ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਰਾਸ਼ਟਰੀਯ ਰਕਸ਼ਾ ਯੂਨੀਵਰਸਿਟੀ ਦੀ ਇਮਾਰਤ ਰਾਸ਼ਟਰ ਨੂੰ ਸਮਰਪਿਤ ਕੀਤੀ ਅਤੇ ਇਸ ਦੀ ਪਹਿਲੀ ਕਨਵੋਕੇਸ਼ਨ ਨੂੰ ਸੰਬੋਧਨ ਕੀਤਾ
“ਅੰਗ੍ਰੇਜ਼ਾਂ ਦੇ ਅਨਿਆਂ ਦੇ ਖ਼ਿਲਾਫ਼ ਗਾਂਧੀ ਜੀ ਦੀ ਅਗਵਾਈ ਵਿੱਚ ਅੰਦੋਲਨ ਨੇ ਬ੍ਰਿਟਿਸ਼ ਸਰਕਾਰ ਨੂੰ ਸਾਡੇ ਭਾਰਤੀਆਂ ਦੀ ਸਮੂਹਿਕ ਸ਼ਕਤੀ ਦਾ ਅਹਿਸਾਸ ਕਰਵਾ ਦਿੱਤਾ ਸੀ”
“ਇੱਕ ਧਾਰਨਾ ਵਿਕਸਿਤ ਕੀਤੀ ਗਈ ਸੀ ਕਿ ਸਾਨੂੰ ਵਰਦੀਧਾਰੀ ਕਰਮਚਾਰੀਆਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਪਰ ਹੁਣ ਇਹ ਬਦਲ ਗਈ ਹੈ। ਜਦੋਂ ਲੋਕ ਹੁਣ ਵਰਦੀਧਾਰੀ ਕਰਮਚਾਰੀਆਂ ਨੂੰ ਦੇਖਦੇ ਹਨ, ਤਾਂ ਉਨ੍ਹਾਂ ਨੂੰ ਮਦਦ ਦਾ ਭਰੋਸਾ ਮਿਲਦਾ ਹੈ”
“ਦੇਸ਼ ਦੇ ਸੁਰੱਖਿਆ ਉਪਕਰਣਾਂ ਨੂੰ ਮਜ਼ਬੂਤ ਕਰਨ ਲਈ ਤਣਾਅ-ਮੁਕਤ ਸਿਖਲਾਈ ਗਤੀਵਿਧੀਆਂ ਸਮੇਂ ਦੀ ਜ਼ਰੂਰਤ”
Posted On:
12 MAR 2022 1:36PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਸ਼ਟਰੀਯ ਰਕਸ਼ਾ ਯੂਨੀਵਰਸਿਟੀ ਦੀ ਇਮਾਰਤ ਰਾਸ਼ਟਰ ਨੂੰ ਸਮਰਪਿਤ ਕੀਤੀ ਅਤੇ ਅਹਿਮਦਾਬਾਦ ਵਿਖੇ ਇਸ ਦੀ ਪਹਿਲੀ ਕਨਵੋਕੇਸ਼ਨ ਨੂੰ ਸੰਬੋਧਨ ਕੀਤਾ। ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ, ਗੁਜਰਾਤ ਦੇ ਰਾਜਪਾਲ ਆਚਾਰੀਆ ਦੇਵਵ੍ਰੱਤ ਅਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰਭਾਈ ਪਟੇਲ ਮੌਜੂਦ ਸਨ।
ਸ਼ੁਰੂ ਵਿੱਚ, ਪ੍ਰਧਾਨ ਮੰਤਰੀ ਨੇ ਮਹਾਤਮਾ ਗਾਂਧੀ ਅਤੇ ਦਾਂਡੀ ਮਾਰਚ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮਹਾਨ ਮਾਰਚ ਦੀ ਸ਼ੁਰੂਆਤ ਇਸੇ ਦਿਨ ਹੋਈ ਸੀ। ਪ੍ਰਧਾਨ ਮੰਤਰੀ ਨੇ ਕਿਹਾ, “ਅੰਗ੍ਰੇਜ਼ਾਂ ਦੇ ਅਨਿਆਂ ਦੇ ਖ਼ਿਲਾਫ਼ ਗਾਂਧੀ ਜੀ ਦੀ ਅਗਵਾਈ ਵਿੱਚ ਅੰਦੋਲਨ ਨੇ ਬ੍ਰਿਟਿਸ਼ ਸਰਕਾਰ ਨੂੰ ਸਾਡੇ ਭਾਰਤੀਆਂ ਦੀ ਸਮੂਹਿਕ ਸ਼ਕਤੀ ਦਾ ਅਹਿਸਾਸ ਕਰਵਾ ਦਿੱਤਾ ਸੀ”।
ਪ੍ਰਧਾਨ ਮੰਤਰੀ ਨੇ ਕਿਹਾ ਕਿ ਬਸਤੀਵਾਦੀ ਸਮੇਂ ਦੌਰਾਨ ਅੰਦਰੂਨੀ ਸੁਰੱਖਿਆ ਦੀ ਧਾਰਨਾ ਪਹਿਲਾਂ ਬਸਤੀਵਾਦੀ ਮਾਲਕਾਂ ਲਈ ਸ਼ਾਂਤੀ ਬਣਾਈ ਰੱਖਣ ਵਾਸਤੇ ਜਨਤਾ ’ਚ ਡਰ ਪੈਦਾ ਕਰਨ 'ਤੇ ਅਧਾਰਿਤ ਸੀ। ਇਸੇ ਤਰ੍ਹਾਂ ਪਹਿਲਾਂ ਦਾ ਦ੍ਰਿਸ਼ ਬਹੁਤ ਅਲੱਗ ਸੀ ਕਿਉਂਕਿ ਸੁਰੱਖਿਆ ਬਲਾਂ ਪਾਸ ਤਿਆਰੀ ਲਈ ਵਧੇਰੇ ਸਮਾਂ ਸੀ ਜੋ ਹੁਣ ਨਹੀਂ ਹੈ ਕਿਉਂਕਿ ਟੈਕਨੋਲੋਜੀ ਤੇ ਆਵਾਜਾਈ ਅਤੇ ਸੰਚਾਰ ਵਿੱਚ ਬਹੁਤ ਸੁਧਾਰ ਹੋਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਦੀ ਪੁਲਿਸ ਨੂੰ ਗੱਲਬਾਤ ਅਤੇ ਹੋਰ ਕੋਮਲ ਹੁਨਰਾਂ ਵਰਗੇ ਕੌਸ਼ਲਾਂ ਦੀ ਜ਼ਰੂਰਤ ਹੁੰਦੀ ਹੈ, ਜੋ ਇੱਕ ਲੋਕਤੰਤਰੀ ਦ੍ਰਿਸ਼ ਵਿੱਚ ਕੰਮ ਕਰਨ ਲਈ ਲੋੜੀਂਦੇ ਹਨ।
ਉਨ੍ਹਾਂ ਪੁਲਿਸ ਤੇ ਸੁਰੱਖਿਆ ਕਰਮਚਾਰੀਆਂ ਦਾ ਅਕਸ ਬਦਲਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਇਸ ਮਕਬੂਲ ਸੱਭਿਆਚਾਰ ਵਿੱਚ ਪੁਲਿਸ ਦੇ ਚਿੱਤਰਣ ਨੇ ਵੀ ਇਸ ਸਬੰਧ ਵਿੱਚ ਮਦਦ ਨਹੀਂ ਕੀਤੀ ਹੈ। ਉਨ੍ਹਾਂ ਮਹਾਮਾਰੀ ਦੌਰਾਨ ਪੁਲਿਸ ਕਰਮਚਾਰੀਆਂ ਦੁਆਰਾ ਕੀਤੇ ਮਨੁੱਖੀ ਕੰਮ ਨੂੰ ਨੋਟ ਕੀਤਾ। ਉਨ੍ਹਾਂ ਕਿਹਾ,"ਆਜ਼ਾਦੀ ਤੋਂ ਬਾਅਦ, ਦੇਸ਼ ਦੇ ਸੁਰੱਖਿਆ ਢਾਂਚੇ ਵਿੱਚ ਸੁਧਾਰਾਂ ਦੀ ਜ਼ਰੂਰਤ ਸੀ। ਇੱਕ ਧਾਰਨਾ ਵਿਕਸਿਤ ਕੀਤੀ ਗਈ ਸੀ ਕਿ ਸਾਨੂੰ ਵਰਦੀਧਾਰੀ ਕਰਮਚਾਰੀਆਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਪਰ ਹੁਣ ਇਹ ਬਦਲ ਗਈ ਹੈ। ਹੁਣ ਜਦੋਂ ਲੋਕ ਵਰਦੀਧਾਰੀ ਕਰਮਚਾਰੀਆਂ ਨੂੰ ਦੇਖਦੇ ਹਨ, ਤਾਂ ਉਨ੍ਹਾਂ ਨੂੰ ਮਦਦ ਦਾ ਭਰੋਸਾ ਮਿਲਦਾ ਹੈ’’।
ਪ੍ਰਧਾਨ ਮੰਤਰੀ ਨੇ ਨੌਕਰੀ ਦੇ ਤਣਾਅ ਨਾਲ ਨਜਿੱਠਣ ਲਈ ਪੁਲਿਸ ਕਰਮਚਾਰੀਆਂ ਵਾਸਤੇ ਸੰਯੁਕਤ ਪਰਿਵਾਰ ਦੇ ਸਹਿਯੋਗੀ ਨੈੱਟਵਰਕ ਦੇ ਸੁੰਗੜਨ ਨੂੰ ਵੀ ਨੋਟ ਕੀਤਾ। ਉਨ੍ਹਾਂ ਬਲਾਂ ਵਿੱਚ ਯੋਗਾ ਮਾਹਿਰਾਂ ਸਮੇਤ ਤਣਾਅ ਤੇ ਆਰਾਮ ਨਾਲ ਨਜਿੱਠਣ ਲਈ ਮਾਹਿਰਾਂ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ,"ਦੇਸ਼ ਦੇ ਸੁਰੱਖਿਆ ਉਪਕਰਣਾਂ ਨੂੰ ਮਜ਼ਬੂਤ ਕਰਨ ਲਈ ਤਣਾਅ-ਮੁਕਤ ਸਿਖਲਾਈ ਗਤੀਵਿਧੀਆਂ ਸਮੇਂ ਦੀ ਜ਼ਰੂਰਤ ਹੈ।"
ਉਨ੍ਹਾਂ ਸੁਰੱਖਿਆ ਅਤੇ ਪੁਲਿਸ ਦੇ ਕੰਮ ਵਿੱਚ ਟੈਕਨੋਲੋਜੀ ਦੇ ਮਹੱਤਵ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਜੇ ਅਪਰਾਧੀ ਤਕਨੀਕ ਦੀ ਵਰਤੋਂ ਕਰ ਰਹੇ ਹਨ, ਤਾਂ ਉਨ੍ਹਾਂ ਨੂੰ ਫੜਨ ਲਈ ਵੀ ਟੈਕਨੋਲੋਜੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਟੈਕਨੋਲੋਜੀ 'ਤੇ ਇਹ ਜ਼ੋਰ ਦਿਵਯਾਂਗ ਲੋਕਾਂ ਨੂੰ ਵੀ ਇਸ ਖੇਤਰ ਵਿੱਚ ਯੋਗਦਾਨ ਪਾਉਣ ਦੇ ਯੋਗ ਬਣਾਵੇਗਾ।
ਉਨ੍ਹਾਂ ਕਿਹਾ ਕਿ ਗਾਂਧੀਨਗਰ ਖੇਤਰ ਵਿੱਚ ਨੈਸ਼ਨਲ ਲਾਅ ਯੂਨੀਵਰਸਿਟੀ, ਰਕਸ਼ਾ ਯੂਨੀਵਰਸਿਟੀ ਅਤੇ ਫੋਰੈਂਸਿਕ ਸਾਇੰਸ ਯੂਨੀਵਰਸਿਟੀ ਹੈ। ਉਨ੍ਹਾਂ ਨੇ ਇਨ੍ਹਾਂ ਸਬੰਧਿਤ ਖੇਤਰਾਂ ਵਿੱਚ ਇੱਕ ਸੰਪੂਰਨ ਸਿੱਖਿਆ ਦੀ ਸਿਰਜਣਾ ਕਰਨ ਲਈ ਨਿਯਮਿਤ ਸੰਯੁਕਤ ਸਿੰਪੋਜ਼ੀਅਮਾਂ ਰਾਹੀਂ ਇਨ੍ਹਾਂ ਸੰਸਥਾਵਾਂ ਵਿਚਾਲੇ ਤਾਲਮੇਲ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ,“ਇਸ ਨੂੰ ਪੁਲਿਸ ਯੂਨੀਵਰਸਿਟੀ ਮੰਨਣ ਦੀ ਗਲਤੀ ਕਦੇ ਨਾ ਕਰੋ। ਇਹ ਇੱਕ ਰਕਸ਼ਾ ਯੂਨੀਵਰਸਿਟੀ ਹੈ, ਜੋ ਪੂਰੇ ਦੇਸ਼ ਦੀ ਸੁਰੱਖਿਆ ਦਾ ਧਿਆਨ ਰੱਖਦੀ ਹੈ।” ਉਨ੍ਹਾਂ ਭੀੜ ਤੇ ਭੀੜ ਦੇ ਮਨੋਵਿਗਿਆਨ, ਗੱਲਬਾਤ, ਪੋਸ਼ਣ ਅਤੇ ਟੈਕਨੋਲੋਜੀ ਜਿਹੇ ਅਨੁਸ਼ਾਸਨਾਂ ਦੀ ਮਹੱਤਤਾ ਨੂੰ ਦੁਹਰਾਇਆ।
ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਮਨੁੱਖਤਾ ਦੀਆਂ ਕਦਰਾਂ-ਕੀਮਤਾਂ ਨੂੰ ਹਮੇਸ਼ਾ ਆਪਣੀ ਵਰਦੀ ਨਾਲ ਜੋੜ ਕੇ ਰੱਖਣ ਅਤੇ ਉਨ੍ਹਾਂ ਦੇ ਯਤਨਾਂ ਵਿੱਚ ਕਦੇ ਵੀ ਸੇਵਾ ਭਾਵਨਾ ਦੀ ਕਮੀ ਨਹੀਂ ਆਉਣੀ ਚਾਹੀਦੀ। ਉਨ੍ਹਾਂ ਨੇ ਸੁਰੱਖਿਆ ਦੇ ਖੇਤਰ ਵਿੱਚ ਲੜਕੀਆਂ ਤੇ ਮਹਿਲਾਵਾਂ ਦੀ ਵੱਧ ਰਹੀ ਗਿਣਤੀ ’ਤੇ ਤਸੱਲੀ ਪ੍ਰਗਟਾਈ। ਉਨ੍ਹਾਂ ਕਿਹਾ,“ਅਸੀਂ ਰੱਖਿਆ ਖੇਤਰ ਵਿੱਚ ਮਹਿਲਾਵਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਦੇਖ ਰਹੇ ਹਾਂ। ਵਿਗਿਆਨ ਹੋਵੇ, ਸਿੱਖਿਆ ਹੋਵੇ ਜਾਂ ਸੁਰੱਖਿਆ, ਮਹਿਲਾਵਾਂ ਸਭ ਤੋਂ ਅੱਗੇ ਹਨ।”
ਪ੍ਰਧਾਨ ਮੰਤਰੀ ਨੇ ਸੰਸਥਾ ਦੀ ਦੂਰਅੰਦੇਸ਼ੀ ਨੂੰ ਅੱਗੇ ਲਿਜਾਣ ਵਿੱਚ ਅਜਿਹੀ ਕਿਸੇ ਵੀ ਸੰਸਥਾ ਦੇ ਪਹਿਲੇ ਬੈਚ ਦੀ ਭੂਮਿਕਾ ਨੂੰ ਉਜਾਗਰ ਕੀਤਾ। ਉਨ੍ਹਾਂ ਗੁਜਰਾਤ ਦੇ ਪੁਰਾਣੇ ਫਾਰਮੇਸੀ ਕਾਲਜ ਨੂੰ ਫਾਰਮਾਸਿਊਟੀਕਲ ਖੇਤਰ ਵਿੱਚ ਮੋਹਰੀ ਬਣਾਉਣ ਲਈ ਰਾਜ ਦੇ ਯੋਗਦਾਨ ਨੂੰ ਨੋਟ ਕੀਤਾ। ਇਸੇ ਤਰ੍ਹਾਂ ਆਈਆਈਐੱਮ ਅਹਿਮਦਾਬਾਦ ਨੇ ਦੇਸ਼ ਵਿੱਚ ਮਜ਼ਬੂਤ ਐੱਮਬੀਏ ਸਿੱਖਿਆ ਪ੍ਰਣਾਲੀ ਦੀ ਸਿਰਜਣਾ ਦੀ ਅਗਵਾਈ ਕੀਤੀ।
ਰਾਸ਼ਟਰੀਯ ਰਕਸ਼ਾ ਯੂਨੀਵਰਸਿਟੀ (ਆਰ.ਆਰ.ਯੂ.) ਦੀ ਸਥਾਪਨਾ ਪੁਲਿਸਿੰਗ, ਅਪਰਾਧਕ ਨਿਆਂ ਅਤੇ ਸੁਧਾਰਾਤਮਕ ਪ੍ਰਸ਼ਾਸਨ ਦੇ ਵੱਖ-ਵੱਖ ਵਿੰਗਾਂ ਵਿੱਚ ਉੱਚ ਮਿਆਰੀ ਸਿਖਲਾਈ–ਪ੍ਰਾਪਤ ਮਨੁੱਖੀ ਸ਼ਕਤੀ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਕੀਤੀ ਗਈ ਸੀ। ਸਰਕਾਰ ਨੇ 2010 ’ਚ ਗੁਜਰਾਤ ਸਰਕਾਰ ਵੱਲੋਂ ਸਥਾਪਿਤ ਕੀਤੀ ‘ਰਕਸ਼ਾ ਸ਼ਕਤੀ ਯੂਨੀਵਰਸਿਟੀ’ ਨੂੰ ਅੱਪਗ੍ਰੇਡ ਕਰਕੇ ‘ਰਾਸ਼ਟਰੀਯ ਰਕਸ਼ਾ ਯੂਨੀਵਰਸਿਟੀ’ ਨਾਮ ਦੀ ਇੱਕ ਰਾਸ਼ਟਰੀਯ ਪੁਲਿਸ ਯੂਨੀਵਰਸਿਟੀ ਦੀ ਸਥਾਪਨਾ ਕੀਤੀ। ਇਹ ਯੂਨੀਵਰਸਿਟੀ, ਜੋ ਰਾਸ਼ਟਰੀਯ ਮਹੱਤਵ ਦੀ ਇੱਕ ਸੰਸਥਾ ਹੈ, ਨੇ 1 ਅਕਤੂਬਰ, 2020 ਤੋਂ ਆਪਣਾ ਕੰਮ ਸ਼ੁਰੂ ਕੀਤਾ। ਯੂਨੀਵਰਸਿਟੀ ਉਦਯੋਗ ਤੋਂ ਗਿਆਨ ਅਤੇ ਸਰੋਤਾਂ ਦਾ ਲਾਭ ਉਠਾ ਕੇ ਨਿੱਜੀ ਖੇਤਰ ਨਾਲ ਤਾਲਮੇਲ ਵਿਕਸਿਤ ਕਰੇਗਾ ਅਤੇ ਪੁਲਿਸ ਤੇ ਸੁਰੱਖਿਆ ਨਾਲ ਸਬੰਧਿਤ ਵੱਖ-ਵੱਖ ਖੇਤਰਾਂ ਵਿੱਚ ਉੱਤਮਤਾ ਕੇਂਦਰ ਵੀ ਸਥਾਪਿਤ ਕਰੇਗਾ।
ਰਾਸ਼ਟਰੀ ਰਖਸ਼ਾ ਯੂਨੀਵਰਸਿਟੀ (RRU) ਪੁਲਿਸਿੰਗ ਅਤੇ ਅੰਦਰੂਨੀ ਸੁਰੱਖਿਆ ਦੇ ਵੱਖ-ਵੱਖ ਖੇਤਰਾਂ ਜਿਵੇਂ ਕਿ ਪੁਲਿਸ ਵਿਗਿਆਨ ਅਤੇ ਪ੍ਰਬੰਧਨ, ਅਪਰਾਧਿਕ ਕਾਨੂੰਨ ਅਤੇ ਨਿਆਂ, ਸਾਈਬਰ ਮਨੋਵਿਗਿਆਨ, ਸੂਚਨਾ ਟੈਕਨੋਲੋਜੀ, ਆਰਟੀਫਿਸ਼ਲ ਇੰਟੈਲੀਜੈਂਸ ਅਤੇ ਸਾਈਬਰ ਸੁਰੱਖਿਆ, ਅਪਰਾਧ ਦੀ ਜਾਂਚ, ਰਣਨੀਤਕ ਭਾਸ਼ਾਵਾਂ, ਅੰਦਰੂਨੀ ਸੁਰੱਖਿਆ ਅਤੇ ਅੰਦਰੂਨੀ ਸੁਰੱਖਿਆ ਰਣਨੀਤੀਆਂ, ਫਿਜ਼ੀਕਲ ਐਜੂਕੇਸ਼ਨ ਅਤੇ ਖੇਡਾਂ, ਤਟਵਰਤੀ ਅਤੇ ਸਮੁੰਦਰੀ ਸੁਰੱਖਿਆ ਦੇ ਵੱਖ-ਵੱਖ ਖੇਤਰਾਂ ਵਿੱਚ ਡਿਪਲੋਮਾ ਤੋਂ ਲੈ ਕੇ ਡਾਕਟਰੇਟ ਪੱਧਰ ਤੱਕ ਅਕਾਦਮਿਕ ਪ੍ਰੋਗਰਾਮਾਂ ਦੀ ਪੇਸ਼ਕਸ਼ ਕਰਦੀ ਹੈ। ਇਸ ਵੇਲੇ 18 ਰਾਜਾਂ ਦੇ 822 ਵਿਦਿਆਰਥੀ ਇਨ੍ਹਾਂ ਪ੍ਰੋਗਰਾਮਾਂ ਵਿੱਚ ਦਾਖਲ ਹਨ।
************
ਡੀਐੱਸ
(Release ID: 1805457)
Visitor Counter : 176
Read this release in:
English
,
Urdu
,
Marathi
,
Hindi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam