ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਲੱਖਾਂ ਲੋਕ ਡਿਜੀਟਲ ਪਲੈਟਫਾਰਮਾਂ 'ਤੇ ਆਲ ਇੰਡੀਆ ਰੇਡੀਓ (ਏਆਈਆਰ) ਨਿਊਜ਼ ਸੁਣਦੇ ਹਨ
Posted On:
25 MAY 2022 2:28PM by PIB Chandigarh
ਜਦੋਂ ਖ਼ਬਰ ਮੀਡੀਆ ਉਦਯੋਗ ਵਿੱਚ ਵਿਸ਼ਵਾਸ ਅਤੇ ਪ੍ਰਮਾਣਿਕਤਾ ਦੀ ਗੱਲ ਆਉਂਦੀ ਹੈ, ਤਾਂ ਆਲ ਇੰਡੀਆ ਰੇਡੀਓ ਦਾ ਨਿਊਜ਼ ਨੈੱਟਵਰਕ ਸਭ ਤੋਂ ਅੱਗੇ ਹੈ। ਰਾਇਟਰਜ਼ ਇੰਸਟੀਟਿਊਟ ਦੀ 2021 ਦੀ ਰਿਪੋਰਟ ਨੇ ਇਸ ਦੀ ਪੁਸ਼ਟੀ ਕੀਤੀ ਹੈ ਅਤੇ ਇਸ ਨੂੰ ਆਲ ਇੰਡੀਆ ਰੇਡੀਓ ਨਿਊਜ਼ ਨੈੱਟਵਰਕ ਦੇ ਡਿਜੀਟਲ ਪਲੈਟਫਾਰਮਾਂ ਦੁਆਰਾ ਪ੍ਰਾਪਤ ਕੀਤੇ ਗਏ ਟ੍ਰੇਲਬਲੇਜਿੰਗ ਮੀਲ ਪੱਥਰਾਂ ਦੁਆਰਾ ਹੋਰ ਪੁਸ਼ਟੀ ਕੀਤੀ ਗਈ ਹੈ; ਸਭ ਤੋਂ ਹਾਲ ਹੀ ਦਾ ਮੀਲ ਪੱਥਰ ਟਵਿੱਟਰ 'ਤੇ 3 ਮਿਲੀਅਨ ਫੋਲੋਅਰਸ ਦਾ ਹੈ।
2013 ਵਿੱਚ ਇਸਦੀ ਸ਼ੁਰੂਆਤ ਤੋਂ ਲੈ ਕੇ, ਇਸ ਟਵਿੱਟਰ ਹੈਂਡਲ ਨੇ ਪ੍ਰਤੀ ਦਿਨ ਤਕਰੀਬਨ ਇੱਕ ਮਿਲੀਅਨ ਛਾਪਾਂ (ਇੰਪ੍ਰੈਸ਼ਨਾਂ) ਦੇ ਨਾਲ ਇੱਕ ਨਿਰੰਤਰ ਵਾਧਾ ਦੇਖਿਆ ਹੈ। ਇਸ ਹੈਂਡਲ ਤੋਂ ਇਲਾਵਾ, @AIRNewsHindi ਅਤੇ @AIRNewsUrdu 'ਤੇ ਨਿਯਮਿਤ ਅੱਪਡੇਟਸ ਵੀ ਉਪਲਬਧ ਹਨ। ਏਆਈਆਰ (ਆਕਾਸ਼ਵਾਣੀ) ਦੁਆਰਾ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਆਪਣੇ 44 ਟਵਿੱਟਰ ਹੈਂਡਲਾਂ ਜ਼ਰੀਏ ਵੀ ਖੇਤਰੀ ਭਾਸ਼ਾਵਾਂ ਵਿੱਚ ਖ਼ਬਰਾਂ ਪ੍ਰਸਾਰਿਤ ਕੀਤੀਆਂ ਜਾ ਰਹੀਆਂ ਹਨ।
ਬਦਲਦੇ ਸਮੇਂ ਦੇ ਨਾਲ ਤਾਲਮੇਲ ਵਿੱਚ, ਏਆਈਆਰ ਨਿਊਜ਼ ਨੇ ਵੱਧ ਤੋਂ ਵੱਧ ਸਰੋਤਿਆਂ, ਖ਼ਾਸ ਕਰਕੇ ਨੌਜਵਾਨਾਂ ਤੱਕ ਪਹੁੰਚਣ ਲਈ ਕਈ ਸੋਸ਼ਲ ਮੀਡੀਆ ਪਲੈਟਫਾਰਮਾਂ ਵਿੱਚ ਵੱਡੇ ਪੱਧਰ ‘ਤੇ ਆਪਣੇ ਫੁਟਪ੍ਰਿੰਟਸ ਦਾ ਵਿਸਤਾਰ ਕੀਤਾ ਹੈ। ਆਲ ਇੰਡੀਆ ਰੇਡੀਓ ਪਰੰਪਰਾਗਤ ਸਾਧਨਾਂ ਦੇ ਨਾਲ-ਨਾਲ ਕਈ ਹੋਰ ਡਿਜੀਟਲ ਪਲੈਟਫਾਰਮਾਂ ਜਿਵੇਂ ਕਿ ਯੂਟਿਊਬ, ਐਪ, ਵੈੱਬਸਾਈਟ, ਫੇਸਬੁੱਕ, ਇੰਸਟਾਗ੍ਰਾਮ ਅਤੇ ਕੂ 'ਤੇ ਨਿਊਜ਼ ਅੱਪਡੇਟ ਪ੍ਰਦਾਨ ਕਰ ਰਿਹਾ ਹੈ, ਜਿਸ ਨਾਲ ਇਹ ਭਰੋਸੇਯੋਗ ਖ਼ਬਰਾਂ ਤੱਕ ਪਹੁੰਚ ਕਰਨ ਦਾ ਸਰਬਵਿਆਪੀ ਮਾਧਿਅਮ ਬਣ ਗਿਆ ਹੈ।
ਨਿਊਜ਼ਔਨਏਆਈਆਰ (NewsOnAir) ਐਪ ਆਲ ਇੰਡੀਆ ਰੇਡੀਓ ਲਈ ਇੱਕ ਗੇਮ-ਚੇਂਜਰ ਸਾਬਤ ਹੋਈ ਹੈ ਕਿਉਂਕਿ NewsOnAir ਐਪ 'ਤੇ 270 ਆਲ ਇੰਡੀਆ ਰੇਡੀਓ ਸਟ੍ਰੀਮ ਭਾਰਤ ਵਿੱਚ ਅਤੇ ਆਲਮੀ ਪੱਧਰ 'ਤੇ 190 ਤੋਂ ਵੱਧ ਦੇਸ਼ਾਂ ਵਿੱਚ ਉਪਲਬਧ ਹਨ। ਨਿਊਜ਼ਔਨਏਆਈਆਰ ਐਪ 'ਤੇ ਕੁਝ ਏਆਈਆਰ ਸਟ੍ਰੀਮਜ਼ ਜਿਵੇਂ ਕਿ ਵਿਵਿਧ ਭਾਰਤੀ, ਏਆਈਆਰ ਪੰਜਾਬੀ ਅਤੇ ਏਆਈਆਰ ਨਿਊਜ਼ ਚੌਵੀ ਘੰਟੇ-ਸੱਤੋ ਦਿਨ (24*7) ਇਨ੍ਹਾਂ ਵਿੱਚੋਂ ਬਹੁਤ ਸਾਰੇ ਦੇਸ਼ਾਂ ਵਿੱਚ ਬਹੁਤ ਮਕਬੂਲ ਹਨ।
3 ਵਰ੍ਹਿਆਂ ਦੀ ਛੋਟੀ ਅਵਧੀ ਵਿੱਚ 'ਨਿਊਜ਼ ਔਨ ਏਆਈਆਰ ਔਫੀਸ਼ੀਅਲ' ਯੂਟਿਊਬ ਚੈਨਲ ਦਾ 4.5 ਲੱਖ ਗਾਹਕਾਂ ਤੱਕ ਦਾ ਵਾਧਾ ਸਾਰੇ ਪਲੈਟਫਾਰਮਾਂ 'ਤੇ ਆਲ ਇੰਡੀਆ ਰੇਡੀਓ ਦੀਆਂ ਖਬਰਾਂ ਦੀ ਸਾਰਥਕਤਾ ਨੂੰ ਦਰਸਾਉਂਦਾ ਹੈ। 2019 ਵਿੱਚ ਜਦੋਂ ਤੋਂ ਇਹ ਸਟ੍ਰੀਮਿੰਗ ਸ਼ੁਰੂ ਹੋਈ ਹੈ, ਇਸ ਦੇ ਦੇਖਣ ਦੇ ਸਮੇਂ ਵਿੱਚ ਲੀਨੀਅਰ ਵਾਧਾ ਦੇਖਿਆ ਗਿਆ ਹੈ, ਜੋ ਕਿ 22 ਲੱਖ ਘੰਟਿਆਂ ਤੋਂ ਵੱਧ ਹੋ ਗਿਆ ਹੈ ਅਤੇ ਕੁੱਲ ਇੰਪ੍ਰੈਸ਼ਨ 38 ਕਰੋੜ ਤੋਂ ਵੱਧ ਹੋ ਗਏ ਹਨ। ਇਨ੍ਹਾਂ ਸਾਰੇ ਪਲੈਟਫਾਰਮਾਂ 'ਤੇ ਤਰੱਕੀ ਪੂਰੀ ਤਰ੍ਹਾਂ ਜੈਵਿਕ ਹੈ।
ਇੱਕ ਹੋਰ ਮੀਲ ਪੱਥਰ ਵਿੱਚ, ਏਆਈਆਰ ਨਿਊਜ਼ ਲਈ ਫੇਸਬੁੱਕ 'ਤੇ ਫੋਲੋਅਰਸ ਦੀ ਸੰਖਿਆ 3.4 ਮਿਲੀਅਨ ਨੂੰ ਪਾਰ ਕਰ ਗਈ ਹੈ। ਏਆਈਆਰ ਨਿਊਜ਼ ਦੇ ਫੇਸਬੁੱਕ ਪੇਜ 'ਤੇ ਫੋਲੋਅਰਸ 43 ਤੋਂ ਵੱਧ ਵਿਭਿੰਨ ਦੇਸ਼ਾਂ ਤੋਂ ਹਨ। ਇਹ ਇਸਨੂੰ ਭਾਰਤ ਦੀ ਆਵਾਜ਼ ਬਣਾਉਂਦਾ ਹੈ ਅਤੇ ਦੁਨੀਆ ਭਰ ਵਿੱਚ ਭਾਰਤ ਅਤੇ ਭਾਰਤੀ ਪ੍ਰਵਾਸੀਆਂ ਦਰਮਿਆਨ ਇੱਕ ਲਿੰਕ ਵੀ ਬਣਾਉਂਦਾ ਹੈ। ਭਾਰਤੀ ਦ੍ਰਿਸ਼ਟੀਕੋਣ 'ਤੇ ਧਿਆਨ ਕੇਂਦ੍ਰਤ ਕਰਦੇ ਹੋਏ ਵਰਲਡ ਨਿਊਜ਼ ਪ੍ਰੋਗਰਾਮ ਜਿਹੇ ਰੇਡੀਓ ਸ਼ੋਅ, ਬਹੁਤ ਘੱਟ ਸਮੇਂ ਵਿੱਚ ਮਕਬੂਲ ਹੋ ਗਏ।
ਪ੍ਰਸਾਰ ਭਾਰਤੀ ਦੇ ਸੀਈਓ ਸ਼ਸ਼ੀ ਸ਼ੇਖਰ ਵੇਮਪਤੀ ਨੇ ਇਸ ਉਪਲਭਦੀ ਦੀ ਸ਼ਲਾਘਾ ਕੀਤੀ। ਉਹ ਆਕਾਸ਼ਵਾਣੀ ਭਵਨ ਵਿਖੇ ਸੋਸ਼ਲ ਮੀਡੀਆ ਟੀਮ ਨੂੰ ਮਿਲੇ ਅਤੇ ਉਨ੍ਹਾਂ ਨੂੰ ਆਪਣੀ ਰਚਨਾਤਮਕ ਭਾਵਨਾ ਨਾਲ ਨਵੀਆਂ ਉਚਾਈਆਂ ਨੂੰ ਸਰ ਕਰਨ ਦੀ ਤਾਕੀਦ ਕੀਤੀ। ਆਲ ਇੰਡੀਆ ਰੇਡੀਓ ਨਿਊਜ਼ ਦੇ ਪ੍ਰਿੰਸੀਪਲ ਡਾਇਰੈਕਟਰ ਜਨਰਲ, ਐੱਨਵੀ ਰੈੱਡੀ ਨੇ ਕਿਹਾ ਕਿ ਇਹ ਟੀਮਵਰਕ ਦਾ ਨਤੀਜਾ ਹੈ ਅਤੇ ਲੋਕਾਂ ਵਿੱਚ ਏਆਈਆਰ ਨਿਊਜ਼ ਦੀ ਭਰੋਸੇਯੋਗਤਾ ਦਾ ਪ੍ਰਤੀਬਿੰਬ ਹੈ।
ਵਿਦਿਆਰਥੀਆਂ ਦੇ ਵਿਸ਼ੇਸ਼ ਪ੍ਰੋਗਰਾਮਾਂ ਜਿਵੇਂ ਕਿ ਅਭਿਆਸ, ਸੁਤੰਤਰਤਾ ਅੰਦੋਲਨ 'ਤੇ ਕੁਇਜ਼ ਅਤੇ ਸਪੋਰਟਸ ਕੁਇਜ਼ ਨੇ ਨਵੀਂ ਪੀੜ੍ਹੀ ਵਿੱਚ ਏਆਈਆਰ ਨੂੰ ਆਪਣੇ ਮੀਡੀਆ ਰੈਜੀਮੈਨ ਵਿੱਚ ਇੱਕ ਨਿਯਮਿਤ ਫੀਚਰ ਵਜੋਂ ਵਿਚਾਰਨ ਲਈ ਦਿਲਚਸਪੀ ਦਿਖਾਈ ਹੈ। ਜੰਮੂ ਅਤੇ ਕਸ਼ਮੀਰ ਨੂੰ ਮੁੱਖ ਧਾਰਾ ਨਾਲ ਜੋੜਨ ਵਿੱਚ ਹੋਰ ਯੋਗਦਾਨ ਦਿੰਦੇ ਹੋਏ, ਏਆਈਆਰ ਪ੍ਰੋਗਰਾਮਿੰਗ ਦੇ ਪਹਿਲਾਂ ਤੋਂ ਹੀ ਵਿਵਿਧ ਗੁਲਦਸਤੇ ਵਿੱਚ ਇੱਕ ਵਿਸ਼ੇਸ਼ ਖੰਡ 'ਜੰਮੂ ਕਸ਼ਮੀਰ - ਏਕ ਨਈ ਸੁਬਾਹ' ਸ਼ਾਮਲ ਕੀਤਾ ਗਿਆ ਹੈ।
ਡਾਇਸਪੋਰਾ ਤੱਕ ਪਹੁੰਚਣ ਲਈ, ਅਤੇ ਭਾਰਤ ਦੀ ਗਲੋਬਲ ਆਊਟਰੀਚ ਅਤੇ ਸੌਫਟ ਪਾਵਰ ਨੂੰ ਵਧਾਉਣ ਲਈ, ਏਆਈਆਰ ਨਿਊਜ਼ ਨੇ ਵਿਦੇਸ਼ੀ ਭਾਸ਼ਾਵਾਂ ਵਿੱਚ ਪ੍ਰਸਾਰਣ ਨੂੰ ਦੁੱਗਣਾ ਕਰ ਦਿੱਤਾ ਹੈ ਜਿਨ੍ਹਾਂ ਵਿੱਚ ਦਾਰੀ, ਪਸ਼ਤੋ, ਬਲੂਚੀ, ਨੇਪਾਲੀ, ਮੈਂਡਰਿਨ ਚੀਨੀ ਅਤੇ ਤਿੱਬਤੀ ਭਾਸ਼ਾਵਾਂ ਸ਼ਾਮਲ ਹਨ।
ਰਵਾਇਤੀ ਅਤੇ ਸੋਸ਼ਲ ਮੀਡੀਆ ਪਲੈਟਫਾਰਮਾਂ ਤੋਂ ਇਲਾਵਾ, ਆਲ ਇੰਡੀਆ ਰੇਡੀਓ ਡੀਡੀ ਫ੍ਰੀ ਡਿਸ਼ ਡੀਟੀਐੱਚ ਅਤੇ ਡੀਆਰਐੱਮ 'ਤੇ ਵੀ ਉਪਲਬਧ ਹੈ।
1936 ਵਿੱਚ ਸਥਾਪਿਤ, ਆਲ ਇੰਡੀਆ ਰੇਡੀਓ, ਦੁਨੀਆ ਦਾ ਸਭ ਤੋਂ ਵੱਡਾ ਰੇਡੀਓ ਨੈੱਟਵਰਕ ਹੈ। ਇਹ 77 ਭਾਰਤੀ ਅਤੇ 12 ਵਿਦੇਸ਼ੀ ਭਾਸ਼ਾਵਾਂ ਵਿੱਚ ਖ਼ਬਰਾਂ ਅਤੇ ਕਰੰਟ ਅਫੇਅਰਸ ਦੇ ਪ੍ਰੋਗਰਾਮਾਂ ਦਾ ਪ੍ਰਸਾਰਣ ਕਰਦਾ ਹੈ।
**********
ਸੌਰਭ ਸਿੰਘ
(Release ID: 1828279)
Visitor Counter : 132