ਪ੍ਰਧਾਨ ਮੰਤਰੀ ਦਫਤਰ

ਮੱਧ ਏਸ਼ਿਆਈ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

Posted On: 20 DEC 2021 4:39PM by PIB Chandigarh

ਕਜ਼ਾਕਿਸਤਾਨ, ਕਿਰਗਿਜ਼ ਗਣਰਾਜ, ਤਾਜ਼ਿਕਿਸਤਾਨ, ਤੁਰਕਮੇਨਿਸਤਾਨ ਅਤੇ ਉਜ਼ਬੇਕਿਸਤਾਨ ਦੇ ਵਿਦੇਸ਼ ਮੰਤਰੀਆਂ ਨੇ 20 ਦਸੰਬਰ 2021 ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਮੱਧ ਏਸ਼ਿਆਈ ਦੇਸ਼ਾਂ ਦੇ ਵਿਦੇਸ਼ ਮੰਤਰੀ ਭਾਰਤ-ਮੱਧ ਏਸ਼ੀਆ ਸੰਵਾਦ ਦੀ ਤੀਸਰੀ ਬੈਠਕ ਵਿੱਚ ਹਿੱਸਾ ਲੈਣ ਲਈ ਨਵੀਂ ਦਿੱਲੀ ਦਾ ਦੌਰਾ ਕਰ ਰਹੇ ਹਨ।

 

ਮੱਧ ਏਸ਼ਿਆਈ ਵਿਦੇਸ਼ ਮੰਤਰੀਆਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਆਪਣੇ ਰਾਸ਼ਟਰਪਤੀਆਂ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਭਾਰਤ ਨਾਲ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਉਨ੍ਹਾਂ ਦੀ ਲੀਡਰਸ਼ਿਪ ਦੇ ਉਤਸ਼ਾਹ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ 18-19 ਦਸੰਬਰ 2021 ਨੂੰ ਭਾਰਤ ਦੇ ਵਿਦੇਸ਼ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਭਾਰਤ-ਮੱਧ ਏਸ਼ੀਆ ਵਾਰਤਾ ਸਬੰਧੀ ਵਿਚਾਰ-ਵਟਾਂਦਰੇ ਬਾਰੇ ਜਾਣਕਾਰੀ ਦਿੱਤੀ, ਜਿਸ ਵਿੱਚ ਅਫ਼ਗ਼ਾਨਿਸਤਾਨ ਦੀ ਸਥਿਤੀ ਸਮੇਤ ਵਪਾਰ ਅਤੇ ਸੰਪਰਕ, ਵਿਕਾਸ ਭਾਈਵਾਲੀ ਅਤੇ ਖੇਤਰੀ ਵਿਕਾਸ 'ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਸੀ।

 

ਪ੍ਰਧਾਨ ਮੰਤਰੀ ਨੇ ਭਾਰਤ ਦੁਆਰਾ ਮੱਧ ਏਸ਼ਿਆਈ ਦੇਸ਼ਾਂ, ਜੋ ਕਿ ਇਸ ਦੇ 'ਵਿਸਤ੍ਰਿਤ ਗੁਆਂਢ' ਦਾ ਹਿੱਸਾ ਹਨ, ਨਾਲ ਆਪਣੇ ਲੰਬੇ ਸਮੇਂ ਦੇ ਸਬੰਧਾਂ ਨੂੰ ਦਿੱਤੇ ਜਾ ਰਹੇ ਮਹੱਤਵ 'ਤੇ ਜ਼ੋਰ ਦਿੱਤਾ। ਉਨ੍ਹਾਂ ਇਸ ਵਰ੍ਹੇ ਆਜ਼ਾਦੀ ਦੀ 30ਵੀਂ ਵਰ੍ਹੇਗੰਢ 'ਤੇ ਮੰਤਰੀਆਂ ਨੂੰ ਵਧਾਈ ਦਿੱਤੀ। ਉਨ੍ਹਾਂ 2015 ਵਿੱਚ ਸਾਰੇ ਮੱਧ ਏਸ਼ਿਆਈ ਦੇਸ਼ਾਂ ਅਤੇ ਉਸ ਤੋਂ ਬਾਅਦ ਕਜ਼ਾਕਿਸਤਾਨ, ਉਜ਼ਬੇਕਿਸਤਾਨ ਅਤੇ ਕਿਰਗਿਜ਼ ਗਣਰਾਜ ਦੇ ਆਪਣੇ ਯਾਦਗਾਰੀ ਦੌਰਿਆਂ ਨੂੰ ਯਾਦ ਕੀਤਾ। ਪ੍ਰਧਾਨ ਮੰਤਰੀ ਨੇ ਇਸ ਖੇਤਰ ਵਿੱਚ ਭਾਰਤੀ ਫਿਲਮਾਂ, ਸੰਗੀਤ, ਯੋਗ ਆਦਿ ਦੀ ਮਕਬੂਲੀਅਤ ਨੂੰ ਦੇਖਦੇ ਹੋਏ ਭਾਰਤ ਅਤੇ ਮੱਧ ਏਸ਼ੀਆ ਦਰਮਿਆਨ ਸੱਭਿਆਚਾਰਕ ਅਤੇ ਲੋਕਾਂ ਦੇ ਪਰਸਪਰ ਸੰਪਰਕ ਨੂੰ ਬਰਕਰਾਰ ਰੱਖਣ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਭਾਰਤ ਅਤੇ ਮੱਧ ਏਸ਼ੀਆ ਦਰਮਿਆਨ ਆਰਥਿਕ ਸਹਿਯੋਗ ਵਧਾਉਣ ਦੀ ਸੰਭਾਵਨਾ ਅਤੇ ਇਸ ਸਬੰਧ ਵਿੱਚ ਕਨੈਕਟੀਵਿਟੀ ਦੀ ਭੂਮਿਕਾ ਨੂੰ ਵੀ ਰੇਖਾਂਕਿਤ ਕੀਤਾ। ਭਾਰਤ-ਮੱਧ ਏਸ਼ੀਆ ਸੰਵਾਦ ਨੇ ਭਾਰਤ ਅਤੇ ਮੱਧ ਏਸ਼ਿਆਈ ਦੇਸ਼ਾਂ ਦਰਮਿਆਨ ਸ਼ਾਨਦਾਰ ਦੁਵੱਲੇ ਸਬੰਧਾਂ ਨੂੰ ਹੁਲਾਰਾ ਦਿੱਤਾ ਹੈ।

ਭਾਰਤ ਅਤੇ ਮੱਧ ਏਸ਼ਿਆਈ ਦੇਸ਼ ਅਗਲੇ ਵਰ੍ਹੇ ਆਪਣੇ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੀ 30ਵੀਂ ਵਰ੍ਹੇਗੰਢ ਮਨਾਉਣਗੇ।

 

 

*********

 

ਡੀਐੱਸ/ਏਕੇ



(Release ID: 1783642) Visitor Counter : 172