ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 18 ਤੋਂ 20 ਅਪ੍ਰੈਲ ਤੱਕ ਗੁਜਰਾਤ ਦਾ ਦੌਰਾ ਕਰਨਗੇ


ਪ੍ਰਧਾਨ ਮੰਤਰੀ ਦਾਹੋਦ ਵਿੱਚ ਆਦਿਜਾਤੀ ਮਹਾਸੰਮੇਲਨ ਵਿੱਚ ਹਿੱਸਾ ਲੈਣਗੇ ਅਤੇ ਤਕਰੀਬਨ 22,000 ਕਰੋੜ ਰੁਪਏ ਦੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ

ਪ੍ਰਧਾਨ ਮੰਤਰੀ ਜਾਮਨਗਰ ਵਿੱਚ ਡਬਲਿਊਐੱਚਓ ਗਲੋਬਲ ਸੈਂਟਰ ਫ਼ੌਰ ਟ੍ਰੈਡੀਸ਼ਨਲ ਮੈਡੀਸਿਨ ਦਾ ਨੀਂਹ ਪੱਥਰ ਰੱਖਣਗੇ ਅਤੇ ਗਾਂਧੀਨਗਰ ਵਿੱਚ ਗਲੋਬਲ ਆਯੁਸ਼ ਨਿਵੇਸ਼ ਅਤੇ ਇਨੋਵੇਸ਼ਨ ਸ਼ਿਖਰ ਸੰਮੇਲਨ ਦਾ ਉਦਘਾਟਨ ਵੀ ਕਰਨਗੇ

ਪ੍ਰਧਾਨ ਮੰਤਰੀ ਬਨਾਸਕਾਂਠਾ ਦੇ ਦਿਯੋਦਰ ਵਿੱਚ ਬਨਾਸ ਡੇਅਰੀ ਕੰਪਲੈਕਸ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ

ਪ੍ਰਧਾਨ ਮੰਤਰੀ ਗਾਂਧੀਨਗਰ ਵਿੱਚ ਸਕੂਲਾਂ ਦੇ ਕਮਾਂਡ ਐਂਡ ਕੰਟਰੋਲ ਸੈਂਟਰ ਦਾ ਦੌਰਾ ਕਰਨਗੇ

Posted On: 16 APR 2022 2:21PM by PIB Chandigarh


 ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ, 18 ਤੋਂ 20 ਅਪ੍ਰੈਲ, 2022 ਤੱਕ ਗੁਜਰਾਤ ਦਾ ਦੌਰਾ ਕਰਨਗੇ।  18 ਅਪ੍ਰੈਲ ਨੂੰ ਸ਼ਾਮ ਕਰੀਬ 6 ਵਜੇ ਪ੍ਰਧਾਨ ਮੰਤਰੀ ਗਾਂਧੀਨਗਰ ਸਥਿਤ ਸਕੂਲਾਂ ਦੇ ਕਮਾਂਡ ਐਂਡ ਕੰਟਰੋਲ ਸੈਂਟਰ ਦਾ ਦੌਰਾ ਕਰਨਗੇ।  19 ਅਪ੍ਰੈਲ ਨੂੰ ਸਵੇਰੇ ਤਕਰੀਬਨ 9 ਵੱਜ ਕੇ 40 ਮਿੰਟ ‘ਤੇ, ਉਹ ਬਨਾਸਕਾਂਠਾ ਦੇ ਦਿਯੋਦਰ ਵਿੱਚ ਬਨਾਸ ਡੇਅਰੀ ਕੰਪਲੈਕਸ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਤੋਂ ਬਾਅਦ ਦੁਪਹਿਰ ਕਰੀਬ ਸਾਢੇ 3 ਵਜੇ ਉਹ ਜਾਮਨਗਰ 'ਚ ਡਬਲਿਊਐੱਚਓ  ਗਲੋਬਲ ਸੈਂਟਰ ਫੌਰ ਟ੍ਰੈਡੀਸ਼ਨਲ ਮੈਡੀਸਿਨ ਦਾ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ 20 ਅਪ੍ਰੈਲ ਨੂੰ ਤਕਰੀਬਨ 10 ਵੱਜ ਕੇ 30 ਮਿੰਟ ‘ਤੇ ਗਾਂਧੀਨਗਰ ਵਿੱਚ ਗਲੋਬਲ ਆਯੂਸ਼ ਨਿਵੇਸ਼ ਅਤੇ ਇਨੋਵੇਸ਼ਨ ਸਮਿਟ ਦਾ ਉਦਘਾਟਨ ਕਰਨਗੇ। ਇਸ ਤੋਂ ਬਾਅਦ ਦੁਪਹਿਰ ਕਰੀਬ ਸਾਢੇ 3 ਵਜੇ ਉਹ ਦਾਹੋਦ ਵਿੱਚ ਆਦਿਜਾਤੀ ਮਹਾਸੰਮੇਲਨ 'ਚ ਸ਼ਿਰਕਤ ਕਰਨਗੇ ਅਤੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ।

 

ਸਕੂਲਾਂ ਦੇ ਕਮਾਂਡ ਐਂਡ ਕੰਟਰੋਲ ਸੈਂਟਰ ਵਿੱਚ ਪ੍ਰਧਾਨ ਮੰਤਰੀ

 

  ਪ੍ਰਧਾਨ ਮੰਤਰੀ 18 ਅਪ੍ਰੈਲ ਨੂੰ ਸ਼ਾਮ ਕਰੀਬ 6 ਵਜੇ ਗਾਂਧੀਨਗਰ ਸਥਿਤ ਸਕੂਲਾਂ ਦੇ ਕਮਾਂਡ ਐਂਡ ਕੰਟਰੋਲ ਸੈਂਟਰ ਦਾ ਦੌਰਾ ਕਰਨਗੇ। ਕੇਂਦਰ ਸਾਲਾਨਾ 500 ਕਰੋੜ ਤੋਂ ਵੱਧ ਡੇਟਾ ਸੈੱਟ ਇਕੱਤਰ ਕਰਦਾ ਹੈ ਅਤੇ ਵਿਦਿਆਰਥੀਆਂ ਲਈ ਸਮੁੱਚੇ ਲਰਨਿੰਗ ਦੇ ਨਤੀਜਿਆਂ ਨੂੰ ਵਧਾਉਣ ਲਈ ਵੱਡੇ ਡੇਟਾ ਵਿਸ਼ਲੇਸ਼ਣ, ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਦੀ ਵਰਤੋਂ ਕਰਕੇ ਉਨ੍ਹਾਂ ਦਾ ਅਰਥਪੂਰਨ ਵਿਸ਼ਲੇਸ਼ਣ ਕਰਦਾ ਹੈ। ਇਹ ਕੇਂਦਰ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਰੋਜ਼ਾਨਾ ਔਨਲਾਈਨ ਹਾਜ਼ਰੀ ਨੂੰ ਟਰੈਕ ਕਰਨ ਵਿੱਚ ਮਦਦ ਕਰਦਾ ਹੈ, ਵਿਦਿਆਰਥੀਆਂ ਦੇ ਸਿੱਖਣ ਦੇ ਨਤੀਜਿਆਂ ਦਾ ਸੰਖੇਪ ਅਤੇ ਸਮੇਂ-ਸਮੇਂ 'ਤੇ ਕੇਂਦਰੀਕ੍ਰਿਤ ਮੁਲਾਂਕਣ ਕਰਦਾ ਹੈ। ਸਕੂਲਾਂ ਲਈ ਕਮਾਂਡ ਅਤੇ ਕੰਟਰੋਲ ਸੈਂਟਰ ਨੂੰ ਵਿਸ਼ਵ ਬੈਂਕ ਦੁਆਰਾ ਸਰਬੋਤਮ ਪ੍ਰੈਕਟਿਸਾਂ ਵਿੱਚੋਂ ਇੱਕ ਵਜੋਂ ਗਲੋਬਲ ਪੱਧਰ 'ਤੇ ਮਾਨਤਾ ਦਿੱਤੀ ਗਈ ਹੈ ਅਤੇ ਹੋਰ ਦੇਸ਼ਾਂ ਨੂੰ ਇਸ ਬਾਰੇ ਜਾਣਨ ਲਈ ਸੱਦਾ ਦਿੱਤਾ ਗਿਆ ਹੈ।

 

ਬਨਾਸਕਾਂਠਾ ਦੇ ਦਿਯੋਦਰ ਵਿੱਚ ਬਨਾਸ ਡੇਅਰੀ ਕੰਪਲੈਕਸ ਵਿੱਚ ਪ੍ਰਧਾਨ ਮੰਤਰੀ

 

 ਪ੍ਰਧਾਨ ਮੰਤਰੀ 19 ਅਪ੍ਰੈਲ ਨੂੰ ਸਵੇਰੇ 9:40 ਵਜੇ ਬਨਾਸਕਾਂਠਾ ਜ਼ਿਲ੍ਹੇ ਦੇ ਦਿਯੋਦਰ ਵਿਖੇ 600 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣੇ ਨਵੇਂ ਡੇਅਰੀ ਕੰਪਲੈਕਸ ਅਤੇ ਆਲੂ ਪ੍ਰੋਸੈੱਸਿੰਗ ਪਲਾਂਟ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਨਵਾਂ ਡੇਅਰੀ ਕੰਪਲੈਕਸ ਇੱਕ ਗ੍ਰੀਨਫੀਲਡ ਪ੍ਰੋਜੈਕਟ ਹੈ। ਇਹ ਪਲਾਂਟ ਪ੍ਰਤੀ ਦਿਨ ਲਗਭਗ 3 ਮਿਲੀਅਨ ਲੀਟਰ ਦੁੱਧ ਦੀ ਪ੍ਰੋਸੈੱਸਿੰਗ ਕਰਨ ਦੇ ਸਮਰੱਥ ਹੋਵੇਗਾ, ਤਕਰੀਬਨ 80 ਟਨ ਮੱਖਣ, ਇੱਕ ਲੱਖ ਲੀਟਰ ਆਈਸਕ੍ਰੀਮ, 20 ਟਨ ਸੰਘਣਾ ਦੁੱਧ (ਖੋਆ) ਅਤੇ 6 ਟਨ ਚਾਕਲੇਟ ਦਾ ਉਤਪਾਦਨ ਕਰੇਗਾ। ਆਲੂ ਪ੍ਰੋਸੈੱਸਿੰਗ ਪਲਾਂਟ ਕਈ ਤਰ੍ਹਾਂ ਦੇ ਪ੍ਰੋਸੈੱਸਡ ਆਲੂ ਉਤਪਾਦਾਂ ਜਿਵੇਂ ਕਿ ਫਰੈਂਚ ਫਰਾਈਜ਼, ਆਲੂ ਚਿਪਸ, ਆਲੂ ਟਿੱਕੀ, ਪੈਟੀਜ਼ ਆਦਿ ਦਾ ਉਤਪਾਦਨ ਕਰੇਗਾ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਦੂਸਰੇ ਦੇਸ਼ਾਂ ਨੂੰ ਨਿਰਯਾਤ ਕੀਤੇ ਜਾਣਗੇ। ਇਹ ਪਲਾਂਟ ਸਥਾਨਕ ਕਿਸਾਨਾਂ ਨੂੰ ਸਸ਼ਕਤ ਕਰਨਗੇ ਅਤੇ ਖੇਤਰ ਵਿੱਚ ਗ੍ਰਾਮੀਣ ਅਰਥਵਿਵਸਥਾ ਨੂੰ ਹੁਲਾਰਾ ਦੇਣਗੇ।

 

  ਪ੍ਰਧਾਨ ਮੰਤਰੀ ਬਨਾਸ ਕਮਿਊਨਿਟੀ ਰੇਡੀਓ ਸਟੇਸ਼ਨ ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਕਮਿਊਨਿਟੀ ਰੇਡੀਓ ਸਟੇਸ਼ਨ ਦੀ ਸਥਾਪਨਾ ਕਿਸਾਨਾਂ ਨੂੰ ਖੇਤੀਬਾੜੀ ਅਤੇ ਪਸ਼ੂ ਪਾਲਣ ਨਾਲ ਸਬੰਧਿਤ ਪ੍ਰਮੁੱਖ ਵਿਗਿਆਨਕ ਜਾਣਕਾਰੀ ਪ੍ਰਦਾਨ ਕਰਨ ਲਈ ਕੀਤੀ ਗਈ ਹੈ। ਉਮੀਦ ਹੈ ਕਿ ਰੇਡੀਓ ਸਟੇਸ਼ਨ ਤਕਰੀਬਨ 1700 ਪਿੰਡਾਂ ਦੇ 5 ਲੱਖ ਤੋਂ ਵੱਧ ਕਿਸਾਨਾਂ ਨਾਲ ਜੁੜ ਜਾਵੇਗਾ।

 

  ਪ੍ਰਧਾਨ ਮੰਤਰੀ ਪਾਲਨਪੁਰ ਸਥਿਤ ਬਨਾਸ ਡੇਅਰੀ ਪਲਾਂਟ ਵਿਖੇ ਪਨੀਰ ਉਤਪਾਦਾਂ ਅਤੇ ਵੇਅ ਪਾਊਡਰ (whey powder) ਦੇ ਉਤਪਾਦਨ ਲਈ ਵਿਸਤ੍ਰਿਤ ਸੁਵਿਧਾਵਾਂ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸਦੇ ਨਾਲ ਹੀ, ਪ੍ਰਧਾਨ ਮੰਤਰੀ ਗੁਜਰਾਤ ਦੇ ਦਾਮਾ ਵਿੱਚ ਸਥਾਪਿਤ ਜੈਵਿਕ ਖਾਦ ਅਤੇ ਬਾਇਓਗੈਸ ਪਲਾਂਟ ਰਾਸ਼ਟਰ ਨੂੰ ਸਮਰਪਿਤ ਕਰਨਗੇ। ਪ੍ਰਧਾਨ ਮੰਤਰੀ ਖੀਮਾਣਾ, ਰਤਨਪੁਰਾ-ਭੀਲਡੀ, ਰਾਧਨਪੁਰ ਅਤੇ ਥਾਵਰ ਵਿਖੇ ਸਥਾਪਿਤ ਕੀਤੇ ਜਾਣ ਵਾਲੇ 100 ਟਨ ਦੀ ਸਮਰੱਥਾ ਵਾਲੇ ਚਾਰ ਗੋਬਰ ਗੈਸ ਪਲਾਂਟਾਂ ਦਾ ਨੀਂਹ ਪੱਥਰ ਰੱਖਣਗੇ।

 

ਡਬਲਿਊਐੱਚਓ  ਗਲੋਬਲ ਸੈਂਟਰ ਫੌਰ ਟ੍ਰੈਡੀਸ਼ਨਲ ਮੈਡੀਸਿਨ

 

 ਪ੍ਰਧਾਨ ਮੰਤਰੀ 19 ਅਪ੍ਰੈਲ ਨੂੰ ਦੁਪਹਿਰ ਕਰੀਬ 3.30 ਵਜੇ ਜਾਮਨਗਰ ਵਿੱਚ ਮਾਰੀਸ਼ਸ ਦੇ ਪ੍ਰਧਾਨ ਮੰਤਰੀ, ਸ਼੍ਰੀ ਪ੍ਰਵਿੰਦ ਕੁਮਾਰ ਜੁਗਨਾਥ ਅਤੇ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ ) ਦੇ ਡਾਇਰੈਕਟਰ ਜਨਰਲ ਡਾ. ਟੇਡਰੋਸ ਗੈਬਰੇਅਸਸ ਦੀ ਮੌਜੂਦਗੀ ਵਿੱਚ ਡਬਲਿਊਐੱਚਓ  ਗਲੋਬਲ ਸੈਂਟਰ ਫੌਰ ਟ੍ਰੈਡੀਸ਼ਨਲ ਮੈਡੀਸਿਨ (ਜੀਸੀਟੀਐੱਮ) ਦਾ ਨੀਂਹ ਪੱਥਰ ਰੱਖਣਗੇ। ਜੀਸੀਟੀਐੱਮ ਦੁਨੀਆ ਭਰ ਵਿੱਚ ਰਵਾਇਤੀ ਦਵਾਈਆਂ ਲਈ ਪਹਿਲਾ ਅਤੇ ਇੱਕੋ ਇੱਕ ਗਲੋਬਲ ਆਊਟਪੋਸਟ ਸੈਂਟਰ ਹੋਵੇਗਾ। ਇਹ ਆਲਮੀ ਪੱਧਰ 'ਤੇ ਸਿਹਤ ਦੇ ਅੰਤਰਰਾਸ਼ਟਰੀ ਕੇਂਦਰ ਵਜੋਂ ਉਭਰੇਗਾ।

 

ਗਲੋਬਲ ਆਯੂਸ਼ ਨਿਵੇਸ਼ ਅਤੇ ਇਨੋਵੇਸ਼ਨ ਸਮਿਟ

 

 ਪ੍ਰਧਾਨ ਮੰਤਰੀ 20 ਅਪ੍ਰੈਲ ਨੂੰ ਗੁਜਰਾਤ ਦੇ ਗਾਂਧੀਨਗਰ ਵਿੱਚ ਮਹਾਤਮਾ ਮੰਦਿਰ ਵਿੱਚ ਸਵੇਰੇ ਕਰੀਬ 10.30 ਵਜੇ ਹੋਣ ਵਾਲੀ ਗਲੋਬਲ ਆਯੂਸ਼ ਨਿਵੇਸ਼ ਅਤੇ ਇਨੋਵੇਸ਼ਨ ਸਮਿਟ ਦਾ ਉਦਘਾਟਨ ਕਰਨਗੇ। ਇਸ ਮੌਕੇ 'ਤੇ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਅਤੇ ਡਬਲਿਊਐੱਚਓ  ਦੇ ਡਾਇਰੈਕਟਰ ਜਨਰਲ ਵੀ ਮੌਜੂਦ ਰਹਿਣਗੇ। ਤਿੰਨ ਦਿਨਾਂ ਸ਼ਿਖਰ ਸੰਮੇਲਨ ਵਿੱਚ ਤਕਰੀਬਨ 90 ਉੱਘੇ ਬੁਲਾਰਿਆਂ ਅਤੇ 100 ਪ੍ਰਦਰਸ਼ਕਾਂ ਦੀ ਮੌਜੂਦਗੀ ਦੇ ਨਾਲ 5 ਪਲੈਨਰੀ ਸੈਸ਼ਨ, 8 ਗੋਲ ਮੇਜ਼ ਕਾਨਫ਼ਰੰਸਾਂ, 6 ਵਰਕਸ਼ਾਪਾਂ ਅਤੇ 2 ਸੈਮੀਨਾਰ ਹੋਣਗੇ। ਸਮਿਟ ਨਿਵੇਸ਼ ਦੀ ਸੰਭਾਵਨਾ ਨੂੰ ਉਜਾਗਰ ਕਰਨ ਅਤੇ ਇਨੋਵੇਸ਼ਨ, ਖੋਜ ਅਤੇ ਵਿਕਾਸ, ਸਟਾਰਟ-ਅੱਪਸ, ਈਕੋਸਿਸਟਮ ਅਤੇ ਵੈਲਨੈੱਸ ਉਦਯੋਗ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰੇਗੀ। ਇਹ ਉਦਯੋਗ ਦੇ ਲੀਡਰਾਂ, ਸਿੱਖਿਆ ਸ਼ਾਸਤਰੀਆਂ ਅਤੇ ਵਿਦਵਾਨਾਂ ਨੂੰ ਇਕੱਠੇ ਲਿਆਉਣ ਵਿੱਚ ਮਦਦ ਕਰੇਗੀ ਅਤੇ ਭਵਿੱਖ ਵਿੱਚ ਸਹਿਯੋਗ ਲਈ ਇੱਕ ਪਲੈਟਫਾਰਮ ਵਜੋਂ ਕੰਮ ਕਰੇਗੀ।

 

ਦਾਹੋਦ ਦੇ ਆਦਿਜਾਤੀ ਮਹਾਸੰਮੇਲਨ ਵਿੱਚ ਪ੍ਰਧਾਨ ਮੰਤਰੀ

 

 ਪ੍ਰਧਾਨ ਮੰਤਰੀ 20 ਅਪ੍ਰੈਲ ਨੂੰ ਦੁਪਹਿਰ 3.30 ਵਜੇ ਦਾਹੋਦ ਵਿੱਚ ਅਦਿਜਾਤੀ ਮਹਾਸੰਮੇਲਨ ਵਿੱਚ ਸ਼ਾਮਲ ਹੋਣਗੇ, ਜਿੱਥੇ ਉਹ ਤਕਰੀਬਨ 22,000 ਕਰੋੜ ਰੁਪਏ ਦੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।  ਕਾਨਫ਼ਰੰਸ ਵਿੱਚ 2 ਲੱਖ ਤੋਂ ਵੱਧ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਪ੍ਰਧਾਨ ਮੰਤਰੀ 1400 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਉਹ ਦਾਹੋਦ ਜ਼ਿਲ੍ਹੇ ਦੇ ਦੱਖਣੀ ਖੇਤਰ ਵਿਚ ਰੀਜਨਲ ਵਾਟਰ ਸਪਲਾਈ ਸਕੀਮ ਦਾ ਉਦਘਾਟਨ ਕਰਨਗੇ, ਜੋ ਕਿ ਨਰਮਦਾ ਨਦੀ ਬੇਸਿਨ 'ਤੇ ਲਗਭਗ 840 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਗਈ ਹੈ। ਇਹ ਯੋਜਨਾ ਦਾਹੋਦ ਜ਼ਿਲ੍ਹੇ ਦੇ ਤਕਰੀਬਨ 280 ਪਿੰਡਾਂ ਅਤੇ ਦੇਵਗੜ੍ਹ ਬਾਰੀਆ ਸ਼ਹਿਰ ਦੀਆਂ ਜਲ ਸਪਲਾਈ ਦੀਆਂ ਲੋੜਾਂ ਨੂੰ ਪੂਰਾ ਕਰੇਗੀ। ਪ੍ਰਧਾਨ ਮੰਤਰੀ ਲਗਭਗ 335 ਕਰੋੜ ਰੁਪਏ ਵਾਲੇ ਦਾਹੋਦ ਸਮਾਰਟ ਸਿਟੀ ਦੇ ਪੰਜ ਪ੍ਰੋਜੈਕਟਾਂ ਦਾ ਉਦਘਾਟਨ ਵੀ ਕਰਨਗੇ। ਇਨ੍ਹਾਂ ਪ੍ਰੋਜੈਕਟਾਂ ਵਿੱਚ ਇੰਟੈਗਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ (ਆਈਸੀਸੀਸੀ) ਦੀ ਇਮਾਰਤ, ਤੂਫ਼ਾਨ ਦੇ ਪਾਣੀ ਦੀ ਨਿਕਾਸੀ ਪ੍ਰਣਾਲੀ, ਸੀਵਰੇਜ ਦੇ ਕੰਮ, ਠੋਸ ਰਹਿੰਦ-ਖੂੰਹਦ ਪ੍ਰਬੰਧਨ ਪ੍ਰਣਾਲੀ ਅਤੇ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਸ਼ਾਮਲ ਹਨ। ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਪੰਚਮਹਾਲ ਅਤੇ ਦਾਹੋਦ ਜ਼ਿਲ੍ਹਿਆਂ ਦੇ 10,000 ਆਦਿਵਾਸੀ ਲੋਕਾਂ ਨੂੰ 120 ਕਰੋੜ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ। ਪ੍ਰਧਾਨ ਮੰਤਰੀ 66 ਕੇਵੀ ਘੋਡੀਆ ਸਬਸਟੇਸ਼ਨ, ਪੰਚਾਇਤ ਘਰ, ਆਂਗਣਵਾੜੀ ਅਤੇ ਹੋਰ ਪ੍ਰੋਜੈਕਟਾਂ ਦਾ ਉਦਘਾਟਨ ਵੀ ਕਰਨਗੇ।

 

 ਪ੍ਰਧਾਨ ਮੰਤਰੀ ਦਾਹੋਦ ਵਿੱਚ ਉਤਪਾਦਨ ਯੂਨਿਟ ਵਿੱਚ 9000 ਐੱਚਪੀ ਇਲੈਕਟ੍ਰਿਕ ਲੋਕੋਮੋਟਿਵ ਦੇ ਨਿਰਮਾਣ ਲਈ ਨੀਂਹ ਪੱਥਰ ਵੀ ਰੱਖਣਗੇ। ਇਸ ਪ੍ਰੋਜੈਕਟ ਦੀ ਲਾਗਤ ਤਕਰੀਬਨ 20,000 ਕਰੋੜ ਰੁਪਏ ਹੈ। ਦਾਹੋਦ ਵਰਕਸ਼ਾਪ, ਜੋ ਕਿ 1926 ਵਿੱਚ ਭਾਫ਼ ਦੇ ਇੰਜਣਾਂ ਦੇ ਸਮੇਂ-ਸਮੇਂ 'ਤੇ ਓਵਰਹਾਲ ਲਈ ਸਥਾਪਿਤ ਕੀਤੀ ਗਈ ਸੀ, ਨੂੰ ਇਲੈਕਟ੍ਰਿਕ ਲੋਕੋਮੋਟਿਵ ਨਿਰਮਾਣ ਯੂਨਿਟ ਵਿੱਚ ਮਹੱਤਵਪੂਰਨ ਸੁਧਾਰਾਂ ਨਾਲ ਅੱਪਗ੍ਰੇਡ ਕੀਤਾ ਜਾਵੇਗਾ। ਇਹ 10,000 ਤੋਂ ਵੱਧ ਲੋਕਾਂ ਨੂੰ ਪ੍ਰਤੱਖ ਅਤੇ ਅਪ੍ਰਤੱਖ ਤੌਰ 'ਤੇ ਰੋਜ਼ਗਾਰ ਪ੍ਰਦਾਨ ਕਰੇਗੀ। ਪ੍ਰਧਾਨ ਮੰਤਰੀ ਰਾਜ ਸਰਕਾਰ ਦੇ ਤਕਰੀਬਨ 550 ਕਰੋੜ ਰੁਪਏ ਦੇ ਵਿਭਿੰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਣਗੇ।  ਇਨ੍ਹਾਂ ਵਿੱਚ ਹੋਰ ਪ੍ਰੋਜੈਕਟਾਂ ਤੋਂ ਇਲਾਵਾ, ਤਕਰੀਬਨ 300 ਕਰੋੜ ਰੁਪਏ ਦੀ ਜਲ ਸਪਲਾਈ, 175 ਕਰੋੜ ਰੁਪਏ ਦੇ ਦਾਹੋਦ ਸਮਾਰਟ ਸਿਟੀ ਪ੍ਰੋਜੈਕਟ, ਦੁਧੀਮਤੀ ਨਦੀ ਪ੍ਰੋਜੈਕਟ, ਘੋਡੀਆ ਵਿਖੇ ਗੇਟਕੋ (GETCO) ਸਬਸਟੇਸ਼ਨ ਨਾਲ ਸਬੰਧਿਤ ਪ੍ਰੋਜੈਕਟ ਸ਼ਾਮਲ ਹਨ।

 

 ************

 

ਡੀਐੱਸ/ਐੱਲਪੀ



(Release ID: 1817616) Visitor Counter : 124