਡੀਕਲ ਕਾਲਜ ਬਣਾਏ ਗਏ ਹਨ। ਪ੍ਰਧਾਨ ਮੰਤਰੀ ਨੇ ਚਿੰਨ੍ਹਤ ਕੀਤਾ ਕਿ ਸਰਕਾਰ ਨੇ 5 ਲੱਖ ਤੋਂ ਵੱਧ ਆਯੁਸ਼ ਡਾਕਟਰਾਂ ਨੂੰ ਐਲੋਪੈਥਿਕ ਡਾਕਟਰਾਂ ਵਜੋਂ ਮਾਨਤਾ ਦਿੱਤੀ ਹੈ ਅਤੇ ਇਸ ਨਾਲ ਭਾਰਤ ਵਿੱਚ ਡਾਕਟਰ-ਮਰੀਜ਼ ਅਨੁਪਾਤ ਨੂੰ ਸੁਧਾਰਨ ਵਿੱਚ ਮਦਦ ਮਿਲੀ ਹੈ। ਆਯੁਸ਼ਮਾਨ ਭਾਰਤ ਨੇ ਗ਼ਰੀਬਾਂ ਨੂੰ 5 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਮੁਹੱਈਆ ਕਰਵਾਇਆ ਹੈ ਅਤੇ ਨਤੀਜੇ ਵਜੋਂ ਹੁਣ ਤੱਕ 3.5 ਕਰੋੜ ਮਰੀਜ਼ ਆਪਣਾ ਇਲਾਜ ਕਰਵਾ ਚੁੱਕੇ ਹਨ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਇਨ੍ਹਾਂ 3.5 ਕਰੋੜ ਮਰੀਜ਼ਾਂ ਵਿੱਚੋਂ ਬਹੁਤ ਸਾਰੇ ਕੈਂਸਰ ਦੇ ਮਰੀਜ਼ ਸਨ। ਆਯੁਸ਼ਮਾਨ ਭਾਰਤ ਯੋਜਨਾ ਨੇ ਮਰੀਜ਼ਾਂ ਦੇ ਲਗਭਗ 40 ਹਜ਼ਾਰ ਕਰੋੜ ਰੁਪਏ ਦੀ ਬਚਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕੈਂਸਰ ਦੇ ਇਲਾਜ ਲਈ 500 ਤੋਂ ਵੱਧ ਦਵਾਈਆਂ ਦੀ ਕੀਮਤ ਵਿੱਚ 90 ਫੀਸਦੀ ਤੱਕ ਦੀ ਕਮੀ ਆਈ ਹੈ, ਜਿਸ ਨਾਲ ਇੱਕ ਹਜ਼ਾਰ ਕਰੋੜ ਰੁਪਏ ਤੱਕ ਦੀ ਬਚਤ ਹੋਈ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲੀ ਵਾਰ ਇੰਨੇ ਵੱਡੇ ਪੈਮਾਨੇ 'ਤੇ ਸਿਹਤ ਖੇਤਰ 'ਚ ਆਧੁਨਿਕ ਤਕਨੀਕ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ। ਆਪਣੇ ਸੰਬੋਧਨ ਦੀ ਸਮਾਪਤੀ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਯੁਸ਼ਮਾਨ ਭਾਰਤ ਡਿਜੀਟਲ ਸਿਹਤ ਮਿਸ਼ਨ ਹਰੇਕ ਮਰੀਜ਼ ਨੂੰ ਸਮੇਂ ਸਿਰ, ਘੱਟੋ-ਘੱਟ ਪਰੇਸ਼ਾਨੀ ਦੇ ਨਾਲ ਮਿਆਰੀ ਸਿਹਤ ਸੁਵਿਧਾਵਾਂ ਮਿਲਣਾ ਯਕੀਨੀ ਬਣਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਚਾਨਣਾ ਪਾਇਆ ਕੀਤਾ ਕਿ 'ਮੇਡ ਇਨ ਇੰਡੀਆ' 5ਜੀ ਸੇਵਾਵਾਂ ਦੀ ਸੰਭਾਵਿਤ ਸ਼ੁਰੂਆਤ ਰਿਮੋਟ ਹੈਲਥਕੇਅਰ ਸੈਕਟਰ ਵਿੱਚ ਕ੍ਰਾਂਤੀ ਲਿਆਵੇਗੀ। ਉਨ੍ਹਾਂ ਕਿਹਾ, “ਇਸ ਨਾਲ ਪਿੰਡ ਦੇ ਗ਼ਰੀਬ ਪਰਿਵਾਰਾਂ ਦੇ ਮਰੀਜ਼ਾਂ ਨੂੰ ਵਾਰ-ਵਾਰ ਵੱਡੇ ਹਸਪਤਾਲਾਂ ਵਿੱਚ ਜਾਣ ਦੀ ਮਜਬੂਰੀ ਘਟੇਗੀ।" ਪ੍ਰਧਾਨ ਮੰਤਰੀ ਨੇ ਕੈਂਸਰ ਕਾਰਨ ਪੈਦਾ ਹੋਏ ਡਿਪ੍ਰੈਸ਼ਨ ਨਾਲ ਲੜਨ ਵਿੱਚ ਮਰੀਜ਼ਾਂ ਅਤੇ ਪਰਿਵਾਰਾਂ ਦੀ ਮਦਦ ਕਰਨ ਦੀ ਲੋੜ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ, “ਇੱਕ ਅਗਾਂਹਵਧੂ ਸਮਾਜ ਹੋਣ ਦੇ ਨਾਤੇ, ਮਾਨਸਿਕ ਸਿਹਤ ਬਾਰੇ ਸਾਡੀ ਸੋਚ ਵਿੱਚ ਬਦਲਾਅ ਅਤੇ ਖੁੱਲ੍ਹਾਪਣ ਲਿਆਉਣਾ ਵੀ ਸਾਡੀ ਜ਼ਿੰਮੇਵਾਰੀ ਹੈ। ਤਦ ਹੀ ਇਸ ਸਮੱਸਿਆ ਦਾ ਸਹੀ ਹੱਲ ਲੱਭਿਆ ਜਾ ਸਕੇਗਾ।”
ਪਿਛੋਕੜ
ਪੰਜਾਬ ਅਤੇ ਗੁਆਂਢੀ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਸਨੀਕਾਂ ਨੂੰ ਵਿਸ਼ਵ ਪੱਧਰੀ ਕੈਂਸਰ ਦੇਖਭਾਲ਼ ਪ੍ਰਦਾਨ ਕਰਨ ਦੇ ਯਤਨਾਂ ਤਹਿਤ ਪ੍ਰਧਾਨ ਮੰਤਰੀ ਨੇ ਮੁੱਲਾਂਪੁਰ, ਨਿਊ ਚੰਡੀਗੜ੍ਹ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ, ਮੋਹਾਲੀ ਵਿੱਚ 'ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਰਿਸਰਚ ਸੈਂਟਰ' ਰਾਸ਼ਟਰ ਨੂੰ ਸਮਰਪਿਤ ਕੀਤਾ ਹੈ। ਇਹ ਹਸਪਤਾਲ 660 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਟਾਟਾ ਮੈਮੋਰੀਅਲ ਸੈਂਟਰ ਵਲੋਂ ਬਣਾਇਆ ਗਿਆ ਹੈ, ਜੋ ਭਾਰਤ ਸਰਕਾਰ ਦੇ ਪਰਮਾਣੂ ਊਰਜਾ ਵਿਭਾਗ ਅਧੀਨ ਇੱਕ ਸਹਾਇਤਾ ਪ੍ਰਾਪਤ ਸੰਸਥਾ ਹੈ।
ਇਹ ਕੈਂਸਰ ਹਸਪਤਾਲ 300 ਬੈੱਡਾਂ ਦੀ ਸਮਰੱਥਾ ਵਾਲਾ ਇੱਕ ਤੀਜੇ ਪੱਧਰ ਦੀ ਦੇਖਭਾਲ਼ ਵਾਲਾ ਹਸਪਤਾਲ ਹੈ। ਇਹ ਸਰਜਰੀ, ਰੇਡੀਓਥੈਰੇਪੀ ਅਤੇ ਮੈਡੀਕਲ ਓਨਕੋਲੋਜੀ - ਕੀਮੋਥੈਰੇਪੀ, ਇਮਯੂਨੋਥੈਰੇਪੀ ਅਤੇ ਬੋਨ ਮੈਰੋ ਟ੍ਰਾਂਸਪਲਾਂਟ ਜਿਹੀ ਹਰ ਉਪਲਬਧ ਇਲਾਜ ਵਿਧੀ ਦੀ ਵਰਤੋਂ ਕਰਦੇ ਹੋਏ ਹਰੇਕ ਕਿਸਮ ਦੇ ਕੈਂਸਰ ਦੇ ਇਲਾਜ ਲਈ ਆਧੁਨਿਕ ਸੁਵਿਧਾਵਾਂ ਨਾਲ ਲੈਸ ਹੈ।
ਇਹ ਹਸਪਤਾਲ ਖੇਤਰ ਵਿੱਚ ਕੈਂਸਰ ਕੇਅਰ ਅਤੇ ਇਲਾਜ ਦੇ ਇੱਕ 'ਧੁਰੇ' (ਹੱਬ) ਵਾਂਗ ਕੰਮ ਕਰੇਗਾ, ਸੰਗਰੂਰ ਵਿੱਚ 100 ਬਿਸਤਰਿਆਂ ਵਾਲਾ ਹਸਪਤਾਲ ਇਸ ਦੀ 'ਸ਼ਾਖਾ' (ਸਪੋਕ) ਵਜੋਂ ਕੰਮ ਕਰੇਗਾ।
**********
ਡੀਐੱਸ/ਟੀਐੱਸ
(Release ID: 1854188)
Visitor Counter : 190
Read this release in:
Bengali
,
English
,
Urdu
,
Marathi
,
Hindi
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam