ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਨਵਸਾਰੀ ਵਿੱਚ 'ਗੁਜਰਾਤ ਗੌਰਵ ਅਭਿਆਨ' ਦੌਰਾਨ ਕਈ ਵਿਕਾਸ ਪ੍ਰੋਜੈਕਟ ਲਾਂਚ ਕੀਤੇ
ਪ੍ਰਧਾਨ ਮੰਤਰੀ ਨੇ 3050 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ
"ਡਬਲ ਇੰਜਣ ਵਾਲੀ ਸਰਕਾਰ ਗੁਜਰਾਤ ਵਿੱਚ ਤੇਜ਼ ਅਤੇ ਸਮਾਵੇਸ਼ੀ ਵਿਕਾਸ ਦੀ ਸ਼ਾਨਦਾਰ ਪਰੰਪਰਾ ਨੂੰ ਇਮਾਨਦਾਰੀ ਨਾਲ ਅੱਗੇ ਵਧਾ ਰਹੀ ਹੈ"
"ਸਰਕਾਰ ਨੇ ਗ਼ਰੀਬਾਂ ਦੀ ਭਲਾਈ ਅਤੇ ਗ਼ਰੀਬਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ 'ਤੇ ਪੂਰਾ ਜ਼ੋਰ ਦਿੱਤਾ ਹੈ"
"ਪਹੁੰਚ ਤੋਂ ਬਾਹਰ ਕਿਸੇ ਵੀ ਖੇਤਰ ਵਿੱਚ ਰਹਿੰਦਾ ਹਰ ਗ਼ਰੀਬ, ਹਰ ਕਬਾਇਲੀ ਸਾਫ਼ ਪਾਣੀ ਦਾ ਹੱਕਦਾਰ ਹੈ"
"ਅਸੀਂ ਸਰਕਾਰ ਵਿੱਚ ਹੋਣ ਨੂੰ ਸੇਵਾ ਕਰਨ ਦਾ ਮੌਕਾ ਸਮਝਦੇ ਹਾਂ"
"ਅਸੀਂ ਪ੍ਰਤੀਬੱਧ ਹਾਂ ਕਿ ਪੁਰਾਣੀ ਪੀੜ੍ਹੀ ਨੂੰ ਦਰਪੇਸ਼ ਮੁਸ਼ਕਲਾਂ ਦਾ ਸਾਹਮਣਾ ਸਾਡੀ ਨਵੀਂ ਪੀੜ੍ਹੀ ਨੂੰ ਨਾ ਕਰਨਾ ਪਵੇ"
Posted On:
10 JUN 2022 12:48PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਪ੍ਰੋਗਰਾਮ ‘ਗੁਜਰਾਤ ਗੌਰਵ ਅਭਿਆਨ’ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਅੱਜ ਨਵਸਾਰੀ ਦੇ ਕਬਾਇਲੀ ਖੇਤਰ ਖੁਡਵੇਲ ਵਿਖੇ 'ਗੁਜਰਾਤ ਗੌਰਵ ਅਭਿਆਨ' ਦੌਰਾਨ ਕਈ ਵਿਕਾਸ ਪਹਿਲਕਦਮੀਆਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਇਸ ਵਿੱਚ 7 ਪ੍ਰੋਜੈਕਟਾਂ ਦਾ ਉਦਘਾਟਨ, 12 ਪ੍ਰੋਜੈਕਟਾਂ ਦਾ ਨੀਂਹ ਪੱਥਰ ਅਤੇ 14 ਪ੍ਰੋਜੈਕਟਾਂ ਦਾ ਭੂਮੀ ਪੂਜਨ ਸ਼ਾਮਲ ਹੈ। ਇਹ ਪ੍ਰੋਜੈਕਟ ਕਨੈਕਟੀਵਿਟੀ ਨੂੰ ਹੁਲਾਰਾ ਦੇਣ ਅਤੇ ਜੀਵਨ ਦੀ ਸੌਖ ਨੂੰ ਵਧਾਉਣ ਦੇ ਨਾਲ-ਨਾਲ ਖੇਤਰ ਵਿੱਚ ਪਾਣੀ ਦੀ ਸਪਲਾਈ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਨਗੇ। ਇਸ ਮੌਕੇ 'ਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਰਜਨੀਕਾਂਤ ਪਟੇਲ, ਕੇਂਦਰੀ ਅਤੇ ਰਾਜ ਮੰਤਰੀ ਅਤੇ ਜਨਤਕ ਨੁਮਾਇੰਦੇ ਹਾਜ਼ਰ ਸਨ।
ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸਥਾਨ 'ਤੇ ਕਬਾਇਲੀ ਆਬਾਦੀ ਦੇ ਇਕੱਠ ਦੀ ਵਿਸ਼ਾਲਤਾ ਨੂੰ ਨੋਟ ਕੀਤਾ। ਉਨ੍ਹਾਂ ਮਾਣ ਨਾਲ ਜ਼ਿਕਰ ਕੀਤਾ ਕਿ ਅਜਿਹੇ ਪ੍ਰੋਗਰਾਮਾਂ ਦਾ ਆਯੋਜਨ ਆਦਿਵਾਸੀ ਭੈਣਾਂ-ਭਰਾਵਾਂ ਦੇ ਨਿਰੰਤਰ ਪਿਆਰ ਨੂੰ ਦਰਸਾਉਂਦਾ ਹੈ। ਉਨ੍ਹਾਂ ਕਬਾਇਲੀ ਸਮਰੱਥਾ ਅਤੇ ਦ੍ਰਿੜ ਇਰਾਦੇ ਦੀ ਮਹਿਮਾ ਨੂੰ ਸਵੀਕਾਰ ਕਰਦੇ ਹੋਏ ਨਵਸਾਰੀ ਦੀ ਧਰਤੀ ਨੂੰ ਨਮਨ ਕੀਤਾ।
ਗੁਜਰਾਤ ਦਾ ਮਾਣ ਪਿਛਲੇ ਦੋ ਦਹਾਕਿਆਂ ਵਿੱਚ ਤੇਜ਼ ਅਤੇ ਸਮਾਵੇਸ਼ੀ ਵਿਕਾਸ ਅਤੇ ਇਸ ਵਿਕਾਸ ਵਿੱਚੋਂ ਪੈਦਾ ਹੋਈ ਇੱਕ ਨਵੀਂ ਇੱਛਾ ਹੈ। ਡਬਲ ਇੰਜਣ ਵਾਲੀ ਸਰਕਾਰ ਇਸ ਸ਼ਾਨਦਾਰ ਪਰੰਪਰਾ ਨੂੰ ਇਮਾਨਦਾਰੀ ਨਾਲ ਅੱਗੇ ਤੋਰ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਪ੍ਰੋਜੈਕਟ ਦੱਖਣੀ ਗੁਜਰਾਤ ਦੇ ਸੂਰਤ, ਨਵਸਾਰੀ, ਵਲਸਾਡ ਅਤੇ ਤਾਪੀ ਜ਼ਿਲ੍ਹਿਆਂ ਵਿੱਚ ਜੀਵਨ ਵਿੱਚ ਸੌਖ ਲਿਆਉਣਗੇ।
ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਕਿਵੇਂ 8 ਸਾਲ ਪਹਿਲਾਂ ਗੁਜਰਾਤ ਦੇ ਲੋਕਾਂ ਨੇ ਉਨ੍ਹਾਂ ਨੂੰ ਦਿੱਲੀ ਭੇਜਿਆ ਸੀ। ਉਨ੍ਹਾਂ ਕਿਹਾ ਕਿ ਪਿਛਲੇ 8 ਸਾਲਾਂ ਵਿੱਚ ਸਰਕਾਰ ਨੇ ਲੋਕਾਂ ਅਤੇ ਖੇਤਰਾਂ ਦੇ ਕਈ ਨਵੇਂ ਹਿੱਸਿਆਂ ਨੂੰ ਵਿਕਾਸ ਪ੍ਰਕਿਰਿਆ ਅਤੇ ਇੱਛਾਵਾਂ ਨਾਲ ਜੋੜਨ ਵਿੱਚ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਨੇ ਯਾਦ ਕੀਤਾ ਕਿ ਜਦੋਂ ਇੱਕ ਸਮਾਂ ਸੀ ਜਦੋਂ ਗ਼ਰੀਬ, ਵਾਂਝੇ, ਦਲਿਤ, ਆਦਿਵਾਸੀ, ਔਰਤਾਂ ਅਤੇ ਹੋਰ ਕਮਜ਼ੋਰ ਵਰਗ ਆਪਣੀ ਪੂਰੀ ਜ਼ਿੰਦਗੀ ਸਿਰਫ਼ ਬੁਨਿਆਦੀ ਲੋੜਾਂ ਨੂੰ ਪੂਰਾ ਕਰਨ ਵਿੱਚ ਬਿਤਾਉਂਦੇ ਸਨ। ਪਹਿਲਾਂ ਦੀਆਂ ਸਰਕਾਰਾਂ ਨੇ ਵਿਕਾਸ ਨੂੰ ਆਪਣੀ ਤਰਜੀਹ ਨਹੀਂ ਦਿੱਤੀ। ਬਹੁਤੇ ਲੋੜਵੰਦ ਵਰਗ ਅਤੇ ਖੇਤਰ ਸਹੂਲਤਾਂ ਤੋਂ ਵਾਂਝੇ ਸਨ। ਉਨ੍ਹਾਂ ਕਿਹਾ ਕਿ ਪਿਛਲੇ 8 ਸਾਲਾਂ 'ਚ ਸਬਕਾ ਸਾਥ, ਸਬਕਾ ਵਿਕਾਸ ਦੇ ਮੰਤਰ 'ਤੇ ਚੱਲਦਿਆਂ ਉਨ੍ਹਾਂ ਦੀ ਸਰਕਾਰ ਨੇ ਗ਼ਰੀਬਾਂ ਦੀ ਭਲਾਈ ਦੇ ਨਾਲ-ਨਾਲ ਗ਼ਰੀਬਾਂ ਨੂੰ ਬੁਨਿਆਦੀ ਸਹੂਲਤਾਂ ਦੇਣ 'ਤੇ ਸਭ ਤੋਂ ਵੱਧ ਜ਼ੋਰ ਦਿੱਤਾ ਹੈ। ਉਨ੍ਹਾਂ ਨੇ ਅੱਗੇ ਕਿਹਾ, ਹੁਣ ਸਰਕਾਰ ਨੇ ਕਲਿਆਣਕਾਰੀ ਯੋਜਨਾਵਾਂ ਦੀ ਸੰਤ੍ਰਿਪਤਾ ਦੁਆਰਾ ਗ਼ਰੀਬਾਂ ਦੇ 100 ਪ੍ਰਤੀਸ਼ਤ ਸਸ਼ਕਤੀਕਰਨ ਦਾ ਪ੍ਰੋਗਰਾਮ ਸ਼ੁਰੂ ਕੀਤਾ ਹੈ। ਪ੍ਰਧਾਨ ਮੰਤਰੀ ਨੇ ਮੁੱਖ ਮੰਚ 'ਤੇ ਪਹੁੰਚਣ ਤੋਂ ਪਹਿਲਾਂ ਆਦਿਵਾਸੀ ਭਾਈਚਾਰਿਆਂ ਦੇ ਲਾਭਪਾਤਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਜਨਤਾ ਅਤੇ ਲਾਭਪਾਤਰੀਆਂ ਨਾਲ ਸੰਪਰਕ ਵਿਕਾਸ ਲਈ ਸਹਾਇਤਾ ਨੂੰ ਨਵੀਂ ਗਤੀ ਪ੍ਰਦਾਨ ਕਰਦਾ ਹੈ।
ਗੁਜਰਾਤੀ ਵਿੱਚ ਬੋਲਦਿਆਂ ਪ੍ਰਧਾਨ ਮੰਤਰੀ ਨੇ ਸਥਾਨਕ ਲੋਕਾਂ ਨਾਲ ਆਪਣੇ ਲੰਬੇ ਸਬੰਧਾਂ ਨੂੰ ਯਾਦ ਕੀਤਾ। ਉਨ੍ਹਾਂ ਨੇ ਉਸ ਸਮੇਂ ਦੌਰਾਨ ਲੋਕਾਂ ਦੀ ਮਹਿਮਾਨ ਨਿਵਾਜ਼ੀ ਅਤੇ ਸਨੇਹ ਨੂੰ ਯਾਦ ਕੀਤਾ, ਜਦੋਂ ਉਹ ਖੇਤਰ ਵਿੱਚ ਕੰਮ ਕਰ ਕਰਦੇ ਸਨ। ਇੱਕ ਪ੍ਰਤੱਖ ਰੂਪ ਵਿੱਚ ਪ੍ਰੇਰਿਤ ਪ੍ਰਧਾਨ ਮੰਤਰੀ ਨੇ ਕਿਹਾ, "ਤੁਹਾਡਾ ਪਿਆਰ ਅਤੇ ਆਸ਼ੀਰਵਾਦ ਮੇਰੀ ਤਾਕਤ ਹੈ"। ਉਨ੍ਹਾਂ ਕਿਹਾ ਕਿ ਆਦਿਵਾਸੀ ਭਾਈਚਾਰਿਆਂ ਦੇ ਬੱਚਿਆਂ ਨੂੰ ਹਰ ਸੰਭਵ ਮੌਕੇ ਮਿਲਣੇ ਚਾਹੀਦੇ ਹਨ ਅਤੇ ਉਨ੍ਹਾਂ ਵਿੱਚ ਸਫ਼ਾਈ, ਸਿਆਣਪ, ਸੰਗਠਨ ਅਤੇ ਅਨੁਸ਼ਾਸਨ ਦੇ ਗੁਣਾਂ ਨੂੰ ਜਾਨਣਾ ਚਾਹੀਦਾ ਹੈ। ਉਨ੍ਹਾਂ ਕਬਾਇਲੀ ਲੋਕਾਂ ਵਿੱਚ ਭਾਈਚਾਰਕ ਜੀਵਨ ਅਤੇ ਵਾਤਾਵਰਣ ਦੀ ਸੁਰੱਖਿਆ ਦੀਆਂ ਕਦਰਾਂ ਕੀਮਤਾਂ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਬਾਇਲੀ ਖੇਤਰਾਂ ਵਿੱਚ ਪਾਣੀ ਨੂੰ ਯਕੀਨੀ ਬਣਾਉਣ ਲਈ ਆਪਣੇ ਕੰਮ ਦੀ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ 3 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਅੱਜ ਦੇ ਪ੍ਰੋਜੈਕਟ ਪਹਿਲੇ ਦਿਨਾਂ ਤੋਂ ਬਿਲਕੁਲ ਉਲਟ ਹਨ ਜਦੋਂ ਪਾਣੀ ਦੀ ਟੈਂਕੀ ਦੇ ਉਦਘਾਟਨ ਵਰਗੀ ਛੋਟੀ ਜਿਹੀ ਚੀਜ਼ ਵੀ ਸੁਰਖੀਆਂ ਵਿੱਚ ਰਹਿੰਦੀ ਸੀ। ਉਨ੍ਹਾਂ ਕਿਹਾ ਕਿ ਨਿਰੰਤਰ ਭਲਾਈ ਅਤੇ ਵਿਕਾਸ ਦੇ ਪ੍ਰੋਜੈਕਟ ਲੰਬੇ ਸਮੇਂ ਤੋਂ ਉਨ੍ਹਾਂ ਦੀ ਸ਼ਾਸਨ ਸ਼ੈਲੀ ਦਾ ਹਿੱਸਾ ਰਹੇ ਹਨ ਅਤੇ ਇਹ ਪ੍ਰੋਜੈਕਟ ਲੋਕਾਂ ਦੀ ਭਲਾਈ ਅਤੇ ਗ਼ਰੀਬ ਕਲਿਆਣ ਲਈ ਹਨ ਅਤੇ ਇਹ ਕਿਸੇ ਵੀ ਚੋਣ ਵਿਚਾਰ ਤੋਂ ਪਰ੍ਹੇ ਹਨ। ਹਰ ਗ਼ਰੀਬ, ਹਰ ਕਬਾਇਲੀ, ਭਾਵੇਂ ਕਿਸੇ ਵੀ ਪਹੁੰਚ ਤੋਂ ਵਾਂਝੇ ਖੇਤਰ ਵਿੱਚ ਵਸਦਾ ਹੋਵੇ, ਸਾਫ਼ ਪਾਣੀ ਦਾ ਹੱਕਦਾਰ ਹੈ, ਇਸੇ ਲਈ ਅਜਿਹੇ ਵੱਡੇ-ਵੱਡੇ ਪ੍ਰੋਜੈਕਟ ਸ਼ੁਰੂ ਕੀਤੇ ਜਾਂਦੇ ਹਨ, ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਦੀ ਵਿਸ਼ੇਸ਼ਤਾ ਰਹੀ ਹੈ ਕਿ ਉਨ੍ਹਾਂ ਦੁਆਰਾ ਨੀਂਹ ਪੱਥਰ ਰੱਖਣਾ ਅਤੇ ਉਦਘਾਟਨ ਕੀਤਾ ਜਾਣਾ, ਪ੍ਰੋਜੈਕਟਾਂ ਦੀ ਸਮੇਂ ਸਿਰ ਸਪੁਰਦਗੀ ਲਈ ਕਾਰਜ ਸੱਭਿਆਚਾਰ ਵਿੱਚ ਇੱਕ ਵੱਡੀ ਤਬਦੀਲੀ ਹੈ। ਉਨ੍ਹਾਂ ਜ਼ੋਰ ਦਿੱਤਾ, “ਅਸੀਂ ਸਰਕਾਰ ਵਿੱਚ ਹੋਣ ਨੂੰ ਸੇਵਾ ਕਰਨ ਦਾ ਮੌਕਾ ਮੰਨਦੇ ਹਾਂ”। ਅਸੀਂ ਪ੍ਰਤੀਬੱਧ ਹਾਂ ਕਿ ਪੁਰਾਣੀ ਪੀੜ੍ਹੀ ਨੂੰ ਦਰਪੇਸ਼ ਸਮੱਸਿਆਵਾਂ ਦਾ ਸਾਹਮਣਾ ਸਾਡੀ ਨਵੀਂ ਪੀੜ੍ਹੀ ਨੂੰ ਨਾ ਕਰਨਾ ਪਵੇ। ਇਸੇ ਲਈ ਇਹ ਸਕੀਮਾਂ ਸਭ ਲਈ ਸਾਫ਼ ਪਾਣੀ, ਮਿਆਰੀ ਸਿੱਖਿਆ ਵਰਗੀਆਂ ਬੁਨਿਆਦੀ ਸਹੂਲਤਾਂ ਨੂੰ ਯਕੀਨੀ ਬਣਾ ਰਹੀਆਂ ਹਨ।ਉਨ੍ਹਾਂ ਉਸ ਸਮੇਂ ਨੂੰ ਯਾਦ ਕੀਤਾ ਜਦੋਂ ਇਸ ਖੇਤਰ ਵਿੱਚ ਸਾਇੰਸ ਸਕੂਲ ਤੱਕ ਨਹੀਂ ਸੀ ਜਦ ਕਿ ਹੁਣ ਮੈਡੀਕਲ ਕਾਲਜ ਅਤੇ ਯੂਨੀਵਰਸਿਟੀਆਂ ਬਣ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਭ ਤੋਂ ਦੂਰ-ਦੁਰਾਡੇ ਖੇਤਰਾਂ ਵਿੱਚ ਬੁਨਿਆਦੀ ਢਾਂਚੇ, ਸਿੱਖਿਆ, ਕਾਰੋਬਾਰ, ਸੰਪਰਕ ਨਾਲ ਸਬੰਧਤ ਯੋਜਨਾਵਾਂ ਰਾਹੀਂ ਜੀਵਨ ਬਦਲ ਰਿਹਾ ਹੈ। ਉਨ੍ਹਾਂ ਨੇ ਕੁਦਰਤੀ ਖੇਤੀ ਨੂੰ ਅਪਣਾਉਣ ਲਈ ਡਾਂਗ ਜ਼ਿਲ੍ਹੇ ਅਤੇ ਦੱਖਣੀ ਗੁਜਰਾਤ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮਾਤ ਭਾਸ਼ਾ ਵਿੱਚ ਸਿੱਖਿਆ, ਇੱਥੋਂ ਤੱਕ ਕਿ ਮੈਡੀਕਲ ਅਤੇ ਇੰਜਨੀਅਰਿੰਗ ਵਰਗੇ ਤਕਨੀਕੀ ਕੋਰਸਾਂ ਵਿੱਚ ਵੀ ਓਬੀਸੀ, ਆਦਿਵਾਸੀ ਬੱਚਿਆਂ ਲਈ ਮੌਕੇ ਖੋਲ੍ਹੇਗੀ। ਉਨ੍ਹਾਂ ਨੇ ਵਣ ਬੰਧੂ ਯੋਜਨਾ ਦੇ ਨਵੇਂ ਪੜਾਅ ਨੂੰ ਲਾਗੂ ਕਰਨ ਲਈ ਰਾਜ ਸਰਕਾਰ ਦੀ ਵੀ ਪ੍ਰਸ਼ੰਸਾ ਕੀਤੀ। ਪ੍ਰਧਾਨ ਮੰਤਰੀ ਨੇ ਸਮਾਪਤੀ ਕਰਦਿਆਂ ਕਿਹਾ ਕਿ ਅਸੀਂ ਸੰਪੂਰਨ, ਸਮਾਵੇਸ਼ੀ ਅਤੇ ਬਰਾਬਰੀ ਵਾਲੇ ਵਿਕਾਸ ਲਈ ਕੰਮ ਕਰ ਰਹੇ ਹਾਂ।
ਪ੍ਰਧਾਨ ਮੰਤਰੀ ਨੇ ਤਾਪੀ, ਨਵਸਾਰੀ ਅਤੇ ਸੂਰਤ ਜ਼ਿਲ੍ਹਿਆਂ ਦੇ ਵਸਨੀਕਾਂ ਲਈ 961 ਕਰੋੜ ਰੁਪਏ ਦੀ ਲਾਗਤ ਵਾਲੇ 13 ਜਲ ਸਪਲਾਈ ਪ੍ਰੋਜੈਕਟਾਂ ਦਾ ਭੂਮੀ ਪੂਜਨ ਕੀਤਾ। ਉਨ੍ਹਾਂ ਨੇ ਨਵਸਾਰੀ ਜ਼ਿਲ੍ਹੇ ਵਿੱਚ ਲਗਭਗ 542 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇੱਕ ਮੈਡੀਕਲ ਕਾਲਜ ਦਾ ਭੂਮੀ ਪੂਜਨ ਵੀ ਕੀਤਾ, ਜਿਸ ਨਾਲ ਖੇਤਰ ਦੇ ਲੋਕਾਂ ਨੂੰ ਸਸਤੀ ਅਤੇ ਮਿਆਰੀ ਡਾਕਟਰੀ ਦੇਖਭਾਲ ਮੁਹੱਈਆ ਕਰਵਾਉਣ ਵਿੱਚ ਮਦਦ ਮਿਲੇਗੀ।
ਪ੍ਰਧਾਨ ਮੰਤਰੀ ਨੇ ਮਧੂਬਨ ਡੈਮ ਅਧਾਰਤ ਅਸਟੋਲ ਖੇਤਰੀ ਜਲ ਸਪਲਾਈ ਪ੍ਰੋਜੈਕਟ ਦਾ ਉਦਘਾਟਨ ਕੀਤਾ, ਜੋ ਲਗਭਗ 586 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ। ਇਹ ਵਾਟਰ ਸਪਲਾਈ ਇੰਜੀਨੀਅਰਿੰਗ ਹੁਨਰ ਦਾ ਇੱਕ ਅਦਭੁਤ ਨਮੂਨਾ ਹੈ। ਨਾਲ ਹੀ, ਪ੍ਰਧਾਨ ਮੰਤਰੀ ਦੁਆਰਾ 163 ਕਰੋੜ ਰੁਪਏ ਦੇ ‘ਨਲ ਸੇ ਜਲ’ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ। ਇਹ ਪ੍ਰੋਜੈਕਟ ਸੂਰਤ, ਨਵਸਾਰੀ, ਵਲਸਾਡ ਅਤੇ ਤਾਪੀ ਜ਼ਿਲ੍ਹਿਆਂ ਦੇ ਵਸਨੀਕਾਂ ਨੂੰ ਸੁਰੱਖਿਅਤ ਅਤੇ ਉਚਿਤ ਪੀਣ ਵਾਲਾ ਪਾਣੀ ਪ੍ਰਦਾਨ ਕਰਨਗੇ।
ਪ੍ਰਧਾਨ ਮੰਤਰੀ ਨੇ ਤਾਪੀ ਜ਼ਿਲ੍ਹੇ ਦੇ ਵਸਨੀਕਾਂ ਨੂੰ ਬਿਜਲੀ ਪ੍ਰਦਾਨ ਕਰਨ ਲਈ 85 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣੇ ਵੀਰਪੁਰ ਵਿਆਰਾ ਸਬ ਸਟੇਸ਼ਨ ਦਾ ਉਦਘਾਟਨ ਕੀਤਾ। ਵਲਸਾਡ ਜ਼ਿਲ੍ਹੇ ਦੇ ਵਾਪੀ ਸ਼ਹਿਰ ਵਿੱਚ ਗੰਦੇ ਪਾਣੀ ਦੇ ਇਲਾਜ ਦੀ ਸਹੂਲਤ ਲਈ 20 ਕਰੋੜ ਰੁਪਏ ਦੀ ਲਾਗਤ ਵਾਲੇ 14 ਐੱਮਐੱਲਡੀ ਦੀ ਸਮਰੱਥਾ ਵਾਲੇ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਉਦਘਾਟਨ ਵੀ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਨਵਸਾਰੀ ਵਿੱਚ 21 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣੇ ਸਰਕਾਰੀ ਕੁਆਰਟਰਾਂ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਪਿਪਲਾਦੇਵੀ-ਜੂਨੇਰ-ਚਿਚਵਿਹੀਰ-ਪਿਪਲਦਾਹੜ ਤੱਕ ਬਣੀਆਂ ਸੜਕਾਂ ਅਤੇ ਡਾਂਗ ਵਿੱਚ ਲਗਭਗ 12-12 ਕਰੋੜ ਰੁਪਏ ਦੀ ਲਾਗਤ ਨਾਲ ਬਣੀਆਂ ਸਕੂਲੀ ਇਮਾਰਤਾਂ ਦਾ ਉਦਘਾਟਨ ਵੀ ਕੀਤਾ।
ਪ੍ਰਧਾਨ ਮੰਤਰੀ ਨੇ ਸੂਰਤ, ਨਵਸਾਰੀ, ਵਲਸਾਡ ਅਤੇ ਤਾਪੀ ਜ਼ਿਲ੍ਹਿਆਂ ਦੇ ਵਾਸੀਆਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ 549 ਕਰੋੜ ਰੁਪਏ ਦੀ ਲਾਗਤ ਵਾਲੇ 8 ਜਲ ਸਪਲਾਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਨਵਸਾਰੀ ਜ਼ਿਲ੍ਹੇ ਵਿੱਚ 33 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਖੇਰਗਾਮ ਅਤੇ ਪਿੱਪਲਖੇਡ ਨੂੰ ਜੋੜਨ ਵਾਲੀ ਚੌੜੀ ਸੜਕ ਦਾ ਨੀਂਹ ਪੱਥਰ ਵੀ ਰੱਖਿਆ ਗਿਆ। ਕਰੀਬ 27 ਕਰੋੜ ਰੁਪਏ ਦੀ ਲਾਗਤ ਨਾਲ ਨਵਸਾਰੀ ਤੋਂ ਬਾਰਡੋਲੀ ਵਾਇਆ ਸੁਪਾ ਵਿਚਕਾਰ ਇੱਕ ਹੋਰ ਚਾਰ ਮਾਰਗੀ ਸੜਕ ਬਣਾਈ ਜਾਵੇਗੀ। ਪ੍ਰਧਾਨ ਮੰਤਰੀ ਨੇ ਡਾਂਗ ਵਿੱਚ ਕ੍ਰਮਵਾਰ 28 ਕਰੋੜ ਰੁਪਏ ਅਤੇ 10 ਕਰੋੜ ਰੁਪਏ ਦੀ ਲਾਗਤ ਨਾਲ ਜ਼ਿਲ੍ਹਾ ਪੰਚਾਇਤ ਭਵਨ ਦੇ ਨਿਰਮਾਣ ਅਤੇ ਰੋਲਰ ਕਰੈਸ਼ ਬੈਰੀਅਰ ਮੁਹੱਈਆ ਕਰਵਾਉਣ ਅਤੇ ਠੀਕ ਕਰਨ ਲਈ ਨੀਂਹ ਪੱਥਰ ਵੀ ਰੱਖਿਆ।
***
ਡੀਐੱਸ/ਏਕੇ
(Release ID: 1833606)
Visitor Counter : 133
Read this release in:
English
,
Urdu
,
Marathi
,
Hindi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Malayalam