ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਵਾਰਾਣਸੀ ਵਿੱਚ ਸ਼੍ਰੀ ਕਾਸ਼ੀ ਵਿਸ਼ਵਨਾਥ ਧਾਮ ਦਾ ਉਦਘਾਟਨ ਕੀਤਾ



“ਵਿਸ਼ਵਨਾਥ ਧਾਮ ਸਿਰਫ਼ ਇੱਕ ਸ਼ਾਨਦਾਰ ਇਮਾਰਤ ਨਹੀਂ ਹੈ। ਇਹ ਭਾਰਤ ਦੇ ਸਨਾਤਨ ਸੱਭਿਆਚਾਰ ਦਾ ਪ੍ਰਤੀਕ ਹੈ। ਇਹ ਸਾਡੀ ਰੂਹਾਨੀ ਆਤਮਾ ਦਾ ਪ੍ਰਤੀਕ ਹੈ। ਇਹ ਭਾਰਤ ਦੀ ਪੁਰਾਤਨਤਾ, ਪਰੰਪਰਾਵਾਂ, ਭਾਰਤ ਦੀ ਊਰਜਾ ਅਤੇ ਗਤੀਸ਼ੀਲਤਾ ਦਾ ਪ੍ਰਤੀਕ ਹੈ।”



“ਪਹਿਲਾਂ ਮੰਦਿਰ ਦਾ ਖੇਤਰਫਲ ਸਿਰਫ਼ 3000 ਵਰਗ ਫੁੱਟ ਸੀ ਜਿਸ ਨੂੰ ਹੁਣ ਵਧਾ ਕੇ ਤਕਰੀਬਨ 5 ਲੱਖ ਵਰਗ ਫੁੱਟ ਕਰ ਦਿੱਤਾ ਗਿਆ ਹੈ। ਹੁਣ 50000 - 75000 ਸ਼ਰਧਾਲੂ ਮੰਦਿਰ ਅਤੇ ਮੰਦਿਰ ਪਰਿਸਰ ਦੇ ਦਰਸ਼ਨ ਕਰਨ ਆ ਸਕਦੇ ਹਨ"



"ਕਾਸ਼ੀ ਵਿਸ਼ਵਨਾਥ ਧਾਮ ਨੂੰ ਸਮਰਪਿਤ ਕੀਤਾ ਜਾਣਾ ਭਾਰਤ ਨੂੰ ਇੱਕ ਨਿਰਣਾਇਕ ਦਿਸ਼ਾ ਦੇਵੇਗਾ ਅਤੇ ਇੱਕ ਉੱਜਵਲ ਭਵਿੱਖ ਵੱਲ ਲੈ ਜਾਵੇਗਾ। ਇਹ ਕੰਪਲੈਕਸ ਸਾਡੀ ਸਮਰੱਥਾ ਅਤੇ ਸਾਡੇ ਫਰਜ਼ ਦਾ ਪ੍ਰਮਾਣ ਹੈ। ਦ੍ਰਿੜ੍ਹ ਇਰਾਦੇ ਅਤੇ ਠੋਸ ਸੋਚ ਨਾਲ, ਕੁਝ ਵੀ ਅਸੰਭਵ ਨਹੀਂ ਹੈ।"



"ਮੇਰੇ ਲਈ ਪਰਮਾਤਮਾ ਲੋਕਾਂ ਦੇ ਰੂਪ ਵਿੱਚ ਆਉਂਦਾ ਹੈ, ਮੇਰੇ ਲਈ ਹਰ ਵਿਅਕਤੀ ਪਰਮਾਤਮਾ ਦਾ ਹਿੱਸਾ ਹੈ। ਮੈਂ ਦੇਸ਼ ਲਈ ਲੋਕਾਂ ਤੋਂ ਤਿੰਨ ਸੰਕਲਪ ਮੰਗਦਾ ਹਾਂ - ਸਵੱਛਤਾ, ਸਿਰਜਣਾ ਅਤੇ ਆਤਮਨਿਰਭਰ ਭਾਰਤ ਲਈ ਨਿਰੰਤਰ ਪ੍ਰਯਤਨ।”



“ਲੰਬੇ ਅਰਸੇ ਦੀ ਗ਼ੁਲਾਮੀ ਨੇ ਸਾਡੇ ਆਤਮਵਿਸ਼ਵਾਸ ਨੂੰ ਇਸ ਤਰ੍ਹਾਂ ਤੋੜਿਆ ਕਿ ਅਸੀਂ ਆਪਣੀ ਰਚਨਾ ਤੋਂ ਵਿਸ਼ਵਾਸ ਗੁਆ ਦਿੱਤਾ। ਅੱਜ, ਇਸ ਹਜ਼ਾਰਾਂ ਵਰ੍ਹੇ ਪੁਰਾਣੀ ਕਾਸ਼ੀ ਤੋਂ, ਮੈਂ ਹਰ ਦੇਸ਼ ਵਾਸੀ ਨੂੰ ਸੱਦਾ ਦਿੰਦਾ ਹਾ

Posted On: 13 DEC 2021 3:16PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਾਰਾਣਸੀ ਵਿੱਚ ਸ਼੍ਰੀ ਕਾਸ਼ੀ ਵਿਸ਼ਵਨਾਥ ਧਾਮ ਦਾ ਉਦਘਾਟਨ ਕੀਤਾ। ਉਨ੍ਹਾਂ ਕਾਸ਼ੀ ਵਿੱਚ ਕਾਲ ਭੈਰਵ ਮੰਦਿਰ ਅਤੇ ਕਾਸ਼ੀ ਵਿਸ਼ਵਨਾਥ ਧਾਮ ਵਿੱਚ ਪ੍ਰਾਰਥਨਾ ਕੀਤੀ। ਉਨ੍ਹਾਂ ਨੇ ਗੰਗਾ ਨਦੀ ਵਿੱਚ ਪਵਿੱਤਰ ਇਸ਼ਨਾਨ ਵੀ ਕੀਤਾ। 

 

1.jpg

 

‘ਨਗਰ ਕੋਤਵਾਲ’ (ਭਗਵਾਨ ਕਾਲ ਭੈਰਵ) ਦੇ ਚਰਨਾਂ ਵਿੱਚ ਪ੍ਰਣਾਮ ਨਾਲ ਆਪਣੇ ਸੰਬੋਧਨ ਦੀ ਸ਼ੁਰੂਆਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਅਸ਼ੀਰਵਾਦ ਤੋਂ ਬਿਨਾਂ ਕੋਈ ਵੀ ਵਿਸ਼ੇਸ਼ ਕੰਮ ਨਹੀਂ ਹੁੰਦਾ। ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਲਈ ਪ੍ਰਭੂ ਦਾ ਅਸ਼ੀਰਵਾਦ ਮੰਗਿਆ। ਪ੍ਰਧਾਨ ਮੰਤਰੀ ਨੇ ਪੁਰਾਣਾਂ ਦਾ ਹਵਾਲਾ ਦਿੱਤਾ ਜੋ ਕਹਿੰਦੇ ਹਨ ਕਿ ਜਿਵੇਂ ਹੀ ਕੋਈ ਕਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ, ਉਹ ਸਾਰੇ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ।  "ਭਗਵਾਨ ਵਿਸ਼ਵੇਸ਼ਵਰ ਦਾ ਅਸ਼ੀਰਵਾਦ, ਸਾਡੇ ਇੱਥੇ ਆਉਂਦੇ ਹੀ ਇੱਕ ਅਲੌਕਿਕ ਊਰਜਾ ਸਾਡੀ ਅੰਦਰੂਨੀ ਆਤਮਾ ਨੂੰ ਜਗਾਉਂਦੀ ਹੈ।" ਉਨ੍ਹਾਂ ਅੱਗੇ ਕਿਹਾ ਕਿ ਵਿਸ਼ਵਨਾਥ ਧਾਮ ਦਾ ਇਹ ਪੂਰਾ ਨਵਾਂ ਕੰਪਲੈਕਸ ਸਿਰਫ਼ ਇੱਕ ਸ਼ਾਨਦਾਰ ਇਮਾਰਤ ਨਹੀਂ ਹੈ। ਇਹ ਸਾਡੇ ਭਾਰਤ ਦੇ ਸਨਾਤਨ ਸੱਭਿਆਚਾਰ ਦਾ ਪ੍ਰਤੀਕ ਹੈ। ਇਹ ਸਾਡੀ ਰੂਹਾਨੀ ਆਤਮਾ ਦਾ ਪ੍ਰਤੀਕ ਹੈ। ਇਹ ਭਾਰਤ ਦੀ ਪੁਰਾਤਨਤਾ, ਪਰੰਪਰਾਵਾਂ, ਭਾਰਤ ਦੀ ਊਰਜਾ ਅਤੇ ਗਤੀਸ਼ੀਲਤਾ ਦਾ ਪ੍ਰਤੀਕ ਹੈ। ਪ੍ਰਧਾਨ ਮੰਤਰੀ ਨੇ ਕਿਹਾ, 'ਜਦੋਂ ਕੋਈ ਇੱਥੇ ਆਵੇਗਾ, ਤਾਂ ਉਹ ਨਾ ਸਿਰਫ਼ ਆਪਣੇ ਵਿਸ਼ਵਾਸ ਨੂੰ ਦੇਖਣਗੇ ਬਲਕਿ ਇੱਥੇ ਅਤੀਤ ਦੀ ਸ਼ਾਨ ਨੂੰ ਵੀ ਮਹਿਸੂਸ ਕਰਨਗੇ। ਕਿਵੇਂ ਪੁਰਾਤਨਤਾ ਅਤੇ ਨਵੀਨਤਾ ਇਕੱਠੇ ਜੀਵੰਤ ਹੁੰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਕਿਵੇਂ ਕਦੀਮ ਦੀਆਂ ਪ੍ਰੇਰਨਾਵਾਂ ਭਵਿੱਖ ਨੂੰ ਦਿਸ਼ਾ ਦੇ ਰਹੀਆਂ ਹਨ, ਅਸੀਂ ਵਿਸ਼ਵਨਾਥ ਧਾਮ ਕੰਪਲੈਕਸ ਵਿੱਚ ਇਸ ਨੂੰ ਬਹੁਤ ਸਪਸ਼ਟ ਤੌਰ 'ਤੇ ਦੇਖ ਰਹੇ ਹਾਂ।“

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲਾਂ ਮੰਦਿਰ ਦਾ ਖੇਤਰਫਲ ਸਿਰਫ਼ 3000 ਵਰਗ ਫੁੱਟ ਸੀ ਜੋ ਹੁਣ ਵਧ ਕੇ ਤਕਰੀਬਨ 5 ਲੱਖ ਵਰਗ ਫੁੱਟ ਹੋ ਗਿਆ ਹੈ। ਹੁਣ 50000 - 75000 ਸ਼ਰਧਾਲੂ ਮੰਦਿਰ ਅਤੇ ਮੰਦਿਰ ਪਰਿਸਰ ਦੇ ਦਰਸ਼ਨ ਕਰਨ ਆ ਸਕਦੇ ਹਨ।  ਉਨ੍ਹਾਂ ਜਾਣਕਾਰੀ ਦਿੱਤੀ, ਯਾਨੀ ਪਹਿਲਾਂ ਮਾਂ ਗੰਗਾ ਦੇ ਦਰਸ਼ਨ ਅਤੇ ਇਸ਼ਨਾਨ, ਅਤੇ ਉਥੋਂ ਸਿੱਧਾ ਵਿਸ਼ਵਨਾਥ ਧਾਮ। 

 

2.jpg

 

ਕਾਸ਼ੀ ਦੀ ਮਹਿਮਾ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਸ਼ੀ ਅਵਿਨਾਸ਼ੀ ਹੈ ਅਤੇ ਭਗਵਾਨ ਸ਼ਿਵ ਦੀ ਸਰਪ੍ਰਸਤੀ ਹੇਠ ਹੈ। ਉਨ੍ਹਾਂ ਇਸ ਸ਼ਾਨਦਾਰ ਕੰਪਲੈਕਸ ਦੀ ਉਸਾਰੀ ਵਿੱਚ ਸਹਿਯੋਗ ਦੇਣ ਵਾਲੇ ਹਰੇਕ ਮਜ਼ਦੂਰ ਦਾ ਧੰਨਵਾਦ ਕੀਤਾ। ਇਨ੍ਹਾਂ ਨੇ ਇੱਥੇ ਵੀ ਕੋਰੋਨਾ ਨੂੰ ਕੰਮ ਨਹੀਂ ਰੁਕਣ ਦਿੱਤਾ। ਉਨ੍ਹਾਂ ਵਰਕਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਸਨਮਾਨ ਕੀਤਾ। ਸ਼੍ਰੀ ਮੋਦੀ ਨੇ ਧਾਮ ਦੇ ਨਿਰਮਾਣ ਕਾਰਜ ਵਿੱਚ ਲਗੇ ਮਜ਼ਦੂਰਾਂ ਨਾਲ ਦੁਪਹਿਰ ਦਾ ਭੋਜਨ ਕੀਤਾ। ਪ੍ਰਧਾਨ ਮੰਤਰੀ ਨੇ ਕਾਰੀਗਰਾਂ, ਨਿਰਮਾਣ ਨਾਲ ਜੁੜੇ ਲੋਕਾਂ, ਪ੍ਰਸ਼ਾਸਨ ਅਤੇ ਉਨ੍ਹਾਂ ਪਰਿਵਾਰਾਂ ਦੀ ਵੀ ਸ਼ਲਾਘਾ ਕੀਤੀ ਜਿਨ੍ਹਾਂ ਦੇ ਇੱਥੇ ਘਰ ਸਨ। ਇਸ ਸਭ ਦੇ ਨਾਲ, ਉਨ੍ਹਾਂ ਨੇ ਯੂਪੀ ਸਰਕਾਰ, ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ ਨੂੰ ਵੀ ਵਧਾਈ ਦਿੱਤੀ, ਜਿਨ੍ਹਾਂ ਨੇ ਕਾਸ਼ੀ ਵਿਸ਼ਵਨਾਥ ਧਾਮ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਅਣਥੱਕ ਮਿਹਨਤ ਕੀਤੀ। 

 

3.jpg

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਹਮਲਾਵਰਾਂ ਨੇ ਇਸ ਸ਼ਹਿਰ 'ਤੇ ਹਮਲੇ ਕੀਤੇ, ਇਸ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ। ਇਹ ਸ਼ਹਿਰ ਔਰੰਗਜ਼ੇਬ ਦੇ ਜ਼ੁਲਮਾਂ ਅਤੇ ਉਸ ਦੀ ਦਹਿਸ਼ਤ ਦੇ ਇਤਿਹਾਸ ਦਾ ਗਵਾਹ ਹੈ। ਜਿਸ ਨੇ ਤਲਵਾਰ ਨਾਲ ਸੱਭਿਅਤਾ ਨੂੰ ਬਦਲਣ ਦੀ ਕੋਸ਼ਿਸ਼ ਕੀਤੀ, ਜਿਸ ਨੇ ਕੱਟੜਤਾ ਨਾਲ ਸੱਭਿਆਚਾਰ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ। ਪਰ ਇਸ ਦੇਸ਼ ਦੀ ਮਿੱਟੀ ਬਾਕੀ ਦੁਨੀਆਂ ਨਾਲੋਂ ਵੱਖਰੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਜੇਕਰ ਔਰੰਗਜ਼ੇਬ ਹੈ ਤਾਂ ਸ਼ਿਵਾਜੀ ਵੀ ਹੈ। ਜੇਕਰ ਕੋਈ ਸਲਾਰ ਮਸੂਦ ਆਉਂਦਾ ਹੈ ਤਾਂ ਰਾਜਾ ਸੁਹੇਲਦੇਵ ਜਿਹੇ ਬਹਾਦਰ ਜੋਧੇ ਉਸ ਨੂੰ ਭਾਰਤ ਦੀ ਏਕਤਾ ਦੀ ਤਾਕਤ ਦਾ ਸੁਆਦ ਚੱਖਾਉਂਦੇ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਬ੍ਰਿਟਿਸ਼ ਕਾਲ ਦੌਰਾਨ ਵੀ, ਕਾਸ਼ੀ ਦੇ ਲੋਕ ਜਾਣਦੇ ਸਨ ਕਿ ਹੇਸਟਿੰਗਜ਼ ਨਾਲ ਕੀ ਹੋਇਆ ਸੀ। 

 

4.jpg

 

ਪ੍ਰਧਾਨ ਮੰਤਰੀ ਨੇ ਕਾਸ਼ੀ ਦੀ ਮਹਿਮਾ ਅਤੇ ਮਹੱਤਤਾ ਦਾ ਵਰਣਨ ਕੀਤਾ। ਉਨ੍ਹਾਂ ਟਿੱਪਣੀ ਕੀਤੀ ਕਿ ਕਾਸ਼ੀ ਸਿਰਫ਼ ਸ਼ਬਦਾਂ ਦਾ ਵਿਸ਼ਾ ਨਹੀਂ ਹੈ, ਇਹ ਸੰਵੇਦਨਾਵਾਂ ਦੀ ਰਚਨਾ ਹੈ। ਕਾਸ਼ੀ ਉਹ ਹੈ - ਜਿੱਥੇ ਜਾਗਰਿਤੀ ਜੀਵਨ ਹੈ;  ਕਾਸ਼ੀ ਉਹ ਹੈ- ਜਿੱਥੇ ਮੌਤ ਵੀ ਤਿਉਹਾਰ ਹੈ;  ਕਾਸ਼ੀ ਉਹ ਹੈ - ਜਿੱਥੇ ਸੱਚਾਈ ਸੱਭਿਆਚਾਰ ਹੈ;  ਕਾਸ਼ੀ ਉਹ ਹੈ ਜਿੱਥੇ ਪਿਆਰ ਦੀ ਪਰੰਪਰਾ ਹੈ। ਉਨ੍ਹਾਂ ਅੱਗੇ ਕਿਹਾ ਕਿ ਵਾਰਾਣਸੀ ਉਹ ਸ਼ਹਿਰ ਹੈ ਜਿੱਥੋਂ ਜਗਦਗੁਰੂ ਸ਼ੰਕਰਾਚਾਰੀਆ ਨੇ ਸ਼੍ਰੀ ਡੋਮ ਰਾਜਾ ਦੀ ਪਵਿੱਤਰਤਾ ਤੋਂ ਪ੍ਰੇਰਣਾ ਲਈ ਅਤੇ ਦੇਸ਼ ਨੂੰ ਏਕਤਾ ਦੇ ਧਾਗੇ ਵਿੱਚ ਬੰਨ੍ਹਣ ਦਾ ਸੰਕਲਪ ਲਿਆ। ਇਹ ਉਹ ਸਥਾਨ ਹੈ ਜਿੱਥੇ ਗੋਸਵਾਮੀ ਤੁਲਸੀਦਾਸ ਨੇ ਭਗਵਾਨ ਸ਼ੰਕਰ ਤੋਂ ਪ੍ਰੇਰਣਾ ਲੈ ਕੇ ਰਾਮਚਰਿਤਮਾਨਸ ਵਰਗੀ ਆਕਾਸ਼ੀ ਰਚਨਾ ਦੀ ਰਚਨਾ ਕੀਤੀ ਸੀ। ਪ੍ਰਧਾਨ ਮੰਤਰੀ ਨੇ ਵਰਣਨ ਨੂੰ ਜਾਰੀ ਰੱਖਿਆ ਅਤੇ ਕਿਹਾ ਕਿ ਭਗਵਾਨ ਬੁੱਧ ਦਾ ਗਿਆਨ ਇੱਥੇ ਸਾਰਨਾਥ ਵਿੱਚ ਦੁਨੀਆ ਲਈ ਪ੍ਰਗਟ ਹੋਇਆ ਸੀ। ਸਮਾਜ ਦੀ ਬਿਹਤਰੀ ਲਈ ਕਬੀਰਦਾਸ ਜਿਹੇ ਸੰਤ ਇੱਥੇ ਪ੍ਰਗਟ ਹੋਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਸਮਾਜ ਨੂੰ ਇਕਜੁੱਟ ਕਰਨ ਦੀ ਜ਼ਰੂਰਤ ਸੀ ਤਾਂ ਇਹ ਕਾਸ਼ੀ ਸੰਤ ਰਾਇਦਾਸ ਦੀ ਭਗਤੀ ਦੀ ਸ਼ਕਤੀ ਦਾ ਕੇਂਦਰ ਬਣ ਗਿਆ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਸ਼ੀ ਚਾਰ ਜੈਨ ਤੀਰਥੰਕਰਾਂ ਦੀ ਧਰਤੀ ਹੈ, ਜੋ ਅਹਿੰਸਾ ਅਤੇ ਤਪੱਸਿਆ ਦਾ ਪ੍ਰਤੀਕ ਹੈ। ਰਾਜਾ ਹਰੀਸ਼ਚੰਦਰ ਦੀ ਇਮਾਨਦਾਰੀ ਤੋਂ ਲੈ ਕੇ ਵੱਲਭਚਾਰੀਆ, ਰਾਮਾਨੰਦ ਜੀ ਦੇ ਗਿਆਨ ਤੱਕ। ਚੈਤਨਯ ਮਹਾਪ੍ਰਭੂ, ਸਮਰਥ ਗੁਰੂ ਰਾਮਦਾਸ ਤੋਂ ਲੈ ਕੇ ਸਵਾਮੀ ਵਿਵੇਕਾਨੰਦ, ਮਦਨ ਮੋਹਨ ਮਾਲਵੀਯ ਤੱਕ। ਕਾਸ਼ੀ ਦੀ ਪਵਿੱਤਰ ਧਰਤੀ ਅਣਗਿਣਤ ਰਿਸ਼ੀਆਂ, ਆਚਾਰੀਆਂ ਦੀ ਧਰਤੀ ਰਹੀ ਹੈ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਛਤਰਪਤੀ ਸ਼ਿਵਾਜੀ ਮਹਾਰਾਜ ਇੱਥੇ ਆਏ ਸਨ। ਰਾਣੀ ਲਕਸ਼ਮੀ ਬਾਈ ਤੋਂ ਲੈ ਕੇ ਚੰਦਰਸ਼ੇਖਰ ਆਜ਼ਾਦ ਤੱਕ, ਕਾਸ਼ੀ ਬਹੁਤ ਸਾਰੇ ਜੋਧਿਆਂ ਦੀ ਕਰਮਭੂਮੀ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤੇਂਦੁ ਹਰੀਸ਼ਚੰਦਰ, ਜੈਸ਼ੰਕਰ ਪ੍ਰਸਾਦ, ਮੁਨਸ਼ੀ ਪ੍ਰੇਮਚੰਦ, ਪੰਡਿਤ ਰਵੀ ਸ਼ੰਕਰ ਅਤੇ ਬਿਸਮਿੱਲ੍ਹਾ ਖਾਨ ਵਰਗੀਆਂ ਪ੍ਰਤਿਭਾਵਾਂ ਇਸ ਮਹਾਨ ਸ਼ਹਿਰ ਤੋਂ ਹਨ।

 

5.jpg

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਸ਼ੀ ਵਿਸ਼ਵਨਾਥ ਧਾਮ ਨੂੰ ਸਮਰਪਿਤ ਕੀਤਾ ਜਾਣਾ ਭਾਰਤ ਨੂੰ ਇੱਕ ਨਿਰਣਾਇਕ ਦਿਸ਼ਾ ਦੇਵੇਗਾ ਅਤੇ ਇੱਕ ਉੱਜਵਲ ਭਵਿੱਖ ਵੱਲ ਲੈ ਜਾਵੇਗਾ। ਇਹ ਕੰਪਲੈਕਸ ਸਾਡੀ ਸਮਰੱਥਾ ਅਤੇ ਸਾਡੇ ਫਰਜ਼ ਦਾ ਪ੍ਰਮਾਣ ਹੈ। ਦ੍ਰਿੜ੍ਹ ਇਰਾਦੇ ਅਤੇ ਠੋਸ ਸੋਚ ਨਾਲ, ਕੁਝ ਵੀ ਅਸੰਭਵ ਨਹੀਂ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤੀਆਂ ਪਾਸ ਅਕਲਪਿਤ ਨੂੰ ਸੱਚ ਕਰਨ ਦੀ ਸ਼ਕਤੀ ਹੈ। ਅਸੀਂ ਤਪੱਸਿਆ ਜਾਣਦੇ ਹਾਂ, ਅਤੇ ਦੇਸ਼ ਲਈ ਦਿਨ-ਰਾਤ ਬਿਤਾਉਣੇ ਜਾਣਦੇ ਹਾਂ। ਚੁਣੌਤੀ ਭਾਵੇਂ ਕਿੰਨੀ ਵੀ ਵੱਡੀ ਕਿਉਂ ਨਾ ਹੋਵੇ, ਅਸੀਂ ਭਾਰਤੀ ਮਿਲ ਕੇ ਇਸ ਨੂੰ ਹਰਾ ਸਕਦੇ ਹਾਂ।"

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਭਾਰਤ ਆਪਣੀ ਗੁਆਚੀ ਵਿਰਾਸਤ ਨੂੰ ਪੁਨਰ ਸੁਰਜੀਤ ਕਰ ਰਿਹਾ ਹੈ। ਇੱਥੇ ਕਾਸ਼ੀ ਵਿੱਚ ਮਾਤਾ ਅੰਨਪੂਰਣਾ ਆਪ ਨਿਵਾਸ ਕਰਦੇ ਹਨ। ਉਨ੍ਹਾਂ ਖੁਸ਼ੀ ਪ੍ਰਗਟਾਈ ਕਿ ਕਾਸ਼ੀ ਤੋਂ ਚੋਰੀ ਹੋਈ ਮਾਂ ਅੰਨਪੂਰਨਾ ਦੀ ਮੂਰਤੀ ਹੁਣ ਇੱਕ ਸਦੀ ਦੇ ਇੰਤਜ਼ਾਰ ਤੋਂ ਬਾਅਦ ਕਾਸ਼ੀ ਵਿੱਚ ਮੁੜ ਸਥਾਪਿਤ ਕੀਤੀ ਗਈ ਹੈ। 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਲਈ ਭਗਵਾਨ ਲੋਕਾਂ ਦੇ ਰੂਪ ਵਿੱਚ ਆਉਂਦੇ ਹਨ ਅਤੇ ਉਨ੍ਹਾਂ ਲਈ ਹਰ ਭਾਰਤੀ ਭਗਵਾਨ ਦਾ ਹਿੱਸਾ ਹੈ। ਉਨ੍ਹਾਂ ਦੇਸ਼ ਲਈ ਲੋਕਾਂ ਤੋਂ ਤਿੰਨ ਸੰਕਲਪਾਂ ਦੀ ਮੰਗ ਕੀਤੀ - ਸਵੱਛਤਾ, ਸਿਰਜਣਾ ਅਤੇ ਆਤਮਨਿਰਭਰ ਭਾਰਤ ਲਈ ਨਿਰੰਤਰ ਪ੍ਰਯਤਨ।

 

ਪ੍ਰਧਾਨ ਮੰਤਰੀ ਨੇ ਸਵੱਛਤਾ ਨੂੰ ਜੀਵਨ ਦਾ ਇੱਕ ਤਰੀਕਾ ਦੱਸਿਆ ਅਤੇ ਇਸ ਉੱਦਮ ਵਿੱਚ ਖ਼ਾਸ ਕਰਕੇ ਨਮਾਮੀ ਗੰਗੇ ਮਿਸ਼ਨ ਵਿੱਚ ਲੋਕਾਂ ਦੀ ਭਾਗੀਦਾਰੀ ਲਈ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਗ਼ੁਲਾਮੀ ਦੇ ਲੰਬੇ ਦੌਰ ਨੇ ਸਾਡੇ ਆਤਮਵਿਸ਼ਵਾਸ ਨੂੰ ਇਸ ਤਰ੍ਹਾਂ ਤੋੜ ਦਿੱਤਾ ਕਿ ਅਸੀਂ ਆਪਣੀ ਰਚਨਾ ਤੋਂ ਵਿਸ਼ਵਾਸ ਗੁਆ ਦਿੱਤਾ। ਅੱਜ, ਇਸ ਹਜ਼ਾਰ ਵਰ੍ਹੇ ਪੁਰਾਣੀ ਕਾਸ਼ੀ ਤੋਂ, ਮੈਂ ਹਰ ਦੇਸ਼ਵਾਸੀ ਨੂੰ ਸੱਦਾ ਦਿੰਦਾ ਹਾਂ- ਪੂਰੇ ਆਤਮਵਿਸ਼ਵਾਸ ਨਾਲ ਸਿਰਜਣ ਕਰੋ, ਇਨੋਵੇਟ ਕਰੋ, ਇਨੋਵੇਟਿਵ ਤਰੀਕੇ ਨਾਲ ਕਰੋ।

 

6.jpg

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਤੀਸਰਾ ਸੰਕਲਪ ਲੈਣ ਦੀ ਜ਼ਰੂਰਤ ਹੈ ਆਤਮਨਿਰਭਰ ਭਾਰਤ ਲਈ ਸਾਡੇ ਪ੍ਰਯਤਨਾਂ ਨੂੰ ਵਧਾਉਣਾ। ਪ੍ਰਧਾਨ ਮੰਤਰੀ ਨੇ ਸਮਾਪਤੀ ਕਰਦਿਆਂ ਕਿਹਾ ਕਿ ਇਸ ‘ਅੰਮ੍ਰਿਤ ਕਾਲ’ ਵਿੱਚ, ਆਜ਼ਾਦੀ ਦੇ 75ਵੇਂ ਵਰ੍ਹੇ ਵਿੱਚ, ਸਾਨੂੰ ਇਸ ਸਬੰਧ ਵਿੱਚ ਕੰਮ ਕਰਨਾ ਹੋਵੇਗਾ ਕਿ ਜਦੋਂ ਭਾਰਤ ਆਜ਼ਾਦੀ ਦੇ ਸੌ ਵਰ੍ਹੇ ਪੂਰੇ ਹੋਣ ਦਾ ਜਸ਼ਨ ਮਨਾਏਗਾ ਤਾਂ ਭਾਰਤ ਕਿਹੋ ਜਿਹਾ ਹੋਵੇਗਾ।

 

 

 

 

 ********

 

ਡੀਐੱਸ/ਏਕੇ



(Release ID: 1781144) Visitor Counter : 213