ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 7 ਦਸੰਬਰ ਨੂੰ ਗੋਰਖਪੁਰ ਦਾ ਦੌਰਾ ਕਰਨਗੇ ਅਤੇ 9600 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ
30 ਵਰ੍ਹਿਆਂ ਤੋਂ ਵੱਧ ਸਮੇਂ ਤੋਂ ਬੰਦ ਰਹਿਣ ਤੋਂ ਬਾਅਦ ਗੋਰਖਪੁਰ ਖਾਦ ਪਲਾਂਟ ਫਿਰ ਤੋਂ ਚਾਲੂ ਹੋਵੇਗਾ
ਯੂਰੀਆ ਉਤਪਾਦਨ ਵਿੱਚ ਆਤਮਨਿਰਭਰਤਾ ਪ੍ਰਾਪਤ ਕਰਨ ਲਈ ਪ੍ਰਧਾਨ ਮੰਤਰੀ ਦੇ ਵਿਜ਼ਨ ਤੋਂ ਪ੍ਰੇਰਿਤ ਪੁਨਰ-ਸੁਰਜੀਤੀ
ਇਹ ਪ੍ਰੋਜੈਕਟ ਖ਼ਾਸ ਕਰਕੇ ਪੂਰਵਾਂਚਲ ਖੇਤਰ ਅਤੇ ਆਸ-ਪਾਸ ਦੇ ਖੇਤਰਾਂ ਦੇ ਕਿਸਾਨਾਂ ਲਈ ਬਹੁਤ ਲਾਭਦਾਇਕ ਹੋਵੇਗਾ
ਏਮਸ, ਗੋਰਖਪੁਰ ਕੁਆਲਿਟੀ ਟਰਸ਼ੀਅਰੀ ਹੈਲਥਕੇਅਰ ਦੀ ਉਪਲਬਧਤਾ ਵਿੱਚ ਖੇਤਰੀ ਅਸੰਤੁਲਨ ਨੂੰ ਦਰੁੱਸਤ ਕਰਨ ਦੀ ਦਿਸ਼ਾ ਵਿੱਚ ਇੱਕ ਹੋਰ ਮਹੱਤਵਪੂਰਨ ਕਦਮ ਹੈ
ਇਹਨਾਂ ਦੋਵਾਂ ਪ੍ਰੋਜੈਕਟਾਂ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਦੁਆਰਾ 2016 ਵਿੱਚ ਰੱਖਿਆ ਗਿਆ ਸੀ
Posted On:
03 DEC 2021 7:54PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 7 ਦਸੰਬਰ, 2021 ਨੂੰ ਗੋਰਖਪੁਰ ਦਾ ਦੌਰਾ ਕਰਨਗੇ ਅਤੇ ਦੁਪਹਿਰ 1 ਵਜੇ 9600 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ।
ਪ੍ਰਧਾਨ ਮੰਤਰੀ ਗੋਰਖਪੁਰ ਫਰਟੀਲਾਈਜ਼ਰ ਪਲਾਂਟ ਰਾਸ਼ਟਰ ਨੂੰ ਸਮਰਪਿਤ ਕਰਨਗੇ, ਜਿਸ ਦਾ ਨੀਂਹ ਪੱਥਰ ਉਨ੍ਹਾਂ ਨੇ 22 ਜੁਲਾਈ, 2016 ਨੂੰ ਰੱਖਿਆ ਸੀ। 30 ਵਰ੍ਹਿਆਂ ਤੋਂ ਵੀ ਵੱਧ ਸਮੇਂ ਤੋਂ ਬੰਦ ਪਏ, ਇਸ ਪਲਾਂਟ ਨੂੰ ਪੁਨਰ ਸੁਰਜੀਤ ਕੀਤਾ ਗਿਆ ਹੈ ਅਤੇ ਤਕਰੀਬਨ 8600 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਫਰਟੀਲਾਈਜ਼ਰ ਪਲਾਂਟ ਨੂੰ ਪੁਨਰ ਸੁਰਜੀਤ ਕਰਨ ਪਿੱਛੇ ਯੂਰੀਆ ਦੇ ਉਤਪਾਦਨ ਵਿੱਚ ਆਤਮਨਿਰਭਰਤਾ ਹਾਸਲ ਕਰਨ ਦਾ ਪ੍ਰਧਾਨ ਮੰਤਰੀ ਦਾ ਵਿਜ਼ਨ ਹੈ। ਗੋਰਖਪੁਰ ਪਲਾਂਟ 12.7 ਲੱਖ ਮੀਟ੍ਰਿਕ ਟਨ ਪ੍ਰਤੀ ਸਾਲ ਦੇਸੀ ਨਿੰਮ ਕੋਟੇਡ ਯੂਰੀਆ ਉਤਪਾਦਨ ਮੁਹੱਈਆ ਕਰਾਏਗਾ। ਇਹ ਯੂਰੀਆ ਖਾਦ ਦੀ ਮੰਗ ਨੂੰ ਪੂਰਾ ਕਰਨ ਵਿੱਚ ਮਦਦ ਕਰੇਗਾ ਅਤੇ ਪੂਰਵਾਂਚਲ ਖੇਤਰ ਅਤੇ ਨਾਲ ਲੱਗਦੇ ਖੇਤਰਾਂ ਦੇ ਕਿਸਾਨਾਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗਾ। ਇਹ ਖੇਤਰ ਦੇ ਸਮੁੱਚੇ ਆਰਥਿਕ ਵਿਕਾਸ ਨੂੰ ਵੀ ਹੁਲਾਰਾ ਦੇਵੇਗਾ।
ਇਹ ਪ੍ਰੋਜੈਕਟ ਹਿੰਦੁਸਤਾਨ ਉਰਵਰਕ ਐਂਡ ਰਸਾਇਣ ਲਿਮਿਟਿਡ (ਐੱਚਯੂਆਰਐੱਲ), ਜੋ ਕਿ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ, ਕੋਲ ਇੰਡੀਆ ਲਿਮਿਟਿਡ, ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਿਡ, ਫਰਟੀਲਾਈਜ਼ਰ ਕਾਰਪੋਰੇਸ਼ਨ ਆਵ੍ ਇੰਡੀਆ ਅਤੇ ਹਿੰਦੁਸਤਾਨ ਫਰਟੀਲਾਈਜ਼ਰ ਕਾਰਪੋਰੇਸ਼ਨ ਲਿਮਿਟਿਡ, ਦੀ ਸੰਯੁਕਤ ਉੱਦਮ ਕੰਪਨੀ ਹੈ, ਦੀ ਅਗਵਾਈ ਹੇਠ ਸਥਾਪਿਤ ਕੀਤਾ ਗਿਆ ਹੈ ਅਤੇ ਗੋਰਖਪੁਰ, ਸਿੰਦਰੀ ਅਤੇ ਬਰੌਨੀ ਫਰਟੀਲਾਈਜ਼ਰ ਪਲਾਂਟਾਂ ਨੂੰ ਪੁਨਰ ਸੁਰਜੀਤ ਕਰਨ ਲਈ ਕੰਮ ਕਰ ਰਿਹਾ ਹੈ। ਗੋਰਖਪੁਰ ਪਲਾਂਟ ਲਈ ਕੰਮ ਮੈਸਰਜ਼ ਟੋਯੋ ਇੰਜਨੀਅਰਿੰਗ ਕਾਰਪੋਰੇਸ਼ਨ, ਜਪਾਨ ਅਤੇ ਟੋਯੋ ਇੰਜਨੀਅਰਿੰਗ ਇੰਡੀਆ ਪ੍ਰਾਈਵੇਟ ਲਿਮਿਟਿਡ ਕੰਸੋਰਟੀਅਮ ਦੁਆਰਾ ਕੇਬੀਆਰ, ਯੂਐੱਸਏ (ਅਮੋਨੀਆ ਲਈ) ਅਤੇ ਟੋਯੋ, ਜਪਾਨ (ਯੂਰੀਆ ਲਈ) ਦੇ ਨਾਲ ਟੈਕਨੋਲੋਜੀ/ਲਾਇਸੈਂਸਰਾਂ ਦੇ ਰੂਪ ਵਿੱਚ ਕੀਤਾ ਗਿਆ ਹੈ। ਇਸ ਪ੍ਰੋਜੈਕਟ ਵਿੱਚ 149.2 ਮੀਟਰ ਦਾ ਦੁਨੀਆ ਦਾ ਸਭ ਤੋਂ ਉੱਚਾ ਪ੍ਰਿਲਿੰਗ ਟਾਵਰ ਹੈ। ਇਸ ਵਿੱਚ ਸੁਰੱਖਿਆ ਪਹਿਲੂਆਂ ਨੂੰ ਵਧਾਉਣ ਲਈ ਭਾਰਤ ਦਾ ਪਹਿਲਾ ਹਵਾ ਸੰਚਾਲਿਤ ਰਬੜ ਡੈਮ ਅਤੇ ਬਲਾਸਟ ਪਰੂਫ਼ ਕੰਟਰੋਲ ਰੂਮ ਵੀ ਸ਼ਾਮਲ ਹੈ।
ਪ੍ਰਧਾਨ ਮੰਤਰੀ ਏਮਸ, ਗੋਰਖਪੁਰ ਦੇ ਪੂਰੀ ਤਰ੍ਹਾਂ ਕਾਰਜਸ਼ੀਲ ਕੰਪਲੈਕਸ ਨੂੰ ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ ਜੋ 1,000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਇਆ ਗਿਆ ਹੈ। ਇਸ ਕੰਪਲੈਕਸ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਦੁਆਰਾ 22 ਜੁਲਾਈ, 2016 ਨੂੰ ਰੱਖਿਆ ਗਿਆ ਸੀ। ਇਸਦੀ ਸਥਾਪਨਾ ਪ੍ਰਧਾਨ ਮੰਤਰੀ ਸਵਾਸਥ ਸੁਰੱਖਿਆ ਯੋਜਨਾ ਦੇ ਤਹਿਤ ਕੀਤੀ ਗਈ ਹੈ, ਜਿਸ ਦੁਆਰਾ ਉਪਲਬਧਤਾ ਵਿੱਚ ਖੇਤਰੀ ਅਸੰਤੁਲਨ ਨੂੰ ਠੀਕ ਕਰਨ ਲਈ ਪ੍ਰਧਾਨ ਮੰਤਰੀ ਦੇ ਵਿਜ਼ਨ ਅਨੁਸਾਰ ਗੁਣਵੱਤਾ ਦੇ ਤੀਜੇ ਪੱਧਰ ਦੀਆਂ ਸਿਹਤ ਸੰਭਾਲ਼ ਸੰਸਥਾਵਾਂ ਦੀ ਸਥਾਪਨਾ ਕੀਤੀ ਜਾ ਰਹੀ ਹੈ। ਏਮਸ, ਗੋਰਖਪੁਰ ਦੀਆਂ ਸੁਵਿਧਾਵਾਂ ਵਿੱਚ 750 ਬਿਸਤਰਿਆਂ ਵਾਲਾ ਹਸਪਤਾਲ, ਮੈਡੀਕਲ ਕਾਲਜ, ਨਰਸਿੰਗ ਕਾਲਜ, ਆਯੁਸ਼ ਬਿਲਡਿੰਗ, ਸਾਰੇ ਸਟਾਫ਼ ਲਈ ਰਿਹਾਇਸ਼ ਦੀ ਵਿਵਸਥਾ, ਯੂਜੀ ਅਤੇ ਪੀਜੀ ਵਿਦਿਆਰਥੀਆਂ ਲਈ ਹੋਸਟਲ ਦੀ ਵਿਵਸਥਾ ਆਦਿ ਸ਼ਾਮਲ ਹਨ।
ਪ੍ਰਧਾਨ ਮੰਤਰੀ ਆਈਸੀਐੱਮਆਰ - ਖੇਤਰੀ ਮੈਡੀਕਲ ਖੋਜ ਕੇਂਦਰ (ਆਰਐੱਮਆਰਸੀ), ਗੋਰਖਪੁਰ ਦੀ ਨਵੀਂ ਇਮਾਰਤ ਦਾ ਉਦਘਾਟਨ ਵੀ ਕਰਨਗੇ। ਇਸ ਕੇਂਦਰ ਨੇ ਇਸ ਖੇਤਰ ਵਿੱਚ ਜਾਪਾਨੀ ਇਨਸੇਫਲਾਈਟਿਸ/ਐਕਿਊਟ ਇਨਸੇਫਲਾਈਟਿਸ ਸਿੰਡਰੋਮ ਦੀ ਚੁਣੌਤੀ ਨਾਲ ਨਜਿੱਠਣ ਲਈ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਅਤਿ-ਆਧੁਨਿਕ ਸੁਵਿਧਾਵਾਂ ਵਾਲੀ ਨਵੀਂ ਇਮਾਰਤ ਸੰਚਾਰੀ ਅਤੇ ਗੈਰ-ਸੰਚਾਰੀ ਬਿਮਾਰੀਆਂ ਦੇ ਖੇਤਰਾਂ ਵਿੱਚ ਖੋਜ ਦੇ ਨਵੇਂ ਦਿਸਹੱਦਿਆਂ ਨੂੰ ਖੋਲ੍ਹੇਗੀ ਅਤੇ ਨਾਲ ਹੀ ਸਮਰੱਥਾ ਨਿਰਮਾਣ ਵਿੱਚ ਮਦਦ ਕਰੇਗੀ ਅਤੇ ਖੇਤਰ ਦੀਆਂ ਹੋਰ ਮੈਡੀਸਿਨ ਸੰਸਥਾਵਾਂ ਨੂੰ ਸਹਾਇਤਾ ਪ੍ਰਦਾਨ ਕਰੇਗੀ।
*********
ਡੀਐੱਸ/ਵੀਜੇ
(Release ID: 1777992)
Visitor Counter : 155
Read this release in:
Odia
,
English
,
Urdu
,
Marathi
,
Hindi
,
Manipuri
,
Bengali
,
Assamese
,
Gujarati
,
Tamil
,
Telugu
,
Kannada
,
Malayalam