ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਸ਼੍ਰੀ ਅਨੁਰਾਗ ਠਾਕੁਰ ਨੇ 2021 ਦੇ ‘ਇੰਡੀਅਨ ਫਿਲਮ ਪਰਸਨੈਲਿਟੀ ਆਵ੍ ਦ ਈਅਰ ਅਵਾਰਡ’ ਦਾ ਐਲਾਨ
52ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ’ਚ ਹੇਮਾ ਮਾਲਿਨੀ ਤੇ ਪ੍ਰਸੂਨ ਜੋਸ਼ੀ ਨੂੰ ਸਨਮਾਨਿਤ ਕੀਤਾ ਜਾਵੇਗਾ
ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਐਲਾਨ ਕੀਤਾ ਹੈ ਕਿ 2021 ਦਾ ‘ਇੰਡੀਅਨ ਫਿਲਮ ਪਰਸੈਨੈਲਿਟੀ ਆਵ੍ ਦ ਈਅਰ’ ਅਵਾਰਡ ਸੁਸ਼੍ਰੀ ਹੇਮਾ ਮਾਲਿਨੀ ਅਤੇ ਸ਼੍ਰੀ ਪ੍ਰਸੂਨ ਜੋਸ਼ੀ ਨੂੰ ਦਿੱਤਾ ਜਾਵੇਗਾ।
ਇਨ੍ਹਾਂ ਪੁਰਸਕਾਰਾਂ ਦਾ ਐਲਾਨ ਕਰਦਿਆਂ ਸ਼੍ਰੀ ਠਾਕੁਰ ਨੇ ਕਿਹਾ,‘ਅਦਾਕਾਰਾ ਤੇ ਉੱਤਰ ਪ੍ਰਦੇਸ਼ ਦੇ ਮਥੁਰਾ ਤੋਂ ਸੰਸਦ ਮੈਂਬਰ ਸੁਸ਼੍ਰੀ ਹੇਮਾ ਮਾਲਿਨੀ ਅਤੇ ਗੀਤਕਾਰ ਤੇ ਸੀਬੀਐੱਫ਼ਸੀ ਦੇ ਚੇਅਰਮੈਨ ਸ਼੍ਰੀ ਪ੍ਰਸੂਨ ਜੋਸ਼ੀ ਦਾ ਨਾਮ 2021 ਦੇ ‘ਇੰਡੀਅਨ ਫਿਲਮ ਪਰਸੈਨੈਲਿਟੀ ਆਵ੍ ਦ ਈਅਰ’ ਅਵਾਰਡ ਲਈ ਐਲਾਨਦਿਆਂ ਮੈਨੁੰ ਬਹੁਤ ਖ਼ੁਸ਼ੀ ਹੋ ਰਹੀ ਹੈ। ਭਾਰਤੀ ਸਿਨੇਮਾ ’ਚ ਇਨ੍ਹਾਂ ਦਾ ਯੋਗਦਾਨ ਕਈ ਦਹਾਕੇ ਪੁਰਾਣਾ ਹੈ ਅਤੇ ਇਨ੍ਹਾਂ ਦੇ ਕੰਮ ਨੇ ਕਈ ਪੀੜ੍ਹੀਆਂ ਦੇ ਦਰਸ਼ਕਾਂ ਨੂੰ ਮੰਤਰ–ਮੁਗਧ ਕੀਤਾ ਹੈ। ਇਹ ਦੋਵੇਂ ਹਸਤੀਆਂ ਭਾਰਤੀ ਸਿਨੇਮਾ ਦੇ ਅਜਿਹੇ ਆਇਕੌਨ ਹਨ, ਜਿਨ੍ਹਾਂ ਦੀ ਸ਼ਲਾਘਾ ਪੂਰੀ ਦੁਨੀਆ ਨੇ ਕੀਤੀ ਹੈ ਤੇ ਉਨ੍ਹਾਂ ਨੂੰ ਪਸੰਦ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਇਹ ਸਨਮਾਨ 52ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ), ਗੋਆ ’ਚ ਪ੍ਰਦਾਨ ਕੀਤਾ ਜਾਵੇਗਾ।’
ਪੁਰਸਕਾਰ ਦੇ ਇਨ੍ਹਾਂ ਸਨਮਾਨਿਤ ਜੇਤੂਆਂ ਬਾਰੇ:
ਸੁਸ਼੍ਰੀ ਹੇਮਾ ਮਾਲਿਨੀ, ਅਦਾਕਾਰਾ, ਸੰਸਦ ਮੈਂਬਰ, ਮਥੁਰਾ, ਯੂਪੀ
ਸ਼੍ਰੀਮਤੀ ਹੇਮਾ ਮਾਲਿਨੀ ਇੱਕ ਭਾਰਤੀ ਅਦਾਕਾਰਾ, ਲੇਖਕ, ਨਿਰਦੇਸ਼ਕ, ਨਿਰਮਾਤਾ, ਡਾਂਸਰ ਅਤੇ ਰਾਜਨੇਤਾ ਹਨ, ਜਿਨ੍ਹਾਂ ਦਾ ਜਨਮ 16 ਅਕਤੂਬਰ 1948 ਨੂੰ ਤਮਿਲ ਨਾਡੂ ਦੇ ਅੱਮਾਨਕੁਡੀ ਵਿੱਚ ਹੋਇਆ ਸੀ। ਉਨ੍ਹਾਂ ਆਪਣੀ ਅਦਾਕਾਰੀ ਦੀ ਸ਼ੁਰੂਆਤ 1963 ਵਿੱਚ ਤਮਿਲ ਫਿਲਮ ‘ਇਧੂ ਸਾਥੀਅਮ’ ਨਾਲ ਕੀਤੀ ਅਤੇ ਬਾਅਦ ਵਿੱਚ, 1968 ਵਿੱਚ ‘ਸਪਨੋਂ ਕਾ ਸੌਦਾਗਰ’ ਦੀ ਮੁੱਖ ਅਦਾਕਾਰਾ ਵਜੋਂ ਹਿੰਦੀ ਸਿਨੇਮਾ ਵਿੱਚ ਪ੍ਰਵੇਸ਼ ਕੀਤਾ। ਉਦੋਂ ਤੋਂ ਲੈ ਕੇ ਹੁਣ ਤੱਕ, ਉਨ੍ਹਾਂ ਸ਼ੋਅਲੇ, ਸੀਤਾ ਔਰ ਗੀਤਾ, ਸੱਤੇ-ਪੇ-ਸੱਤਾ ਅਤੇ ਬਾਗਬਾਨ ਵਰਗੀਆਂ 150 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਹੈ।
‘ਡ੍ਰੀਮ ਗਰਲ’ ਵਜੋਂ ਜਾਣੇ ਜਾਂਦੇ ਸ਼੍ਰੀਮਤੀ ਹੇਮਾ ਮਾਲਿਨੀ ਨੇ ਆਪਣੀ ਅਦਾਕਾਰੀ ਦੇ ਹੁਨਰ ਲਈ ਕਈ ਪੁਰਸਕਾਰ ਜਿੱਤੇ ਹਨ। 2000 ਵਿੱਚ, ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਚੌਥੇ ਸਰਬਉੱਚ ਨਾਗਰਿਕ ਸਨਮਾਨ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ। 2012 ਵਿੱਚ, ਸਰ ਪਦਮਪਤ ਸਿੰਘਾਨੀਆ ਯੂਨੀਵਰਸਿਟੀ ਨੇ ਸ਼੍ਰੀਮਤੀ ਹੇਮਾ ਮਾਲਿਨੀ ਨੂੰ ਭਾਰਤੀ ਸਿਨੇਮਾ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਆਨਰੇਰੀ ਡਾਕਟਰੇਟ ਨਾਲ ਸਨਮਾਨਿਤ ਕੀਤਾ। ਉਹ ਰਾਸ਼ਟਰੀ ਫਿਲਮ ਵਿਕਾਸ ਨਿਗਮ ਦੇ ਚੇਅਰਪਰਸਨ ਵਜੋਂ ਵੀ ਕੰਮ ਕਰ ਚੁੱਕੇ ਹਨ। ਇੱਕ ਸਿੱਖਿਅਤ ਭਰਤਨਾਟਯਮ ਡਾਂਸਰ, ਸ਼੍ਰੀਮਤੀ ਹੇਮਾ ਮਾਲਿਨੀ ਨੂੰ 2006 ਵਿੱਚ ਸੋਪੋਰੀ ਅਕੈਡਮੀ ਆਫ਼ ਮਿਊਜ਼ਿਕ ਐਂਡ ਪਰਫਾਰਮਿੰਗ ਆਰਟਸ (ਸਮਾਪਾ) ਵਿਤਸਤਾ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਸਾਲ 2003 ਤੋਂ 2009 ਤੱਕ, ਉਨ੍ਹਾਂ ਨੇ ਭਾਰਤ ਦੇ ਤਤਕਾਲੀ ਰਾਸ਼ਟਰਪਤੀ ਦੁਆਰਾ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਰਾਜ ਸਭਾ ਵਿੱਚ ਸੰਸਦ ਮੈਂਬਰ ਵਜੋਂ ਆਪਣੀ ਭੂਮਿਕਾ ਨਿਭਾਈ। 2014 ਦੀਆਂ ਲੋਕ ਸਭਾ ਚੋਣਾਂ ਵਿੱਚ, ਸ਼੍ਰੀਮਤੀ ਹੇਮਾ ਮਾਲਿਨੀ ਮਥੁਰਾ ਸੰਸਦੀ ਹਲਕੇ ਤੋਂ ਲੋਕ ਸਭਾ ਦੇ ਮੈਂਬਰ ਚੁਣੇ ਗਏ ਸਨ। ਉਦੋਂ ਤੋਂ ਉਹ ਮਥੁਰਾ ਖੇਤਰ ਤੋਂ ਲੋਕ ਸਭਾ ਮੈਂਬਰ ਵਜੋਂ ਸੇਵਾ ਨਿਭਾ ਰਹੀ ਹੈ।
ਸ਼੍ਰੀ ਪ੍ਰਸੂਨ ਜੋਸ਼ੀ, ਗੀਤਕਾਰ ਅਤੇ ਚੇਅਰਮੈਨ, ਸੀਬੀਐੱਫਸੀ (CBFC)
ਸ਼੍ਰੀ ਪ੍ਰਸੂਨ ਜੋਸ਼ੀ ਇੱਕ ਕਵੀ, ਲੇਖਕ, ਗੀਤਕਾਰ, ਪਟਕਥਾ ਲੇਖਕ ਅਤੇ ਸੰਚਾਰ ਮਾਹਰ ਅਤੇ ‘ਵਿਗਿਆਪਨ ਗੁਰੂ’ ਹਨ। ਉਨ੍ਹਾਂ ਸਿਰਫ 17 ਸਾਲ ਦੀ ਛੋਟੀ ਉਮਰ ਵਿੱਚ ਗੱਦ ਅਤੇ ਕਵਿਤਾ ਦੀ ਆਪਣੀ ਪਹਿਲੀ ਕਿਤਾਬ ਸਫਲਤਾਪੂਰਵਕ ਪ੍ਰਕਾਸ਼ਤ ਕਰ ਦਿੱਤੀ ਸੀ। ਉਹ ਇਸ ਵੇਲੇ ਮੈਕਕੇਨ ਵਰਲਡ ਗਰੁੱਪ ਇੰਡੀਆ ਦੇ ਚੇਅਰਮੈਨ (ਏਸ਼ੀਆ) ਅਤੇ ਸੀਈਓ ਹਨ।
ਸ਼੍ਰੀਮਾਨ ਜੋਸ਼ੀ ਨੇ 2001 ਵਿੱਚ ਰਾਜਕੁਮਾਰ ਸੰਤੋਸ਼ੀ ਦੀ ‘ਲੱਜਾ’ ਲਈ ਇੱਕ ਗੀਤਕਾਰ ਵਜੋਂ ਭਾਰਤੀ ਸਿਨੇਮਾ ਵਿੱਚ ਪ੍ਰਵੇਸ਼ ਕੀਤਾ ਅਤੇ ਤਦ ਤੋਂ ਉਹ ਬਹੁਤ ਸਾਰੀਆਂ ਸਫਲ ਬਾਲੀਵੁੱਡ ਫਿਲਮਾਂ ਦਾ ਹਿੱਸਾ ਰਹੇ ਹਨ। ਅਤੇ ਅੱਜ ਉਹ ਲੋਕ ਚੇਤਨਾ ਵਿੱਚ ਸ਼ਾਨਦਾਰ ਕਵਿਤਾ ਅਤੇ ਸਾਹਿਤ ਦੀ ਮਹਾਨ ਪਰੰਪਰਾ ਨੂੰ ਜ਼ਿੰਦਾ ਰੱਖਣ ਲਈ ਦੇਸ਼ ਭਰ ਵਿੱਚ ਵਿਆਪਕ ਤੌਰ ‘ਤੇ ਜਾਣੇ ਜਾਂਦੇ ਹਨ। ਤਾਰੇ ਜ਼ਮੀਨ ਪਰ, ਰੰਗ ਦੇ ਬਸੰਤੀ, ਭਾਗ ਮਿਲਖਾ ਭਾਗ, ਨੀਰਜਾ ਅਤੇ ਮਣੀਕਰਣਿਕਾ, ਦਿੱਲੀ 6 ਅਤੇ ਹੋਰ ਬਹੁਤ ਸਾਰੀਆਂ ਫਿਲਮਾਂ ਵਿੱਚ ਆਪਣੀਆਂ ਸ਼ਾਨਦਾਰ ਲਿਖਤਾਂ ਦੁਆਰਾ, ਉਨ੍ਹਾਂ ਇਹ ਵਿਸ਼ਵਾਸ ਮੁੜ ਜਗਾਇਆ ਹੈ ਕਿ ਸਮਾਜ ਨੂੰ ਇੱਕ ਪ੍ਰਸਿੱਧ ਵਿਧਾ ਜਾਂ ਸ਼ੈਲੀ ਵਿੱਚ ਮਾਸਟਰਪੀਸ ਦੁਆਰਾ ਨਿਸ਼ਚਤ ਤੌਰ ’ਤੇ ਰਚਨਾਤਮਕ ਦਿਸ਼ਾ ਦਿੱਤੀ ਜਾ ਸਕਦੀ ਹੈ।
ਸ਼੍ਰੀ ਜੋਸ਼ੀ ਨੇ ਨਾ ਸਿਰਫ ਭਾਰਤ ਵਿੱਚ ਸਗੋਂ ਵਿਸ਼ਵ ਪੱਧਰ ‘ਤੇ ਵੀ ਸਫਲਤਾਪੂਰਵਕ ਆਪਣੇ ਲਈ ਇੱਕ ਸਥਾਨ ਬਣਾਇਆ ਹੈ। ਉਨ੍ਹਾਂ ਨੂੰ ਤਾਰੇ ਜ਼ਮੀਨ ਪਰ (2007) ਅਤੇ ਚਟਗਾਂਵ (2013) ਵਿੱਚ ਆਪਣੀਆਂ ਸ਼ਾਨਦਾਰ ਰਚਨਾਵਾਂ ਲਈ ਦੋ ਵਾਰ ਸਰਬੋਤਮ ਗੀਤ ਲਈ ਰਾਸ਼ਟਰੀ ਫਿਲਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਸਾਲ 2015 ਵਿੱਚ, ਭਾਰਤ ਸਰਕਾਰ ਨੇ ਕਲਾ, ਸਾਹਿਤ ਅਤੇ ਇਸ਼ਤਿਹਾਰਬਾਜ਼ੀ ਦੇ ਖੇਤਰ ਵਿੱਚ ਉਨ੍ਹਾਂ ਦੇ ਵੱਡਮੁੱਲੇ ਯੋਗਦਾਨ ਲਈ ਉਨ੍ਹਾਂ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ। ਉਨ੍ਹਾਂ ਨੂੰ ਫਿਲਮਫੇਅਰ, ਆਈਫਾ, ਸਕਰੀਨ ਵਰਗੇ ਕਈ ਮਸ਼ਹੂਰ ਫਿਲਮ ਐਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਸਾਲ 2014 ਵਿੱਚ, ਉਨ੍ਹਾਂ ਨੂੰ ਕਾਨ ਟਾਈਟੇਨੀਅਮ ਜਿਊਰੀ ਦੇ ਪ੍ਰਧਾਨ ਵਜੋਂ ਸੱਦਾ ਦਿੱਤਾ ਗਿਆ ਸੀ। ਉਹ ਅੰਤਰਰਾਸ਼ਟਰੀ ਕਾਨ ਲਾਇਨ ਟਾਈਟੇਨੀਅਮ ਅਵਾਰਡ ਦੀ ਪ੍ਰਧਾਨਗੀ ਕਰਨ ਵਾਲੀ ਪਹਿਲੀ ਏਸ਼ੀਅਨ ਸ਼ਖਸੀਅਤ ਸਨ। ਵਰਲਡ ਇਕਨੌਮਿਕ ਫੋਰਮ ਵੱਲੋਂ ਉਨ੍ਹਾਂ ਨੂੰ ‘ਯੰਗ ਗਲੋਬਲ ਲੀਡਰ’ ਵਜੋਂ ਵੀ ਨਾਮਜ਼ਦ ਕੀਤਾ ਗਿਆ ਸੀ।
ਸ਼੍ਰੀ ਜੋਸ਼ੀ ਰਾਸ਼ਟਰਮੰਡਲ ਖੇਡਾਂ 2010 ਦੇ ਉਦਘਾਟਨੀ ਅਤੇ ਸਮਾਪਤੀ ਸਮਾਰੋਹਾਂ ਲਈ ਚੁਣੀ ਗਈ ਤਿੰਨ ਮੈਂਬਰੀ ਕੋਰ ਰਚਨਾਤਮਕ ਸਲਾਹਕਾਰ ਕਮੇਟੀ ਦੇ ਮੈਂਬਰ ਸਨ। ਉਹ ਭਾਰਤ ਦੇ 52ਵੇਂ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਵਿੱਚ ‘75 ਕ੍ਰੀਏਟਿਵ ਮਾਈਂਡਸ ਆਵ੍ ਟੂਮੋਰੋ’ ਲਈ ਗ੍ਰੈਂਡ ਜਿਊਰੀ ਦੇ ਮੈਂਬਰ ਵੀ ਹਨ।
**********
ਸੌਰਭ ਸਿੰਘ
(Release ID: 1773067)
Visitor Counter : 199
Read this release in:
Kannada
,
Malayalam
,
Odia
,
English
,
Urdu
,
Marathi
,
Hindi
,
Bengali
,
Gujarati
,
Tamil
,
Telugu