ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਜਗਨਨਾਥ ਨੇ ਸੰਯੁਕਤ ਤੌਰ 'ਤੇ ਮਾਰੀਸ਼ਸ ਵਿੱਚ ਸੋਸ਼ਲ ਹਾਊਸਿੰਗ ਯੂਨਿਟ ਪ੍ਰੋਜੈਕਟ ਦਾ ਉਦਘਾਟਨ ਕੀਤਾ ਅਤੇ ਮਾਰੀਸ਼ਸ ਵਿੱਚ ਸਿਵਲ ਸਰਵਿਸ ਕਾਲਜ ਤੇ 8 ਮੈਗਾਵਾਟ ਸੋਲਰ ਪੀਵੀ ਫਾਰਮ ਪ੍ਰੋਜੈਕਟ ਦਾ ਵਰਚੁਅਲੀ ਨੀਂਹ ਪੱਥਰ ਰੱਖਿਆ
Posted On:
20 JAN 2022 6:48PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਸ਼੍ਰੀ ਪ੍ਰਵਿੰਦ ਕੁਮਾਰ ਜਗਨਨਾਥ ਨੇ ਅੱਜ ਸੰਯੁਕਤ ਤੌਰ ‘ਤੇ ਮਾਰੀਸ਼ਸ ਵਿੱਚ ਸੋਸ਼ਲ ਹਾਊਸਿੰਗ ਯੂਨਿਟ ਪ੍ਰੋਜੈਕਟ ਦਾ ਉਦਘਾਟਨ ਕੀਤਾ। ਇਸ ਪ੍ਰੋਜੈਕਟ ਨੂੰ ਭਾਰਤ ਅਤੇ ਮਾਰੀਸ਼ਸ ਦੇ ਦਰਮਿਆਨ ਜੀਵੰਤ ਵਿਕਾਸ ਭਾਈਵਾਲੀ ਦੇ ਹਿੱਸੇ ਵਜੋਂ ਲਾਗੂ ਕੀਤਾ ਗਿਆ ਹੈ। ਇਸ ਮੌਕੇ 'ਤੇ, ਦੋਵਾਂ ਪ੍ਰਧਾਨ ਮੰਤਰੀਆਂ ਨੇ ਦੋ ਹੋਰ ਪ੍ਰੋਜੈਕਟਾਂ - ਇੱਕ ਅਤਿ-ਆਧੁਨਿਕ ਸਿਵਲ ਸਰਵਿਸ ਕਾਲਜ ਦੀ ਉਸਾਰੀ ਅਤੇ ਇੱਕ 8 ਮੈਗਾਵਾਟ ਸੋਲਰ ਪੀਵੀ ਫਾਰਮ - ਲਈ ਵਰਚੁਅਲ ਮਾਧਿਅਮ ਨਾਲ ਨੀਂਹ ਪੱਥਰ ਸਮਾਗਮ ਵਿੱਚ ਵੀ ਹਿੱਸਾ ਲਿਆ, ਜਿਸ ਨੂੰ ਭਾਰਤ ਦੇ ਸਹਿਯੋਗ ਦੇ ਹਿੱਸੇ ਵਜੋਂ ਸ਼ੁਰੂ ਕੀਤਾ ਗਿਆ। ਇਹ ਸਮਾਗਮ ਵੀਡੀਓ ਕਾਨਫਰੰਸ ਰਾਹੀਂ ਕਰਵਾਇਆ ਗਿਆ। ਮਾਰੀਸ਼ਸ ਵਿੱਚ ਇਹ ਸਮਾਗਮ ਮਾਰੀਸ਼ਸ ਸਰਕਾਰ ਦੇ ਕੈਬਨਿਟ ਮੰਤਰੀਆਂ ਅਤੇ ਸੀਨੀਅਰ ਅਧਿਕਾਰੀਆਂ ਸਮੇਤ ਪਤਵੰਤਿਆਂ ਦੀ ਮੌਜੂਦਗੀ ਵਿੱਚ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਦਫ਼ਤਰ (ਪੀਐੱਮਓ) ਪਰਿਸਰ ਵਿੱਚ ਆਯੋਜਿਤ ਕੀਤਾ ਗਿਆ ਸੀ।
ਇਸ ਮੌਕੇ 'ਤੇ ਬੋਲਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੀ ਵਿਕਾਸ ਸਹਾਇਤਾ ਨੂੰ ਸ਼ਕਤੀ ਪ੍ਰਦਾਨ ਕਰਨ ਵਾਲੇ ਦ੍ਰਿਸ਼ਟੀਕੋਣ ਨੂੰ ਉਜਾਗਰ ਕੀਤਾ - ਜੋ ਸਾਡੇ ਦੋਸਤਾਂ ਦੀਆਂ ਜ਼ਰੂਰਤਾਂ ਤੇ ਪ੍ਰਾਥਮਿਕਤਾਵਾਂ ਅਤੇ ਪ੍ਰਭੂਸੱਤਾ ਦਾ ਸਤਿਕਾਰ ਕਰਨ ਦੇ ਨਾਲ ਪਰਿਭਾਸ਼ਿਤ ਕੀਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਲੋਕਾਂ ਦੀ ਭਲਾਈ ਨੂੰ ਅੱਗੇ ਵਧਾਉਣਾ ਅਤੇ ਦੇਸ਼ ਦੀਆਂ ਸਮਰੱਥਾਵਾਂ ਨੂੰ ਵਧਾਉਣਾ ਹੈ। ਪ੍ਰਧਾਨ ਮੰਤਰੀ ਨੇ ਰਾਸ਼ਟਰ ਨਿਰਮਾਣ ਵਿੱਚ ਸਿਵਲ ਸਰਵਿਸ ਕਾਲਜ ਪ੍ਰੋਜੈਕਟ ਦੀ ਮਹੱਤਤਾ ਨੂੰ ਸਵੀਕਾਰ ਕੀਤਾ ਅਤੇ ਮਿਸ਼ਨ ਕਰਮਯੋਗੀ ਦੀਆਂ ਸਿੱਖਿਆਵਾਂ ਨੂੰ ਸਾਂਝਾ ਕਰਨ ਦੀ ਪੇਸ਼ਕਸ਼ ਕੀਤੀ। ਪ੍ਰਧਾਨ ਮੰਤਰੀ ਨੇ ਅਕਤੂਬਰ, 2018 ਵਿੱਚ ਇੰਟਰਨੈਸ਼ਨਲ ਸੋਲਰ ਅਲਾਇੰਸ (ਆਈਐੱਸਏ) ਦੀ ਪਹਿਲੀ ਅਸੈਂਬਲੀ ਵਿੱਚ ਪੇਸ਼ ਕੀਤੀ ਵੰਨ ਸੰਨ ਵੰਨ ਵਰਲਡ ਵੰਨ ਗ੍ਰਿੱਡ (ਓਐੱਸਓਡਬਲਿਊਓਜੀ) ਪਹਿਲ ਨੂੰ ਯਾਦ ਕੀਤਾ ਅਤੇ ਕਿਹਾ ਕਿ 8 ਮੈਗਾਵਾਟ ਸੋਲਰ ਪੀਵੀ ਫਾਰਮ ਪ੍ਰੋਜੈਕਟ ਜਲਵਾਯੂ ਚੁਣੌਤੀਆਂ ਨੂੰ ਘੱਟ ਕਰਨ ਵਿੱਚ ਮਦਦ ਕਰੇਗਾ ਜਦ ਕਿ ਮਾਰੀਸ਼ਸ ਨੂੰ 13,000 ਟਨ ਸੀਓ2 ਦੇ ਨਿਕਾਸ ਤੋਂ ਬਚਣ ਦੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਆਪਣੀ ਟਿੱਪਣੀ ਵਿੱਚ, ਪ੍ਰਧਾਨ ਮੰਤਰੀ ਪ੍ਰਵਿੰਦ ਜਗਨਨਾਥ ਨੇ ਮਾਰੀਸ਼ਸ ਨੂੰ ਵਿੱਤੀ ਸਹਾਇਤਾ ਸਮੇਤ ਵਿਆਪਕ ਸਹਾਇਤਾ ਲਈ ਭਾਰਤ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਨੋਟ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਭਾਰਤ ਅਤੇ ਮਾਰੀਸ਼ਸ ਦੇ ਸਬੰਧਾਂ ਨੇ ਨਵੀਆਂ ਉਚਾਈਆਂ ਹਾਸਲ ਕੀਤੀਆਂ ਹਨ।
ਭਾਰਤ ਸਰਕਾਰ ਨੇ ਮਈ, 2016 ਵਿੱਚ ਮਾਰੀਸ਼ਸ ਸਰਕਾਰ ਨੂੰ ਪਛਾਣੇ ਗਏ ਪੰਜ ਤਰਜੀਹੀ ਪ੍ਰੋਜੈਕਟਾਂ ਨੂੰ ਚਲਾਉਣ ਲਈ ਵਿਸ਼ੇਸ਼ ਆਰਥਿਕ ਪੈਕੇਜ (ਐੱਸਈਪੀ) ਦੇ ਤੌਰ 'ਤੇ 353 ਮਿਲੀਅਨ ਅਮਰੀਕੀ ਡਾਲਰ ਦੀ ਗ੍ਰਾਂਟ ਦਿੱਤੀ ਸੀ। ਇਹ ਪ੍ਰੋਜੈਕਟ ਸਨ: ਮੈਟਰੋ ਐਕਸਪ੍ਰੈੱਸ ਪ੍ਰੋਜੈਕਟ, ਸੁਪਰੀਮ ਕੋਰਟ ਬਿਲਡਿੰਗ, ਨਿਊ ਈਐੱਨਟੀ ਹਸਪਤਾਲ, ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਡਿਜੀਟਲ ਟੈਬਲੇਟ ਦੀ ਸਪਲਾਈ ਅਤੇ ਸੋਸ਼ਲ ਹਾਊਸਿੰਗ ਪ੍ਰੋਜੈਕਟ। ਅੱਜ ਸੋਸ਼ਲ ਹਾਊਸਿੰਗ ਪ੍ਰੋਜੈਕਟ ਦੇ ਉਦਘਾਟਨ ਦੇ ਨਾਲ, ਐੱਸਈਪੀ ਦੇ ਅਧੀਨ ਸਾਰੇ ਹਾਈ ਪ੍ਰੋਫਾਈਲ ਪ੍ਰੋਜੈਕਟਾਂ ਨੂੰ ਅਮਲ ਵਿੱਚ ਲਿਆਂਦਾ ਗਿਆ ਹੈ।
ਰੈੱਡਯੂਇਟ ਵਿੱਚ ਸਥਿਤ ਸਿਵਲ ਸਰਵਿਸ ਕਾਲਜ ਪ੍ਰੋਜੈਕਟ ਨੂੰ 2017 ਵਿੱਚ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਜਗਨਨਾਥ ਦੀ ਭਾਰਤ ਫੇਰੀ ਦੌਰਾਨ ਹਸਤਾਖਰ ਕੀਤੇ ਗਏ ਇੱਕ ਸਮਝੌਤੇ ਦੇ ਤਹਿਤ, 4.74 ਮਿਲੀਅਨ ਡਾਲਰ ਦੀ ਗ੍ਰਾਂਟ ਦੁਆਰਾ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਇੱਕ ਵਾਰ ਨਿਰਮਾਣ ਹੋ ਜਾਣ 'ਤੇ, ਇਹ ਮਾਰੀਸ਼ਸ ਦੇ ਸਿਵਲ ਸੇਵਕਾਂ ਨੂੰ ਵੱਖ-ਵੱਖ ਟ੍ਰੇਨਿੰਗ ਅਤੇ ਸਕਿੱਲ ਡਿਵੈਲਪਮੈਂਟ ਪ੍ਰੋਗਰਾਮ ਸ਼ੁਰੂ ਕਰਨ ਲਈ ਇੱਕ ਪੂਰੀ ਤਰ੍ਹਾਂ ਲੈੱਸ ਅਤੇ ਕਾਰਜਸ਼ੀਲ ਸੁਵਿਧਾ ਪ੍ਰਦਾਨ ਕਰੇਗਾ। ਇਹ ਭਾਰਤ ਨਾਲ ਸੰਸਥਾਗਤ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗਾ।
8 ਮੈਗਾਵਾਟ ਸੋਲਰ ਪੀਵੀ ਫਾਰਮ ਪ੍ਰੋਜੈਕਟ ਵਿੱਚ 25,000 ਪੀਵੀ ਸੈੱਲਾਂ ਦੀ ਤੈਨਾਤੀ ਸ਼ਾਮਲ ਹੈ, ਜੋ ਹਰ ਸਾਲ ਲਗਭਗ 14 ਗੀਗਾਵਾਟ ਹਰਿਤ ਊਰਜਾ ਪੈਦਾ ਕਰੇਗਾ, ਜਿਸ ਨਾਲ ਲਗਭਗ 10,000 ਮੌਰੀਸ਼ੀਅਨ ਪਰਿਵਾਰਾਂ ਨੂੰ ਬਿਜਲੀ ਦਿੱਤੀ ਜਾਵੇਗੀ ਅਤੇ ਸੀਓ2 ਦੇ ਸਲਾਨਾ 13,000 ਟਨ ਨਿਕਾਸ ਦੀ ਅਨੁਮਾਨਿਤ ਰੋਕਥਾਮ ਦੇ ਨਾਲ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਨੂੰ ਘੱਟ ਕਰਨ ਵਿੱਚ ਮਦਦ ਕਰੇਗਾ।
ਅੱਜ ਦੇ ਸਮਾਰੋਹ ਵਿੱਚ ਦੋ ਮੁੱਖ ਦੁਵੱਲੇ ਸਮਝੌਤਿਆਂ ਦਾ ਅਦਾਨ-ਪ੍ਰਦਾਨ ਸ਼ਾਮਲ ਹੈ: ਮੈਟਰੋ ਐਕਸਪ੍ਰੈੱਸ ਅਤੇ ਹੋਰ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਲਈ ਭਾਰਤ ਸਰਕਾਰ ਤੋਂ ਮਾਰੀਸ਼ਸ ਸਰਕਾਰ ਨੂੰ 190 ਮਿਲੀਅਨ ਡਾਲਰ ਦੇ ਕ੍ਰੈਡਿਟ ਵਿਸਤਾਰ ਲਈ ਸਮਝੌਤਾ ਅਤੇ ਛੋਟੇ ਵਿਕਾਸ ਪ੍ਰੋਜੈਕਟਾਂ ਨੂੰ ਲਾਗੂ ਕਰਨ ਲਈ ਸਮਝੌਤਾ।
ਕੋਵਿਡ-19 ਦੁਆਰਾ ਦਰਪੇਸ਼ ਚੁਣੌਤੀਆਂ ਦੇ ਬਾਵਜੂਦ, ਭਾਰਤ-ਮਾਰੀਸ਼ਸ ਵਿਕਾਸ ਭਾਈਵਾਲੀ ਪ੍ਰੋਜੈਕਟਾਂ ਨੇ ਤੇਜ਼ੀ ਨਾਲ ਤਰੱਕੀ ਕੀਤੀ ਹੈ। 2019 ਵਿੱਚ, ਪ੍ਰਧਾਨ ਮੰਤਰੀ ਮੋਦੀ ਅਤੇ ਪ੍ਰਧਾਨ ਮੰਤਰੀ ਜਗਨਨਾਥ ਨੇ ਮੈਟਰੋ ਐਕਸਪ੍ਰੈੱਸ ਪ੍ਰੋਜੈਕਟ ਅਤੇ ਮਾਰੀਸ਼ਸ ਵਿੱਚ ਨਿਊ ਈਐੱਨਟੀ ਹਸਪਤਾਲ ਦਾ ਵਰਚੁਅਲ ਮੋਡ ਵਿੱਚ ਸੰਯੁਕਤ ਤੌਰ 'ਤੇ ਉਦਘਾਟਨ ਕੀਤਾ ਸੀ। ਇਸੇ ਤਰ੍ਹਾਂ, ਜੁਲਾਈ, 2020 ਵਿੱਚ ਮਾਰੀਸ਼ਸ ਦੀ ਨਵੀਂ ਸੁਪਰੀਮ ਕੋਰਟ ਦੀ ਇਮਾਰਤ ਦਾ ਉਦਘਾਟਨ ਵੀ ਦੋਵਾਂ ਪ੍ਰਧਾਨ ਮੰਤਰੀਆਂ ਦੁਆਰਾ ਵਰਚੁਅਲ ਮਾਧਿਅਮ ਨਾਲ ਕੀਤਾ ਗਿਆ ਸੀ।
ਭਾਰਤ ਅਤੇ ਮਾਰੀਸ਼ਸ ਸਾਡੇ ਸਾਂਝੇ ਇਤਿਹਾਸ, ਵੰਸ਼, ਸੱਭਿਆਚਾਰ ਅਤੇ ਭਾਸ਼ਾ ਵਿੱਚ ਨਜ਼ਦੀਕੀ ਸਬੰਧ ਸਾਂਝੇ ਕਰਦੇ ਹਨ। ਇਹ ਸਾਡੇ ਦੋਵਾਂ ਦੇਸ਼ਾਂ ਦਰਮਿਆਨ ਵਿਸ਼ੇਸ਼ ਅਧਿਕਾਰ ਪ੍ਰਾਪਤ ਵਿਕਾਸ ਸਾਂਝੇਦਾਰੀ ਵਿੱਚ ਝਲਕਦਾ ਹੈ, ਜਿਸ ਵਿੱਚ ਮਾਰੀਸ਼ਸ ਹਿੰਦ ਮਹਾਸਾਗਰ ਖੇਤਰ ਵਿੱਚ ਭਾਰਤ ਲਈ ਇੱਕ ਪ੍ਰਮੁੱਖ ਵਿਕਾਸ ਭਾਈਵਾਲ ਹੈ। ਅੱਜ ਦਾ ਸਮਾਗਮ, 'ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਸਬਕਾ ਪ੍ਰਯਾਸ' ਦੀ ਭਾਵਨਾ ਨਾਲ, ਇਸ ਸਫ਼ਲ, ਸਮੇਂ ਦੀ ਕਸੌਟੀ 'ਤੇ ਖਰੀ ਭਾਈਵਾਲੀ ਵਿੱਚ ਇੱਕ ਹੋਰ ਮੀਲ ਪੱਥਰ ਹੈ।
*********
ਡੀਐੱਸ/ਏਕੇਜੇ
(Release ID: 1791326)
Read this release in:
English
,
Urdu
,
Marathi
,
Hindi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam