ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਕਸਤੂਰਬਾ ਗਾਂਧੀ ਮਾਰਗ ਅਤੇ ਅਫਰੀਕਾ ਐਵੇਨਿਊ ਵਿਖੇ ਰੱਖਿਆ ਦਫ਼ਤਰ ਕੰਪਲੈਕਸਾਂ ਦਾ ਉਦਘਾਟਨ ਕੀਤਾ


ਭਾਰਤ ਨੇ ਆਜ਼ਾਦੀ ਦੇ 75ਵੇਂ ਵਰ੍ਹੇ ਵਿੱਚ ਨਵੇਂ ਭਾਰਤ ਦੀਆਂ ਲੋੜਾਂ ਅਤੇ ਇੱਛਾਵਾਂ ਦੇ ਅਨੁਸਾਰ ਦੇਸ਼ ਦੀ ਰਾਜਧਾਨੀ ਦੇ ਵਿਕਾਸ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ ਚੁੱਕਿਆ ਹੈ: ਪ੍ਰਧਾਨ ਮੰਤਰੀ

ਰਾਜਧਾਨੀ ਵਿੱਚ ਇੱਕ ਆਧੁਨਿਕ ਡਿਫੈਂਸ ਇਨਕਲੇਵ ਦੇ ਨਿਰਮਾਣ ਦੀ ਦਿਸ਼ਾ ਵੱਲ ਇੱਕ ਵੱਡਾ ਕਦਮ: ਪ੍ਰਧਾਨ ਮੰਤਰੀ

ਕਿਸੇ ਵੀ ਦੇਸ਼ ਦੀ ਰਾਜਧਾਨੀ ਉਸ ਦੇਸ਼ ਦੀ ਸੋਚ, ਦ੍ਰਿੜਤਾ, ਸ਼ਕਤੀ ਅਤੇ ਸਭਿਆਚਾਰ ਦਾ ਪ੍ਰਤੀਕ ਹੁੰਦੀ ਹੈ: ਪ੍ਰਧਾਨ ਮੰਤਰੀ

ਭਾਰਤ ਲੋਕਤੰਤਰ ਦੀ ਜਨਨੀ ਹੈ, ਭਾਰਤ ਦੀ ਰਾਜਧਾਨੀ ਅਜਿਹੀ ਹੋਵੇ, ਜਿਸ ਦੇ ਕੇਂਦਰ ਵਿੱਚ ਨਾਗਰਿਕ ਹੋਣ, ਲੋਕ ਹੋਣ: ਪ੍ਰਧਾਨ ਮੰਤਰੀ

ਰਹਿਣ ਸਹਿਣ ਅਤੇ ਕਾਰੋਬਾਰ ਕਰਨ ਵਿੱਚ ਆਸਾਨੀ 'ਤੇ ਸਰਕਾਰ ਦੇ ਫੋਕਸ ਵਿੱਚ ਆਧੁਨਿਕ ਬੁਨਿਆਦੀ ਢਾਂਚੇ ਦੀ ਵੱਡੀ ਭੂਮਿਕਾ ਹੈ: ਪ੍ਰਧਾਨ ਮੰਤਰੀ

ਜਦੋਂ ਨੀਤੀਆਂ ਅਤੇ ਇਰਾਦੇ ਸਪੱਸ਼ਟ ਹੋਣ, ਇੱਛਾ ਸ਼ਕਤੀ ਮਜ਼ਬੂਤ ਹੋਵੇ ਅਤੇ ਪ੍ਰਯਤਨ ਇਮਾਨਦਾਰ ਹੋਣ, ਤਾਂ ਸਭ ਕੁਝ ਸੰਭਵ ਹੈ: ਪ੍ਰਧਾਨ ਮੰਤਰੀ

ਪ੍ਰੋਜੈਕਟਾਂ ਦਾ ਨਿਰਧਾਰਿਤ ਸਮੇਂ ਤੋਂ ਪਹਿਲਾਂ ਪੂਰਾ ਹੋਣਾ ਬਦਲੇ ਹੋਏ ਰਵੱਈਏ ਅਤੇ ਸੋਚ ਦਾ ਪ੍ਰਗਟਾਵਾ ਹੈ: ਪ੍ਰਧਾਨ ਮੰਤਰੀ

Posted On: 16 SEP 2021 12:56PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਕਸਤੂਰਬਾ ਗਾਂਧੀ ਮਾਰਗ ਅਤੇ ਅਫਰੀਕਾ ਐਵੇਨਿਊ ਵਿਖੇ ਰੱਖਿਆ ਦਫ਼ਤਰ ਕੰਪਲੈਕਸਾਂ ਦਾ ਉਦਘਾਟਨ ਕੀਤਾ। ਉਨ੍ਹਾਂ ਅਫਰੀਕਾ ਐਵੇਨਿਊ ਵਿਖੇ ਰੱਖਿਆ ਦਫ਼ਤਰ ਕੰਪਲੈਕਸ ਦਾ ਵੀ ਦੌਰਾ ਕੀਤਾ ਅਤੇ ਸੈਨਾ, ਜਲ ਸੈਨਾ, ਹਵਾਈ ਸੈਨਾ ਅਤੇ ਅਸੈਨਿਕ ਅਧਿਕਾਰੀਆਂ ਨਾਲ ਗੱਲਬਾਤ ਕੀਤੀ।

 

 

ਸਮਾਰੋਹ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਕੰਪਲੈਕਸਾਂ ਦੇ ਉਦਘਾਟਨ ਵਿੱਚ, ਭਾਰਤ ਨੇ ਦੇਸ਼ ਦੀ ਆਜ਼ਾਦੀ ਦੇ 75ਵੇਂ ਵਰ੍ਹੇ ਵਿੱਚ ਨਵੇਂ ਭਾਰਤ ਦੀਆਂ ਜ਼ਰੂਰਤਾਂ ਅਤੇ ਰੀਝਾਂ ਦੇ ਅਨੁਸਾਰ ਦੇਸ਼ ਦੀ ਰਾਜਧਾਨੀ ਦੇ ਵਿਕਾਸ ਵਿੱਚ ਇੱਕ ਹੋਰ ਕਦਮ ਚੁੱਕਿਆ ਹੈ। ਉਨ੍ਹਾਂ ਇਸ ਤੱਥ 'ਤੇ ਅਫਸੋਸ ਜ਼ਾਹਰ ਕੀਤਾ ਕਿ ਬਹੁਤ ਲੰਮੇ ਸਮੇਂ ਤੋਂ ਰੱਖਿਆ ਨਾਲ ਜੁੜੇ ਕੰਮ ਦੂਸਰੇ ਵਿਸ਼ਵ ਯੁੱਧ ਦੌਰਾਨ ਬਣਾਈਆਂ ਗਈਆਂ ਝੌਂਪੜੀਆਂ ਤੋਂ ਕਰਵਾਏ ਜਾ ਰਹੇ ਸਨ ਜੋ ਘੋੜਿਆਂ ਦੇ ਅਸਤਬਲ ਅਤੇ ਬੈਰਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਣਾਈਆਂ ਗਈਆਂ ਸਨ। ਉਨ੍ਹਾਂ ਕਿਹਾ ਇਹ ਨਵਾਂ ਰੱਖਿਆ ਦਫਤਰ ਕੰਪਲੈਕਸ ਸਾਡੇ ਰੱਖਿਆ ਬਲਾਂ ਦੇ ਕੰਮ ਕਾਜ ਨੂੰ ਸੁਵਿਧਾਜਨਕ ਅਤੇ ਪ੍ਰਭਾਵੀ ਬਣਾਉਣ ਦੇ ਪ੍ਰਯਤਨਾਂ ਨੂੰ ਮਜ਼ਬੂਤ ਕਰੇਗਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਕਸਤੂਰਬਾ ਗਾਂਧੀ (ਕੇਜੀ) ਮਾਰਗ ਅਤੇ ਅਫਰੀਕਾ ਐਵੇਨਿਊ ਵਿਖੇ ਬਣੇ ਇਹ ਆਧੁਨਿਕ ਦਫਤਰ ਰਾਸ਼ਟਰ ਦੀ ਸੁਰੱਖਿਆ ਨਾਲ ਜੁੜੇ ਸਾਰੇ ਕਾਰਜਾਂ ਨੂੰ ਪ੍ਰਭਾਵੀ ਢੰਗ ਨਾਲ ਚਲਾਉਣ ਵਿੱਚ ਬਹੁਤ ਸਹਾਈ ਹੋਣਗੇ। ਰਾਜਧਾਨੀ ਵਿੱਚ ਇੱਕ ਆਧੁਨਿਕ ਰੱਖਿਆ ਐਨਕਲੇਵ ਦੇ ਨਿਰਮਾਣ ਵੱਲ ਇਹ ਇੱਕ ਵੱਡਾ ਕਦਮ ਹੈ। ਉਨ੍ਹਾਂ ਆਤਮਨਿਰਭਰ ਭਾਰਤ ਦੇ ਪ੍ਰਤੀਕਾਂ ਦੇ ਰੂਪ ਵਿੱਚ ਕੰਪਲੈਕਸਾਂ ਵਿੱਚ ਭਾਰਤੀ ਕਲਾਕਾਰਾਂ ਦੁਆਰਾ ਬਣਾਈਆਂ ਆਕਰਸ਼ਕ ਕਲਾਕ੍ਰਿਤੀਆਂ ਨੂੰ ਸ਼ਾਮਲ ਕਰਨ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ, “ਦਿੱਲੀ ਅਤੇ ਵਾਤਾਵਰਣ ਦੀ ਜੀਵਨ ਸ਼ਕਤੀ ਨੂੰ ਬਰਕਰਾਰ ਰੱਖਦੇ ਹੋਏ ਇਹ ਕੰਪਲੈਕਸ ਸਾਡੇ ਸਭਿਆਚਾਰ ਦੀ ਵਿਵਿਧਤਾ ਦੇ ਆਧੁਨਿਕ ਰੂਪ ਨੂੰ ਦਰਸਾਉਂਦੇ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਅਸੀਂ ਰਾਜਧਾਨੀ ਬਾਰੇ ਗੱਲ ਕਰਦੇ ਹਾਂ ਤਾਂ ਇਹ ਸਿਰਫ ਇੱਕ ਸ਼ਹਿਰ ਨਹੀਂ ਹੈ। ਕਿਸੇ ਵੀ ਦੇਸ਼ ਦੀ ਰਾਜਧਾਨੀ ਉਸ ਦੇਸ਼ ਦੀ ਸੋਚ, ਦ੍ਰਿੜਤਾ, ਸ਼ਕਤੀ ਅਤੇ ਸਭਿਆਚਾਰ ਦਾ ਪ੍ਰਤੀਕ ਹੁੰਦੀ ਹੈ। ਭਾਰਤ ਲੋਕਤੰਤਰ ਦੀ ਜਨਨੀ ਹੈ। ਇਸ ਲਈ, ਭਾਰਤ ਦੀ ਰਾਜਧਾਨੀ ਅਜਿਹੀ ਹੋਣੀ ਚਾਹੀਦੀ ਹੈ, ਜਿਸ ਦੇ ਕੇਂਦਰ ਵਿੱਚ ਨਾਗਰਿਕ ਹੋਣ, ਲੋਕ ਹੋਣ।

 

ਪ੍ਰਧਾਨ ਮੰਤਰੀ ਨੇ ਈਜ਼ ਆਵ੍ ਲਿਵਿੰਗਅਤੇ ਕਾਰੋਬਾਰ ਕਰਨ ਵਿੱਚ ਅਸਾਨੀ 'ਤੇ ਸਰਕਾਰ ਦੇ ਫੋਕਸ ਵਿੱਚ ਆਧੁਨਿਕ ਬੁਨਿਆਦੀ ਢਾਂਚੇ ਦੀ ਭੂਮਿਕਾ ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ, "ਸੈਂਟਰਲ ਵਿਸਟਾ ਦਾ ਚੱਲ ਰਿਹਾ ਨਿਰਮਾਣ ਕਾਰਜ ਸਿਰਫ ਇਸ ਸੋਚ ਨਾਲ ਚੱਲ ਰਿਹਾ ਹੈ।" ਰਾਜਧਾਨੀ ਦੀਆਂ ਇੱਛਾਵਾਂ ਦੇ ਅਨੁਸਾਰ ਨਵੀਆਂ ਉਸਾਰੀਆਂ ਦੇ ਪ੍ਰਯਤਨਾਂ ਦਾ ਵਰਣਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਬਹੁਤ ਸਾਰੀਆਂ ਉਸਾਰੀਆਂ ਜਿਵੇਂ ਕਿ ਲੋਕ ਪ੍ਰਤੀਨਿਧੀਆਂ ਲਈ ਰਿਹਾਇਸ਼, ਬਾਬਾ ਸਾਹਿਬ ਅੰਬੇਦਕਰ ਦੀਆਂ ਯਾਦਾਂ ਨੂੰ ਸੰਭਾਲਣ ਦੇ ਪ੍ਰਯਤਨ, ਬਹੁਤ ਸਾਰੇ ਭਵਨ, ਸਾਡੇ ਸ਼ਹੀਦਾਂ ਦੀਆਂ ਯਾਦਗਾਰਾਂ ਅੱਜ ਰਾਜਧਾਨੀ ਦੀ ਸ਼ਾਨ ਵਧਾ ਰਹੀਆਂ ਹਨ।

 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਰੱਖਿਆ ਦਫਤਰ ਕੰਪਲੈਕਸ ਦਾ ਕੰਮ ਜੋ 24 ਮਹੀਨਿਆਂ ਵਿੱਚ ਪੂਰਾ ਹੋਣਾ ਸੀ, ਸਿਰਫ 12 ਮਹੀਨਿਆਂ ਦੇ ਰਿਕਾਰਡ ਸਮੇਂ ਵਿੱਚ ਪੂਰਾ ਹੋ ਗਿਆ ਹੈ। ਉਹ ਵੀ ਉਦੋਂ ਜਦੋਂ ਕੋਰੋਨਾ ਦੁਆਰਾ ਪੈਦਾ ਕੀਤੀਆਂ ਸਥਿਤੀਆਂ ਵਿੱਚ ਲੇਬਰ ਤੋਂ ਲੈ ਕੇ ਹੋਰ ਸਾਰੀਆਂ ਚੁਣੌਤੀਆਂ ਸਾਹਮਣੇ ਸਨ। ਕੋਰੋਨਾ ਦੇ ਸਮੇਂ ਦੌਰਾਨ ਇਸ ਪ੍ਰੋਜੈਕਟ ਵਿੱਚ ਸੈਂਕੜੇ ਕਾਮਿਆਂ ਨੂੰ ਰੋਜ਼ਗਾਰ ਮਿਲਿਆ। ਪ੍ਰਧਾਨ ਮੰਤਰੀ ਨੇ ਇਸਦਾ ਸਿਹਰਾ ਸਰਕਾਰ ਦੇ ਕੰਮਕਾਜ ਵਿੱਚ ਇੱਕ ਨਵੀਂ ਸੋਚ ਅਤੇ ਪਹੁੰਚ ਨੂੰ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ, “ਜਦੋਂ ਨੀਤੀਆਂ ਅਤੇ ਇਰਾਦੇ ਸਪਸ਼ਟ ਹੋਣ, ਇੱਛਾ ਸ਼ਕਤੀ ਮਜ਼ਬੂਤ ਹੋਣ ਅਤੇ ਈਮਾਨਦਾਰੀ ਨਾਲ ਪ੍ਰਯਤਨ ਕੀਤੇ ਜਾਣ, ਸਭ ਕੁਝ ਸੰਭਵ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਰੱਖਿਆ ਦਫ਼ਤਰ ਕੰਪਲੈਕਸ ਬਦਲ ਰਹੇ ਕਾਰਜ ਸੱਭਿਆਚਾਰ ਅਤੇ ਸਰਕਾਰ ਦੀਆਂ ਤਰਜੀਹਾਂ ਦਾ ਪ੍ਰਗਟਾਵਾ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਵਿਭਿੰਨ ਵਿਭਾਗਾਂ ਪਾਸ ਉਪਲਬਧ ਜ਼ਮੀਨ ਦੀ ਸੁਚੱਜੀ ਅਤੇ ਸਹੀ ਵਰਤੋਂ ਇੱਕ ਅਜਿਹੀ ਤਰਜੀਹ ਹੈ। ਇਸ ਦੀ ਉਦਾਹਰਣ ਦਿੰਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਹ ਰੱਖਿਆ ਦਫ਼ਤਰ ਕੰਪਲੈਕਸ 13 ਏਕੜ ਜ਼ਮੀਨ ਵਿੱਚ ਬਣਾਇਆ ਗਿਆ ਹੈ, ਪਹਿਲੇ ਸਮਿਆਂ ਦੇ ਉਲਟ ਜਦੋਂ ਅਜਿਹੇ ਕੰਪਲੈਕਸਾਂ ਲਈ ਪੰਜ ਗੁਣਾ ਜ਼ਿਆਦਾ ਜ਼ਮੀਨ ਦੀ ਵਰਤੋਂ ਕੀਤੀ ਜਾਂਦੀ ਸੀ। ਪ੍ਰਧਾਨ ਮੰਤਰੀ ਨੇ ਇਹ ਵੀ ਦੱਸਿਆ ਕਿ ਅਗਲੇ 25 ਵਰ੍ਹਿਆਂ, ਯਾਨੀ ਆਜ਼ਾਦੀ ਕਾ ਅੰਮ੍ਰਿਤ ਕਾਲਵਿੱਚ ਸਰਕਾਰੀ ਪ੍ਰਣਾਲੀ ਦੀ ਉਤਪਾਦਕਤਾ ਅਤੇ ਦਕਸ਼ਤਾ ਨੂੰ ਅਜਿਹੇ ਪ੍ਰਯਤਨਾਂ ਨਾਲ ਸਮਰਥਨ ਮਿਲੇਗਾ। ਪ੍ਰਧਾਨ ਮੰਤਰੀ ਨੇ ਇਹ ਗੱਲ ਕਹਿ ਕੇ ਸਮਾਪਤੀ ਕੀਤੀ ਕਿ ਇੱਕ ਸਾਂਝੇ ਕੇਂਦਰੀ ਸਕੱਤਰੇਤ, ਕਨੈਕਟਿਡ ਕਾਨਫਰੰਸ ਹਾਲ, ਮੈਟਰੋ ਵਰਗੇ ਅਸਾਨ ਸੰਪਰਕ ਨਾਲ ਰਾਜਧਾਨੀ ਨੂੰ ਲੋਕਾਂ ਦੇ ਅਨੁਕੂਲ ਬਣਾਉਣ ਵਿੱਚ ਵੱਡੀ ਮਦਦ ਮਿਲੇਗੀ।

 

*********

 

ਡੀਐੱਸ/ਏਕੇ



(Release ID: 1755547) Visitor Counter : 198