ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਡਾ. ਮਨਸੁਖ ਮਾਂਡਵੀਯਾ ਨੇ ਸੀਆਈਆਈ ਏਸ਼ੀਆ ਹੈਲਥ 2021 ਸਮਿਟ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕੀਤਾ
ਪ੍ਰਧਾਨ ਮੰਤਰੀ ਦੇ ਵਿਚਾਰਾਂ ਦੇ ਅਨੁਸਾਰ ਸਿਹਤ ਸੇਵਾ ਖੇਤਰ ਦੇ ਬਿਹਤਰ ਭਵਿੱਖ ਲਈ ਸਿਹਤ ਸੇਵਾ ਤੱਕ ਪਹੁੰਚ, ਕਿਫਾਇਤੀ, ਜਵਾਬਦੇਹ, ਸਵੀਕਾਰਯੋਗ ਅਤੇ ਜਾਗਰੂਕਤਾ ਲਈ ਸਰਕਾਰ ਪ੍ਰਤੀਬੱਧ ਹੈ: ਕੇਂਦਰੀ ਸਿਹਤ ਮੰਤਰੀ
"ਸਿਹਤਮੰਦ ਸਮਾਜ ਰਾਸ਼ਟਰ ਨੂੰ ਧਨਵਾਨ ਬਣਾਉਂਦਾ ਹੈ"
Posted On:
28 OCT 2021 2:37PM by PIB Chandigarh
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਡਾ. ਮਨਸੁਖ ਮਾਂਡਵੀਯਾ ਨੇ ਅੱਜ ਸੀਆਈਆਈ ਏਸ਼ੀਆ ਹੈਲਥ 2021 ਸਮਿਟ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕੀਤਾ। ਇਸ ਸੰਮੇਲਨ ਦਾ ਵਿਸ਼ਾ ਹੈ 'ਬਿਹਤਰ ਕੱਲ੍ਹ ਲਈ ਸਿਹਤ ਸੰਭਾਲ਼ ਵਿੱਚ ਬਦਲਾਅ' ਹੈ।
ਕੇਂਦਰੀ ਸਿਹਤ ਮੰਤਰੀ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦ੍ਰਿਸ਼ਟੀਕੋਣ ਦਾ ਨਤੀਜਾ ਹੈ ਕਿ ਭਾਰਤ ਵਿੱਚ ਸਿਹਤ ਨੂੰ ਵਿਕਾਸ ਨਾਲ ਜੋੜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸਿਹਤ ਦਾ ਮਤਲਬ ਸਿਰਫ਼ ਇਲਾਜ ਹੁੰਦਾ ਸੀ ਪਰ ਹੁਣ ਵਿਕਾਸ ਨੂੰ ਸਿਹਤ ਨਾਲ ਜੋੜ ਦਿੱਤਾ ਗਿਆ ਹੈ, ਜਿਸ ਨਾਲ ਦੇਸ਼ ਵਿੱਚ ਸਿਹਤ ਅਤੇ ਸਮ੍ਰਿਧੀ ਆਵੇਗੀ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਨਿਵਾਰਕ ਦੇਖਭਾਲ਼ ਸਿਹਤ ਖੇਤਰ ਦਾ ਇੱਕ ਜ਼ਰੂਰੀ ਹਿੱਸਾ ਹੈ ਅਤੇ ਕਿਹਾ ਕਿ ਖੇਲੋ ਇੰਡੀਆ, ਯੋਗ ਆਦਿ ਜਿਹੀਆਂ ਪਹਿਲਾਂ ਇੱਕ ਸਿਹਤਮੰਦ ਸਮਾਜ ਦੇ ਉਦੇਸ਼ ਨੂੰ ਸਾਕਾਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।
ਕੇਂਦਰੀ ਮੰਤਰੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਸਰਕਾਰ ਸਿਹਤ ਸੰਭਾਲ਼ ਖੇਤਰ ਦੇ ਬਿਹਤਰ ਭਵਿੱਖ ਲਈ ਸਿਹਤ ਸੇਵਾ ਤੱਕ ਪਹੁੰਚ, ਕਿਫਾਇਤੀ, ਜਵਾਬਦੇਹ, ਸਵੀਕਾਰਯੋਗ ਅਤੇ ਜਾਗਰੂਕਤਾ ਲਈ ਪ੍ਰਤੀਬੱਧ ਹੈ ਅਤੇ ਇਨ੍ਹਾਂ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਲਗਨ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਸਿਹਤ ਸੰਭਾਲ਼ ਨੂੰ ਪਹੁੰਚਯੋਗ ਅਤੇ ਕਿਫਾਇਤੀ ਬਣਾਉਣ ਲਈ ਆਯੁਸ਼ਮਾਨ ਭਾਰਤ ਜਨ ਆਰੋਗਯ ਯੋਜਨਾ (ਸਿਹਤ ਬੀਮਾ ਯੋਜਨਾ), ਆਯੁਸ਼ਮਾਨ ਸਿਹਤ ਅਤੇ ਤੰਦਰੁਸਤੀ ਕੇਂਦਰ, ਜੈਨਰਿਕ ਦਵਾਈਆਂ ਲਈ ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਪਰਿਯੋਜਨਾ (ਪੀਐੱਮਬੀਜੇਪੀ), ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ (ਏਬੀਡੀਐੱਮ) ਅਤੇ ਪ੍ਰਧਾਨ ਮੰਤਰੀ ਆਯੁਸ਼ਮਾਨ ਭਾਰਤ ਹੈਲਥ ਇਨਫ੍ਰਾਸਟ੍ਰਕਚਰ ਮਿਸ਼ਨ ਆਦਿ ਯੋਜਨਾਵਾਂ ਸ਼ੁਰੂ ਕੀਤੀਆਂ ਹਨ।
ਕੇਂਦਰੀ ਮੰਤਰੀ ਡਾ. ਮਨਸੁਖ ਮਾਂਡਵੀਯਾ ਨੇ ਕਿਹਾ ਕਿ ਸਰਕਾਰ 'ਟੋਕਨ ਤੋਂ ਸੰਪੂਰਨ ਸਿਹਤ ਤੱਕ' ਵਿਸ਼ੇ 'ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਆਯੁਸ਼ਮਾਨ ਭਾਰਤ ਹੈਲਥ ਇਨਫ੍ਰਾਸਟ੍ਰਕਚਰ ਮਿਸ਼ਨ ਇਸ ਦਿਸ਼ਾ ਵਿੱਚ ਇੱਕ ਹੋਰ ਅਜਿਹੀ ਪਹਿਲ ਹੈ, ਜਿਸ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 25 ਅਕਤੂਬਰ 2021 ਨੂੰ ਕੀਤੀ ਸੀ। ਇਸ ਨਾਲ ਦੇਸ਼ ਦੇ ਸਿਹਤ ਢਾਂਚੇ ਨੂੰ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ।
ਕੇਂਦਰੀ ਮੰਤਰੀ ਨੇ ਟੈਕਨਾਲੋਜੀ ਅਤੇ ਸਿਹਤ ਸੰਭਾਲ਼ ਨੂੰ ਇੱਕ-ਦੂਜੇ ਨਾਲ ਜੋੜਨ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਸਿਹਤ ਖੇਤਰ ਵਿੱਚ ਨੈਨੋ ਅਤੇ ਰੋਬੋਟਿਕ ਤਕਨੀਕਾਂ ਵਰਗੀਆਂ ਨਵੀਨਤਮ ਤਕਨੀਕਾਂ ਨੂੰ ਅਪਣਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਇੱਕ ਅਜਿਹੀ ਪਹਿਲ ਹੈ ਜੋ ਜੀਵਨ ਨੂੰ ਅਸਾਨ ਬਣਾਉਣ ਲਈ ਡਿਜੀਟਲ ਪ੍ਰਣਾਲੀ ਦੀ ਵਰਤੋਂ ਕਰੇਗੀ।
ਕੇਂਦਰੀ ਸਿਹਤ ਮੰਤਰੀ ਨੇ ਜਾਗਰੂਕਤਾ ਪੈਦਾ ਕਰਨ ਦੀ ਮਹੱਤਤਾ 'ਤੇ ਬੋਲਦੇ ਹੋਏ, ਕੋਵਿਡ-19 ਮਹਾਮਾਰੀ ਦੌਰਾਨ ਜਨ ਜਾਗਰੂਕਤਾ ਪੈਦਾ ਕਰਨ ਲਈ ਪ੍ਰਧਾਨ ਮੰਤਰੀ ਦੁਆਰਾ ਕੀਤੀਆਂ ਸਫ਼ਲ ਪਹਿਲਾਂ ਬਾਰੇ ਵਿਸਤਾਰ ਨਾਲ ਦੱਸਿਆ। ਉਨ੍ਹਾਂ ਦੱਸਿਆ ਕਿ ਕਿਵੇਂ 'ਦਵਾਈ ਭੀ, ਕੜਾਈ ਭੀ' ਅਤੇ 'ਦੋ ਗਜ ਕੀ ਦੂਰੀ, ਮਾਸਕ ਹੈ ਜ਼ਰੂਰੀ' ਜਿਹੀਆਂ ਮੁਹਿੰਮਾਂ ਨੇ ਆਮ ਲੋਕਾਂ ਤੱਕ ਪਹੁੰਚ ਕੀਤੀ ਅਤੇ ਦੇਸ਼ ਵਿੱਚ ਕੋਵਿਡ-19 ਸੰਕ੍ਰਮਣ ਨੂੰ ਫੈਲਣ ਤੋਂ ਰੋਕਣ ਵਿੱਚ ਮਦਦ ਕੀਤੀ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਤਪਦਿਕ (ਟੀਬੀ), ਏਡਜ਼ ਆਦਿ ਮੁਹਿੰਮਾਂ ਨੂੰ ਸਫ਼ਲਤਾਪੂਰਵਕ ਲਾਗੂ ਕਰਨ ਵਿੱਚ ਜਾਗਰੂਕਤਾ ਅਹਿਮ ਭੂਮਿਕਾ ਨਿਭਾਉਂਦੀ ਹੈ।
ਸ਼੍ਰੀ ਮਨਸੁਖ ਮਾਂਡਵੀਯਾ ਨੇ ਇਹ ਵੀ ਦੱਸਿਆ ਕਿ ਭਾਰਤੀ ਸਿਹਤ ਖੇਤਰ ਵਿੱਚ ਨਿਵੇਸ਼ ਦੇ ਅਥਾਹ ਮੌਕੇ ਹਨ। ਨਿੱਜੀ ਖੇਤਰ ਨੂੰ ਭਾਰਤੀ ਸਿਹਤ ਸੰਭਾਲ਼ ਖੇਤਰ ਵਿੱਚ ਨਿਵੇਸ਼ ਕਰਨ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਵਿੱਚ ਅੰਤਰਰਾਸ਼ਟਰੀ ਸਿਹਤ ਸੈਰ-ਸਪਾਟੇ ਦਾ ਕੇਂਦਰ ਬਣਨ ਦੀ ਸਮਰੱਥਾ ਹੈ। ਕੇਂਦਰੀ ਸਿਹਤ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਸਮਾਪਤੀ ਕੀਤੀ ਕਿ ਸਰਕਾਰ 'ਸਵਸਥ ਸਮਾਜ, ਸਮ੍ਰਿੱਧ ਰਾਸ਼ਟਰ' ਦੇ ਸਿਧਾਂਤ 'ਤੇ ਕੇਂਦ੍ਰਿਤ ਹੈ ਅਤੇ ਦੇਸ਼ ਵਿੱਚ ਇਸ ਨੂੰ ਯਕੀਨੀ ਬਣਾਉਣ ਲਈ ਅਣਥੱਕ ਮਿਹਨਤ ਕਰੇਗੀ।
ਪ੍ਰੋਗਰਾਮ ਵਿੱਚ ਸੀਆਈਆਈ ਦੇ ਪ੍ਰਮੁੱਖ ਅਧਿਕਾਰੀਆਂ ਸਮੇਤ ਨੀਤੀ ਆਯੋਗ ਦੇ ਮੈਂਬਰ ਡਾ. ਵਿਨੋਦ ਕੇ ਪੌਲ, ਰਾਸ਼ਟਰੀ ਸਿਹਤ ਅਥਾਰਿਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਡਾ. ਆਰ ਐੱਸ ਸ਼ਰਮਾ ਵੀ ਸ਼ਾਮਲ ਹੋਏ।
************
ਐੱਮਵੀ/ਏਐੱਲ
ਐੱਚਐੱਫਡਬਲਿਊ/ਐੱਚਐੱਫਐੱਮ ਸੀਆਈਆਈ ਏਸ਼ੀਆ ਸਿਹਤ 2021 ਉਦਘਾਟਨ/28 ਅਕਤੂਬਰ 2021
(Release ID: 1767387)
Visitor Counter : 194