ਪ੍ਰਧਾਨ ਮੰਤਰੀ ਦਫਤਰ
azadi ka amrit mahotsav g20-india-2023

ਸੈਕੰਡ ਗਲੋਬਲ ਕੋਵਿਡ ਵਰਚੁਅਲ ਸਮਿਟ ਦੇ ਉਦਘਾਟਨੀ ਸੈਸ਼ਨ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀਆਂ ਟਿੱਪਣੀਆਂ

Posted On: 12 MAY 2022 8:18PM by PIB Chandigarh

ਰਾਸ਼ਟਰਪਤੀ ਬਾਇਡਨ

ਵਾਈਸ ਪ੍ਰੈਜ਼ੀਡੈਂਟ ਹੈਰਿਸ

ਐਕਸੀਲੈਂਸੀਜ਼,

ਨਮਸਕਾਰ! 

ਕੋਵਿਡ ਮਹਾਮਾਰੀ ਜੀਵਨ, ਸਪਲਾਈ ਚੇਨ ਵਿੱਚ ਵਿਘਨ ਪਾਉਣਾ ਜਾਰੀ ਰੱਖ ਰਹੀ ਹੈ, ਅਤੇ ਓਪਨ ਸੋਸਾਇਟੀਆਂ ਦੇ ਲਚੀਲੇਪਣ ਦੀ ਪਰਖ ਕਰਦੀ ਹੈ। ਭਾਰਤ ਵਿੱਚ, ਅਸੀਂ ਮਹਾਮਾਰੀ ਦੇ ਵਿਰੁੱਧ ਇੱਕ ਲੋਕ-ਕੇਂਦ੍ਰਿਤ ਰਣਨੀਤੀ ਅਪਣਾਈ ਹੈ। ਅਸੀਂ ਆਪਣੇ ਸਲਾਨਾ ਸਿਹਤ ਸੰਭਾਲ਼ ਬਜਟ ਵਿੱਚ ਹੁਣ ਤੱਕ ਦੀ ਸਭ ਤੋਂ ਵੱਧ ਐਲੋਕੇਸ਼ਨ ਕੀਤੀ ਹੈ। ਸਾਡਾ ਟੀਕਾਕਰਣ ਪ੍ਰੋਗਰਾਮ ਦੁਨੀਆ ਵਿੱਚ ਸਭ ਤੋਂ ਵੱਡਾ ਹੈ। ਅਸੀਂ ਤਕਰੀਬਨ 90 ਪ੍ਰਤੀਸ਼ਤ ਬਾਲਗ ਆਬਾਦੀ, ਅਤੇ 50 ਮਿਲੀਅਨ ਤੋਂ ਵੱਧ ਬੱਚਿਆਂ ਦਾ ਪੂਰੀ ਤਰ੍ਹਾਂ ਟੀਕਾਕਰਣ ਕੀਤਾ ਹੈ। ਭਾਰਤ ਡਬਲਿਊਐੱਚਓ ਦੁਆਰਾ ਪ੍ਰਵਾਨਿਤ ਚਾਰ ਵੈਕਸੀਨਾਂ ਦਾ ਨਿਰਮਾਣ ਕਰਦਾ ਹੈ ਅਤੇ ਇਸ ਵਰ੍ਹੇ ਦੌਰਾਨ ਪੰਜ ਅਰਬ ਖੁਰਾਕਾਂ ਬਣਾਉਣ ਦੀ ਸਮਰੱਥਾ ਰੱਖਦਾ ਹੈ।

ਅਸੀਂ ਦੁਵੱਲੇ ਤੌਰ ‘ਤੇ ਅਤੇ ਕੋਵੈਕਸ (COVAX) ਜ਼ਰੀਏ 98 ਦੇਸ਼ਾਂ ਨੂੰ 200 ਮਿਲੀਅਨ ਤੋਂ ਵੱਧ ਖੁਰਾਕਾਂ ਦੀ ਸਪਲਾਈ ਕੀਤੀ ਹੈ। ਭਾਰਤ ਨੇ ਟੈਸਟਿੰਗ, ਇਲਾਜ ਅਤੇ ਡੇਟਾ ਪ੍ਰਬੰਧਨ ਲਈ ਘੱਟ ਲਾਗਤ ਵਾਲੀਆਂ ਕੋਵਿਡ ਮਿਟੀਗੇਸ਼ਨ ਟੈਕਨੋਲੋਜੀਆਂ ਵਿਕਸਿਤ ਕੀਤੀਆਂ ਹਨ। ਅਸੀਂ ਹੋਰ ਦੇਸ਼ਾਂ ਨੂੰ ਇਹ ਸਮਰੱਥਾਵਾਂ ਦੀ ਪੇਸ਼ਕਸ਼ ਕੀਤੀ ਹੈ। ਭਾਰਤ ਦੇ ਜੀਨੋਮਿਕਸ ਕੰਸੋਰਟੀਅਮ ਨੇ ਵਾਇਰਸ 'ਤੇ ਗਲੋਬਲ ਡੇਟਾਬੇਸ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਮੈਨੂੰ ਇਹ ਸਾਂਝਾ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅਸੀਂ ਇਸ ਨੈੱਟਵਰਕ ਨੂੰ ਆਪਣੇ ਗੁਆਂਢੀ ਦੇਸ਼ਾਂ ਤੱਕ ਵਧਾਵਾਂਗੇ। 

ਭਾਰਤ ਵਿੱਚ, ਅਸੀਂ ਕੋਵਿਡ ਦੇ ਖਿਲਾਫ਼ ਸਾਡੀ ਲੜਾਈ ਨੂੰ ਪੂਰਕ ਕਰਨ ਅਤੇ ਅਣਗਿਣਤ ਜਾਨਾਂ ਬਚਾਉਣ ਲਈ, ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਲਈ ਆਪਣੀਆਂ ਰਵਾਇਤੀ ਦਵਾਈਆਂ ਦੀ ਵਿਆਪਕ ਤੌਰ 'ਤੇ ਵਰਤੋਂ ਕੀਤੀ ਹੈ। ਪਿਛਲੇ ਮਹੀਨੇ, ਅਸੀਂ ਭਾਰਤ ਵਿੱਚ "ਡਬਲਿਊਐੱਚਓ ਸੈਂਟਰ ਫੌਰ ਟ੍ਰੈਡਿਸ਼ਨਲ ਮੈਡੀਸਿਨ" ਦੀ ਨੀਂਹ ਰੱਖੀ, ਜਿਸ ਦਾ ਉਦੇਸ਼ ਇਸ ਸਦੀਆਂ ਪੁਰਾਣੇ ਗਿਆਨ ਨੂੰ ਦੁਨੀਆ ਲਈ ਉਪਲਬਧ ਕਰਵਾਉਣਾ ਹੈ।  

 ਐਕਸੀਲੈਂਸੀਜ਼,

ਇਹ ਸਪਸ਼ਟ ਹੈ ਕਿ ਭਵਿੱਖ ਵਿੱਚ ਸਿਹਤ ਸੰਕਟਕਾਲਾਂ ਨਾਲ ਨਜਿੱਠਣ ਲਈ ਇੱਕ ਤਾਲਮੇਲ ਵਾਲੀ ਗਲੋਬਲ ਪ੍ਰਤੀਕਿਰਿਆ ਦੀ ਜ਼ਰੂਰਤ ਹੈ। ਸਾਨੂੰ ਇੱਕ ਲਚਕਦਾਰ ਗਲੋਬਲ ਸਪਲਾਈ ਚੇਨ ਬਣਾਉਣੀ ਚਾਹੀਦੀ ਹੈ ਅਤੇ ਟੀਕਿਆਂ ਅਤੇ ਦਵਾਈਆਂ ਤੱਕ ਬਰਾਬਰ ਪਹੁੰਚ ਨੂੰ ਸਮਰੱਥ ਬਣਾਉਣਾ ਚਾਹੀਦਾ ਹੈ।

ਵਿਸ਼ਵ ਵਪਾਰ ਸੰਗਠਨ (ਡਬਲਿਊਟੀਓ) ਨਿਯਮਾਂ, ਖਾਸ ਤੌਰ 'ਤੇ ਟ੍ਰਿਪਸ (TRIPS) ਨੂੰ ਵਧੇਰੇ ਲਚਕਦਾਰ ਬਣਾਉਣ ਦੀ ਲੋੜ ਹੈ। ਵਧੇਰੇ ਲਚੀਲੇ ਗਲੋਬਲ ਸਿਹਤ ਸੁਰੱਖਿਆ ਢਾਂਚੇ ਨੂੰ ਬਣਾਉਣ ਲਈ ਡਬਲਿਊਐੱਚਓ ਨੂੰ ਸੁਧਾਰਿਆ ਅਤੇ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ।

ਅਸੀਂ ਸਪਲਾਈ ਚੇਨ ਨੂੰ ਸਥਿਰ ਅਤੇ ਅਨੁਮਾਨ ਲਗਾਉਣ ਯੋਗ ਰੱਖਣ ਲਈ ਟੀਕਿਆਂ ਅਤੇ ਉਪਚਾਰਾਂ ਲਈ ਡਬਲਿਊਐੱਚਓ ਦੀ ਪ੍ਰਵਾਨਗੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਵੀ ਕਹਿੰਦੇ ਹਾਂ। ਆਲਮੀ ਭਾਈਚਾਰੇ ਦੇ ਇੱਕ ਜ਼ਿੰਮੇਵਾਰ ਮੈਂਬਰ ਵਜੋਂ, ਭਾਰਤ ਇਨ੍ਹਾਂ ਪ੍ਰਯਤਨਾਂ ਵਿੱਚ ਮੁੱਖ ਭੂਮਿਕਾ ਨਿਭਾਉਣ ਲਈ ਤਿਆਰ ਹੈ। 

 

ਤੁਹਾਡਾ ਧੰਨਵਾਦ।

ਤੁਹਾਡਾ ਬਹੁਤ-ਬਹੁਤ ਧੰਨਵਾਦ।

 

 ************

 

ਡੀਐੱਸ/ਐੱਸਟੀ(Release ID: 1825021) Visitor Counter : 81