ਪ੍ਰਧਾਨ ਮੰਤਰੀ ਦਫਤਰ

ਤਮਿਲ ਨਾਡੂ ਵਿੱਚ 11 ਨਵੇਂ ਮੈਡੀਕਲ ਕਾਲਜਾਂ ਅਤੇ ‘ਸੈਂਟਰਲ ਇੰਸਟੀਟਿਊਟ ਆਵ੍ ਕਲਾਸੀਕਲ ਤਮਿਲ’ ਦੇ ਨਵੇਂ ਕੈਂਪਸ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ–ਪਾਠ

Posted On: 12 JAN 2022 5:47PM by PIB Chandigarh

ਤਮਿਲ ਨਾਡੂ ਦੇ ਰਾਜਪਾਲ ਸ਼੍ਰੀ ਆਰ.ਐੱਨ. ਰਵੀ, ਤਮਿਲ ਨਾਡੂ ਦੇ ਮੁੱਖ ਮੰਤਰੀ ਸ਼੍ਰੀ ਐੱਮ.ਕੇ. ਸਟਾਲਿਨ, ਕੈਬਨਿਟ ਮੰਤਰੀ ਸ਼੍ਰੀ ਮਨਸੁਖ ਮਾਂਡਵੀਯਾ, ਮੰਤਰੀ–ਮੰਡਲ ’ਚ ਮੇਰੇ ਸਹਿਯੋਗੀ ਸ਼੍ਰੀ ਐੱਲ. ਮੁਰੂਗਨ, ਭਾਰਤੀ ਪਵਾਰ ਜੀ, ਤਮਿਲ ਨਾਡੂ ਸਰਕਾਰ ਦੇ ਮੰਤਰੀ, ਸੰਸਦ ਮੈਂਬਰ, ਤਮਿਲ ਨਾਡੂ ਵਿਧਾਨ ਸਭਾ ਦੇ ਮੈਂਬਰ ਸਾਹਿਬਾਨ, ਤਮਿਲ ਨਾਡੂ ਦੀਆਂ ਭੈਣਾਂ ਤੇ ਭਰਾਓ, ਵਣੱਕਮ! ਮੈਂ ਤੁਹਾਨੂੰ ਸਭ ਨੂੰ ਪੋਂਗਲ ਤੇ ਮਕਰ ਸੰਕ੍ਰਾਂਤੀ ਦੀ ਸ਼ੁਭਕਾਮਨਾਵਾਂ ਨਾਲ ਸ਼ੁਰੂਆਤ ਕਰਦਾ ਹਾਂ। ਜਿਵੇਂ ਕਿ ਪ੍ਰਸਿੱਧ ਗੀਤ ਹੈ–

தை பிறந்தால் வழி பிறக்கும்

ਅੱਜ ਦੋ ਖ਼ਾਸ ਕਾਰਨਾਂ ਕਰਕੇ ਅਸੀਂ ਮਿਲ ਰਹੇ ਹਾਂ: 11 ਮੈਡੀਕਲ ਕਾਲਜਾਂ ਦਾ ਉਦਘਾਟਨ। ਅਤੇ ‘ਸੈਂਟਰਲ ਇੰਸਟੀਟਿਊਟ ਆਵ੍ ਕਲਾਸੀਕਲ ਤਮਿਲ’ ਦੀ ਨਵੀਂ ਇਮਾਰਤ ਦਾ ਉਦਘਾਟਨ। ਇਸ ਪ੍ਰਕਾਰ ਅਸੀਂ ਆਪਣੇ ਸਮਾਜ ਦੀ ਸਿਹਤ ਨੂੰ ਦਰੁਸਤ ਕਰ ਰਹੇ ਹਾਂ ਤੇ ਆਪਣੇ ਸੱਭਿਆਚਾਰ ਨਾਲ ਸਬੰਧ ਨੂੰ ਮਜ਼ਬੂਤ ਬਣਾ ਰਹੇ ਹਾਂ।

ਮਿੱਤਰੋ,

ਮੈਡੀਕਲ ਸਿੱਖਿਆ ਪੜ੍ਹਾਈ ਲਈ ਸਭ ਤੋਂ ਵੱਧ ਲੋੜੀਂਦੀਆਂ ਧਾਰਾਵਾਂ ਵਿੱਚੋਂ ਇੱਕ ਹੈ। ਭਾਰਤ ਵਿੱਚ ਡਾਕਟਰਾਂ ਦੀ ਘਾਟ ਦੀ ਸਮੱਸਿਆ ਬਾਰੇ ਸਭ ਜਾਂਦੇ ਸਨ। ਪਰ ਇਸ ਸਮੱਸਿਆ ਦੇ ਹੱਲ ਲਈ ਲੋੜੀਂਦੇ ਉਪਰਾਲੇ ਨਹੀਂ ਹੋਏ। ਸ਼ਾਇਦ ਸਵਾਰਥੀ ਹਿੱਤਾਂ ਨੇ ਵੀ ਪਿਛਲੀਆਂ ਸਰਕਾਰਾਂ ਨੂੰ ਸਹੀ ਫ਼ੈਸਲੇ ਨਹੀਂ ਲੈਣ ਦਿੱਤੇ। ਅਤੇ, ਮੈਡੀਕਲ ਸਿੱਖਿਆ ਤੱਕ ਪਹੁੰਚ ਇੱਕ ਮੁੱਦਾ ਰਿਹਾ। ਜਦੋਂ ਤੋਂ ਅਸੀਂ ਅਹੁਦਾ ਸੰਭਾਲ਼ਿਆ ਹੈ, ਸਾਡੀ ਸਰਕਾਰ ਨੇ ਇਸ ਅੰਤਰ ਨੂੰ ਦੂਰ ਕਰਨ ਲਈ ਕੰਮ ਕੀਤਾ ਹੈ। 2014 ਵਿੱਚ, ਸਾਡੇ ਦੇਸ਼ ਵਿੱਚ 387 ਮੈਡੀਕਲ ਕਾਲਜ ਸਨ। ਪਿਛਲੇ ਸੱਤ ਸਾਲਾਂ ਵਿੱਚ ਇਹ ਗਿਣਤੀ 596 ਮੈਡੀਕਲ ਕਾਲਜਾਂ ਤੱਕ ਪਹੁੰਚ ਗਈ ਹੈ। ਇਹ 54 ਫੀ ਸਦੀ ਦਾ ਵਾਧਾ ਹੈ। 2014 ਵਿੱਚ, ਸਾਡੇ ਦੇਸ਼ ਵਿੱਚ ਮੈਡੀਕਲ ਅੰਡਰ–ਗ੍ਰੈਜੂਏਟ ਅਤੇ ਪੋਸਟ–ਗ੍ਰੈਜੂਏਟ ਦੀਆਂ ਲਗਭਗ 82 ਹਜ਼ਾਰ ਸੀਟਾਂ ਸਨ। ਪਿਛਲੇ ਸੱਤ ਸਾਲਾਂ ਵਿੱਚ ਇਹ ਗਿਣਤੀ 1 ਲੱਖ 48 ਹਜ਼ਾਰ ਦੇ ਲਗਭਗ ਪਹੁੰਚ ਗਈ ਹੈ। ਇਹ ਲਗਭਗ 80 ਫੀ ਸਦੀ ਦਾ ਵਾਧਾ ਹੈ। 2014 ਵਿੱਚ ਦੇਸ਼ ਵਿੱਚ ਸਿਰਫ਼ ਸੱਤ ਏਮਸ ਸਨ। ਪਰ 2014 ਤੋਂ ਬਾਅਦ, ਪ੍ਰਾਨਿਤ ਏਮਸ ਦੀ ਗਿਣਤੀ ਵਧ ਕੇ 22 ਹੋ ਗਈ ਹੈ। ਇਸ ਦੇ ਨਾਲ ਹੀ ਮੈਡੀਕਲ ਸਿੱਖਿਆ ਦੇ ਖੇਤਰ ਨੂੰ ਹੋਰ ਪਾਰਦਰਸ਼ੀ ਬਣਾਉਣ ਲਈ ਕਈ ਤਰ੍ਹਾਂ ਦੇ ਸੁਧਾਰ ਕੀਤੇ ਗਏ ਹਨ। ਮੈਡੀਕਲ ਕਾਲਜਾਂ ਤੇ ਹਸਪਤਾਲਾਂ ਦੀ ਸਥਾਪਨਾ ਲਈ ਨਿਯਮਾਂ ਨੂੰ ਗੁਣਵੱਤਾ ਨਾਲ ਸਮਝੌਤਾ ਕੀਤੇ ਬਿਨਾਂ ਉਦਾਰ ਕੀਤਾ ਗਿਆ ਹੈ।

ਮਿੱਤਰੋ,

ਮੈਨੂੰ ਦੱਸਿਆ ਗਿਆ ਹੈ ਕਿ ਇਹ ਪਹਿਲੀ ਵਾਰ ਹੋਵੇਗਾ ਕਿ ਕਿਸੇ ਇੱਕ ਰਾਜ ਅੰਦਰ ਇੱਕੋ ਵਾਰੀ ਵਿੱਚ 11 ਮੈਡੀਕਲ ਕਾਲਜਾਂ ਦਾ ਉਦਘਾਟਨ ਕੀਤਾ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਹੀ ਮੈਂ ਉੱਤਰ ਪ੍ਰਦੇਸ਼ ਵਿੱਚ ਇੱਕੋ ਸਮੇਂ 9 ਮੈਡੀਕਲ ਕਾਲਜਾਂ ਦਾ ਉਦਘਾਟਨ ਕੀਤਾ ਸੀ। ਇਸ ਲਈ, ਮੈਂ ਆਪਣਾ ਹੀ ਰਿਕਾਰਡ ਤੋੜ ਰਿਹਾ ਹਾਂ। ਖੇਤਰੀ ਅਸੰਤੁਲਨ ਨੂੰ ਦੂਰ ਕਰਨਾ ਅਹਿਮ ਹੈ। ਇਸ ਰੌਸ਼ਨੀ ਵਿੱਚ, ਇਹ ਦੇਖਣਾ ਚੰਗਾ ਹੈ ਕਿ ਉਦਘਾਟਨ ਕੀਤੇ ਗਏ ਮੈਡੀਕਲ ਕਾਲਜਾਂ ਵਿੱਚੋਂ 2 ਰਾਮਨਾਥਪੁਰਮ ਅਤੇ ਵਿਰੁਧੁਨਗਰ ਦੇ ਖ਼ਾਹਿਸ਼ੀ ਜ਼ਿਲ੍ਹਿਆਂ ਵਿੱਚ ਹਨ। ਇਹ ਉਹ ਜ਼ਿਲ੍ਹੇ ਹਨ ਜਿੱਥੇ ਵਿਕਾਸ ਦੀਆਂ ਜ਼ਰੂਰਤਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ। ਇੱਕ ਕਾਲਜ ਨੀਲਗਿਰੀ ਦੇ ਦੂਰ-ਦੁਰਾਡੇ ਪਹਾੜੀ ਜ਼ਿਲ੍ਹੇ ਵਿੱਚ ਹੈ।

ਮਿੱਤਰੋ,

ਕੋਵਿਡ-19 ਮਹਾਮਾਰੀ ਨੇ ਜੀਵਨ ਭਰ ਵਿੱਚ ਇੱਕ ਵਾਰ ਸਿਹਤ ਖੇਤਰ ਦੇ ਮਹੱਤਵ ਦੀ ਮੁੜ ਪੁਸ਼ਟੀ ਕੀਤੀ ਹੈ। ਭਵਿੱਖ ਉਨ੍ਹਾਂ ਸਮਾਜਾਂ ਦਾ ਹੋਵੇਗਾ ਜੋ ਸਿਹਤ ਸੰਭਾਲ਼ ਵਿੱਚ ਨਿਵੇਸ਼ ਕਰਦੇ ਹਨ। ਭਾਰਤ ਸਰਕਾਰ ਨੇ ਇਸ ਖੇਤਰ ਵਿੱਚ ਕਈ ਸੁਧਾਰ ਕੀਤੇ ਹਨ। ਆਯੁਸ਼ਮਾਨ ਭਾਰਤ ਦਾ ਧੰਨਵਾਦ, ਗ਼ਰੀਬਾਂ ਦੀ ਉੱਚ ਮਿਆਰੀ ਅਤੇ ਕਿਫਾਇਤੀ ਸਿਹਤ ਸੰਭਾਲ਼ ਤੱਕ ਪਹੁੰਚ ਹੈ। ਗੋਡਿਆਂ ਦੇ ਇੰਪਲਾਂਟ ਅਤੇ ਸਟੈਂਟਾਂ ਦੀ ਕੀਮਤ ਪਹਿਲਾਂ ਨਾਲੋਂ ਇੱਕ–ਤਿਹਾਈ ਹੋ ਗਈ ਹੈ। ਪ੍ਰਧਾਨ ਮੰਤਰੀ-ਜਨ ਔਸ਼ਧੀ ਯੋਜਨਾ ਨੇ ਕਿਫਾਇਤੀ ਦਵਾਈਆਂ ਤੱਕ ਪਹੁੰਚ ਵਿੱਚ ਇੱਕ ਕ੍ਰਾਂਤੀ ਲਿਆਂਦੀ ਹੈ। ਭਾਰਤ ਵਿੱਚ ਅਜਿਹੇ 8,000 ਤੋਂ ਵੱਧ ਸਟੋਰ ਹਨ। ਇਸ ਯੋਜਨਾ ਨੇ ਖਾਸ ਤੌਰ 'ਤੇ ਗ਼ਰੀਬ ਅਤੇ ਮੱਧ ਵਰਗ ਦੀ ਮਦਦ ਕੀਤੀ ਹੈ। ਦਵਾਈਆਂ 'ਤੇ ਖਰਚ ਹੋਣ ਵਾਲਾ ਪੈਸਾ ਬਹੁਤ ਘਟ ਗਿਆ ਹੈ। ਮਹਿਲਾਵਾਂ ਵਿੱਚ ਸਿਹਤਮੰਦ ਜੀਵਨ–ਸ਼ੈਲੀ ਨੂੰ ਅੱਗੇ ਵਧਾਉਣ ਲਈ 1 ਰੁਪਏ ਵਿੱਚ ਸੈਨੇਟਰੀ ਨੈਪਕਿਨ ਮੁਹੱਈਆ ਕਰਵਾਏ ਜਾ ਰਹੇ ਹਨ। ਮੈਂ ਤਮਿਲ ਨਾਡੂ ਦੇ ਲੋਕਾਂ ਨੂੰ ਇਸ ਯੋਜਨਾ ਦਾ ਪੂਰਾ ਲਾਭ ਲੈਣ ਦੀ ਅਪੀਲ ਕਰਾਂਗਾ। ਪ੍ਰਧਾਨ ਮੰਤਰੀ ਆਯੁਸ਼ਮਾਨ ਭਾਰਤ ਬੁਨਿਆਦੀ ਢਾਂਚਾ ਮਿਸ਼ਨ ਦਾ ਉਦੇਸ਼ ਸਿਹਤ ਬੁਨਿਆਦੀ ਢਾਂਚੇ ਅਤੇ ਸਿਹਤ ਖੋਜ ਵਿੱਚ ਖਾਸ ਤੌਰ 'ਤੇ ਜ਼ਿਲ੍ਹਾ ਪੱਧਰ 'ਤੇ ਅਹਿਮ ਪਾੜਾ ਦੂਰ ਕਰਨਾ ਹੈ। ਅਗਲੇ ਪੰਜ ਸਾਲਾਂ ਵਿੱਚ ਤਮਿਲ ਨਾਡੂ ਨੂੰ ਤਿੰਨ ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਇਹ ਰਾਜ ਭਰ ਵਿੱਚ ਸ਼ਹਿਰੀ ਹੈਲਥ ਐਂਡ ਵੈਲਨੈੱਸ ਸੈਂਟਰ, ਜ਼ਿਲ੍ਹਾ ਪਬਲਿਕ ਹੈਲਥ ਲੈਬਾਂ ਅਤੇ ਕ੍ਰਿਟੀਕਲ ਕੇਅਰ ਬਲਾਕਾਂ ਦੀ ਸਥਾਪਨਾ ਵਿੱਚ ਮਦਦ ਕਰੇਗਾ। ਤਮਿਲ ਨਾਡੂ ਦੇ ਲੋਕਾਂ ਨੂੰ ਇਸ ਦਾ ਬਹੁਤ ਫਾਇਦਾ ਹੋਵੇਗਾ।

ਮਿੱਤਰੋ,

ਆਉਣ ਵਾਲੇ ਸਾਲਾਂ ਵਿੱਚ ਮੈਂ ਮਿਆਰੀ ਅਤੇ ਕਿਫਾਇਤੀ ਦੇਖਭਾਲ਼ ਲਈ ਭਾਰਤ ਨੂੰ ਜਾਣ-ਪਹਿਚਾਣ ਵਾਲੀ ਮੰਜ਼ਿਲ ਵਜੋਂ ਕਲਪਨਾ ਕਰਦਾ ਹਾਂ। ਭਾਰਤ ਕੋਲ ਮੈਡੀਕਲ ਟੂਰਿਜ਼ਮ ਦਾ ਕੇਂਦਰ ਬਣਨ ਲਈ ਲੋੜੀਂਦੀ ਹਰ ਚੀਜ਼ ਹੈ। ਮੈਂ ਇਹ ਸਾਡੇ ਡਾਕਟਰਾਂ ਦੇ ਹੁਨਰ ਦੇ ਆਧਾਰ 'ਤੇ ਕਹਿੰਦਾ ਹਾਂ। ਮੈਂ ਡਾਕਟਰੀ ਭਾਈਚਾਰੇ ਨੂੰ ਟੈਲੀ-ਮੈਡੀਸਿਨ ਨੂੰ ਵੀ ਦੇਖਣ ਦੀ ਅਪੀਲ ਕਰਦਾ ਹਾਂ। ਅੱਜ, ਦੁਨੀਆ ਨੇ ਭਾਰਤੀ ਅਭਿਆਸਾਂ ਨੂੰ ਵੀ ਨੋਟ ਕੀਤਾ ਹੈ, ਜੋ ਤੰਦਰੁਸਤੀ ਨੂੰ ਹੁਲਾਰਾ ਦਿੰਦੇ ਹਨ। ਇਸ ਵਿੱਚ ਯੋਗ, ਆਯੁਰਵੇਦ ਅਤੇ ਸਿੱਧ ਸ਼ਾਮਲ ਹਨ। ਅਸੀਂ ਇਹਨਾਂ ਨੂੰ ਇੱਕ ਅਜਿਹੀ ਭਾਸ਼ਾ ਵਿੱਚ ਪ੍ਰਸਿੱਧ ਬਣਾਉਣ ਲਈ ਕੰਮ ਕਰ ਰਹੇ ਹਾਂ ਜੋ ਦੁਨੀਆਂ ਸਮਝਦੀ ਹੈ।

ਮਿੱਤਰੋ,

‘ਸੈਂਟਰਲ ਇੰਸਟੀਟਿਊਟ ਆਵ੍ ਕਲਾਸੀਕਲ ਤਮਿਲ’ ਦੀ ਨਵੀਂ ਇਮਾਰਤ ਤਮਿਲ ਸਟੱਡੀਜ਼ ਨੂੰ ਹੋਰ ਪ੍ਰਸਿੱਧ ਬਣਾਵੇਗੀ। ਇਹ ਵਿਦਿਆਰਥੀਆਂ ਅਤੇ ਖੋਜਕਾਰਾਂ ਨੂੰ ਇੱਕ ਵਿਸ਼ਾਲ ਕੈਨਵਸ ਵੀ ਦੇਵੇਗਾ। ਮੈਨੂੰ ਦੱਸਿਆ ਗਿਆ ਹੈ ਕਿ ਸੈਂਟਰਲ ਇੰਸਟੀਟਿਊਟ ਆਵ੍ ਕਲਾਸੀਕਲ ਤਮਿਲ ਵੱਖ-ਵੱਖ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ‘ਤਿਰੂਕੁਰਲ’ ਦਾ ਅਨੁਵਾਦ ਕਰਨ ਦਾ ਇਰਾਦਾ ਰੱਖਦਾ ਹੈ। ਇਹ ਇੱਕ ਚੰਗਾ ਕਦਮ ਹੈ। ਮੈਂ ਹਮੇਸ਼ਾ ਤਮਿਲ ਭਾਸ਼ਾ ਅਤੇ ਸੱਭਿਆਚਾਰ ਦੀ ਸਮ੍ਰਿੱਧੀ ਤੋਂ ਆਕਰਸ਼ਿਤ ਰਿਹਾ ਹਾਂ। ਮੇਰੇ ਜੀਵਨ ਦੇ ਸਭ ਤੋਂ ਖੁਸ਼ਹਾਲ ਛਿਣਾਂ ਵਿੱਚੋਂ ਇੱਕ ਸੀ, ਜਦੋਂ ਮੈਨੂੰ ਸੰਯੁਕਤ ਰਾਸ਼ਟਰ ਵਿੱਚ ਦੁਨੀਆ ਦੀ ਸਭ ਤੋਂ ਪੁਰਾਣੀ ਭਾਸ਼ਾ, ਤਮਿਲ, ਵਿੱਚ ਕੁਝ ਸ਼ਬਦ ਬੋਲਣ ਦਾ ਮੌਕਾ ਮਿਲਿਆ। ਸੰਗਮ ਕਲਾਸਿਕ ਪੁਰਾਣੇ ਜ਼ਮਾਨੇ ਦੇ ਅਮੀਰ ਸਮਾਜ ਅਤੇ ਸੱਭਿਆਚਾਰ ਲਈ ਸਾਡੀ ਵਿੰਡੋ ਹਨ। ਸਾਡੀ ਸਰਕਾਰ ਨੂੰ ਬਨਾਰਸ ਹਿੰਦੂ ਯੂਨੀਵਰਸਿਟੀ ਵਿਚ ਤਮਿਲ ਅਧਿਐਨ 'ਤੇ 'ਸੁਬਰਾਮਣੀਆ ਭਾਰਤੀ ਚੇਅਰ' ਸਥਾਪਿਤ ਕਰਨ ਦਾ ਮਾਣ ਵੀ ਮਿਲਿਆ ਸੀ। ਮੇਰੇ ਸੰਸਦੀ ਖੇਤਰ ਵਿੱਚ ਸਥਿਤ, ਇਹ ਤਮਿਲ ਬਾਰੇ ਵਧੇਰੇ ਉਤਸੁਕਤਾ ਪੈਦਾ ਕਰੇਗਾ। ਜਦੋਂ ਮੈਂ ਗੁਜਰਾਤੀ ਵਿੱਚ ਤਿਰੂਕੁਰਲ ਦਾ ਅਨੁਵਾਦ ਸ਼ੁਰੂ ਕੀਤਾ, ਤਾਂ ਮੈਂ ਜਾਣਦਾ ਸੀ ਕਿ ਇਸ ਸਦੀਵੀ ਰਚਨਾ ਦੇ ਅਮੀਰ ਵਿਚਾਰ ਗੁਜਰਾਤ ਦੇ ਲੋਕਾਂ ਨਾਲ ਜੁੜਨਗੇ ਅਤੇ ਪ੍ਰਾਚੀਨ ਤਮਿਲ ਸਾਹਿਤ ਵਿੱਚ ਵਧੇਰੇ ਰੁਚੀ ਪੈਦਾ ਕਰਨਗੇ।

ਮਿੱਤਰੋ,

ਅਸੀਂ ਆਪਣੀ ਰਾਸ਼ਟਰੀ ਸਿੱਖਿਆ ਨੀਤੀ 2020 ਵਿੱਚ ਭਾਰਤੀ ਭਾਸ਼ਾਵਾਂ ਅਤੇ ਭਾਰਤੀ ਗਿਆਨ ਪ੍ਰਣਾਲੀਆਂ ਦੇ ਪ੍ਰਚਾਰ 'ਤੇ ਬਹੁਤ ਜ਼ੋਰ ਦਿੱਤਾ ਹੈ। ਤਮਿਲ ਨੂੰ ਹੁਣ ਸੈਕੰਡਰੀ ਪੱਧਰ ਜਾਂ ਮੱਧ ਪੱਧਰ 'ਤੇ ਸਕੂਲੀ ਸਿੱਖਿਆ ਵਿੱਚ ਕਲਾਸੀਕਲ ਭਾਸ਼ਾ ਵਜੋਂ ਪੜ੍ਹਿਆ ਜਾ ਸਕਦਾ ਹੈ। ਤਮਿਲ ਭਾਸ਼ਾ-ਸੰਗਮ ਦੀਆਂ ਭਾਸ਼ਾਵਾਂ ਵਿੱਚੋਂ ਇੱਕ ਹੈ ਜਿੱਥੇ ਸਕੂਲੀ ਵਿਦਿਆਰਥੀ ਆਡੀਓ, ਵੀਡੀਓਜ਼ ਵਿੱਚ ਵੱਖ-ਵੱਖ ਭਾਰਤੀ ਭਾਸ਼ਾਵਾਂ ਵਿੱਚ 100 ਵਾਕਾਂ ਤੋਂ ਜਾਣੂ ਹੁੰਦੇ ਹਨ। ਭਾਰਤਵਾਣੀ ਪ੍ਰੋਜੈਕਟ ਅਧੀਨ ਤਮਿਲ ਦੀ ਸਭ ਤੋਂ ਵੱਡੀ ਈ-ਸਮੱਗਰੀ ਨੂੰ ਡਿਜੀਟਲ ਕੀਤਾ ਗਿਆ ਹੈ।

ਮਿੱਤਰੋ,

ਅਸੀਂ ਸਕੂਲਾਂ ਵਿੱਚ ਮਾਤ–ਭਾਸ਼ਾ ਅਤੇ ਸਥਾਨਕ ਭਾਸ਼ਾਵਾਂ ਵਿੱਚ ਸਿੱਖਿਆ ਨੂੰ ਉਤਸ਼ਾਹਿਤ ਕਰ ਰਹੇ ਹਾਂ। ਸਾਡੀ ਸਰਕਾਰ ਨੇ ਇੰਜੀਨੀਅਰਿੰਗ ਵਰਗੇ ਤਕਨੀਕੀ ਕੋਰਸ ਵਿਦਿਆਰਥੀਆਂ ਨੂੰ ਭਾਰਤੀ ਭਾਸ਼ਾਵਾਂ ਵਿੱਚ ਉਪਲਬਧ ਕਰਵਾਉਣੇ ਸ਼ੁਰੂ ਕਰ ਦਿੱਤੇ ਹਨ। ਤਮਿਲ ਨਾਡੂ ਨੇ ਬਹੁਤ ਸਾਰੇ ਹੋਣਹਾਰ ਇੰਜੀਨੀਅਰ ਪੈਦਾ ਕੀਤੇ ਹਨ। ਉਨ੍ਹਾਂ ਵਿੱਚੋਂ ਬਹੁਤ ਸਾਰੇ ਚੋਟੀ ਦੇ ਗਲੋਬਲ ਤਕਨਾਲੋਜੀ ਅਤੇ ਕਾਰੋਬਾਰੀ ਆਗੂ ਬਣ ਗਏ ਹਨ। ਮੈਂ ਇਸ ਪ੍ਰਤਿਭਾਸ਼ਾਲੀ ਤਮਿਲ ਡਾਇਸਪੋਰਾ ਨੂੰ STEM ਕੋਰਸਾਂ ਵਿੱਚ ਤਮਿਲ ਭਾਸ਼ਾ ਦੀ ਸਮੱਗਰੀ ਨੂੰ ਵਿਕਸਿਤ ਕਰਨ ਵਿੱਚ ਮਦਦ ਕਰਨ ਲਈ ਕਹਿੰਦਾ ਹਾਂ। ਅਸੀਂ ਅੰਗਰੇਜ਼ੀ ਭਾਸ਼ਾ ਦੇ ਔਨਲਾਈਨ ਕੋਰਸਾਂ ਦਾ ਤਮਿਲ ਸਮੇਤ ਬਾਰਾਂ ਵੱਖ-ਵੱਖ ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਕਰਨ ਲਈ ਇੱਕ ਆਰਟੀਫਿਸ਼ਲ ਇੰਟੈਲੀਜੈਂਸ ਅਧਾਰਿਤ ਭਾਸ਼ਾ ਅਨੁਵਾਦ ਟੂਲ ਵੀ ਵਿਕਸਿਤ ਕਰ ਰਹੇ ਹਾਂ।

ਮਿੱਤਰੋ,

ਭਾਰਤ ਦੀ ਵਿਭਿੰਨਤਾ ਸਾਡੀ ਤਾਕਤ ਹੈ। ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਵਿਭਿੰਨਤਾ ਵਿੱਚ ਏਕਤਾ ਦੀ ਭਾਵਨਾ ਨੂੰ ਵਧਾਉਣ ਅਤੇ ਸਾਡੇ ਲੋਕਾਂ ਨੂੰ ਨੇੜੇ ਲਿਆਉਣ ਦੀ ਕੋਸ਼ਿਸ਼ ਕਰਦਾ ਹੈ। ਜਦੋਂ ਹਰਿਦੁਆਰ ਵਿੱਚ ਇੱਕ ਛੋਟਾ ਬੱਚਾ ਇੱਕ ਤਿਰੂਵੱਲੂਵਰ ਦੀ ਮੂਰਤੀ ਨੂੰ ਵੇਖਦਾ ਹੈ ਅਤੇ ਉਸ ਦੀ ਮਹਾਨਤਾ ਬਾਰੇ ਪਤਾ ਲਗਾਉਂਦਾ ਹੈ, ਤਾਂ ਇੱਕ ਨੌਜਵਾਨ ਦੇ ਮਨ ਵਿੱਚ ਏਕ ਭਾਰਤ ਸ੍ਰੇਸ਼ਠ ਭਾਰਤ ਦਾ ਬੀਜ ਪਾਇਆ ਜਾਂਦਾ ਹੈ। ਇਸੇ ਤਰ੍ਹਾਂ ਦੀ ਭਾਵਨਾ ਉਦੋਂ ਵੇਖਣ ਨੂੰ ਮਿਲਦੀ ਹੈ, ਜਦੋਂ ਹਰਿਆਣਾ ਦਾ ਇੱਕ ਬੱਚਾ ਕੰਨਿਆਕੁਮਾਰੀ ਵਿਖੇ ਰਾਕ ਮੈਮੋਰੀਅਲ ਦਾ ਦੌਰਾ ਕਰਦਾ ਹੈ। ਜਦੋਂ ਤਮਿਲ ਨਾਡੂ ਜਾਂ ਕੇਰਲਾ ਦੇ ਬੱਚੇ ਵੀਰ ਬਾਲ ਦਿਵਸ ਬਾਰੇ ਜਾਣਦੇ ਹਨ, ਤਾਂ ਉਹ ਸਾਹਿਬਜ਼ਾਦਿਆਂ ਦੇ ਜੀਵਨ ਅਤੇ ਸੰਦੇਸ਼ ਨਾਲ ਜੁੜ ਜਾਂਦੇ ਹਨ। ਇਸ ਮਿੱਟੀ ਦੇ ਮਹਾਨ ਪੁੱਤਰ ਜਿਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਪਰ ਆਪਣੇ ਆਦਰਸ਼ਾਂ ਨਾਲ ਕਦੇ ਸਮਝੌਤਾ ਨਹੀਂ ਕੀਤਾ। ਆਓ ਅਸੀਂ ਹੋਰ ਸੱਭਿਆਚਾਰਾਂ ਦੀ ਖੋਜ ਕਰਨ ਲਈ ਯਤਨ ਕਰੀਏ। ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਤੁਸੀਂ ਇਸਦਾ ਆਨੰਦ ਮਾਣੋਗੇ।

ਮਿੱਤਰੋ,

ਇਸ ਤੋਂ ਪਹਿਲਾਂ ਕਿ ਮੈਂ ਸਮਾਪਤ ਕਰਾਂ, ਮੈਂ ਤੁਹਾਨੂੰ ਸਾਰਿਆਂ ਨੂੰ ਕੋਵਿਡ-19 ਨਾਲ ਸਬੰਧਤ ਸਾਰੇ ਪ੍ਰੋਟੋਕੋਲ ਖਾਸ ਕਰਕੇ ਮਾਸਕ ਅਨੁਸ਼ਾਸਨ ਦੀ ਪਾਲਣਾ ਕਰਨ ਦੀ ਬੇਨਤੀ ਕਰਨੀ ਚਾਹਾਂਗਾ। ਭਾਰਤ ਦੀ ਟੀਕਾਕਰਣ ਮੁਹਿੰਮ ਸ਼ਾਨਦਾਰ ਤਰੱਕੀ ਕਰ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ 15 ਤੋਂ 18 ਵਰਗ ਦੇ ਨੌਜਵਾਨਾਂ ਨੇ ਆਪਣੀ ਖੁਰਾਕ ਲੈਣੀ ਸ਼ੁਰੂ ਕਰ ਦਿੱਤੀ ਹੈ। ਬਜ਼ੁਰਗਾਂ ਅਤੇ ਸਿਹਤ ਸੰਭਾਲ਼ ਕਰਮਚਾਰੀਆਂ ਲਈ ਸਾਵਧਾਨੀ ਦੀ ਖੁਰਾਕ ਵੀ ਸ਼ੁਰੂ ਹੋ ਗਈ ਹੈ। ਮੈਂ ਉਨ੍ਹਾਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਜੋ ਟੀਕਾਕਰਨ ਕਰਵਾਉਣ ਦੇ ਯੋਗ ਹਨ।

‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਔਰ ਸਬਕਾ ਪ੍ਰਯਾਸ’ ਦੇ ਮੰਤਰ ਤੋਂ ਸੇਧ ਲੈ ਕੇ, ਸਾਨੂੰ ਸਾਰਿਆਂ ਨੂੰ 135 ਕਰੋੜ ਭਾਰਤੀਆਂ ਦੇ ਜੀਵਨ ਵਿੱਚ ਹਾਂ–ਪੱਖੀ ਤਬਦੀਲੀ ਲਿਆਉਣ ਲਈ ਮਿਲ ਕੇ ਕੰਮ ਕਰਨਾ ਹੋਵੇਗਾ। ਮਹਾਮਾਰੀ ਤੋਂ ਸਿੱਖਦਿਆਂ ਅਸੀਂ ਆਪਣੇ ਸਾਰੇ ਦੇਸ਼ ਵਾਸੀਆਂ ਲਈ ਸਮਾਵੇਸ਼ੀ ਅਤੇ ਮਿਆਰੀ ਸਿਹਤ ਸੇਵਾਵਾਂ ਨੂੰ ਯਕੀਨੀ ਬਣਾਉਣ ਲਈ ਕੰਮ ਕਰਦੇ ਰਹਿੰਦੇ ਹਾਂ। ਸਾਨੂੰ ਆਪਣੇ ਅਮੀਰ ਸੱਭਿਆਚਾਰ ਤੋਂ ਸਿੱਖਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਅੰਮ੍ਰਿਤ ਕਾਲ ਦੀ ਨੀਂਹ ਰੱਖਣ ਦੀ ਜ਼ਰੂਰਤ ਹੈ। ਪੋਂਗਲ ਦੇ ਮੌਕੇ 'ਤੇ ਇੱਕ ਵਾਰ ਫਿਰ ਸਾਰਿਆਂ ਨੂੰ ਸ਼ੁਭਕਾਮਨਾਵਾਂ। ਇਹ ਸਾਡੇ ਸਾਰਿਆਂ ਲਈ ਸ਼ਾਂਤੀ ਅਤੇ ਖੁਸ਼ਹਾਲੀ ਲਿਆਵੇ।

ਵਣੱਕਮ।

ਤੁਹਾਡਾ ਧੰਨਵਾਦ।

 

************

 

ਡੀਐੱਸ/ਏਕੇ



(Release ID: 1789526) Visitor Counter : 152