ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ 'ਟੈਕਨੋਲੋਜੀ ਸਮਰਥਿਤ ਵਿਕਾਸ' ਦੇ ਵਿਸ਼ੇ 'ਤੇ ਵੈਬੀਨਾਰ ਨੂੰ ਸੰਬੋਧਨ ਕੀਤਾ
“ਸਾਡੇ ਲਈ ਟੈਕਨੋਲੋਜੀ ਦੇਸ਼ ਦੇ ਲੋਕਾਂ ਨੂੰ ਸਸ਼ਕਤ ਕਰਨ ਦਾ ਇੱਕ ਮਾਧਿਅਮ ਹੈ। ਸਾਡੇ ਲਈ, ਟੈਕਨੋਲੋਜੀ ਦੇਸ਼ ਨੂੰ ਆਤਮਨਿਰਭਰ ਬਣਾਉਣ ਦਾ ਮੁੱਖ ਅਧਾਰ ਹੈ। ਇਹੀ ਵਿਜ਼ਨ ਇਸ ਵਰ੍ਹੇ ਦੇ ਬਜਟ ਵਿੱਚ ਵੀ ਝਲਕਦਾ ਹੈ"
"ਬਜਟ ਵਿੱਚ 5ਜੀ ਸਪੈਕਟ੍ਰਮ ਨਿਲਾਮੀ ਲਈ ਇੱਕ ਸਪੱਸ਼ਟ ਰੂਪ ਰੇਖਾ ਤਿਆਰ ਕੀਤੀ ਗਈ ਹੈ ਅਤੇ ਇੱਕ ਮਜ਼ਬੂਤ 5ਜੀ ਈਕੋ-ਸਿਸਟਮ ਨਾਲ ਸਬੰਧਿਤ ਡਿਜ਼ਾਈਨ-ਅਧਾਰਿਤ ਮੈਨੂਫੈਕਚਰਿੰਗ ਲਈ (ਪੀਐੱਲਆਈ) ਸਕੀਮਾਂ ਦਾ ਪ੍ਰਸਤਾਵ ਕੀਤਾ ਗਿਆ ਹੈ"
"ਸਾਨੂੰ ਇਸ ਗੱਲ 'ਤੇ ਜ਼ੋਰ ਦੇਣਾ ਪਏਗਾ ਕਿ ਈਜ਼ ਆਵ੍ ਲਿਵਿੰਗ (ਜੀਵਨ ਦੀ ਅਸਾਨੀ) ਲਈ ਟੈਕਨੋਲੋਜੀ ਦਾ ਵੱਧ ਤੋਂ ਵੱਧ ਲਾਭ ਕਿਵੇਂ ਲਿਆ ਜਾਵੇ।"
“ਕੋਵਿਡ ਦੇ ਸਮੇਂ ਵਿੱਚ ਦੁਨੀਆ ਨੇ ਸਾਡੀ ਸਵੈ-ਨਿਰਭਰਤਾ ਤੋਂ ਵੈਕਸੀਨ ਦੇ ਉਤਪਾਦਨ ਤੱਕ ਸਾਡੀ ਭਰੋਸੇਯੋਗਤਾ ਦੇਖੀ ਹੈ। ਸਾਨੂੰ ਹਰ ਖੇਤਰ ਵਿੱਚ ਇਸ ਸਫ਼ਲਤਾ ਨੂੰ ਦੁਹਰਾਉਣਾ ਹੋਵੇਗਾ”
Posted On:
02 MAR 2022 11:13AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬਜਟ ਦੇ ਵਿਸ਼ਿਆਂ ਨੂੰ ਸਮਾਂਬੱਧ ਤਰੀਕੇ ਨਾਲ ਪੂਰੀ ਤਰ੍ਹਾਂ ਲਾਗੂ ਕਰਨ ਲਈ ਹਿਤਧਾਰਕਾਂ ਨਾਲ ਸਲਾਹ-ਮਸ਼ਵਰਾ ਕਰਨ ਅਤੇ ਉਤਸ਼ਾਹਿਤ ਕਰਨ ਲਈ ਪੋਸਟ-ਬਜਟ ਵੈਬੀਨਾਰਾਂ ਦੀ ਲੜੀ ਵਿੱਚ ਸੱਤਵੇਂ ਵੈਬੀਨਾਰ ਨੂੰ ਸੰਬੋਧਨ ਕੀਤਾ। ਇਨ੍ਹਾਂ ਵੈਬੀਨਾਰਾਂ ਲਈ ਤਰਕ ਦੀ ਵਿਆਖਿਆ ਕਰਦੇ ਹੋਏ, ਉਨ੍ਹਾਂ ਕਿਹਾ, "ਇਹ ਸੁਨਿਸ਼ਚਿਤ ਕਰਨ ਲਈ ਇੱਕ ਸਹਿਯੋਗੀ ਪ੍ਰਯਤਨ ਹੈ ਕਿ ਕਿਵੇਂ, ਬਜਟ ਦੀ ਰੋਸ਼ਨੀ ਵਿੱਚ, ਅਸੀਂ ਪ੍ਰਬੰਧਾਂ ਨੂੰ ਤੇਜ਼ੀ ਨਾਲ, ਸਹਿਜਤਾ ਨਾਲ ਅਤੇ ਸਰਵੋਤਮ ਨਤੀਜਿਆਂ ਨਾਲ ਲਾਗੂ ਕਰ ਸਕਦੇ ਹਾਂ।”
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਵਿਗਿਆਨ ਅਤੇ ਟੈਕਨੋਲੋਜੀ ਉਨ੍ਹਾਂ ਦੀ ਸਰਕਾਰ ਲਈ ਅਲੱਗ-ਥਲੱਗ ਸੈਕਟਰ ਨਹੀਂ ਹਨ। ਅਰਥਵਿਵਸਥਾ ਦੇ ਖੇਤਰ ਵਿੱਚ, ਇਸ ਪਹੁੰਚ ਨੂੰ ਡਿਜੀਟਲ ਅਰਥਵਿਵਸਥਾ ਅਤੇ ਫਿਨ-ਟੈੱਕ ਜਿਹੇ ਖੇਤਰਾਂ ਨਾਲ ਜੋੜਿਆ ਗਿਆ ਹੈ। ਇਸੇ ਤਰ੍ਹਾਂ, ਬੁਨਿਆਦੀ ਢਾਂਚੇ ਅਤੇ ਪਬਲਿਕ ਸਰਵਿਸ ਪ੍ਰਦਾਨ ਕਰਨ ਦੇ ਮਾਮਲੇ ਵਿੱਚ ਉੱਨਤ ਟੈਕਨੋਲੋਜੀ ਦੀ ਬਹੁਤ ਵੱਡੀ ਭੂਮਿਕਾ ਹੈ। ਪ੍ਰਧਾਨ ਮੰਤਰੀ ਨੇ ਕਿਹਾ “ਸਾਡੇ ਲਈ ਟੈਕਨੋਲੋਜੀ ਦੇਸ਼ ਦੇ ਲੋਕਾਂ ਨੂੰ ਸਸ਼ਕਤ ਕਰਨ ਦਾ ਇੱਕ ਮਾਧਿਅਮ ਹੈ। ਸਾਡੇ ਲਈ, ਟੈਕਨੋਲੋਜੀ ਦੇਸ਼ ਨੂੰ ਆਤਮ-ਨਿਰਭਰ ਬਣਾਉਣ ਦਾ ਮੁੱਖ ਅਧਾਰ ਹੈ। ਇਹੀ ਵਿਜ਼ਨ ਇਸ ਵਰ੍ਹੇ ਦੇ ਬਜਟ ਵਿੱਚ ਵੀ ਝਲਕਦਾ ਹੈ।” ਉਨ੍ਹਾਂ ਆਤਮਨਿਰਭਰਤਾ ਦੀ ਮਹੱਤਤਾ ਨੂੰ ਰੇਖਾਂਕਿਤ ਕਰਨ ਲਈ ਰਾਸ਼ਟਰਪਤੀ ਬਿਡੇਨ ਦੇ ਤਾਜ਼ਾ ਸੰਬੋਧਨ ਦੀ ਗੱਲ ਕੀਤੀ ਕਿਉਂਕਿ ਅਮਰੀਕਾ ਵਰਗੇ ਵਿਕਸਿਤ ਦੇਸ਼ ਵੀ ਇਸ ਬਾਰੇ ਗੱਲ ਕਰ ਰਹੇ ਹਨ। ਉਨ੍ਹਾਂ ਕਿਹਾ "ਉਭਰਦੀਆਂ ਨਵੀਆਂ ਗਲੋਬਲ ਪ੍ਰਣਾਲੀਆਂ ਦੇ ਮੱਦੇਨਜ਼ਰ, ਇਹ ਮਹੱਤਵਪੂਰਨ ਹੈ ਕਿ ਅਸੀਂ ਆਤਮਨਿਰਭਰਤਾ 'ਤੇ ਧਿਆਨ ਕੇਂਦ੍ਰਤ ਕਰਦੇ ਹੋਏ ਅੱਗੇ ਵਧੀਏ।”
ਸ਼੍ਰੀ ਮੋਦੀ ਨੇ ਉਭਰਦੇ ਖੇਤਰਾਂ ਜਿਵੇਂ ਕਿ ਆਰਟੀਫੀਸ਼ਲ ਇੰਟੈਲੀਜੈਂਸ, ਜੀਓ-ਸਪੇਟੀਅਲ ਸਿਸਟਮ, ਡ੍ਰੋਨ, ਸੈਮੀ-ਕੰਡਕਟਰ, ਸਪੇਸ ਟੈਕਨੋਲੋਜੀ, ਜੀਨੋਮਿਕਸ, ਫਾਰਮਾਸਿਊਟੀਕਲ ਅਤੇ ਕਲੀਨ ਟੈਕਨੋਲੋਜੀ ਤੋਂ 5ਜੀ 'ਤੇ ਬਜਟ ਦੇ ਜ਼ੋਰ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਬਜਟ ਵਿੱਚ 5ਜੀ ਸਪੈਕਟ੍ਰਮ ਨਿਲਾਮੀ ਲਈ ਇੱਕ ਸਪੱਸ਼ਟ ਰੂਪ ਰੇਖਾ ਤਿਆਰ ਕੀਤੀ ਗਈ ਹੈ ਅਤੇ ਇੱਕ ਮਜ਼ਬੂਤ 5ਜੀ ਈਕੋ-ਸਿਸਟਮ ਨਾਲ ਸਬੰਧਿਤ ਡਿਜ਼ਾਈਨ-ਅਧਾਰਿਤ ਮੈਨੂਫੈਕਚਰਿੰਗ ਲਈ ਪ੍ਰੋਡਕਸ਼ਨ ਲਿੰਕਡ ਸਕੀਮਾਂ(ਪੀਐੱਲਆਈ) ਦਾ ਪ੍ਰਸਤਾਵ ਕੀਤਾ ਗਿਆ ਹੈ। ਉਨ੍ਹਾਂ ਪ੍ਰਾਈਵੇਟ ਸੈਕਟਰ ਨੂੰ ਇਸ ਖੇਤਰ ਵਿੱਚ ਆਪਣੀਆਂ ਕੋਸ਼ਿਸ਼ਾਂ ਵਧਾਉਣ ਲਈ ਕਿਹਾ।
'ਵਿਗਿਆਨ ਸਰਵ ਵਿਆਪਕ ਹੈ ਅਤੇ ਟੈਕਨੋਲੋਜੀ ਸਥਾਨਕ ਹੈ' ਦੇ ਕਥਨ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, "ਅਸੀਂ ਵਿਗਿਆਨ ਦੇ ਸਿਧਾਂਤਾਂ ਤੋਂ ਜਾਣੂ ਹਾਂ, ਪਰ ਸਾਨੂੰ ਇਸ ਗੱਲ 'ਤੇ ਜ਼ੋਰ ਦੇਣਾ ਹੋਵੇਗਾ ਕਿ ਈਜ਼ ਆਵ੍ ਲਿਵਿੰਗ (ਜੀਵਨ ਦੀ ਅਸਾਨੀ) ਲਈ ਟੈਕਨੋਲੋਜੀ ਦੀ ਵੱਧ ਤੋਂ ਵੱਧ ਵਰਤੋਂ ਕਿਵੇਂ ਕੀਤੀ ਜਾਵੇ।" ਉਨ੍ਹਾਂ ਨੇ ਮਕਾਨ ਉਸਾਰੀ, ਰੇਲਵੇ, ਹਵਾਈ ਮਾਰਗ, ਜਲ ਮਾਰਗ ਅਤੇ ਔਪਟੀਕਲ ਫਾਈਬਰਾਂ ਵਿੱਚ ਨਿਵੇਸ਼ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਇਨ੍ਹਾਂ ਮਹੱਤਵਪੂਰਨ ਖੇਤਰਾਂ ਵਿੱਚ ਟੈਕਨੋਲੋਜੀਆਂ ਦੀ ਵਰਤੋਂ ਕਰਨ ਲਈ ਵਿਚਾਰ ਦੇਣ ਦਾ ਸੱਦਾ ਦਿੱਤਾ।
ਗੇਮਿੰਗ ਲਈ ਆਲਮੀ ਪੱਧਰ 'ਤੇ ਵਧਦੇ ਬਜ਼ਾਰ ਨੂੰ ਨੋਟ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਬਜਟ ਵਿੱਚ ਐਨੀਮੇਸ਼ਨ ਵਿਜ਼ੂਅਲ ਇਫੈੱਕਟਸ ਗੇਮਿੰਗ ਕੌਮਿਕ (ਏਵੀਜੀਸੀ) 'ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। ਇਸੇ ਤਰ੍ਹਾਂ ਉਨ੍ਹਾਂ ਨੇ ਖਿਡੌਣਿਆਂ ਨੂੰ ਭਾਰਤੀ ਮਾਹੌਲ ਅਤੇ ਲੋੜਾਂ ਮੁਤਾਬਕ ਢਾਲਣ ਦੀ ਲੋੜ 'ਤੇ ਵੀ ਜ਼ੋਰ ਦਿੱਤਾ। ਸੰਚਾਰ ਕੇਂਦਰਾਂ ਅਤੇ ਫਿਨਟੈੱਕ ਦੀ ਕੇਂਦਰੀਤਾ 'ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਦੋਵਾਂ ਲਈ ਘੱਟ ਵਿਦੇਸ਼ੀ ਨਿਰਭਰਤਾ ਦੇ ਨਾਲ ਸਵਦੇਸ਼ੀ ਈਕੋਸਿਸਟਮ ਤਿਆਰ ਕਰਨ ਲਈ ਕਿਹਾ। ਪ੍ਰਧਾਨ ਮੰਤਰੀ ਨੇ ਪ੍ਰਾਈਵੇਟ ਸੈਕਟਰ ਨੂੰ ਭੂ-ਸਥਾਨਕ ਡੇਟਾ ਦੀ ਵਰਤੋਂ ਲਈ ਨਿਯਮਾਂ ਵਿੱਚ ਤਬਦੀਲੀ ਅਤੇ ਸੁਧਾਰਾਂ ਕਾਰਨ ਪੈਦਾ ਹੋਏ ਅਨੰਤ ਮੌਕਿਆਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਵੀ ਕਿਹਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ “ਦੁਨੀਆ ਨੇ ਕੋਵਿਡ ਦੇ ਸਮੇਂ ਸਾਡੀ ਆਤਮ-ਨਿਰਭਰਤਾ ਤੋਂ ਵੈਕਸੀਨ ਉਤਪਾਦਨ ਤੱਕ ਸਾਡੀ ਭਰੋਸੇਯੋਗਤਾ ਦੇਖੀ ਹੈ। ਸਾਨੂੰ ਹਰ ਖੇਤਰ ਵਿੱਚ ਇਸ ਸਫ਼ਲਤਾ ਨੂੰ ਦੁਹਰਾਉਣਾ ਹੋਵੇਗਾ।”
ਪ੍ਰਧਾਨ ਮੰਤਰੀ ਨੇ ਦੇਸ਼ ਲਈ ਇੱਕ ਮਜ਼ਬੂਤ ਡਾਟਾ ਸੁਰੱਖਿਆ ਫਰੇਮਵਰਕ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ ਅਤੇ ਇਸ ਲਈ ਮਾਨਕ ਅਤੇ ਮਾਪਦੰਡ ਤੈਅ ਕਰਨ ਲਈ ਇੱਕ ਰੋਡਮੈਪ ਲਈ ਸਭਾ ਨੂੰ ਕਿਹਾ।
ਤੀਸਰੇ ਸਭ ਤੋਂ ਵੱਡੇ ਸਟਾਰਟਅੱਪ ਈਕੋਸਿਸਟਮ, ਯਾਨੀ ਭਾਰਤੀ ਸਟਾਰਟਅੱਪ ਈਕੋਸਿਸਟਮ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਸੈਕਟਰ ਨੂੰ ਸਰਕਾਰ ਦੁਆਰਾ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ। ਪ੍ਰਧਾਨ ਮੰਤਰੀ ਨੇ ਦੱਸਿਆ “ਬਜਟ ਵਿੱਚ ਨੌਜਵਾਨਾਂ ਦੀ ਸਕਿੱਲਿੰਗ, ਰੀ-ਸਕਿੱਲਿੰਗ ਅਤੇ ਅੱਪ-ਸਕਿੱਲਿੰਗ ਲਈ ਇੱਕ ਪੋਰਟਲ ਵੀ ਪ੍ਰਸਤਾਵਿਤ ਕੀਤਾ ਗਿਆ ਹੈ। ਇਸ ਦੇ ਨਾਲ, ਨੌਜਵਾਨਾਂ ਨੂੰ ਏਪੀਆਈ ਅਧਾਰਿਤ ਭਰੋਸੇਯੋਗ ਕੌਸ਼ਲ ਪ੍ਰਮਾਣ ਪੱਤਰਾਂ, ਭੁਗਤਾਨ ਅਤੇ ਡਿਸਕਵਰੀ ਲੇਅਰਾਂ ਜ਼ਰੀਏ ਸਹੀ ਨੌਕਰੀਆਂ ਅਤੇ ਮੌਕੇ ਮਿਲਣਗੇ।”
ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਮੈਨੂਫੈਕਚਰਿੰਗ ਨੂੰ ਉਤਸ਼ਾਹਿਤ ਕਰਨ ਲਈ 14 ਪ੍ਰਮੁੱਖ ਖੇਤਰਾਂ ਵਿੱਚ 2 ਲੱਖ ਕਰੋੜ ਰੁਪਏ ਦੀਆਂ ਪੀਐੱਲਆਈ (PLI) ਯੋਜਨਾਵਾਂ ਬਾਰੇ ਵੀ ਗੱਲ ਕੀਤੀ। ਪ੍ਰਧਾਨ ਮੰਤਰੀ ਨੇ ਨਾਗਰਿਕ ਸੇਵਾਵਾਂ, ਈ-ਵੇਸਟ ਮੈਨੇਜਮੈਂਟ, ਸਰਕੂਲਰ ਅਰਥਵਿਵਸਥਾ ਅਤੇ ਇਲੈਕਟ੍ਰਿਕ ਮੋਬਿਲਟੀ ਵਰਗੇ ਖੇਤਰਾਂ ਵਿੱਚ ਔਪਟੀਕਲ ਫਾਈਬਰਾਂ ਦੀ ਵਰਤੋਂ ਬਾਰੇ ਵਿਹਾਰਕ ਸੁਝਾਅ ਦੇਣ ਲਈ ਹਿਤਧਾਰਕਾਂ ਨੂੰ ਸਪਸ਼ਟ ਨਿਰਦੇਸ਼ ਦਿੱਤਾ।
***********
ਡੀਐੱਸ
(Release ID: 1802324)
Visitor Counter : 230
Read this release in:
Assamese
,
Tamil
,
Telugu
,
English
,
Urdu
,
Marathi
,
Hindi
,
Bengali
,
Manipuri
,
Gujarati
,
Odia
,
Kannada
,
Malayalam