ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਪੁਣੇ ਦਾ ਦੌਰਾ ਕੀਤਾ ਅਤੇ ਪੁਣੇ ਮੈਟਰੋ ਰੇਲ ਪ੍ਰੋਜੈਕਟ ਦਾ ਉਦਘਾਟਨ ਕੀਤਾ



ਪੁਣੇ ਨਗਰ ਨਿਗਮ ਦੇ ਪਰਿਸਰ ਵਿੱਚ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਪ੍ਰਤਿਮਾ ਤੋਂ ਪਰਦਾ ਹਟਾਇਆ


ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ, ਆਰ ਕੇ ਲਕਸ਼ਮਣ ਆਰਟ ਗੈਲਰੀ-ਮਿਊਜ਼ੀਅਮ ਦਾ ਉਦਘਾਟਨ ਕੀਤਾ


"ਸਾਡੇ ਸਭ ਦੇ ਦਿਲਾਂ ਵਿੱਚ ਵੱਸਣ ਵਾਲੇ ਸ਼ਿਵਾਜੀ ਮਹਾਰਾਜ ਦੀ ਇਹ ਪ੍ਰਤਿਮਾ, ਨੌਜਵਾਨ ਪੀੜ੍ਹੀ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰੇਗੀ"

“ਪੁਣੇ ਨੇ ਸਿੱਖਿਆ, ਖੋਜ ਅਤੇ ਵਿਕਾਸ, ਆਈਟੀ ਅਤੇ ਆਟੋਮੋਬਾਈਲ ਦੇ ਖੇਤਰਾਂ ਵਿੱਚ ਆਪਣੀ ਪਹਿਚਾਣ ਨੂੰ ਲਗਾਤਾਰ ਮਜ਼ਬੂਤ ਕੀਤਾ ਹੈ। ਅਜਿਹੀ ਸਥਿਤੀ ਵਿੱਚ, ਆਧੁਨਿਕ ਸੁਵਿਧਾਵਾਂ ਪੁਣੇ ਦੇ ਲੋਕਾਂ ਦੀ ਜ਼ਰੂਰਤ ਹਨ ਅਤੇ ਸਾਡੀ ਸਰਕਾਰ ਪੁਣੇ ਦੇ ਲੋਕਾਂ ਦੀ ਇਸ ਜ਼ਰੂਰਤ ਨੂੰ ਧਿਆਨ ਵਿੱਚ ਰੱਖ ਕੇ ਕੰਮ ਕਰ ਰਹੀ ਹੈ”


"ਇਹ ਮੈਟਰੋ ਪੁਣੇ ਵਿੱਚ ਆਵਾਜਾਈ ਨੂੰ ਅਸਾਨ ਬਣਾਵੇਗੀ, ਪ੍ਰਦੂਸ਼ਣ ਅਤੇ ਜਾਮ ਤੋਂ ਰਾਹਤ ਦੇਵੇਗੀ, ਪੁਣੇ ਦੇ ਲੋਕਾਂ ਦੀ ਜ਼ਿੰਦਗੀ (ਈਜ਼ ਆਵ੍ ਲਿਵਿੰਗ) ਨੂੰ ਅਸਾਨ ਕਰੇਗੀ"


“ਅੱਜ ਦੇ ਤੇਜ਼ੀ ਨਾਲ ਵਧ ਰਹੇ ਭਾਰਤ ਵਿੱਚ, ਸਾਨੂੰ ਸਪੀਡ ਅਤੇ ਸਕੇਲ 'ਤੇ ਵੀ ਧਿਆਨ ਦੇਣਾ ਹੋਵੇਗਾ। ਇਸ ਲਈ ਸਾਡੀ ਸਰਕਾਰ ਨੇ ਪੀਐੱਮ ਗਤੀਸ਼ਕਤੀ ਰਾਸ਼ਟਰੀ ਮਾਸਟਰ ਪਲਾਨ ਤਿਆਰ ਕੀਤਾ ਹੈ।”


"ਆਧੁਨਿਕਤਾ ਦੇ ਨਾਲ, ਪੁਣੇ ਦੀ ਪ੍ਰਾਚੀਨ ਪਰੰਪਰਾ ਅਤੇ ਮਹਾਰਾਸ਼ਟਰ ਦੇ ਗੌਰਵ ਨੂੰ ਸ਼ਹਿਰੀ ਯੋਜਨਾਬੰਦੀ ਵਿੱਚ ਬਰਾਬਰ ਸਥਾਨ ਦਿੱਤਾ ਜਾ ਰਿਹਾ ਹੈ।"

Posted On: 06 MAR 2022 2:20PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪੁਣੇ ਵਿੱਚ ਪੁਣੇ ਮੈਟਰੋ ਰੇਲ ਪ੍ਰੋਜੈਕਟ ਦਾ ਉਦਘਾਟਨ ਕੀਤਾ ਅਤੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ, ਮਹਾਰਾਸ਼ਟਰ ਦੇ ਰਾਜਪਾਲ ਸ਼੍ਰੀ ਭਗਤ ਸਿੰਘ ਕੋਸ਼ਿਆਰੀ, ਉਪ ਮੁੱਖ ਮੰਤਰੀ ਸ਼੍ਰੀ ਅਜੀਤ ਪਵਾਰ, ਕੇਂਦਰੀ ਮੰਤਰੀ ਸ਼੍ਰੀ ਰਾਮਦਾਸ ਅਠਾਵਲੇ, ਸੰਸਦ ਮੈਂਬਰ ਸ਼੍ਰੀ ਪ੍ਰਕਾਸ਼ ਜਾਵਡੇਕਰ ਵੀ ਮੌਜੂਦ ਸਨ।

 

ਇਸ ਮੌਕੇ 'ਤੇ ਬੋਲਦਿਆਂ, ਪ੍ਰਧਾਨ ਮੰਤਰੀ ਨੇ ਸੁਤੰਤਰਤਾ ਸੰਗ੍ਰਾਮ ਵਿੱਚ ਪੁਣੇ ਦੇ ਯੋਗਦਾਨ ਨੂੰ ਯਾਦ ਕੀਤਾ ਅਤੇ ਲੋਕਮਾਨਯ ਤਿਲਕ, ਚਾਪੇਕਰ ਬ੍ਰਦਰਜ਼, ਗੋਪਾਲ ਗਣੇਸ਼ ਅਗਰਕਰ, ਸੈਨਾਪਤੀ ਬਾਪਟ, ਗੋਪਾਲ ਕ੍ਰਿਸ਼ਨ ਦੇਸ਼ਮੁਖ, ਆਰ ਜੀ ਭੰਡਾਰਕਰ ਅਤੇ ਮਹਾਦੇਵ ਗੋਵਿੰਦ ਰਾਨਾਡੇ ਜਿਹੇ ਸੁਤੰਤਰਤਾ ਸੈਨਾਨੀਆਂ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ। ਉਨ੍ਹਾਂ ਰਾਮਭਾਊ ਮਹਾਲਗੀ ਅਤੇ ਬਾਬਾ ਸਾਹਬ ਪੁਰੰਦਰੇ ਨੂੰ ਵੀ ਨਮਨ ਕੀਤਾ। 

 

ਪ੍ਰਧਾਨ ਮੰਤਰੀ ਨੇ ਪੁਣੇ ਨਗਰ ਨਿਗਮ ਦੇ ਪਰਿਸਰ ਵਿੱਚ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਪ੍ਰਤਿਮਾ ਦਾ ਉਦਘਾਟਨ ਕਰਨ ਤੋਂ ਬਾਅਦ ਮਹਾਨ ਜੋਧਾ ਸਮਰਾਟ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਕਿਹਾ “ਸਾਡੇ ਸਭ ਦੇ ਦਿਲਾਂ ਵਿੱਚ ਵਸਣ ਵਾਲੇ ਸ਼ਿਵਾਜੀ ਮਹਾਰਾਜ ਦੀ ਇਹ ਪ੍ਰਤਿਮਾ, ਨੌਜਵਾਨ ਪੀੜ੍ਹੀ ਵਿੱਚ ਦੇਸ਼ ਭਗਤੀ ਦੀ ਭਾਵਨਾ ਜਗਾਏਗੀ।

 

ਇਸ ਤੋਂ ਪਹਿਲਾਂ ਆਪਣੇ ਦੁਆਰਾ ਉਦਘਾਟਨ ਕੀਤੇ ਗਏ ਪੁਣੇ ਮੈਟਰੋ ਪ੍ਰੋਜੈਕਟ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ''ਇਹ ਮੇਰੀ ਚੰਗੀ ਕਿਸਮਤ ਹੈ ਕਿ ਤੁਸੀਂ ਮੈਨੂੰ ਪੁਣੇ ਮੈਟਰੋ ਦਾ ਨੀਂਹ ਪੱਥਰ ਰੱਖਣ ਲਈ ਸੱਦਾ ਦਿੱਤਾ ਸੀ ਅਤੇ ਹੁਣ ਤੁਸੀਂ ਮੈਨੂੰ ਇਸ ਦਾ ਉਦਘਾਟਨ ਕਰਨ ਦਾ ਮੌਕਾ ਦਿੱਤਾ ਹੈ। ਇਸ ਵਿੱਚ ਇਹ ਸੰਦੇਸ਼ ਵੀ ਹੈ ਕਿ ਯੋਜਨਾਵਾਂ ਨੂੰ ਸਮੇਂ ਸਿਰ ਪੂਰਾ ਕੀਤਾ ਜਾ ਸਕਦਾ ਹੈ।”  ਸ਼੍ਰੀ ਮੋਦੀ ਨੇ ਅੱਗੇ ਕਿਹਾ, “ਪੁਣੇ ਨੇ ਸਿੱਖਿਆ, ਖੋਜ ਅਤੇ ਵਿਕਾਸ, ਆਈਟੀ ਅਤੇ ਆਟੋਮੋਬਾਈਲ ਦੇ ਖੇਤਰਾਂ ਵਿੱਚ ਵੀ ਆਪਣੀ ਪਹਿਚਾਣ ਨੂੰ ਲਗਾਤਾਰ ਮਜ਼ਬੂਤ ਕੀਤਾ ਹੈ। ਅਜਿਹੀ ਸਥਿਤੀ ਵਿੱਚ, ਆਧੁਨਿਕ ਸੁਵਿਧਾਵਾਂ ਪੁਣੇ ਦੇ ਲੋਕਾਂ ਦੀ ਜ਼ਰੂਰਤ ਹੈ ਅਤੇ ਸਾਡੀ ਸਰਕਾਰ ਪੁਣੇ ਦੇ ਲੋਕਾਂ ਦੀ ਇਸ ਜ਼ਰੂਰਤ ਨੂੰ ਧਿਆਨ ਵਿੱਚ ਰੱਖ ਕੇ ਕੰਮ ਕਰ ਰਹੀ ਹੈ।”

 

ਪ੍ਰਧਾਨ ਮੰਤਰੀ ਨੇ ਕਿਹਾ ਕਿ 2014 ਤੱਕ ਦੇਸ਼ ਦੇ ਕੁਝ ਹੀ ਸ਼ਹਿਰਾਂ ਵਿੱਚ ਮੈਟਰੋ ਸੇਵਾ ਉਪਲਬਧ ਸੀ।  ਅੱਜ ਦੇਸ਼ ਦੇ 2 ਦਰਜਨ ਤੋਂ ਵੱਧ ਸ਼ਹਿਰਾਂ ਵਿੱਚ ਮੈਟਰੋ ਜਾਂ ਤਾਂ ਚਾਲੂ ਹੋ ਚੁੱਕੀ ਹੈ ਜਾਂ ਜਲਦੀ ਹੀ ਸ਼ੁਰੂ ਹੋਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਮੁੰਬਈ, ਠਾਣੇ, ਨਾਗਪੁਰ ਅਤੇ ਪਿੰਪਰੀ ਚਿੰਚਵਾੜ ਪੁਣੇ 'ਤੇ ਨਜ਼ਰ ਮਾਰੀਏ ਤਾਂ ਮਹਾਰਾਸ਼ਟਰ ਦਾ ਇਸ ਵਿਸਤਾਰ ਵਿੱਚ ਵੱਡਾ ਹਿੱਸਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, "ਇਹ ਮੈਟਰੋ ਪੁਣੇ ਵਿੱਚ ਆਵਾਜਾਈ ਨੂੰ ਅਸਾਨ ਬਣਾਏਗੀ, ਪ੍ਰਦੂਸ਼ਣ ਅਤੇ ਜਾਮ ਤੋਂ ਰਾਹਤ ਦੇਵੇਗੀ, ਪੁਣੇ ਦੇ ਲੋਕਾਂ ਦੀ ਜ਼ਿੰਦਗੀ ਨੂੰ ਅਸਾਨ ਬਣਾਏਗੀ।" ਉਨ੍ਹਾਂ ਪੁਣੇ ਦੇ ਲੋਕਾਂ ਖ਼ਾਸ ਤੌਰ 'ਤੇ ਸਮ੍ਰਿਧ ਲੋਕਾਂ ਨੂੰ ਮੈਟਰੋ ਅਤੇ ਹੋਰ ਪਬਲਿਕ ਟ੍ਰਾਂਸਪੋਰਟ ਦੀ ਵਰਤੋਂ ਕਰਨ ਦੀ ਆਦਤ ਪਾਉਣ ਦਾ ਸੱਦਾ ਦਿੱਤਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਵਧਦੀ ਸ਼ਹਿਰੀ ਆਬਾਦੀ ਇੱਕ ਅਵਸਰ ਅਤੇ ਚੁਣੌਤੀ ਦੋਵੇਂ ਹੈ। ਸਾਡੇ ਸ਼ਹਿਰਾਂ ਵਿੱਚ ਵਧਦੀ ਆਬਾਦੀ ਕਾਰਨ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਨਾਲ ਨਜਿਠਣ ਲਈ ਇੱਕ ਵਿਆਪਕ ਟ੍ਰਾਂਸਪੋਰਟ ਪ੍ਰਣਾਲੀ ਵਿਕਸਿਤ ਕਰਨਾ ਮੁੱਖ ਹੱਲ ਹੈ। ਉਨ੍ਹਾਂ ਦੇਸ਼ ਦੇ ਵਧ ਰਹੇ ਸ਼ਹਿਰਾਂ ਲਈ ਇੱਕ ਵਿਜ਼ਨ ਸੂਚੀਬੱਧ ਕੀਤਾ ਜਿੱਥੇ ਸਰਕਾਰ ਵੱਧ ਤੋਂ ਵੱਧ ਗ੍ਰੀਨ ਟ੍ਰਾਂਸਪੋਰਟ, ਇਲੈਕਟ੍ਰਿਕ ਬੱਸਾਂ, ਇਲੈਕਟ੍ਰਿਕ ਕਾਰਾਂ ਅਤੇ ਇਲੈਕਟ੍ਰਿਕ ਦੋ ਪਹੀਆ ਵਾਹਨ ਮੁਹੱਈਆ ਕਰਾਉਣ ਲਈ ਪ੍ਰਤੀਬੱਧ ਹੈ।  ਅਤੇ, ਪ੍ਰਧਾਨ ਮੰਤਰੀ ਨੇ ਵਿਸਤਾਰ ਵਿੱਚ ਦੱਸਿਆ, “ਹਰ ਸ਼ਹਿਰ ਵਿੱਚ ਸਮਾਰਟ ਮੋਬਿਲਿਟੀ ਹੋਵੇ, ਲੋਕ ਸਾਰੀਆਂ ਆਵਾਜਾਈ ਸੁਵਿਧਾਵਾਂ ਲਈ ਸਿੰਗਲ ਕਾਰਡ ਦੀ ਵਰਤੋਂ ਕਰਦੇ ਹੋਣ। ਸੁਵਿਧਾ ਨੂੰ ਸਮਾਰਟ ਬਣਾਉਣ ਲਈ ਹਰੇਕ ਸ਼ਹਿਰ ਵਿੱਚ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਹੋਣਾ ਚਾਹੀਦਾ ਹੈ। ਸਰਕੁਲਰ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਲਈ ਹਰੇਕ ਸ਼ਹਿਰ ਵਿੱਚ ਇੱਕ ਆਧੁਨਿਕ ਕਚਰਾ ਪ੍ਰਬੰਧਨ ਪ੍ਰਣਾਲੀ ਹੋਣੀ ਚਾਹੀਦੀ ਹੈ। ਹਰ ਸ਼ਹਿਰ ਨੂੰ ਵਾਟਰ ਪਲੱਸ ਬਣਾਉਣ ਲਈ ਲੁੜੀਂਦੇ ਆਧੁਨਿਕ ਸੀਵਰੇਜ ਟ੍ਰੀਟਮੈਂਟ ਪਲਾਂਟ ਹੋਣੇ ਚਾਹੀਦੇ ਹਨ, ਪਾਣੀ ਦੇ ਸਰੋਤਾਂ ਦੀ ਸੰਭਾਲ਼ ਲਈ ਬਿਹਤਰ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ।”  ਉਨ੍ਹਾਂ ਇਹ ਵੀ ਉਮੀਦ ਜਤਾਈ ਕਿ ਅਜਿਹੀਆਂ ਥਾਵਾਂ 'ਤੇ ਕਚਰੇ ਤੋਂ ਧਨ ਪੈਦਾ ਕਰਨ ਲਈ ਗੋਬਰਧਨ ਅਤੇ ਬਾਇਓਗੈਸ ਪਲਾਂਟ ਲੱਗਣਗੇ। ਐੱਲਈਡੀ ਬੱਲਬ ਦੀ ਵਰਤੋਂ ਜਿਹੇ ਊਰਜਾ ਦਕਸ਼ਤਾ ਉਪਾਅ ਇਨ੍ਹਾਂ ਸ਼ਹਿਰਾਂ ਦੀ ਵਿਸ਼ੇਸ਼ਤਾ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਮਰੁਤ (AMRUT) ਮਿਸ਼ਨ ਅਤੇ ਰੇਰਾ (RERA) ਕਾਨੂੰਨ ਸ਼ਹਿਰੀ ਲੈਂਡਸਕੇਪ ਵਿੱਚ ਨਵੀਆਂ ਸ਼ਕਤੀਆਂ ਲਿਆ ਰਹੇ ਹਨ।

 

ਪ੍ਰਧਾਨ ਮੰਤਰੀ ਨੇ ਸ਼ਹਿਰਾਂ ਦੇ ਜੀਵਨ ਵਿੱਚ ਨਦੀਆਂ ਦੀ ਮਹੱਤਤਾ ਨੂੰ ਦੁਹਰਾਇਆ ਅਤੇ ਇਨ੍ਹਾਂ ਮਹੱਤਵਪੂਰਨ ਜੀਵਨ-ਰੇਖਾਵਾਂ ਦੀ ਮਹੱਤਤਾ ਅਤੇ ਸਾਂਭ-ਸੰਭਾਲ਼ ਬਾਰੇ ਇੱਕ ਨਵੀਂ ਜਾਗਰੂਕਤਾ ਪੈਦਾ ਕਰਨ ਲਈ ਅਜਿਹੇ ਨਦੀਆਂ ਦੇ ਕਿਨਾਰੇ ਵਾਲੇ ਕਸਬਿਆਂ ਵਿੱਚ ਨਦੀ ਉਤਸਵ ਆਯੋਜਿਤ ਕਰਨ ਦਾ ਸੱਦਾ ਦਿੱਤਾ।

 

ਦੇਸ਼ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਨਵੀਂ ਅਪ੍ਰੋਚ 'ਤੇ ਧਿਆਨ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, "ਕਿਸੇ ਵੀ ਦੇਸ਼ ਵਿੱਚ ਆਧੁਨਿਕ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਸਭ ਤੋਂ ਮਹੱਤਵਪੂਰਨ ਚੀਜ਼ ਸਪੀਡ ਅਤੇ ਸਕੇਲ ਹੈ। ਪਰ ਦਹਾਕਿਆਂ ਤੋਂ ਸਾਡੇ ਪਾਸ ਅਜਿਹੇ ਸਿਸਟਮ ਸਨ ਕਿ ਮਹੱਤਵਪੂਰਨ ਪ੍ਰੋਜੈਕਟਾਂ ਨੂੰ ਪੂਰਾ ਕਰਨ ਵਿੱਚ ਲੰਬਾ ਸਮਾਂ ਲੱਗ ਜਾਂਦਾ ਸੀ। ਇਹ ਸੁਸਤ ਰਵੱਈਆ ਦੇਸ਼ ਦੇ ਵਿਕਾਸ ਨੂੰ ਵੀ ਪ੍ਰਭਾਵਿਤ ਕਰਦਾ ਰਿਹਾ ਹੈ।” ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਅੱਜ ਦੇ ਤੇਜ਼ੀ ਨਾਲ ਵਿਕਾਸ ਕਰ ਰਹੇ ਭਾਰਤ ਵਿੱਚ, ਸਾਨੂੰ ਸਪੀਡ ਅਤੇ ਸਕੇਲ 'ਤੇ ਵੀ ਧਿਆਨ ਦੇਣਾ ਹੋਵੇਗਾ। ਇਸ ਲਈ ਸਾਡੀ ਸਰਕਾਰ ਨੇ ਪੀਐੱਮ ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ ਤਿਆਰ ਕੀਤਾ ਹੈ। ਉਨ੍ਹਾਂ ਕਿਹਾ ਕਿ ਗਤੀਸ਼ਕਤੀ ਯੋਜਨਾ, ਇੱਕ ਇੰਟੀਗ੍ਰੇਟਿਡ ਫੋਕਸ ਨੂੰ ਯਕੀਨੀ ਬਣਾਏਗੀ ਕਿਉਂਕਿ ਸਾਰੇ ਹਿਤਧਾਰਕ ਪੂਰੀ ਜਾਣਕਾਰੀ ਅਤੇ ਸਹੀ ਤਾਲਮੇਲ ਨਾਲ ਕੰਮ ਕਰਨਗੇ।

 

ਅੰਤ ਵਿੱਚ, ਪ੍ਰਧਾਨ ਮੰਤਰੀ ਨੇ ਤਸੱਲੀ ਪ੍ਰਗਟਾਈ ਕਿ "ਆਧੁਨਿਕਤਾ ਦੇ ਨਾਲ, ਪੁਣੇ ਦੀ ਪ੍ਰਾਚੀਨ ਪਰੰਪਰਾ ਅਤੇ ਮਹਾਰਾਸ਼ਟਰ ਦੇ ਗੌਰਵ ਨੂੰ ਸ਼ਹਿਰੀ ਯੋਜਨਾਬੰਦੀ ਵਿੱਚ ਬਰਾਬਰ ਸਥਾਨ ਦਿੱਤਾ ਜਾ ਰਿਹਾ ਹੈ।"

 

ਪੁਣੇ ਮੈਟਰੋ ਰੇਲ ਪ੍ਰੋਜੈਕਟ, ਪੁਣੇ ਵਿੱਚ ਸ਼ਹਿਰੀ ਆਵਾਜਾਈ ਲਈ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਪ੍ਰਦਾਨ ਕਰਨ ਦਾ ਇੱਕ ਪ੍ਰਯਤਨ ਹੈ। ਪ੍ਰੋਜੈਕਟ ਦਾ ਨੀਂਹ ਪੱਥਰ 24 ਦਸੰਬਰ 2016 ਨੂੰ ਪ੍ਰਧਾਨ ਮੰਤਰੀ ਦੁਆਰਾ ਰੱਖਿਆ ਗਿਆ ਸੀ। ਪ੍ਰਧਾਨ ਮੰਤਰੀ ਕੁੱਲ 32.2 ਕਿਲੋਮੀਟਰ ਲੰਬੇ ਪੁਣੇ ਮੈਟਰੋ ਰੇਲ ਪ੍ਰੋਜੈਕਟ ਦੇ 12 ਕਿਲੋਮੀਟਰ ਹਿੱਸੇ ਦਾ ਉਦਘਾਟਨ ਕਰਨਗੇ। ਪੂਰਾ ਪ੍ਰੋਜੈਕਟ 11,400 ਕਰੋੜ ਰੁਪਏ ਤੋਂ ਵੱਧ ਦੀ ਕੁੱਲ ਲਾਗਤ ਨਾਲ ਬਣਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਗਰਵਾਰੇ ਮੈਟਰੋ ਸਟੇਸ਼ਨ 'ਤੇ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਅਤੇ ਮੁਆਇਨਾ ਵੀ ਕੀਤਾ ਅਤੇ ਉੱਥੋਂ ਆਨੰਦਨਗਰ ਮੈਟਰੋ ਸਟੇਸ਼ਨ ਤੱਕ ਮੈਟਰੋ ਦੀ ਸਵਾਰੀ ਕੀਤੀ।

 

 



 


 

ਉਨ੍ਹਾਂ ਨੇ ਮੁਲਾ-ਮੁਥਾ ਨਦੀ ਪ੍ਰੋਜੈਕਟਾਂ ਦੇ ਕਾਇਆਕਲਪ ਅਤੇ ਪ੍ਰਦੂਸ਼ਣ ਘਟਾਉਣ ਦਾ ਨੀਂਹ ਪੱਥਰ ਰੱਖਿਆ। 1080 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਨਦੀ ਦੇ 9 ਕਿਲੋਮੀਟਰ ਹਿੱਸੇ ਵਿੱਚ ਕਾਇਆਕਲਪ ਦਾ ਕੰਮ ਕੀਤਾ ਜਾਵੇਗਾ। ਇਸ ਵਿੱਚ ਨਦੀ ਦੇ ਕਿਨਾਰਿਆਂ ਦੀ ਸੁਰੱਖਿਆ, ਇੰਟਰਸੈਪਟਰ ਸੀਵਰੇਜ ਨੈੱਟਵਰਕ, ਪਬਲਿਕ ਸੁਵਿਧਾਵਾਂ, ਬੋਟਿੰਗ ਗਤੀਵਿਧੀ ਆਦਿ ਜਿਹੇ ਕੰਮ ਸ਼ਾਮਲ ਹੋਣਗੇ। ਮੂਲਾ-ਮੁਥਾ ਨਦੀ ਦੇ ਪ੍ਰਦੂਸ਼ਣ ਨੂੰ ਘਟਾਉਣ ਵਾਲਾ ਪ੍ਰੋਜੈਕਟ 1470 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ "ਇੱਕ ਸ਼ਹਿਰ ਇੱਕ ਅਪਰੇਟਰ" ਦੀ ਧਾਰਨਾ 'ਤੇ ਲਾਗੂ ਕੀਤਾ ਜਾਵੇਗਾ। ਪ੍ਰੋਜੈਕਟ ਦੇ ਤਹਿਤ ਤਕਰੀਬਨ 400 ਐੱਮਐੱਲਡੀ ਦੀ ਸਮਿਲਿਤ ਸਮਰੱਥਾ ਵਾਲੇ ਕੁੱਲ 11 ਸੀਵਰੇਜ ਟ੍ਰੀਟਮੈਂਟ ਪਲਾਂਟ ਬਣਾਏ ਜਾਣਗੇ। ਪ੍ਰਧਾਨ ਮੰਤਰੀ ਨੇ 140 ਈ-ਬੱਸਾਂ ਅਤੇ ਬਨੇਰ ਵਿਖੇ ਬਣਾਏ ਗਏ ਈ-ਬੱਸ ਡਿਪੂ ਨੂੰ ਵੀ ਲਾਂਚ ਕੀਤਾ।

 

ਪ੍ਰਧਾਨ ਮੰਤਰੀ ਨੇ ਬਾਲੇਵਾੜੀ, ਪੁਣੇ ਵਿਖੇ ਬਣੀ ਆਰ ਕੇ ਲਕਸ਼ਮਣ ਆਰਟ ਗੈਲਰੀ-ਮਿਊਜ਼ੀਅਮ ਦਾ ਵੀ ਉਦਘਾਟਨ ਕੀਤਾ। ਮਿਊਜ਼ੀਅਮ ਦਾ ਮੁੱਖ ਆਕਰਸ਼ਣ ਮਾਲਗੁੜੀ ਪਿੰਡ 'ਤੇ ਅਧਾਰਿਤ ਇੱਕ ਲਘੂ ਮੋਡਲ ਹੈ ਜਿਸ ਨੂੰ ਆਡੀਓ-ਵਿਜ਼ੂਅਲ ਇਫੈਕਟਸ ਜ਼ਰੀਏ ਜੀਵੰਤ ਬਣਾਇਆ ਜਾਵੇਗਾ। ਕਾਰਟੂਨਿਸਟ ਆਰ ਕੇ ਲਕਸ਼ਮਣ ਦੁਆਰਾ ਬਣਾਏ ਗਏ ਕਾਰਟੂਨ ਮਿਊਜ਼ੀਅਮ ਵਿੱਚ ਪ੍ਰਦਰਸ਼ਿਤ ਕੀਤੇ ਜਾਣਗੇ।

 

ਇਸ ਪ੍ਰੋਗਰਾਮ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਪੁਣੇ ਨਗਰ ਨਿਗਮ ਦੇ ਪਰਿਸਰ ਵਿੱਚ ਸ਼੍ਰੀ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਪ੍ਰਤਿਮਾ ਤੋਂ ਪਰਦਾ ਹਟਾਇਆ। ਇਹ ਪ੍ਰਤਿਮਾ 1850 ਕਿਲੋਗ੍ਰਾਮ ਗਨ ਮੈਟਲ ਨਾਲ ਬਣੀ ਹੈ ਅਤੇ ਤਕਰੀਬਨ 9.5 ਫੁੱਟ ਉੱਚੀ ਹੈ।

                  

 

 

 

 

 

 

 

 

 



 

             

 ***********

 

ਡੀਐੱਸ



(Release ID: 1803446) Visitor Counter : 165