ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮਾਂਡਵੀਯਾ ਨੇ 10ਵੇਂ ਵਿਸ਼ਵ ਸ਼੍ਰਵਣ ਦਿਵਸ ਸਮਾਰੋਹ ਨੂੰ ਸੰਬੋਧਨ ਕੀਤਾ



"ਜਨ ਭਾਗੀਦਾਰੀ ਅਤੇ ਜਨ ਅੰਦੋਲਨ ਸੁਣਨ ਸ਼ਕਤੀ ਦੇ ਵਿਕਾਰਾਂ ਬਾਰੇ ਜਾਗਰੂਕਤਾ ਪੈਦਾ ਕਰਨ, ਜਲਦੀ ਪਤਾ ਲਗਾਉਣ ਅਤੇ ਸੁਣਨ ਦੇ ਵਿਕਾਰ ਦੇ ਸਮੇਂ ਸਿਰ ਇਲਾਜ ਦੀ ਕੁੰਜੀ ਹੈ"



ਵਰਚੁਅਲ ਮੋਡ ਵਿੱਚ, ਕੇਂਦਰੀ ਮੰਤਰੀ ਨੇ ਏਮਸ, ਨਵੀਂ ਦਿੱਲੀ ਅਤੇ ਏਆਈਆਈਐੱਸਐੱਚ, ਮੈਸੂਰ ਨਾਲ ਸਬੰਧਿਤ 11 ਆਊਟਰੀਚ ਸਰਵਿਸ ਸੈਂਟਰਾਂ (ਓਐੱਸਸੀ) ਵਿੱਚ ਨਵਜੰਮੇ ਬੱਚਿਆਂ ਦੀ ਸੁਣਨ ਜਾਂਚ ਦੀ ਸਹੂਲਤ ਦਾ ਉਦਘਾਟਨ ਕੀਤਾ

Posted On: 03 MAR 2022 2:27PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਡਾ. ਮਨਸੁਖ ਮਾਂਡਵੀਯਾ ਨੇ ਸੁਣਨ ਦੇ ਵਿਕਾਰ ਅਤੇ ਸੁਣਨ ਦੀ ਕਮਜ਼ੋਰੀ ਬਾਰੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਸਹਿਯੋਗੀ ਯਤਨਾਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਜਨ ਭਾਗੀਦਾਰੀ ਅਤੇ ਜਨ ਅੰਦੋਲਨ ਨਾਲ ਲੋਕ ਸੁਣਨ ਸਬੰਧੀ ਵਿਕਾਰਾਂ ਦਾ ਜਲਦੀ ਪਤਾ ਲਗਾਉਣ ਅਤੇ ਸਮੇਂ ਸਿਰ ਇਲਾਜ ਦੇ ਲਾਭਾਂ ਬਾਰੇ ਮੌਜੂਦਾ ਗਿਆਨ ਨੂੰ ਵਧਾਉਣ ਵਿੱਚ ਪ੍ਰਭਾਵਸ਼ਾਲੀ ਯੋਗਦਾਨ ਪਾ ਸਕਦੇ ਹਨ। ਨਿਦਾਨ ਅਤੇ ਇਲਾਜ ਨਾ ਕੀਤੇ ਜਾਣ 'ਤੇ, ਸੁਣਨ ਦੀ ਕਮਜ਼ੋਰੀ ਇੱਕ ਅਪਾਹਜਤਾ ਵਿੱਚ ਬਦਲ ਸਕਦੀ ਹੈ, ਬਹੁਤ ਸਾਰੇ ਲੋਕਾਂ ਦੀ ਉਤਪਾਦਕਤਾ ਅਤੇ ਜੀਵਨ ਦੀ ਗੁਣਵੱਤਾ 'ਤੇ ਬੁਰਾ ਪ੍ਰਭਾਵ ਪਾਉਂਦੀ ਹੈ। ਉਨ੍ਹਾਂ ਅੱਜ (03/03/2022) ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ ਵਿਖੇ ਵਿਸ਼ਵ ਸੁਣਵਾਈ ਦਿਵਸ ਦੇ ਜਸ਼ਨਾਂ ਦੀ 10ਵੀਂ ਵਰ੍ਹੇਗੰਢ ਦੇ ਮੌਕੇ ਤੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਡਾ. ਭਾਰਤੀ ਪ੍ਰਵੀਨ ਪਵਾਰ ਦੀ ਮੌਜੂਦਗੀ ਵਿੱਚ ਸੰਬੋਧਨ ਕੀਤਾ। ਇਸ ਸਾਲ ਦੇ ਵਿਸ਼ਵ ਸ਼੍ਰਵਣ ਦਿਵਸ ਦਾ ਥੀਮ "ਜੀਵਨ ਭਰ ਸੁਣਨਾ, ਧਿਆਨ ਨਾਲ ਸੁਣਨਾ" ਹੈ।

ਕੇਂਦਰੀ ਸਿਹਤ ਮੰਤਰੀ ਨੇ ਇਸ ਸਬੰਧ ਵਿੱਚ ਜਾਗਰੂਕਤਾ ਪੈਦਾ ਕਰਨ ਵਿੱਚ ਆਸ਼ਾ ਅਤੇ ਏਐੱਨਐੱਮ, ਡਾਕਟਰਾਂ, ਗੈਰ ਸਰਕਾਰੀ ਸੰਗਠਨਾਂ ਅਤੇ ਨਰਸਾਂ ਦੁਆਰਾ ਨਿਭਾਈ ਗਈ ਮਹੱਤਵਪੂਰਨ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਅਜਿਹੇ ਲੋਕਾਂ ਅਤੇ ਛੋਟੇ ਬੱਚਿਆਂ ਦੇ ਮਾਤਾ-ਪਿਤਾ ਨੂੰ ਜਲਦੀ ਜਾਂਚ ਅਤੇ ਸੁਣਨ ਤੋਂ ਅਸਮਰੱਥ (ਹੀਅਰਿੰਗ ਇੰਪੇਅਰਡ) ਦੀ ਪਹਿਚਾਣ ਕਰਨ ਲਈ ਜਾਗਰੂਕ ਕਰਨ ਦੀ ਅਪੀਲ ਕੀਤੀ। ਉਨ੍ਹਾਂ ਸਾਰਿਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ "ਸਾਨੂੰ ਆਪਣੇ ਤੌਰ 'ਤੇ ਕੋਈ ਵੀ ਦਵਾਈ ਨਹੀਂ ਲੈਣੀ ਚਾਹੀਦੀ, ਸਗੋਂ ਸੁਣਨ ਦੀ ਸਮੱਸਿਆ ਨਾਲ ਸਬੰਧਿਤ ਕੋਈ ਵੀ ਦਵਾਈ ਲੈਣ ਤੋਂ ਪਹਿਲਾਂ ਡਾਕਟਰਾਂ ਦੀ ਸਲਾਹ ਲੈਣੀ ਚਾਹੀਦੀ ਹੈ ਅਤੇ ਸਾਵਧਾਨੀ ਵਰਤਣੀ ਚਾਹੀਦੀ ਹੈ।" ਉਨ੍ਹਾਂ ਇਹ ਵੀ ਕਿਹਾ ਕਿ ਤਕਨੀਕੀ ਤਰੱਕੀ ਦੇ ਆਧੁਨਿਕ ਯੁੱਗ ਵਿੱਚ, ਉੱਚੀ ਆਵਾਜ਼ ਦੇ ਸੰਪਰਕ ਸਮੇਤ ਸੁਣਨ ਸ਼ਕਤੀ ਦੇ ਨੁਕਸਾਨ (ਬਹਿਰਾਪਣ) ਦੇ ਲਗਭਗ ਸਾਰੇ ਕਾਰਨਾਂ ਨੂੰ ਰੋਕਿਆ ਅਤੇ ਉਹ ਇਲਾਜਯੋਗ ਹੈ। ਉਨ੍ਹਾਂ ਕਿਹਾ ਕਿ ਇਸ ਟੀਚੇ ਦੀ ਪ੍ਰਾਪਤੀ ਲਈ ਤਕਨੀਕ ਦੀ ਵਰਤੋਂ ਗੇਮ ਚੇਂਜਰ ਸਾਬਤ ਹੋ ਸਕਦੀ ਹੈ।

ਉਨ੍ਹਾਂ ਨੇ ਬਜ਼ੁਰਗਾਂ ਲਈ ਸਿਹਤ ਸੰਭਾਲ਼ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ਨੂੰ ਉਜਾਗਰ ਕੀਤਾ। ਕੇਂਦਰੀ ਮੰਤਰੀ ਨੇ ਕਿਹਾ ਕਿ ਬਹਿਰੇਪਣ ਦੇ ਇਲਾਜ ਵਿੱਚ ਬਜ਼ੁਰਗਾਂ ਅਤੇ ਬੱਚਿਆਂ ਨੂੰ ਪਹਿਲ ਦਿੱਤੀ ਜਾ ਰਹੀ ਹੈ। ਸਰਕਾਰ ਸਾਰੇ ਲੋਕਾਂ ਅਤੇ ਖਾਸ ਕਰਕੇ ਬਜ਼ੁਰਗਾਂ ਦੀ ਭਲਾਈ ਲਈ ਪ੍ਰਤੀਬੱਧ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਕੋਲ ਬਜ਼ੁਰਗਾਂ ਦੀਆਂ ਸਿਹਤ ਸਬੰਧੀ ਵੱਖ-ਵੱਖ ਸਮੱਸਿਆਵਾਂ ਨੂੰ ਹੱਲ ਕਰਨ ਲਈ ਇੱਕ ਸਮਰਪਿਤ ਪ੍ਰੋਗਰਾਮ ਹੈ, ਜਿਸ ਨੂੰ "ਬਜ਼ੁਰਗਾਂ ਦੀ ਸਿਹਤ ਦੇਖਭਾਲ ਲਈ ਰਾਸ਼ਟਰੀ ਪ੍ਰੋਗਰਾਮ" (ਐੱਨਪੀਐੱਚਸੀਈ) ਕਿਹਾ ਜਾਂਦਾ ਹੈ।

 

 

ਵਰਚੁਅਲ ਮਾਧਿਅਮ ਰਾਹੀਂ, ਕੇਂਦਰੀ ਮੰਤਰੀ ਨੇ ਏਮਸ ਅਤੇ ਆਲ ਇੰਡੀਆ ਇੰਸਟੀਟਿਊਟ ਆਵ੍ ਸਪੀਚ ਐਂਡ ਹੀਅਰਿੰਗ, ਮੈਸੂਰ ਨਾਲ ਸਬੰਧਿਤ 11 ਆਊਟਰੀਚ ਸਰਵਿਸ ਸੈਂਟਰਾਂ ਵਿੱਚ ਸੁਣਨ ਤੋਂ ਅਸਮਰੱਥਾਂ ਲਈ ਨਵਜੰਮੇ ਦੀ ਸੁਣਨ ਦੀ ਜਾਂਚ ਸੁਵਿਧਾਵਾਂ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨਵਜੰਮੇ ਬੱਚਿਆਂ, ਸਕੂਲੀ ਵਿਦਿਆਰਥੀਆਂ ਅਤੇ ਬਾਲਗ਼ਾਂ ਲਈ ਪਿਛਲੇ ਦੋ ਸਾਲਾਂ ਦੀਆਂ ਸਕ੍ਰੀਨਿੰਗ ਰਿਪੋਰਟਾਂ ਦੇ ਨਾਲ ਬੱਚਿਆਂ ਅਤੇ ਬਜ਼ੁਰਗਾਂ ਲਈ ਸੁਣਨ ਅਤੇ ਜਾਂਚ ਲਈ ਦਿਸ਼ਾ ਨਿਰਦੇਸ਼ਾਂ ਦੀ ਇੱਕ ਕਿਤਾਬ ਵੀ ਜਾਰੀ ਕੀਤੀ। ਦਿਸ਼ਾ-ਨਿਰਦੇਸ਼ ਜਾਰੀ ਕਰਦੇ ਹੋਏ, ਕੇਂਦਰੀ ਸਿਹਤ ਮੰਤਰੀ ਨੇ ਉਜਾਗਰ ਕੀਤਾ ਕਿ ਭਾਰਤ ਵਿੱਚ ਹਰ ਸਾਲ 1 ਲੱਖ ਤੋਂ ਵੱਧ ਬੱਚਿਆਂ ਨੂੰ ਸੁਣਨ ਦੀ ਸਮੱਸਿਆ ਦਾ ਪਤਾ ਲਗਾਇਆ ਜਾਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਇਹ ਇੱਕ ਉੱਭਰ ਰਹੀ ਚੁਣੌਤੀ ਹੈ। ਇਹ ਦਿਸ਼ਾ-ਨਿਰਦੇਸ਼ ਵੱਖ-ਵੱਖ ਉਮਰ ਸਮੂਹਾਂ ਨੂੰ ਲਾਭ ਪਹੁੰਚਾਉਣਗੇ ਅਤੇ ਇਸ ਲਈ ਅੱਗੇ ਵਧਣ ਦੀ ਲੋੜ ਹੈ। ਏਮਸ, ਨਵੀਂ ਦਿੱਲੀ ਅਤੇ ਮੈਸੂਰ ਵਿੱਚ ਏਆਈਆਈਐੱਸਐੱਚ ਨਾਲ ਸਬੰਧਿਤ 11 ਓਐੱਸਸੀ ਵਿੱਚ ਨਵਜੰਮੇ ਦੀ ਸੁਣਨ ਦੀ ਜਾਂਚ ਦੀ ਸਹੂਲਤ ਦੀ ਸ਼ੁਰੂਆਤ ਨਾਲ, ਖੋਜ, ਜਲਦੀ ਪਤਾ ਲਗਾਉਣ ਅਤੇ ਰੋਕਥਾਮ ਦੀ ਸਮਰੱਥਾ ਵਿੱਚ ਮਹੱਤਵਪੂਰਨ ਵਾਧਾ ਹੋਵੇਗਾ।

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ, ਡਾ. ਭਾਰਤੀ ਪ੍ਰਵੀਣ ਪਵਾਰ ਨੇ ਕਿਹਾ ਕਿ ਵਿਸ਼ਵ ਸ਼੍ਰਵਣ ਦਿਵਸ ਸਾਨੂੰ ਸੁਣਨ ਤੋਂ ਅਸਮਰੱਥ ਵਿਅਕਤੀਆਂ ਪ੍ਰਤੀ ਸਾਡੀਆਂ ਜ਼ਿੰਮੇਵਾਰੀਆਂ ਦੀ ਯਾਦ ਦਿਵਾਉਂਦਾ ਹੈ। ਉਨ੍ਹਾਂ ਨੇ ਗਰਭਵਤੀ ਮਹਿਲਾਵਾਂ ਅਤੇ ਮਾਵਾਂ ਨੂੰ ਇਸ ਮੁੱਦੇ ਪ੍ਰਤੀ ਜਾਗਰੂਕ ਹੋਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਤਾਂ ਜੋ ਉਹ ਆਪਣੇ ਸੁਣਨ ਤੋਂ ਅਸਮਰੱਥ ਬੱਚਿਆਂ ਦਾ ਜਲਦੀ ਤੋਂ ਜਲਦੀ ਇਲਾਜ ਕਰਵਾ ਸਕਣ।

ਕੇਂਦਰੀ ਸਿਹਤ ਸਕੱਤਰ ਸ਼੍ਰੀ ਰਾਜੇਸ਼ ਭੂਸ਼ਣ ਨੇ ਕਿਹਾ ਕਿ ਸੁਣਨ ਦੀ ਸਮੱਸਿਆ ਨਾਲ ਸਬੰਧਿਤ ਭਾਰਤ ਦਾ ਪਹਿਲਾ ਪ੍ਰੋਗਰਾਮ-ਬਹਿਰੇਪਨ ਦੀ ਰੋਕਥਾਮ ਅਤੇ ਕੰਟਰੋਲ ਲਈ ਰਾਸ਼ਟਰੀ ਪ੍ਰੋਗਰਾਮ (ਐੱਨਪੀਸੀਸੀਡੀ) ਐੱਨਐੱਚਐੱਮ ਦੇ ਤਹਿਤ 2006 ਵਿੱਚ ਸ਼ੁਰੂ ਕੀਤਾ ਗਿਆ ਸੀ। ਇਸ ਦੇ ਤਿੰਨ ਥੰਮ ਹਨ:

1. ਸੁਣਨ ਸਬੰਧੀ ਵਿਕਾਰਾਂ ਦੀ ਰੋਕਥਾਮ, ਜਲਦੀ ਪਤਾ ਲਗਾਉਣ ਅਤੇ ਇਲਾਜ ਬਾਰੇ ਜਾਗਰੂਕਤਾ ਪੈਦਾ ਕਰਨਾ

2. ਆਸ਼ਾ ਵਰਕਰ, ਏਐੱਨਐੱਮ, ਜੀਡੀਐੱਮਓ ਅਤੇ ਈਐੱਨਟੀ ਸਰਜਨ ਆਦਿ ਸਾਰੇ ਸਬੰਧਿਤ ਪੇਸ਼ੇਵਰਾਂ ਨੂੰ ਸਿਖਲਾਈ ਪ੍ਰਦਾਨ ਕਰਨੀ।

3. ਜਾਂਚ, ਇਲਾਜ ਅਤੇ ਪੁਨਰਵਾਸ ਨਾਲ ਸਬੰਧਿਤ ਸੇਵਾ ਪ੍ਰਦਾਨ ਕਰਨ ਨੂੰ ਮਜ਼ਬੂਤ ​​ਕਰਨਾ।

ਇਹ ਦੱਸਣਯੋਗ ਹੈ ਕਿ ਭਾਰਤੀ ਸੰਕੇਤਕ ਭਾਸ਼ਾ ਖੋਜ ਕੇਂਦਰ (ਆਈਐੱਸਐੱਲਆਰਟੀਸੀ) ਦੀ ਵਿਦਿਆਰਥਣ ਕੁਮਾਰੀ ਦੀਪਾਲੀ ਨੇ ਪੂਰੇ ਪ੍ਰੋਗਰਾਮ ਦਾ ਸੰਕੇਤਕ ਭਾਸ਼ਾ ਵਿੱਚ ਲਾਈਵ ਅਨੁਵਾਦ ਕੀਤਾ।

ਇਸ ਪ੍ਰੋਗਰਾਮ ਵਿੱਚ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਏਮਸ, ਡਾ. ਆਰਐੱਮਐੱਲ ਹਸਪਤਾਲ, ਐੱਨਸੀਡੀਸੀ, ਡੀਜੀਐੱਚਐੱਸ ਆਦਿ ਦੇ ਅਧਿਕਾਰੀ ਅਤੇ ਮਾਹਿਰ ਮੌਜੂਦ ਸਨ।

 

*****

 

ਐੱਮਵੀ/ਏਐੱਲ 


(Release ID: 1802805) Visitor Counter : 162