ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਕੋਵਿਡ-19 ਸਥਿਤੀ ਦੀ ਸਮੀਖਿਆ ਕਰਨ ਲਈ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ
ਮੁੱਖ ਮੰਤਰੀਆਂ ਨੇ ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਸਮੇਂ-ਸਮੇਂ ‘ਤੇ ਮਾਰਗਦਰਸ਼ਨ ਅਤੇ ਸਮਰਥਨ ਕਰਨ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ
“ਭਾਰਤ ਨੇ ਸੰਵਿਧਾਨ ਵਿੱਚ ਦਰਜ ਸਹਿਕਾਰੀ ਸੰਘਵਾਦ ਦੀ ਭਾਵਨਾ ਨਾਲ ਕੋਰੋਨਾ ਵਿਰੁੱਧ ਲੰਬੀ ਲੜਾਈ ਲੜੀ”
”ਇਹ ਸਪੱਸ਼ਟ ਹੈ ਕਿ ਕੋਰੋਨਾ ਦੀ ਚੁਣੌਤੀ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਈ ਹੈ”
“ਸਾਡੀ ਪ੍ਰਾਥਮਿਕਤਾ ਸਾਰੇ ਪਾਤਰ ਬੱਚਿਆਂ ਦਾ ਜਲਦੀ ਤੋਂ ਜਲਦੀ ਟੀਕਾਕਰਣ ਕਰਨਾ ਹੈ। ਸਕੂਲਾਂ ਵਿੱਚ ਵੀ ਵਿਸ਼ੇਸ਼ ਮੁਹਿੰਮਾਂ ਚਲਾਉਣ ਦੀ ਲੋੜ ਪਵੇਗੀ”
"ਸਾਨੂੰ ਟੈਸਟ, ਟਰੈਕ ਅਤੇ ਇਲਾਜ ਦੀ ਆਪਣੀ ਰਣਨੀਤੀ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨਾ ਹੋਵੇਗਾ"
“ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਭਾਰ ਨੂੰ ਘਟਾਉਣ ਲਈ ਕੇਂਦਰ ਸਰਕਾਰ ਨੇ ਐਕਸਾਈਜ਼ ਡਿਊਟੀ ਘਟਾਈ ਸੀ ਪਰ ਕਈ ਰਾਜਾਂ ਨੇ ਟੈਕਸ ਨਹੀਂ ਘਟਾਏ”
"ਇਹ ਨਾ ਸਿਰਫ਼ ਇਨ੍ਹਾਂ ਰਾਜਾਂ ਦੇ ਲੋਕਾਂ ਨਾਲ ਬੇਇਨਸਾਫ਼ੀ ਹੈ, ਬਲਕਿ ਗੁਆਂਢੀ ਰਾਜਾਂ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ"
"ਮੈਂ ਸਾਰੇ ਰਾਜਾਂ ਨੂੰ ਸਹਿਯੋਗੀ ਸੰਘਵਾਦ ਦੀ ਭਾਵਨਾ 'ਤੇ ਚੱਲਦੇ ਹੋਏ ਆਲਮੀ ਸੰਕਟ ਦੇ ਇਸ ਸਮੇਂ ਵਿੱਚ ਇੱਕ ਟੀਮ ਵਜੋਂ ਕੰਮ ਕਰਨ ਦੀ ਤਾਕੀਦ ਕਰਦਾ ਹਾਂ"
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਥੇ ਕੋਵਿਡ-19 ਸਥਿਤੀ ਦੀ ਸਮੀਖਿਆ ਕਰਨ ਲਈ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ।
Posted On:
27 APR 2022 3:09PM by PIB Chandigarh
ਕੇਂਦਰੀ ਗ੍ਰਹਿ ਮੰਤਰੀ ਨੇ ਕੁਝ ਰਾਜਾਂ ਵਿੱਚ ਕੋਵਿਡ ਦੇ ਮਾਮਲਿਆਂ ਵਿੱਚ ਹਾਲ ਹੀ ਵਿੱਚ ਹੋਏ ਵਾਧੇ ਬਾਰੇ ਗੱਲ ਕੀਤੀ, ਅਤੇ ਟੈਸਟ, ਟਰੈਕ, ਇਲਾਜ, ਟੀਕਾਕਰਣ ਅਤੇ ਕੋਵਿਡ ਦੇ ਉਚਿਤ ਵਿਵਹਾਰ ਨੂੰ ਯਕੀਨੀ ਬਣਾਉਣ ਦੀ ਜ਼ਰੂਰਤ ਬਾਰੇ ਗੱਲ ਕੀਤੀ। ਕੇਂਦਰੀ ਸਿਹਤ ਸਕੱਤਰ ਨੇ ਇੱਕ ਪੇਸ਼ਕਾਰੀ ਦਿੱਤੀ ਜਿਸ ਵਿੱਚ ਉਨ੍ਹਾਂ ਨੇ ਦੁਨੀਆ ਦੇ ਕਈ ਦੇਸ਼ਾਂ ਵਿੱਚ ਕੇਸਾਂ ਦੇ ਵਾਧੇ ਬਾਰੇ ਚਰਚਾ ਕੀਤੀ, ਜਦਕਿ ਭਾਰਤ ਵਿੱਚ ਕੁਝ ਰਾਜਾਂ ਵਿੱਚ ਕੇਸਾਂ ਦੇ ਵਾਧੇ ਨੂੰ ਵੀ ਉਜਾਗਰ ਕੀਤਾ। ਉਨ੍ਹਾਂ ਰਾਜਾਂ ਨੂੰ ਨਿਯਮਿਤ ਤੌਰ 'ਤੇ ਅੰਕੜਿਆਂ ਦੀ ਨਿਗਰਾਨੀ ਅਤੇ ਰਿਪੋਰਟ ਕਰਨ, ਪ੍ਰਭਾਵੀ ਨਿਗਰਾਨੀ ਬਰਕਰਾਰ ਰੱਖਣ, ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਅਤੇ ਕੇਂਦਰ ਦੁਆਰਾ ਦਿੱਤੇ ਫੰਡਾਂ ਦੀ ਵਰਤੋਂ ਕਰਨ ਦੀ ਜ਼ਰੂਰਤ ਬਾਰੇ ਗੱਲ ਕੀਤੀ।
ਮੁੱਖ ਮੰਤਰੀਆਂ ਨੇ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਸਮੇਂ ਸਮੇਂ ਸਿਰ ਮਾਰਗਦਰਸ਼ਨ ਅਤੇ ਸਮਰਥਨ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੁਆਰਾ ਇਹ ਸਮੀਖਿਆ ਬੈਠਕ ਸਹੀ ਸਮੇਂ 'ਤੇ ਬੁਲਾਈ ਗਈ ਹੈ। ਉਨ੍ਹਾਂ ਨੇ ਆਪਣੇ ਰਾਜਾਂ ਵਿੱਚ ਕੋਵਿਡ ਕੇਸਾਂ ਅਤੇ ਟੀਕਾਕਰਣ ਦੀ ਸਥਿਤੀ ਬਾਰੇ ਸੰਖੇਪ ਜਾਣਕਾਰੀ ਦਿੱਤੀ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਜੀਵਨ ਅਤੇ ਆਜੀਵਕਾ ਦੇ ਮੰਤਰ ਦਾ ਸੂਬੇ ਵੱਲੋਂ ਪਾਲਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਐੱਨਸੀਆਰ ਦੇ ਸ਼ਹਿਰਾਂ ਵਿੱਚ ਵੱਡੀ ਸੰਖਿਆ ਵਿੱਚ ਕੇਸ ਦੇਖੇ ਜਾ ਰਹੇ ਹਨ। ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਹਾਲ ਹੀ ਦੇ ਦਿਨਾਂ ਵਿੱਚ ਦਿੱਲੀ ਵਿੱਚ ਉੱਚ ਪੋਜ਼ੀਟੀਵਿਟੀ ਦਰ ਦੇਖੀ ਗਈ ਹੈ। ਉਨ੍ਹਾਂ ਮਾਸਕ ਨੂੰ ਦੁਬਾਰਾ ਲਾਜ਼ਮੀ ਕੀਤੇ ਜਾਣ ਬਾਰੇ ਵੀ ਗੱਲ ਕੀਤੀ। ਮਿਜ਼ੋਰਮ ਦੇ ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਮਜ਼ਬੂਤ ਸਮਰਥਨ ਅਤੇ ਮਾਰਗਦਰਸ਼ਨ ਨੇ ਸੂਬੇ ਨੂੰ ਪਿਛਲੀਆਂ ਲਹਿਰਾਂ ਤੋਂ ਉਭਰਨ ਵਿੱਚ ਮਦਦ ਕੀਤੀ ਹੈ। ਉਨ੍ਹਾਂ ਨੇ ਸਿਹਤ ਦੇ ਹੋਰ ਮਾਮਲਿਆਂ ਅਤੇ ਵਿਕਾਸ ਦੇ ਮੁੱਦਿਆਂ ਵਿੱਚ ਵੀ ਸਹਾਇਤਾ ਲਈ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ। ਕਰਨਾਟਕ ਦੇ ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੁਆਰਾ ਦਿੱਤਾ ਗਿਆ ਮਾਰਗਦਰਸ਼ਨ ਅਗਲੀਆਂ ਕੋਵਿਡ ਲਹਿਰਾਂ ਨਾਲ ਬਿਹਤਰ ਢੰਗ ਨਾਲ ਨਜਿੱਠਣ ਵਿੱਚ ਮਦਦ ਕਰਨ ਲਈ ਸਿੱਖਣ ਦਾ ਇੱਕ ਮੋੜ ਹੈ। ਉਨ੍ਹਾਂ ਕੋਵਿਡ ਉਚਿਤ ਵਿਵਹਾਰ ਨੂੰ ਯਕੀਨੀ ਬਣਾਉਣ ਲਈ ਚਲਾਈਆਂ ਜਾ ਰਹੀਆਂ ਜਾਗਰੂਕਤਾ ਮੁਹਿੰਮਾਂ ਦਾ ਜ਼ਿਕਰ ਕੀਤਾ। ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਰਾਜ ਵਿੱਚ ਮੁੱਖ ਤੌਰ 'ਤੇ ਦਿੱਲੀ ਦੇ ਆਸਪਾਸ, ਗੁਰੂਗ੍ਰਾਮ ਅਤੇ ਫਰੀਦਾਬਾਦ ਸ਼ਹਿਰਾਂ ਵਿੱਚ ਕੇਸਾਂ ਦੀ ਵੱਡੀ ਗਿਣਤੀ ਦੇਖੀ ਜਾ ਰਹੀ ਹੈ।
ਆਪਣੀ ਸਮਾਪਤੀ ਟਿੱਪਣੀ ਵਿੱਚ, ਪ੍ਰਧਾਨ ਮੰਤਰੀ ਨੇ ਤਮਿਲਨਾਡੂ ਦੇ ਤੰਜਾਵੁਰ ਵਿੱਚ ਸੜਕ ਦੁਰਘਟਨਾ ਵਿੱਚ ਹੋਈਆਂ ਮੌਤਾਂ 'ਤੇ ਸੋਗ ਪ੍ਰਗਟ ਕਰਨ ਨਾਲ ਸ਼ੁਰੂਆਤ ਕੀਤੀ। ਸ਼੍ਰੀ ਮੋਦੀ ਨੇ ਦੁਰਘਟਨਾ ਦੇ ਪੀੜਤਾਂ ਲਈ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ (ਪੀਐੱਮਐੱਨਆਰਐੱਫ) ਤੋਂ ਅਨੁਗ੍ਰਹਿ ਰਾਸ਼ੀ (ਐਕਸ-ਗ੍ਰੇਸ਼ੀਆ) ਦਾ ਐਲਾਨ ਕੀਤਾ।
ਪ੍ਰਧਾਨ ਮੰਤਰੀ ਨੇ ਕੋਰੋਨਾ ਵਿਰੁੱਧ ਲੜਾਈ ਵਿੱਚ ਕੇਂਦਰ ਅਤੇ ਰਾਜਾਂ ਦੇ ਸਮੂਹਿਕ ਪ੍ਰਯਤਨਾਂ ਨੂੰ ਨੋਟ ਕੀਤਾ। ਉਨ੍ਹਾਂ ਮੁੱਖ ਮੰਤਰੀਆਂ, ਅਧਿਕਾਰੀਆਂ ਅਤੇ ਸਾਰੇ ਕੋਰੋਨਾ ਯੋਧਿਆਂ ਦੀ ਉਨ੍ਹਾਂ ਦੀਆਂ ਕੋਸ਼ਿਸ਼ਾਂ ਲਈ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਹੈ ਕਿ ਕੋਰੋਨਾ ਦੀ ਚੁਣੌਤੀ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਈ।
ਓਮਿਕਰੋਨ ਅਤੇ ਇਸ ਦੇ ਸਬਵੇਰੀਐਂਟ ਸਮੱਸਿਆ ਪੈਦਾ ਕਰ ਸਕਦੇ ਹਨ ਜਿਵੇਂ ਕਿ ਯੂਰਪ ਦੇ ਬਹੁਤ ਸਾਰੇ ਦੇਸ਼ਾਂ ਦੇ ਮਾਮਲੇ ਤੋਂ ਸਪੱਸ਼ਟ ਹੈ। ਸਬਵੇਰੀਐਂਟ ਕਈ ਦੇਸ਼ਾਂ ਵਿੱਚ ਬਹੁਤ ਵੱਡੇ ਵਾਧੇ ਦਾ ਕਾਰਨ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਕਈ ਦੇਸ਼ਾਂ ਨਾਲੋਂ ਬਿਹਤਰ ਢੰਗ ਨਾਲ ਸਥਿਤੀ ਨਾਲ ਨਜਿੱਠਣ ਦੇ ਸਮਰੱਥ ਹੈ। ਉਨ੍ਹਾਂ ਕਿਹਾ ਫਿਰ ਵੀ, ਕੁਝ ਰਾਜਾਂ ਵਿੱਚ ਪਿਛਲੇ ਦੋ ਹਫ਼ਤਿਆਂ ਵਿੱਚ ਵੱਧ ਰਹੇ ਕੇਸ ਦਰਸਾਉਂਦੇ ਹਨ ਕਿ ਸਾਨੂੰ ਚੌਕਸ ਰਹਿਣ ਦੀ ਜ਼ਰੂਰਤ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਓਮੀਕਰੋਨ ਵੇਵ ਨਾਲ ਦ੍ਰਿੜ੍ਹ ਇਰਾਦੇ ਅਤੇ ਬਿਨਾਂ ਕਿਸੇ ਘਬਰਾਹਟ ਦੇ ਨਜਿੱਠਿਆ ਗਿਆ ਅਤੇ ਪਿਛਲੇ ਦੋ ਵਰ੍ਹਿਆਂ ਵਿੱਚ, ਕੋਰੋਨਾ ਨਾਲ ਲੜਨ ਦੇ ਸਾਰੇ ਪਹਿਲੂ ਭਾਵੇਂ ਸਿਹਤ ਬੁਨਿਆਦੀ ਢਾਂਚਾ, ਆਕਸੀਜਨ ਸਪਲਾਈ ਜਾਂ ਟੀਕਾਕਰਣ ਹੋਵੇ, ਮਜ਼ਬੂਤ ਹੋਏ ਹਨ। ਤੀਸਰੀ ਲਹਿਰ ਵਿੱਚ, ਕਿਸੇ ਵੀ ਰਾਜ ਵਿੱਚ ਸਥਿਤੀ ਕਾਬੂ ਤੋਂ ਬਾਹਰ ਹੁੰਦੀ ਨਜ਼ਰ ਨਹੀਂ ਆਈ। ਪ੍ਰਧਾਨ ਮੰਤਰੀ ਨੇ ਕਿਹਾ, ਇਸ ਨੂੰ ਵੱਡੇ ਪੱਧਰ 'ਤੇ ਟੀਕਾਕਰਣ ਮੁਹਿੰਮ ਦੇ ਸੰਦਰਭ ਵਿੱਚ ਦੇਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵੈਕਸੀਨ ਹਰ ਵਿਅਕਤੀ ਤੱਕ ਪਹੁੰਚ ਗਈ ਹੈ ਅਤੇ ਇਹ ਮਾਣ ਵਾਲੀ ਗੱਲ ਹੈ ਕਿ 96 ਫੀਸਦੀ ਬਾਲਗ ਆਬਾਦੀ ਦਾ ਘੱਟੋ-ਘੱਟ ਇੱਕ ਖੁਰਾਕ ਨਾਲ ਟੀਕਾਕਰਣ ਕੀਤਾ ਜਾ ਚੁੱਕਾ ਹੈ ਅਤੇ 15 ਵਰ੍ਹੇ ਤੋਂ ਵੱਧ ਉਮਰ ਦੇ ਤਕਰੀਬਨ 84 ਫੀਸਦੀ ਲੋਕਾਂ ਨੂੰ ਦੋਵੇਂ ਖੁਰਾਕਾਂ ਮਿਲ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਮਾਹਿਰਾਂ ਅਨੁਸਾਰ ਵੈਕਸੀਨ ਕੋਰੋਨਾ ਵਿਰੁੱਧ ਸਭ ਤੋਂ ਵੱਡੀ ਸੁਰੱਖਿਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਲੰਬੇ ਸਮੇਂ ਬਾਅਦ ਸਕੂਲ ਖੁੱਲ੍ਹੇ ਹਨ ਅਤੇ ਕੁਝ ਥਾਵਾਂ 'ਤੇ ਮਾਮਲਿਆਂ ਦੀ ਵਧਦੀ ਗਿਣਤੀ ਤੋਂ ਕੁਝ ਮਾਪੇ ਚਿੰਤਤ ਹਨ। ਉਨ੍ਹਾਂ ਇਸ ਗੱਲ 'ਤੇ ਤਸੱਲੀ ਪ੍ਰਗਟਾਈ ਕਿ ਵੱਧ ਤੋਂ ਵੱਧ ਬੱਚੇ ਟੀਕੇ ਲਗਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮਾਰਚ ਮਹੀਨੇ ਵਿੱਚ 12-14 ਸਾਲ ਦੀ ਉਮਰ ਦੇ ਬੱਚਿਆਂ ਲਈ ਟੀਕਾਕਰਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ ਅਤੇ ਬੀਤੇ ਕੱਲ੍ਹ ਹੀ 6-12 ਸਾਲ ਦੇ ਬੱਚਿਆਂ ਨੂੰ ਕੋਵੈਕਸੀਨ ਦਾ ਟੀਕਾ ਲਗਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਨੇ ਕਿਹਾ “ਸਾਡੀ ਪ੍ਰਾਥਮਿਕਤਾ ਸਾਰੇ ਪਾਤਰ ਬੱਚਿਆਂ ਦਾ ਜਲਦੀ ਤੋਂ ਜਲਦੀ ਟੀਕਾਕਰਣ ਕਰਨਾ ਹੈ। ਇਸ ਦੇ ਲਈ ਪਹਿਲਾਂ ਦੀ ਤਰ੍ਹਾਂ ਸਕੂਲਾਂ ਵਿੱਚ ਵੀ ਵਿਸ਼ੇਸ਼ ਮੁਹਿੰਮ ਚਲਾਉਣ ਦੀ ਲੋੜ ਹੋਵੇਗੀ। ਅਧਿਆਪਕਾਂ ਅਤੇ ਮਾਪਿਆਂ ਨੂੰ ਇਸ ਬਾਰੇ ਸੁਚੇਤ ਹੋਣਾ ਚਾਹੀਦਾ ਹੈ।” ਉਨ੍ਹਾਂ ਅੱਗੇ ਕਿਹਾ ਕਿ ਵੈਕਸੀਨ ਸੁਰੱਖਿਆ ਢਾਲ ਨੂੰ ਮਜ਼ਬੂਤ ਕਰਨ ਲਈ ਦੇਸ਼ ਦੇ ਸਾਰੇ ਬਾਲਗਾਂ ਲਈ ਇਹਤਿਆਤੀ ਖੁਰਾਕ ਉਪਲਬਧ ਹੈ। ਅਧਿਆਪਕ, ਮਾਪੇ ਅਤੇ ਹੋਰ ਪਾਤਰ ਲੋਕ ਪ੍ਰੀਕੌਸ਼ਨ ਡੋਜ਼ ਲੈ ਸਕਦੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਤੀਸਰੀ ਲਹਿਰ ਦੇ ਦੌਰਾਨ, ਭਾਰਤ ਵਿੱਚ ਪ੍ਰਤੀ ਦਿਨ 3 ਲੱਖ ਕੇਸ ਸਾਹਮਣੇ ਆਏ ਅਤੇ ਸਾਰੇ ਰਾਜਾਂ ਨੇ ਸਥਿਤੀ ਨੂੰ ਸੰਭਾਲ਼ਿਆ ਅਤੇ ਸਮਾਜਿਕ ਅਤੇ ਆਰਥਿਕ ਗਤੀਵਿਧੀਆਂ ਨੂੰ ਵੀ ਜਾਰੀ ਰੱਖਣ ਦੀ ਆਗਿਆ ਦਿੱਤੀ। ਉਨ੍ਹਾਂ ਕਿਹਾ ਇਹ ਸੰਤੁਲਨ ਭਵਿੱਖ ਵਿੱਚ ਵੀ ਸਾਡੀ ਰਣਨੀਤੀ ਨੂੰ ਸੇਧ ਦੇਵੇਗਾ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਵਿਗਿਆਨਿਕਾਂ ਅਤੇ ਮਾਹਿਰਾਂ ਵੱਲੋਂ ਸਥਿਤੀ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਸਾਨੂੰ ਉਨ੍ਹਾਂ ਦੇ ਸੁਝਾਵਾਂ 'ਤੇ ਸਰਗਰਮੀ ਨਾਲ ਕੰਮ ਕਰਨਾ ਹੋਵੇਗਾ। ਉਨ੍ਹਾਂ ਕਿਹਾ “ਸ਼ੁਰੂਆਤ ਵਿੱਚ ਸੰਕ੍ਰਮਣਾਂ ਨੂੰ ਰੋਕਣਾ ਸਾਡੀ ਪ੍ਰਾਥਮਿਕਤਾ ਸੀ ਅਤੇ ਹੁਣ ਵੀ ਇਸ ਤਰ੍ਹਾਂ ਰਹਿਣਾ ਚਾਹੀਦਾ ਹੈ। ਸਾਨੂੰ ਟੈਸਟ, ਟ੍ਰੈਕ ਅਤੇ ਟ੍ਰੀਟ ਦੀ ਆਪਣੀ ਰਣਨੀਤੀ ਨੂੰ ਉਸੇ ਪ੍ਰਭਾਵੀ ਢੰਗ ਨਾਲ ਲਾਗੂ ਕਰਨਾ ਹੋਵੇਗਾ।”
ਪ੍ਰਧਾਨ ਮੰਤਰੀ ਨੇ ਇਨਫਲੂਐਂਜ਼ਾ ਦੇ ਗੰਭੀਰ ਮਾਮਲਿਆਂ ਦੀ ਸ਼ਤ ਪ੍ਰਤੀਸ਼ਤ ਜਾਂਚ ਅਤੇ ਪੋਜ਼ੀਟਿਵ ਮਾਮਲਿਆਂ ਦੇ ਜੀਨੋਮ ਕ੍ਰਮ, ਜਨਤਕ ਥਾਵਾਂ 'ਤੇ ਕੋਵਿਡ ਦੇ ਉਚਿਤ ਵਿਵਹਾਰ ਅਤੇ ਘਬਰਾਹਟ ਤੋਂ ਬਚਣ 'ਤੇ ਜ਼ੋਰ ਦਿੱਤਾ। ਉਨ੍ਹਾਂ ਸਿਹਤ ਬੁਨਿਆਦੀ ਢਾਂਚੇ ਅਤੇ ਮੈਡੀਕਲ ਮੈਨਪਾਵਰ ਦੇ ਨਿਰੰਤਰ ਅਪਗ੍ਰੇਡੇਸ਼ਨ 'ਤੇ ਵੀ ਜ਼ੋਰ ਦਿੱਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਸੰਵਿਧਾਨ ਵਿੱਚ ਦਰਜ ਸਹਿਕਾਰੀ ਸੰਘਵਾਦ ਦੀ ਭਾਵਨਾ ਨਾਲ ਕੋਰੋਨਾ ਵਿਰੁੱਧ ਲੰਬੀ ਲੜਾਈ ਲੜੀ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਮੌਜੂਦਾ ਗਲੋਬਲ ਸਥਿਤੀ ਵਿੱਚ, ਭਾਰਤ ਦੀ ਅਰਥਵਿਵਸਥਾ ਦੀ ਮਜ਼ਬੂਤੀ ਲਈ, ਆਰਥਿਕ ਫੈਸਲਿਆਂ ਵਿੱਚ ਕੇਂਦਰ ਅਤੇ ਰਾਜ ਸਰਕਾਰਾਂ ਦਰਮਿਆਨ ਤਾਲਮੇਲ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਆਲਮੀ ਘਟਨਾਵਾਂ ਦੁਆਰਾ ਥੋਪੀਆਂ ਗਈਆਂ ਸਥਿਤੀਆਂ ਵਿੱਚ, ਸਹਿਕਾਰੀ ਸੰਘਵਾਦ ਦੀ ਇਹ ਭਾਵਨਾ ਹੋਰ ਵੀ ਮਹੱਤਵਪੂਰਨ ਬਣ ਜਾਂਦੀ ਹੈ। ਉਨ੍ਹਾਂ ਇਹ ਗੱਲ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਸੰਦਰਭ ਵਿੱਚ ਦੱਸੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਭਾਰ ਨੂੰ ਘੱਟ ਕਰਨ ਲਈ ਕੇਂਦਰ ਸਰਕਾਰ ਨੇ ਐਕਸਾਈਜ਼ ਡਿਊਟੀ ਘਟਾਈ ਸੀ ਅਤੇ ਰਾਜਾਂ ਨੂੰ ਵੀ ਟੈਕਸ ਘਟਾਉਣ ਦੀ ਤਾਕੀਦ ਕੀਤੀ ਸੀ। ਕੁਝ ਰਾਜਾਂ ਨੇ ਟੈਕਸ ਘਟਾ ਦਿੱਤੇ ਪਰ ਕੁਝ ਰਾਜਾਂ ਨੇ ਇਸ ਦਾ ਲਾਭ ਲੋਕਾਂ ਤੱਕ ਨਹੀਂ ਪਹੁੰਚਾਇਆ, ਜਿਸ ਕਾਰਨ ਇਨ੍ਹਾਂ ਰਾਜਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਉੱਚੀਆਂ ਰਹੀਆਂ। ਇਹ ਨਾ ਸਿਰਫ਼ ਸੂਬੇ ਦੇ ਲੋਕਾਂ ਨਾਲ ਬੇਇਨਸਾਫ਼ੀ ਹੈ ਬਲਕਿ ਗੁਆਂਢੀ ਰਾਜਾਂ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ। ਉਨ੍ਹਾਂ ਕਿਹਾ ਕਿ ਕਰਨਾਟਕ ਅਤੇ ਗੁਜਰਾਤ ਜਿਹੇ ਰਾਜਾਂ ਨੇ ਮਾਲੀਆ ਘਾਟੇ ਦੇ ਬਾਵਜੂਦ ਲੋਕਾਂ ਦੀ ਭਲਾਈ ਲਈ ਟੈਕਸ ਵਿੱਚ ਕਟੌਤੀ ਕੀਤੀ, ਜਦੋਂ ਕਿ ਉਨ੍ਹਾਂ ਦੇ ਗੁਆਂਢੀ ਰਾਜਾਂ ਨੇ ਟੈਕਸ ਨਾ ਘਟਾ ਕੇ ਰੈਵੇਨਿਊ ਕਮਾਇਆ।
ਇਸੇ ਤਰ੍ਹਾਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਨਵੰਬਰ ਵਿੱਚ ਵੈਟ ਘਟਾਉਣ ਦੀ ਬੇਨਤੀ ਕੀਤੀ ਗਈ ਸੀ ਪਰ ਮਹਾਰਾਸ਼ਟਰ, ਪੱਛਮੀ ਬੰਗਾਲ, ਤੇਲੰਗਾਨਾ, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਕੇਰਲ, ਝਾਰਖੰਡ ਵਰਗੇ ਕਈ ਰਾਜਾਂ ਨੇ ਕਿਸੇ ਕਾਰਨ ਅਜਿਹਾ ਨਹੀਂ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਦੇ ਰੈਵੇਨਿਊ ਦਾ 42 ਫੀਸਦੀ ਰਾਜ ਸਰਕਾਰਾਂ ਨੂੰ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਮੈਂ ਸਾਰੇ ਰਾਜਾਂ ਨੂੰ ਸਹਿਯੋਗੀ ਸੰਘਵਾਦ ਦੀ ਭਾਵਨਾ ਦਾ ਪਾਲਣ ਕਰਦੇ ਹੋਏ ਆਲਮੀ ਸੰਕਟ ਦੇ ਇਸ ਸਮੇਂ ਵਿੱਚ ਇੱਕ ਟੀਮ ਵਜੋਂ ਕੰਮ ਕਰਨ ਦੀ ਤਾਕੀਦ ਕਰਦਾ ਹਾਂ।”
ਪ੍ਰਧਾਨ ਮੰਤਰੀ ਨੇ ਇਹ ਵੀ ਦੱਸਿਆ ਕਿ ਵਧਦੇ ਤਾਪਮਾਨ ਨਾਲ ਜੰਗਲਾਂ ਅਤੇ ਇਮਾਰਤਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਉਨ੍ਹਾਂ ਹਸਪਤਾਲਾਂ ਦੇ ਫਾਇਰ ਸੇਫਟੀ ਆਡਿਟ ਲਈ ਵਿਸ਼ੇਸ਼ ਤੌਰ 'ਤੇ ਕਿਹਾ। ਉਨ੍ਹਾਂ ਕਿਹਾ ਕਿ ਇਸ ਚੁਣੌਤੀ ਦਾ ਸਾਹਮਣਾ ਕਰਨ ਲਈ ਸਾਡੇ ਪ੍ਰਬੰਧ ਵਿਆਪਕ ਹੋਣੇ ਚਾਹੀਦੇ ਹਨ ਅਤੇ ਸਾਡਾ ਰਿਸਪੌਂਸ ਟਾਈਮ ਘੱਟ ਤੋਂ ਘੱਟ ਹੋਣਾ ਚਾਹੀਦਾ ਹੈ।
*************
ਡੀਐੱਸ
(Release ID: 1820670)
Visitor Counter : 161
Read this release in:
Odia
,
English
,
Urdu
,
Marathi
,
Hindi
,
Assamese
,
Manipuri
,
Bengali
,
Gujarati
,
Tamil
,
Telugu
,
Kannada
,
Malayalam