ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਭਾਰਤ ਵਿੱਚ ਵਿਦੇਸ਼ੀ ਫਿਲਮਾਂ ਦੀ ਸ਼ੂਟਿੰਗ ਨੂੰ ਉਤਸ਼ਾਹਿਤ ਕਰਨ ਲਈ ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਵੱਡੀਆਂ ਰਿਆਇਤਾਂ ਦਾ ਐਲਾਨ ਕੀਤਾ
ਭਾਰਤ ਵਿੱਚ ਵਿਦੇਸ਼ੀ ਫਿਲਮਾਂ ਦੇ ਸਹਿ-ਨਿਰਮਾਣ ਲਈ 2 ਕਰੋੜ ਰੁਪਏ ਅਤੇ ਸ਼ੂਟਿੰਗ ਲਈ 2.5 ਕਰੋੜ ਰੁਪਏ ਤੱਕ ਦਾ ਪ੍ਰੋਤਸਾਹਨ
ਸ਼੍ਰੀ ਠਾਕੁਰ ਨੇ ਇੰਡੀਆ ਪੈਵੇਲੀਅਨ ਦਾ ਉਦਘਾਟਨ ਕੀਤਾ, ਇੱਫੀ (IFFI) ਦੇ 53ਵੇਂ ਸੰਸਕਰਣ ਦੇ ਪੋਸਟਰ ਦਾ ਉਦਘਾਟਨ ਕੀਤਾ
ਭਾਰਤੀ ਸਿਨੇਮਾ ਮਨੁੱਖੀ ਪ੍ਰਤਿਭਾ, ਜਿੱਤ ਅਤੇ ਨਵੇਂ ਭਾਰਤ ਦੇ ਮਾਰਗ ਦੀ ਗਾਥਾ ਹੈ: ਸ਼੍ਰੀ ਠਾਕੁਰ
ਪਿਛਲੇ ਸੱਤ ਦਹਾਕਿਆਂ ਵਿੱਚ ਸਿਨੇਮਾ ਸਾਡੀ ਸੌਫਟ ਪਾਵਰ ਦੇ ਸਾਧਨ ਵਜੋਂ ਉੱਭਰਿਆ ਹੈ: ਸ਼੍ਰੀ ਠਾਕੁਰ
ਸੌਫਟ ਪਾਵਰ ਦੇ ਇੱਕ ਸਾਧਨ ਵਜੋਂ ਭਾਰਤੀ ਸਿਨੇਮਾ ਨੇ ਦੁਨੀਆ ਨੂੰ ਭਾਰਤ ਨੂੰ ਬਿਹਤਰ ਤਰੀਕੇ ਨਾਲ ਜਾਣਨ ਵਿੱਚ ਮਦਦ ਕੀਤੀ ਹੈ: ਸ਼੍ਰੀ ਜਾਵੇਦ ਅਸ਼ਰਫ਼, ਫਰਾਂਸ ਵਿੱਚ ਭਾਰਤੀ ਰਾਜਦੂਤ
Posted On:
18 MAY 2022 5:16PM by PIB Chandigarh
ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ, ਸ਼੍ਰੀ ਅਨੁਰਾਗ ਠਾਕੁਰ ਨੇ ਅੱਜ ਕਾਨ ਫਿਲਮ ਮਾਰਕਿਟ 'ਮਾਰਚੇ ਡੂ ਫਿਲਮ' ਵਿਖੇ ਇੰਡੀਆ ਪੈਵੇਲੀਅਨ ਦਾ ਉਦਘਾਟਨ ਕੀਤਾ। ਭਾਰਤ ਨੂੰ ਵਿਦੇਸ਼ੀ ਫਿਲਮ ਨਿਰਮਾਣ ਲਈ ਮਨਪਸੰਦ ਕੇਂਦਰ ਬਣਾਉਣ ਦੇ ਉਦੇਸ਼ ਨਾਲ, ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ, ਸ਼੍ਰੀ ਅਨੁਰਾਗ ਠਾਕੁਰ ਨੇ ਅੱਜ ਵਿਦੇਸ਼ੀ ਫਿਲਮਾਂ ਦੀ ਸ਼ੂਟਿੰਗ ਅਤੇ ਭਾਰਤ ਨਾਲ ਵਿਦੇਸ਼ੀ ਸਹਿ-ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ ਦੋ ਯੋਜਨਾਵਾਂ ਦਾ ਉਦਘਾਟਨ ਕੀਤਾ। ਇਹ ਦੋ ਸਕੀਮਾਂ, ਭਾਵ ਆਡੀਓ-ਵਿਜ਼ੂਅਲ ਸਹਿ-ਨਿਰਮਾਣ ਲਈ ਪ੍ਰੋਤਸਾਹਨ ਯੋਜਨਾ ਅਤੇ ਭਾਰਤ ਵਿੱਚ ਵਿਦੇਸ਼ੀ ਫਿਲਮਾਂ ਦੀ ਸ਼ੂਟਿੰਗ ਲਈ ਪ੍ਰੋਤਸਾਹਨ ਯੋਜਨਾ ਦਾ ਉਦੇਸ਼ ਭਾਰਤੀ ਮੀਡੀਆ ਅਤੇ ਮਨੋਰੰਜਨ ਉਦਯੋਗ ਦੀ ਸੰਭਾਵਨਾ ਨੂੰ ਵਧਾਉਣਾ ਹੈ।
ਪ੍ਰੋਤਸਾਹਨ ਦੇ ਪੱਖਾਂ ਦਾ ਜ਼ਿਕਰ ਕਰਦੇ ਹੋਏ ਸ਼੍ਰੀ ਠਾਕੁਰ ਨੇ ਦੱਸਿਆ ਕਿ ਅਧਿਕਾਰਤ ਸਹਿ-ਨਿਰਮਾਣ ਲਈ, ਅੰਤਰਰਾਸ਼ਟਰੀ ਫਿਲਮ ਨਿਰਮਾਣ ਕੰਪਨੀਆਂ ਭਾਰਤ ਵਿੱਚ ਵੱਧ ਤੋਂ ਵੱਧ 2 ਕਰੋੜ ਰੁਪਏ ਦੇ ਯੋਗ ਖਰਚਿਆਂ 'ਤੇ 30 ਪ੍ਰਤੀਸ਼ਤ ਤੱਕ ਦੀ ਅਦਾਇਗੀ ਦਾ ਦਾਅਵਾ ਕਰ ਸਕਦੀਆਂ ਹਨ। ਭਾਰਤ ਵਿੱਚ ਸ਼ੂਟ ਕੀਤੀਆਂ ਗਈਆਂ ਵਿਦੇਸ਼ੀ ਫਿਲਮਾਂ ਵੱਧ ਤੋਂ ਵੱਧ 50 ਲੱਖ ਰੁਪਏ (65,000 ਅਮਰੀਕੀ ਡਾਲਰ) ਤੱਕ ਵਾਧੂ 5 ਪ੍ਰਤੀਸ਼ਤ ਬੋਨਸ ਦਾ ਦਾਅਵਾ ਕਰ ਸਕਦੀਆਂ ਹਨ ਕਿਉਂਕਿ ਭਾਰਤ ਵਿੱਚ 15 ਪ੍ਰਤੀਸ਼ਤ ਜਾਂ ਇਸ ਤੋਂ ਵੱਧ ਮਨੁੱਖੀ ਸ਼ਕਤੀ ਨੂੰ ਰੋਜ਼ਗਾਰ ਦੇਣ ਵਾਲਿਆਂ ਲਈ ਵਾਧੂ ਅਦਾਇਗੀ ਦਿੱਤੀ ਜਾਵੇਗੀ। ਮੰਤਰੀ ਨੇ ਕਿਹਾ ਕਿ ਇਹ ਯੋਜਨਾਵਾਂ ਭਾਰਤ ਦੇ ਨਾਲ ਵਿਸ਼ਵ ਪੱਧਰ 'ਤੇ ਸਹਿਯੋਗ ਨੂੰ ਉਤਸ਼ਾਹਿਤ ਕਰਨਗੀਆਂ ਅਤੇ ਵਿਦੇਸ਼ੀ ਫਿਲਮ ਨਿਰਮਾਤਾਵਾਂ ਤੋਂ ਨਿਵੇਸ਼ ਆਕਰਸ਼ਿਤ ਕਰਨਗੀਆਂ ਅਤੇ ਭਾਰਤ ਨੂੰ ਫਿਲਮਾਂ ਦੇ ਕੇਂਦਰ ਵਜੋਂ ਉਤਸ਼ਾਹਿਤ ਕਰਨ ਵਿੱਚ ਮਦਦ ਕਰਨਗੀਆਂ। (ਇਸ ਸਕੀਮ ਦੇ ਵੇਰਵੇ ਹੇਠਾਂ ਅੰਤਿਕਾ-1 ਵਿੱਚ ਦਿੱਤੇ ਗਏ ਹਨ)
ਭਾਰਤੀ ਸਿਨੇਮਾ ਦੇ ਡੂੰਘੇ ਸਮਾਜਿਕ ਪਿਛੋਕੜ ਦੀ ਵਿਆਖਿਆ ਕਰਦੇ ਹੋਏ ਸ਼੍ਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਭਾਰਤੀ ਸਿਨੇਮਾ ਵਿੱਚ ਸਿਰਜਣਾਤਮਕਤਾ, ਉੱਤਮਤਾ ਅਤੇ ਨਵੀਨਤਾ ਸਮਾਜਿਕ ਤੇ ਰਾਸ਼ਟਰੀ ਮਹੱਤਵ ਦੇ ਵਿਸ਼ਿਆਂ ਦੀ ਸੰਵੇਦਨਸ਼ੀਲਤਾ ਦੇ ਨਾਲ ਵਿਕਸਿਤ ਹੋਈ ਹੈ। ਉਨ੍ਹਾਂ ਕਿਹਾ ਕਿ ਭਾਰਤੀਆਂ ਦੀਆਂ ਕਦਰਾਂ-ਕੀਮਤਾਂ, ਵਿਸ਼ਵਾਸਾਂ ਅਤੇ ਅਨੁਭਵਾਂ ਨੂੰ ਦਰਸਾਉਂਦੇ ਹੋਏ, ਭਾਰਤੀ ਸਿਨੇਮਾ ਨੇ ਉਨ੍ਹਾਂ ਦੀਆਂ ਉਮੀਦਾਂ, ਸੁਪਨਿਆਂ ਅਤੇ ਪ੍ਰਾਪਤੀਆਂ ਨੂੰ ਵੀ ਦਰਸਾਇਆ ਹੈ। ਭਾਰਤੀ ਸੱਭਿਆਚਾਰ ਵਿੱਚ ਜੜ੍ਹਾਂ ਹੋਣ ਦੇ ਬਾਵਜੂਦ, ਭਾਰਤੀ ਫਿਲਮ ਉਦਯੋਗ ਇੱਕ ਵਿਸ਼ਵਵਿਆਪੀ ਪਾਤਰ ਨੂੰ ਪੇਸ਼ ਕਰਨ ਦੇ ਯੋਗ ਹੋਇਆ ਹੈ। ਮੰਤਰੀ ਨੇ ਕਿਹਾ ਕਿ ਸਾਡੀ ਸਰਪ੍ਰਸਤੀ ਹੇਠ ਭਾਰਤੀ ਫਿਲਮ ਨਿਰਮਾਤਾ ਤਕਨੀਕ ਰਾਹੀਂ ਸਦੀਆਂ ਪੁਰਾਣੀਆਂ ਕਹਾਣੀਆਂ ਨੂੰ ਪੇਸ਼ ਕਰਨ ਲਈ ਆਪਣੀ ਨਵੀਨਤਾਕਾਰੀ ਕਲਾ ਦੀ ਵਰਤੋਂ ਕਰ ਰਹੇ ਹਨ। ਸ਼੍ਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਭਾਰਤੀ ਸਿਨੇਮਾ ਨਾ ਸਿਰਫ 6000 ਸਾਲ ਪੁਰਾਣੀ ਸਭਿਅਤਾ ਅਤੇ 1.3 ਅਰਬ ਕਹਾਣੀਆਂ ਦੀ ਗਾਥਾ ਹੈ, ਸਗੋਂ ਦਰਸ਼ਕਾਂ ਦੇ ਦ੍ਰਿਸ਼ਟੀਕੋਣ ਰਾਹੀਂ ਮਨੁੱਖੀ ਪ੍ਰਤਿਭਾ, ਜਿੱਤ ਅਤੇ ਨਵੇਂ ਭਾਰਤ ਦੇ ਮਾਰਗ ਦੀ ਵੀ ਹੈ।
ਫਿਲਮ 'ਯੇ ਜਵਾਨੀ ਹੈ ਦੀਵਾਨੀ' ਦੇ ਇੱਕ ਸੰਵਾਦ ਦੀ ਵਿਆਖਿਆ ਕਰਦਿਆਂ ਸ਼੍ਰੀ ਠਾਕੁਰ ਨੇ ਕਿਹਾ - "ਭਾਰਤ ਦਾ ਸਿਨੇਮਾ ਚੱਲਣਾ ਚਾਹੁੰਦਾ ਹੈ, ਉੱਡਣਾ ਚਾਹੁੰਦਾ ਹੈ, ਬੱਸ ਰੁਕਣਾ ਨਹੀਂ ਚਾਹੁੰਦਾ।" ਸ਼੍ਰੀ ਠਾਕੁਰ ਨੇ ਕਿਹਾ ਕਿ ਭਾਰਤੀ ਸਿਨੇਮਾ ਨੇ ਇਸ ਖੂਬਸੂਰਤ ਯਾਤਰਾ ਰਾਹੀਂ ਵਿਸ਼ਵਵਿਆਪੀ ਫਿਲਮ ਨਿਰਮਾਤਾਵਾਂ ਨੂੰ ਪ੍ਰੇਰਿਤ ਕੀਤਾ ਹੈ ਤੇ ਉਨ੍ਹਾਂ ਤੋਂ ਪ੍ਰੇਰਨਾ ਵੀ ਲਈ ਹੈ ਅਤੇ 2020 ਭਾਰਤ ਵਿੱਚ ਕਲਾ ਅਤੇ ਫਿਲਮ ਨਿਰਮਾਣ ਲਈ ਸਭ ਤੋਂ ਵਧੀਆ ਸਮਾਂ ਰਿਹਾ ਹੈ।
ਭਾਰਤੀ ਸਿਨੇਮਾ ਇੱਕ ਆਦਰਸ਼ ਤਬਦੀਲੀ ਦੇ ਦੌਰ ਵਿੱਚੋਂ ਲੰਘ ਰਿਹਾ ਹੈ ਕਿਉਂਕਿ ਪਿਛਲੇ ਸਾਲਾਂ ਵਿੱਚ, ਸਟ੍ਰੀਮਿੰਗ ਕ੍ਰਾਂਤੀ ਨੇ ਦੇਸ਼ ’ਚ ਤੂਫ਼ਾਨ ਲੈ ਆਂਦਾ ਹੈ ਅਤੇ ਫਿਲਮਾਂ ਦੇ ਨਿਰਮਾਣ, ਵੰਡ ਅਤੇ ਇਨ੍ਹਾਂ ਨੂੰ ਵੇਖਣ ਦੇ ਰੂਪ ਵਿੱਚ ਡਿਜੀਟਲ/ਓਟੀਟੀ ਪਲੇਟਫਾਰਮਾਂ ਦੀ ਹਰਮਨਪਿਆਰਤਾ ਬਦਲ ਚੁੱਕੀ ਹੈ। ਵਿਸ਼ਵ–ਪੱਧਰੀ ਅਤੇ ਭਾਰਤੀ ਸਿਨੇਮਾ ਦੇ ਖਪਤਕਾਰਾਂ ਕੋਲ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵਿਕਲਪ ਹਨ।
ਭਾਰਤ ਨੂੰ ਇੱਕ ਤਰਜੀਹੀ ਫਿਲਮਿੰਗ ਹੱਬ ਬਣਾਉਣ ਲਈ ਸਰਕਾਰ ਦੀ ਮਜ਼ਬੂਤ ਪ੍ਰਤੀਬੱਧਤਾ 'ਤੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਸ਼੍ਰੀ ਠਾਕੁਰ ਨੇ ਕਿਹਾ ਕਿ ਸਾਡੇ ਕੋਲ ਇੱਕ ਮਜ਼ਬੂਤ ਬੌਧਿਕ ਸੰਪਤੀ ਪ੍ਰਣਾਲੀ ਹੈ, ਨਾਲ ਹੀ ਡਿਜੀਟਲ ਮਾਧਿਅਮ ਹੁਣ ਥੀਏਟਰ ਅਤੇ ਫਿਲਮਾਂ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਹੋਰ ਸਥਾਪਤ ਢੰਗਾਂ ਦੇ ਪੂਰਕ ਹਨ। ਖਪਤਕਾਰਾਂ ਦੀ ਪਸੰਦ ਨੂੰ ਬਹੁਤ ਵਿਆਪਕ ਪੱਧਰ 'ਤੇ ਤਰਜੀਹ ਦਿੱਤੀ ਗਈ ਹੈ ਅਤੇ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਸਿਰਜਣਾਤਮਕ ਉਦਯੋਗਾਂ ਨੂੰ ਸਮਰਥਨ ਦੇ ਕੇ ਇਸ ਨੂੰ ਸੁਰੱਖਿਅਤ ਰੱਖਣ ਲਈ ਪ੍ਰਤੀਬੱਧ ਹੈ।
ਆਪਣੀਆਂ ਫਿਲਮਾਂ ਨੂੰ ਵੱਡੇ ਪੱਧਰ 'ਤੇ ਮੁੜ–ਸੁਰਜੀਤ ਕਰਨ ਦੇ ਕੰਮ 'ਤੇ ਵਿਚਾਰ ਪ੍ਰਗਟ ਕਰਦਿਆਂ ਸ਼੍ਰੀ ਠਾਕੁਰ ਨੇ ਕਿਹਾ ਕਿ ਸਰਕਾਰ ਨੇ ਰਾਸ਼ਟਰੀ ਫਿਲਮ ਹੈਰੀਟੇਜ ਮਿਸ਼ਨ ਤਹਿਤ ਦੁਨੀਆ ਦਾ ਸਭ ਤੋਂ ਵੱਡਾ ਫਿਲਮ ਰੀਵਾਈਵਲ ਪ੍ਰੋਜੈਕਟ ਸ਼ੁਰੂ ਕੀਤਾ ਹੈ ਅਤੇ ਇਸ ਮੁਹਿੰਮ ਦੇ ਤਹਿਤ ਕਈ ਭਾਸ਼ਾਵਾਂ ਅਤੇ 2200 ਸਾਰੀਆਂ ਸ਼ੈਲੀਆਂ ਦੀਆਂ ਫਿਲਮਾਂ ਨੂੰ ਉਨ੍ਹਾਂ ਦੀ ਪੁਰਾਣੀ ਸ਼ਾਨ ਪ੍ਰਦਾਨ ਕੀਤੀ ਜਾਵੇਗੀ।
ਇੰਡੀਆ ਪੈਵੇਲੀਅਨ ਨੂੰ ਵਧਾਈ ਦਿੰਦਿਆਂ ਸ਼੍ਰੀ ਠਾਕੁਰ ਨੇ ਕਿਹਾ ਕਿ ਇੰਡੀਆ ਪੈਵੇਲੀਅਨ ਸਾਡੇ ਵੱਕਾਰ ਦਾ ਪ੍ਰਤੀਕ ਹੈ ਅਤੇ ਅੱਜ ਸਿਰਫ ਤੁਹਾਡੇ ਵਿਸ਼ਵਾਸ ਅਤੇ ਯਤਨਾਂ ਨਾਲ ਇਹ ਕੱਲ੍ਹ ਨੂੰ ਭਾਰਤੀ ਸੁਪਨਿਆਂ ਦਾ ਮਾਰਗ ਦਰਸ਼ਕ ਬਣੇਗਾ।
ਸ਼੍ਰੀ ਅਨੁਰਾਗ ਠਾਕੁਰ ਨੇ ਭਾਰਤ ਦੇ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਦੇ 53ਵੇਂ ਸੰਸਕਰਣ ਦੇ ਅਧਿਕਾਰਤ ਪੋਸਟਰ ਦਾ ਵੀ ਪਰਦਾਫਾਸ਼ ਕੀਤਾ। (ਅੰਤਿਕਾ 2)
ਇਸ ਮੌਕੇ 'ਤੇ ਟਿੱਪਣੀ ਕਰਦਿਆਂ ਅਦਾਕਾਰਾ ਸ਼੍ਰੀਮਤੀ ਤਮੰਨਾ ਭਾਟੀਆ ਨੇ ਕਿਹਾ ਕਿ ਭਾਰਤ ਨੇ ਕਈ ਸਾਲਾਂ ਤੋਂ ਗਲੋਬਲ ਫਿਲਮ ਉਦਯੋਗ ਵਿੱਚ ਯੋਗਦਾਨ ਪਾਇਆ ਹੈ ਅਤੇ ਹੁਣ ਆਜ਼ਾਦੀ ਦੇ 75ਵੇਂ ਸਾਲ ਵਿੱਚ ਭਾਰਤ ਦੇ ਨਾਲ ਕਾਨ ਫਿਲਮ ਫੈਸਟੀਵਲ ਦੀ ਭਾਈਵਾਲੀ ਸੱਚਮੁੱਚ ਹੀ ਸ਼ਾਨਦਾਰ ਹੈ। ਅਦਾਕਾਰ ਨਵਾਜ਼ੂਦੀਨ ਸਿੱਦੀਕੀ ਨੇ ਭਾਵਨਾ ਪ੍ਰਗਟ ਕੀਤੀ ਕਿ ਭਾਰਤ ਬਹੁਤ ਸਾਰੀਆਂ ਕਹਾਣੀਆਂ ਦੀ ਧਰਤੀ ਹੈ ਅਤੇ ਇਨ੍ਹਾਂ ਜ਼ਮੀਨੀ ਕਹਾਣੀਆਂ ਨੇ ਵਿਸ਼ਵ ਪੱਧਰ 'ਤੇ ਪ੍ਰਮੁੱਖਤਾ ਹਾਸਲ ਕੀਤੀ ਹੈ। ਅਦਾਕਾਰਾ ਦੀਪਿਕਾ ਪਾਦੂਕੋਣ ਨੇ ਕਿਹਾ ਕਿ ਇਹ ਇੱਕ ਮਾਣ ਵਾਲਾ ਛਿਣ ਹੈ ਕਿ ਭਾਰਤ ਨੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ 'ਤੇ ਕਾਨ ਵਿੱਚ ਸੁਰਖੀਆਂ ਬਟੋਰੀਆਂ, ਉਨ੍ਹਾਂ ਕਿਹਾ ਕਿ ਭਾਰਤੀ ਸਿਨੇਮਾ ਮਹਾਨਤਾ ਦੇ ਸਿਖਰ 'ਤੇ ਹੈ ਅਤੇ ਕਾਨ ਵਿੱਚ ਇਹ ਪ੍ਰਾਪਤੀ ਸਿਰਫ਼ ਇੱਕ ਸ਼ੁਰੂਆਤ ਹੈ।
ਸ਼੍ਰੀ ਸ਼ੇਖਰ ਕਪੂਰ ਨੇ ਕਿਹਾ ਕਿ ਭਾਰਤ ਕਹਾਣੀਆਂ ਦਾ ਦੇਸ਼ ਰਿਹਾ ਹੈ ਅਤੇ ਹੁਣ ਭਾਰਤੀ ਸੱਭਿਆਚਾਰ ਪੱਛਮੀ ਸਿਨੇਮਾ ਲਈ ਵੀ ਪ੍ਰਮੁੱਖ ਸੱਭਿਆਚਾਰ ਬਣ ਜਾਵੇਗਾ। ਸ਼੍ਰੀ ਪ੍ਰਸੂਨ ਜੋਸ਼ੀ ਨੇ ਕਿਹਾ ਕਿ ਫਿਲਮ ਨਿਰਮਾਣ ਨੂੰ ਇੰਨਾ ਆਸਾਨ ਬਣਾਉਣ ਦੀ ਲੋੜ ਹੈ ਕਿ ਛੋਟੇ ਸ਼ਹਿਰਾਂ ਦੇ ਉਭਰਦੇ ਫਿਲਮ ਨਿਰਮਾਤਾ ਵੀ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਮਰੱਥ ਮਹਿਸੂਸ ਕਰਨ।
ਸੁਸ਼੍ਰੀ ਪੂਜਾ ਹੇਗੜੇ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਉਹ ਬ੍ਰਾਂਡ ਇੰਡੀਆ ਦੇ ਤੌਰ 'ਤੇ ਉੱਥੇ ਮੌਜੂਦ ਸਨ ਅਤੇ ਇਹ ਸਨਮਾਨ ਦੀ ਗੱਲ ਹੈ ਕਿ ਭਾਰਤ ਦਾ ਸਨਮਾਨ ਦੇਸ਼ ਦੇ ਤੌਰ 'ਤੇ ਹੋਣਾ ਇਸ ਗੱਲ ਦਾ ਪ੍ਰਮਾਣ ਹੈ ਕਿ ਭਾਰਤ ਸਹੀ ਦਿਸ਼ਾ ਵੱਲ ਵਧ ਰਿਹਾ ਹੈ। ਸ਼੍ਰੀਮਤੀ ਵਾਣੀ ਤ੍ਰਿਪਾਠੀ ਨੇ ਸਿਨੇਮਾ ਵਿੱਚ ਭਾਰਤੀ ਔਰਤਾਂ ਦੀ ਭੂਮਿਕਾ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਭਾਰਤ ਦੀਆਂ ਔਰਤਾਂ ਦਾ ਅੱਜ ਵਿਸ਼ਵ ਭਰ ਵਿੱਚ ਸਨਮਾਨ ਕੀਤਾ ਜਾ ਰਿਹਾ ਹੈ, ਜਿਸ ਦਾ ਸਬੂਤ ਦੀਪਿਕਾ ਨੇ ਜਿਊਰੀ ਮੈਂਬਰ ਬਣ ਕੇ ਕੀਤਾ ਹੈ।
ਫਰਾਂਸ ਵਿੱਚ ਭਾਰਤ ਦੇ ਰਾਜਦੂਤ ਸ਼੍ਰੀ ਜਾਵੇਦ ਅਸ਼ਰਫ ਨੇ ਕਾਨ ਫਿਲਮ ਫੈਸਟੀਵਲ ਵਿੱਚ ਭਾਰਤੀ ਵਫ਼ਦ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਸੰਦੇਸ਼ ਪੜ੍ਹ ਕੇ ਸੁਣਾਇਆ। ਉਨ੍ਹਾਂ ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਸਿਨੇਮਾ ਨੇ ਭਾਰਤ ਨੂੰ ਦੁਨੀਆ ਨੂੰ ਚੰਗੀ ਤਰ੍ਹਾਂ ਜਾਣਨ ਦਾ ਮੌਕਾ ਦਿੱਤਾ ਹੈ। ਭਾਰਤੀ ਸਿਨੇਮਾ ਵਿਸ਼ਵ ਵਿੱਚ ਭਾਰਤ ਦੀ ਵਧ ਰਹੀ ਸੌਫਟ ਪਾਵਰ ਦਾ ਇੱਕ ਅਹਿਮ ਪਹਿਲੂ ਹੈ।
ਅੰਤਿਕਾ 1
ਭਾਰਤ ’ਚ ਵਿਦੇਸ਼ੀ ਫਿਲਮਾਂ ਦੇ ਆਡੀਓ-ਵਿਜ਼ੂਅਲ ਸਹਿ-ਨਿਰਮਾਣ ਅਤੇ ਸ਼ੂਟਿੰਗ ਲਈ ਪ੍ਰੋਤਸਾਹਨ ਸਕੀਮ ਦੀਆਂ ਮੁੱਖ ਵਿਸ਼ੇਸ਼ਤਾਵਾਂ
ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਭਾਰਤ ਵਿੱਚ ਸ਼ੂਟਿੰਗ ਲਈ ਅੰਤਰਰਾਸ਼ਟਰੀ ਪ੍ਰੋਡਕਸ਼ਨ ਅਤੇ ਵਿਦੇਸ਼ਾਂ ਨਾਲ ਅਧਿਕਾਰਤ ਸਹਿ-ਨਿਰਮਾਣ ਲਈ ਪ੍ਰੋਤਸਾਹਨ ਯੋਜਨਾਵਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।
ਪ੍ਰੋਤਸਾਹਨ ਅਤੇ ਯੋਗਤਾ
1. ਆਡੀਓ-ਵਿਜ਼ੂਅਲ ਕੋ-ਪ੍ਰੋਡਕਸ਼ਨ ਲਈ ਪ੍ਰੋਤਸਾਹਨ ਯੋਜਨਾ ਅਧੀਨ ਸਾਰੇ ਯੋਗ ਪ੍ਰੋਜੈਕਟਾਂ ਲਈ, ਇੱਕ ਭਾਰਤੀ ਸਹਿ-ਨਿਰਮਾਤਾ ਭਾਰਤ ਵਿੱਚ ਯੋਗ ਖਰਚਿਆਂ 'ਤੇ ਭੁਗਤਾਨ ਯੋਗ 30 ਪ੍ਰਤੀਸ਼ਤ ਤੱਕ ਦੀ ਨਕਦ ਅਦਾਇਗੀ ਦਾ ਦਾਅਵਾ ਕਰ ਸਕਦਾ ਹੈ, ਜੋ ਵੱਧ ਤੋਂ ਵੱਧ 2 ਕਰੋੜ ਰੁਪਏ (260,000 ਅਮਰੀਕੀ ਡਾਲਰ) ਦੇ ਅਧੀਨ ਹੈ। ਭਾਵੇਂ, ਪ੍ਰੋਜੈਕਟ ਲਈ ਵਿੱਤੀ ਯੋਗਦਾਨ ਦੇ ਉਹਨਾਂ ਦੇ ਹਿੱਸੇ ਅਨੁਸਾਰ ਉਤਪਾਦਕਾਂ ਵਿੱਚ ਅਦਾਇਗੀ ਨੂੰ ਵੰਡਿਆ ਜਾਵੇਗਾ।
ਆਡੀਓ-ਵਿਜ਼ੂਅਲ ਸਹਿ-ਉਤਪਾਦਨ 'ਤੇ ਭਾਰਤ ਦੇ ਅਧਿਕਾਰਤ ਦੁਵੱਲੇ ਸਹਿ-ਉਤਪਾਦਨ ਸਮਝੌਤਿਆਂ ਵਿੱਚੋਂ ਇੱਕ ਅਧੀਨ ਪ੍ਰੋਜੈਕਟ ਨੂੰ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਅਤੇ ਭਾਗੀਦਾਰ ਦੇਸ਼ (ਦੇਸ਼ਾਂ) ਦੁਆਰਾ "ਸਹਿ-ਨਿਰਮਾਣ" ਦਾ ਦਰਜਾ ਦਿੱਤਾ ਜਾਣਾ ਚਾਹੀਦਾ ਹੈ। ਜਿਨ੍ਹਾਂ ਪ੍ਰੋਜੈਕਟਾਂ ਨੂੰ 01 ਅਪ੍ਰੈਲ, 2022 ਤੋਂ ਬਾਅਦ ਅਧਿਕਾਰਤ ਸਹਿ-ਨਿਰਮਾਣ ਦਾ ਦਰਜਾ ਦਿੱਤਾ ਗਿਆ ਹੈ, ਉਹ ਪ੍ਰੋਤਸਾਹਨ ਲਈ ਯੋਗ ਹਨ।
2. ਭਾਰਤ ਵਿੱਚ ਵਿਦੇਸ਼ੀ ਫਿਲਮਾਂ ਦੀ ਸ਼ੂਟਿੰਗ ਲਈ ਪ੍ਰੋਤਸਾਹਨ ਯੋਜਨਾ ਅਧੀਨ ਉਪਰੋਕਤ ਪ੍ਰੋਤਸਾਹਨਾਂ ਤੋਂ ਇਲਾਵਾ, ਇੱਕ ਵਾਧੂ 5 ਪ੍ਰਤੀਸ਼ਤ ਬੋਨਸ ਦਾ ਦਾਅਵਾ ਵੱਧ ਤੋਂ ਵੱਧ 50 ਲੱਖ ਰੁਪਏ (65,000 ਅਮਰੀਕੀ ਡਾਲਰ) ਤੱਕ ਕੀਤਾ ਜਾ ਸਕਦਾ ਹੈ, ਇਹ 15 ਪ੍ਰਤੀਸ਼ਤ ਰੋਜ਼ਗਾਰ ਦੀ ਵਾਧੂ ਅਦਾਇਗੀ ਜਾਂ ਭਾਰਤ ਵਿੱਚ ਵਧੇਰੇ ਜਨ–ਸ਼ਕਤੀ ਉੱਤੇ ਪ੍ਰਦਾਨ ਕੀਤੀ ਜਾਵੇਗੀ।
ਸੂਚਨਾ ਤੇ ਪ੍ਰਸਾਰਣ ਮੰਤਰਾਲੇ ਅਤੇ ਵਿਦੇਸ਼ ਮੰਤਰਾਲੇ ਵੱਲੋਂ ਅੰਤਰਰਾਸ਼ਟਰੀ ਪ੍ਰੋਡਕਸ਼ਨ ਜਿਨ੍ਹਾਂ ਨੂੰ ਸ਼ੂਟ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ (ਸਿਰਫ਼ ਦਸਤਾਵੇਜ਼ੀ ਫਿਲਮਾਂ ਲਈ) ਉਹ ਸਕੀਮ ਦੇ ਲਾਭ ਲਈ 01 ਅਪ੍ਰੈਲ, 2022 ਤੋਂ ਬਾਅਦ ਪ੍ਰੋਤਸਾਹਨ ਦੇ ਯੋਗ ਹੋਣਗੇ।
ਪ੍ਰੋਤਸਾਹਨ ਨੂੰ ਅੰਤ੍ਰਿਮ ਅਤੇ ਅੰਤਮ ਦੋ ਪੜਾਵਾਂ ਵਿੱਚ ਵੰਡਿਆ ਜਾਵੇਗਾ। ਭਾਰਤ ਵਿੱਚ ਪ੍ਰੋਜੈਕਟ ਪੂਰਾ ਹੋਣ ਤੋਂ ਬਾਅਦ ਅੰਤਿਮ ਵੰਡ ਦਾ ਦਾਅਵਾ ਕੀਤਾ ਜਾ ਸਕਦਾ ਹੈ। ਵਿਸ਼ੇਸ਼ ਪ੍ਰੋਤਸਾਹਨ ਮੁੱਲਾਂਕਣ ਕਮੇਟੀ ਦੀ ਸਿਫ਼ਾਰਸ਼ 'ਤੇ ਪ੍ਰੋਤਸਾਹਨ ਪ੍ਰਦਾਨ ਕੀਤੇ ਜਾਣਗੇ। (ਵਿਸਤ੍ਰਿਤ ਦਿਸ਼ਾ-ਨਿਰਦੇਸ਼ ਜਲਦੀ ਹੀ FFO ਵੈੱਬਸਾਈਟ 'ਤੇ ਉਪਲਬਧ ਹੋਣਗੇ)। ਪ੍ਰੋਤਸਾਹਨ ਦਾ ਦਾਅਵਾ ਕਿਸੇ ਇੱਕ ਸਕੀਮ ਅਧੀਨ ਕੀਤਾ ਜਾ ਸਕਦਾ ਹੈ, ਦੋਵਾਂ ਲਈ ਨਹੀਂ।
ਪ੍ਰੋਤਸਾਹਨ ਯੋਜਨਾ ਨੂੰ ਰਾਸ਼ਟਰੀ ਫਿਲਮ ਵਿਕਾਸ ਕਾਰਪੋਰੇਸ਼ਨ (NFDC) ਦੀ ਅਗਵਾਈ ਹੇਠ ਫਿਲਮ ਸੁਵਿਧਾ ਦਫਤਰ (FFO) ਰਾਹੀਂ ਲਾਗੂ ਕੀਤਾ ਜਾਵੇਗਾ।
ਅੰਤਿਕਾ 2
ਕਾਨ 2022 ’ਚ ਇੰਡੀਆ ਪੈਵੇਲੀਅਨ ਦੇ ਉਦਘਾਟਨ ਦਾ ਯੂ–ਟਿਊਬ ਲਿੰਕ
******
ਸੌਰਭ ਸਿੰਘ
(Release ID: 1826619)
Visitor Counter : 297
Read this release in:
English
,
Urdu
,
Marathi
,
Hindi
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam