ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸਰਦਾਰਧਾਮ ਭਵਨ ਦਾ ਲੋਕਅਰਪਣ ਅਤੇ ਸਰਦਾਰਧਾਮ ਫ਼ੇਜ਼–II ਕੰਨਿਆ ਛਾਤ੍ਰਾਲਿਆ ਦਾ ਭੂਮੀ ਪੂਜਨ ਕੀਤਾ
ਮਹਾਨ ਤਮਿਲ ਕਵੀ ਦੀ 100ਵੀਂ ਪੁੰਨਯ–ਤਿਥੀ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਨੇ ਬਨਾਰਸ ਹਿੰਦੂ ਯੂਨੀਵਰਸਿਟੀ, ਵਾਰਾਣਸੀ ਦੀ ਆਰਟਸ ਫੈਕਲਟੀ ‘ਚ ਤਮਿਲ ਅਧਿਐਨ ਬਾਰੇ ‘ਸੁਬਰਮਣਯ ਭਾਰਤੀ ਚੇਅਰ’ ਦਾ ਐਲਾਨ ਕੀਤਾ
ਸਰਦਾਰ ਸਾਹਬ ਦੀ ਦੂਰ–ਦ੍ਰਿਸ਼ਟੀ ਵਾਲਾ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦਾ ਦਰਸ਼ਨ ਮਹਾਕਵੀ ਭਾਰਤੀ ਦੀਆਂ ਤਮਿਲ ਲਿਖਤਾਂ ‘ਚ ਪੂਰੀ ਦਿੱਬਤਾ ਨਾਲ ਨਿੱਖਰਦਾ ਰਿਹਾ ਹੈ
ਅੱਜ ਵਿਸ਼ਵ ਮਹਿਸੂਸ ਕਰ ਰਿਹਾ ਹੈ ਕਿ 9/11 ਜਿਹੇ ਦੁਖਾਂਤ ਦਾ ਹੱਲ ਸਿਰਫ਼ ਇਨ੍ਹਾਂ ਮਾਨਵੀ ਕਦਰਾਂ–ਕੀਮਤਾਂ ਰਾਹੀਂ ਮਿਲੇਗਾ: ਪ੍ਰਧਾਨ ਮੰਤਰੀ
ਮਹਾਮਾਰੀ ਨੇ ਭਾਰਤੀ ਅਰਥਵਿਵਸਥਾ ਨੂੰ ਪ੍ਰਭਾਵਿਤ ਕੀਤਾ ਹੈ ਪਰ ਅਸੀਂ ਨੁਕਸਾਨ ਦੇ ਮੁਕਾਬਲੇ ਤੇਜ਼ੀ ਨਾਲ ਸੰਭਲ ਰਹੇ ਹਾਂ: ਪ੍ਰਧਾਨ ਮੰਤਰੀ
ਜਦੋਂ ਵੱਡੇ ਦੇਸ਼ ਸਿਰਫ਼ ਆਪਣੇ ਆਰਥਿਕ ਹਿਤਾਂ ਦੀ ਰਾਖੀ ਕਰਨ ‘ਚ ਲਗੇ ਹੋਏ ਸਨ, ਭਾਰਤ ‘ਚ ਸੁਧਾਰ ਲਾਗੂ ਕੀਤੇ ਜਾ ਰਹੇ ਸਨ: ਪ੍ਰਧਾਨ ਮੰਤਰੀ
Posted On:
11 SEP 2021 1:00PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਿਡੀਓ ਕਾਨਫ਼ਰੰਸਿੰਗ ਰਾਹੀਂ ਸਰਦਾਰਧਾਮ ਭਵਨ ਦਾ ਲੋਕਅਰਪਣ ਤੇ ਸਰਦਾਰ ਧਾਮ ਗੇੜ–II ਕੰਨਿਆ ਛਾਤ੍ਰਾਲਿਆ ਦਾ ਭੂਮੀ ਪੂਜਨ ਕੀਤਾ। ਗੁਜਰਾਤ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਵੀ ਇਸ ਮੌਕੇ ਮੌਜੂਦ ਸਨ।
ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਖ਼ੁਸ਼ੀ ਪ੍ਰਗਟਾਈ ਕਿ ਗਣੇਸ਼ ਉਤਸਵ ਮੌਕੇ ਸਰਦਾਰਧਾਮ ਭਵਨ ਦਾ ਸ਼ੁਭ–ਆਰੰਭ ਹੋ ਰਿਹਾ ਹੈ। ਉਨ੍ਹਾਂ ਸਾਰੇ ਦੇਸ਼ਵਾਸੀਆਂ ਨੂੰ ਗਣੇਸ਼ ਚਤੁਰਥੀ, ਗਣੇਸ਼ ਉਤਸਵ ਅਤੇ ਰਿਸ਼ੀ ਪੰਚਮੀ ਤੇ ਕਸ਼ੱਮਵਾਣੀ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਮਾਨਵਤਾ ਦੀ ਸੇਵਾ ਪ੍ਰਤੀ ਸਰਬੋਤਮ ਸਮਰਪਣ ਭਾਵ ਲਈ ਸਰਦਾਰ ਧਾਮ ਟ੍ਰੱਸਟ ਨਾਲ ਜੁੜੇ ਸਾਰੇ ਮੈਂਬਰਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਪਾਟੀਦਾਰ ਸਮਾਜ ਦੇ ਨੌਜਵਾਨਾਂ ਦੇ ਨਾਲ–ਨਾਲ ਗ਼ਰੀਬਾਂ ਤੇ ਖ਼ਾਸ ਕਰਕੇ ਮਹਿਲਾਵਾਂ ਦੇ ਸਸ਼ਕਤੀਕਰਣ ਉੱਤੇ ਉਲ੍ਹਾਂ ਵੱਲੋਂ ਖ਼ਾਸ ਜ਼ੋਰ ਦੇਣ ਦੀ ਡਾਢੀ ਸ਼ਲਾਘਾ ਕੀਤੀ।
ਇਸ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਸ ਹੋਸਟਲ ਸੁਵਿਧਾ ਦਾ ਅੱਜ ਉਦਘਾਟਨ ਕੀਤਾ ਜਾ ਰਿਹਾ ਹੈ, ਉਸ ਨਾਲ ਵੱਡੀ ਗਿਣਤੀ ‘ਚ ਲੜਕੀਆਂ ਨੂੰ ਅੱਗੇ ਵਧਣ ‘ਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਅਤਿ–ਆਧੁਨਿਕ ਭਵਨ, ਲੜਕੀਆਂ ਦੇ ਹੋਸਟਲ ਤੇ ਆਧੁਨਿਕ ਲਾਇਬ੍ਰੇਰੀ ਨੌਜਵਾਨਾਂ ਨੂੰ ਸਸ਼ਕਤ ਬਣਾਉਣ ‘ਚ ਸਹਾਇਕ ਸਿੱਧ ਹੋਣਗੇ। ਉੱਦਮਤਾ ਵਿਕਾਸ ਕੇਂਦਰ ਗੁਜਰਾਤ ਦੀ ਮਜ਼ਬੂਤ ਕਾਰੋਬਾਰੀ ਪਛਾਣ ਨੂੰ ਖ਼ੁਸ਼ਹਾਲ ਕਰੇਗਾ ਤੇ ਸਿਵਲ ਸੇਵਾ ਕੇਂਦਰ ਸਿਵਲ, ਰੱਖਿਆ ਤੇ ਨਿਆਂਇਕ ਸੇਵਾਵਾਂ ‘ਚ ਆਪਣਾ ਕਰੀਅਰ ਬਣਾਉਣ ਦੇ ਇੱਛੁਕ ਨੌਜਵਾਨਾਂ ਨੂੰ ਨਵੀਂ ਦਿਸ਼ਾ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ ਸਰਦਾਰਧਾਮ ਨਾ ਕੇਵਲ ਦੇਸ਼ ਦੇ ਭਵਿੱਖ ਦੇ ਨਿਰਮਾਣ ਦਾ ਪ੍ਰਤਿਸ਼ਠਾਨ ਬਣੇਗਾ, ਸਗੋਂ ਇਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਰਦਾਰ ਸਾਹਬ ਦੇ ਆਦਰਸ਼ਾਂ ਨੂੰ ਜੀਣ ਲਈ ਪ੍ਰੇਰਿਤ ਵੀ ਕਰੇਗਾ।
ਉਨ੍ਹਾਂ ਕਿਹਾ ਕਿ ਅੱਜ 11 ਸਤੰਬਰ ਦੁਨੀਆ ਦੇ ਇਤਿਹਾਸ ‘ਚ ਇੱਕ ਅਜਿਹੀ ਤਰੀਕ ਹੈ, ਜਿਸ ਨੂੰ ਮਾਨਵਤਾ ਉੱਤੇ ਹਮਲੇ ਲਈ ਜਾਣਿਆ ਜਾਂਦਾ ਹੈ ਪਰ ਇਸ ਤਰੀਕ ਨੇ ਪੂਰੀ ਦੁਨੀਆ ਨੂੰ ਬਹੁਤ ਕੁਝ ਸਿਖਾਇਆ ਵੀ ਹੈ। ਇੱਕ ਸਦੀ ਪਹਿਲਾਂ 11 ਸਤੰਬਰ, 1893 ਨੂੰ ਸ਼ਿਕਾਗੋ ‘ਚ ਵਿਸ਼ਵ ਧਰਮ ਸੰਸਦ ਦਾ ਆਯੋਜਨ ਹੋਇਆ ਸੀ। ਉਨ੍ਹਾਂ ਅੱਗੇ ਕਿਹਾ ਕਿ ਇਸ ਦਿਨ ਸਵਾਮੀ ਵਿਵੇਕਾਨੰਦ ਉਸ ਵਿਸ਼ਵ ਮੰਚ ਉੱਤੇ ਖੜ੍ਹੇ ਹੋਏ ਤੇ ਪੂਰੀ ਦੁਨੀਆ ਨੂੰ ਭਾਰਤ ਦੀਆਂ ਮਾਨਵੀ ਕਦਰਾਂ–ਕੀਮਤਾਂ ਤੋਂ ਜਾਣੂ ਕਰਵਾਇਆ। ਅੱਜ ਦੁਨੀਆ ਇਹ ਮਹਿਸੂਸ ਕਰ ਰਹੀ ਹੈ ਕਿ 9/11 ਜਿਹੇ ਦੁਖਾਂਤਾ ਦਾ ਸਥਾਈ ਹੱਲ ਇਨ੍ਹਾਂ ਮਨੁੱਖੀ ਕਦਰਾਂ–ਕੀਮਤਾਂ ਰਾਹੀਂ ਸੰਭਵ ਹੋਵੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ 11 ਸਤੰਬਰ ਨੂੰ ਇੱਕ ਹੋਰ ਵੱਡਾ ਮੌਕਾ – ਭਾਰਤ ਦੇ ਮਹਾਨ ਵਿਦਵਾਨ, ਦਾਰਸ਼ਨਿਕ ਤੇ ਸੁਤੰਤਰਤਾ ਸੈਨਾਨੀ ‘ਸੁਬਰਮਣਯ ਭਾਰਤੀ’ ਦੀ 100ਵੀਂ ਪੁੰਨਯ–ਤਿਥੀ ਹੈ। ਸਰਦਾਰ ਸਾਹਬ ਦੀ ਦੂਰ–ਦ੍ਰਿਸ਼ਟੀ ਅਨੁਸਾਰ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ ਦਾ ਦਰਸ਼ਨ ਮਹਾਕਵੀ ਭਾਰਤੀ ਦੀ ਤਮਿਲ ਲੇਖਣੀ ‘ਚ ਪੂਰਨ ਦਿੱਬਤਾ ਨਾਲ ਆਪਣੀ ਚਮਕ ਫੈਲਾਉਂਦਾ ਰਿਹਾ ਹੈ। ਉਨ੍ਹਾਂ ਕਿਹਆ ਕਿ ਸੁਬਰਮਣਯ ਭਾਰਤੀ ਨੇ ਸਵਾਮੀ ਵਿਵੇਕਾਨੰਦ ਤੋਂ ਪ੍ਰੇਰਣਾ ਲਈ ਤੇ ਉਹ ਸ੍ਰੀ ਅਰਬਿੰਦੋ ਤੋਂ ਪ੍ਰਭਾਵਿਤ ਸਨ। ਭਾਰਤੀ ਨੇ ਕਾਸ਼ੀ ‘ਚ ਰਹਿੰਦਿਆ ਆਪਣੇ ਵਿਚਾਰਾਂ ਨੂੰ ਨਵੀਂ ਦਿਸ਼ਾ ਤੇ ਨਵੀਂ ਊਰਜਾ ਪ੍ਰਦਾਨ ਕੀਤੀ। ਪ੍ਰਧਾਨ ਮੰਤਰੀ ਨੇ ਬਨਾਰਸ ਹਿੰਦੂ ਯੂਨੀਵਰਸਿਟੀ (ਬੀਐੱਚਯੂ) ‘ਚ ‘ਸੁਬਰਮਣਯ ਭਾਰਤੀ ਜੀ’ ਦੇ ਨਾਂਅ ਉੱਤੇ ਇੱਕ ਚੇਅਰ ਦੀ ਸਥਾਪਨਾ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਬਨਾਰਸ ਹਿੰਦੂ ਯੂਨੀਵਰਸਿਟੀ (ਬੀਐੱਚਯੂ) ਦੀ ਆਰਟਸ ਫੈਕਲਟੀ ‘ਚ ਤਮਿਲ ਅਧਿਐਨ ਨਾਲ ਸਬੰਧਤ ‘ਸੁਬਰਮਣਯ ਭਾਰਤੀ ਚੇਅਰ’ ਦੀ ਸਥਾਪਨਾ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੁਬਰਮਣਯ ਭਾਰਤੀ ਜੀ ਨੇ ਸਦਾ ਸਮੁੱਚੀ ਮਨੁੱਖ ਜਾਤੀ ਤੇ ਭਾਰਤ ਦੀ ਏਕਤਾ ‘ਤੇ ਵਿਸ਼ੇਸ਼ ਜ਼ੋਰ ਦਿੱਤਾ। ਉਨ੍ਹਾਂ ਦੇ ਆਦਰਸ਼ ਭਾਰਤ ਦੇ ਵਿਚਾਰ ਤੇ ਦਰਸ਼ਨ ਦਾ ਅਟੁੱਟ ਅੰਗ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅਤੀਤ ਤੋਂ ਲੈ ਕੇ ਅੱਜ ਤੱਕ ਗੁਜਰਾਤ ਸਮੂਹਿਕ ਕੋਸ਼ਿਸ਼ਾਂ ਦੀ ਧਰਤੀ ਰਿਹਾ ਹੈ। ਉਨ੍ਹਾਂ ਕਿਹਾ ਕਿ ਗਾਂਧੀ ਜੀ ਨੇ ਦਾਂਡੀ ਯਾਤਰਾ ਇੱਥੋਂ ਹੀ ਸ਼ੁਰੂ ਕੀਤੀ ਸੀ, ਜੋ ਅੱਜ ਵੀ ਸੁਤੰਤਰਤਾ ਸੰਗ੍ਰਾਮ ‘ਚ ਦੇਸ਼ ਦੀਆਂ ਸਮੂਹਿਕ ਕੋਸ਼ਿਸ਼ਾ ਦਾ ਪ੍ਰਤੀਕ ਹੈ। ਇਸੇ ਤਰ੍ਹਾਂ ਖੇੜਾ ਅੰਦੋਲਨ ‘ਚ ਸਰਦਾਰ ਪਟੇਲ ਦੀ ਅਗਵਾਈ ਹੇਠ ਕਿਸਾਨਾਂ, ਨੌਜਵਾਨਾਂ ਤੇ ਗ਼ਰੀਬਾਂ ਦੀ ਏਕਤਾ ਨੇ ਬ੍ਰਿਟਿਸ਼ ਸਰਕਾਰ ਨੁੰ ਗੋਡੇ ਟੇਕਣ ਲਈ ਮਜਬੁਰ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਉਹ ਪ੍ਰੇਰਣਾ, ਉਹ ਊਰਜਾ ਅੱਜ ਵੀ ਗੁਜਰਾਤ ਦੀ ਧਰਤੀ ਉੱਤੇ ਸਰਦਾਰ ਦੀ ਅਕਾਸ਼ ਛੋਹੰਦੀ ਮੂਰਤੀ ‘ਸਟੈਚੂ ਆਵ੍ ਯੂਨਿਟੀ’ ਦੇ ਰੂਪ ‘ਚ ਸਾਡੇ ਸਾਹਮਣੇ ਖੜ੍ਹੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮਾਜ ਦੇ ਉਨ੍ਹਾਂ ਵਰਗਾਂ ਨੂੰ ਅੱਗੇ ਲਿਆਉਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਇੱਕ ਪਾਸੇ ਜਿੱਥੇ ਦਲਿਤਾਂ ਤੇ ਸਮਾਜਕ ਤੌਰ ‘ਤੇ ਪਿਛੜੇ ਲੋਕਾਂ ਦੇ ਹੱਕਾਂ ਲਈ ਕੰਮ ਹੋ ਰਿਹਾ ਹੈ, ਉੱਥੇ ਆਰਥਿਕ ਤੌਰ ਉੱਤੇ ਪਿਛੜੇ ਲੋਕਾਂ ਨੂੰ 10 ਫ਼ੀ ਸਦੀ ਰਾਖਵਾਂਕਰਣ ਵੀ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਕੋਸ਼ਿਸ਼ਾਂ ਸਮਾਜ ‘ਚ ਇੱਕ ਨਵਾਂ ਭਰੋਸਾ ਪੈਦਾ ਕਰ ਰਹੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਵਿੱਖ ‘ਚ ਬਾਜ਼ਾਰ ਵਿੱਚ ਸਾਡੇ ਨੌਜਵਾਨਾਂ ਤੋਂ ਜਿਸ ਹੁਨਰ ਦੀ ਆਸ ਰੱਖੀ ਜਾਂਦੀ ਹੈ, ਉਸ ਲਈ ਰਾਸ਼ਟਰੀ ਸਿੱਇਖਆ ਨੀਤੀ ਵਿਦਿਆਰਥੀਆਂ ਨੂੰ ਸ਼ੁਰੂ ਤੋਂ ਹੀ ਤਿਆਰ ਕਰੇਗੀ। ਉਨ੍ਹਾਂ ਕਿਹਾ ਕਿ ‘ਕੌਸ਼ਲ ਭਾਰਤ ਮਿਸ਼ਨ’ ਵੀ ਦੇਸ਼ ਲਈ ਇੱਕ ਵੱਡੀ ਤਰਜੀਹ ਹੈ। ਇਸ ਮਿਸ਼ਨ ਦੇ ਤਹਿਤ ਲੱਖਾਂ ਨੌਜਵਾਨਾਂ ਨੂੰ ਵੱਖੋ–ਵੱਖਰੇ ਹੁਨਰ ਸਿੱਖਣ ਦਾ ਮੌਕਾ ਮਿਲਿਆ ਹੈ ਤੇ ਉਹ ਆਜ਼ਾਦ ਹੋ ਰਹੇ ਹਨ। ‘ਰਾਸ਼ਟਰੀ ਸ਼ਿਖਸ਼ੁਤਾ ਸੰਵਰਧਨ ਯੋਜਨਾ’ (ਐੱਨਏਪੀਐੱਸ) ਦੇ ਤਹਿਤ ਵਿਦਿਆਰਥੀਆਂ ਨੂੰ ਹੁਨਰ ਵਿਕਾਸ ਅਧੀਨ ਆਪਣੇ ਹੁਨਰ ਨੂੰ ਨਿਖਾਰਣ ਦੇ ਨਾਲ–ਨਾਲ ਆਪਣੀ ਆਮਦਨ ਵਧਾਉਣ ਦਾ ਮੌਕਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਕਈ ਸਾਲਾਂ ਦੀਆਂ ਨਿਰੰਤਰ ਕੋਸ਼ਿਸ਼ਾਂ ਦਾ ਨਤੀਜਾ ਹੀ ਹੈ ਕਿ ਅੱਜ ਗੁਜਰਾਤ ‘ਚ ਜਿੱਥੇ ਇੱਕ ਪਾਸੇ ਸਕੂਲ ਡ੍ਰੌਪ–ਆਊਟ ਦਰ 1 ਫ਼ੀ ਸਦੀ ਘੱਟ ਹੋ ਗਈ ਹੈ, ਉੱਥੇ ਹੀ ਲੱਖਾਂ ਨੌਜਵਾਨਾਂ ਨੂੰ ਵਿਭਿੰਨ ਨੌਜਵਾਨਾਂ ਰਾਹੀਂ ਇੱਕ ਨਵਾਂ ਭਵਿੱਖ ਪ੍ਰਦਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਗੁਜਰਾਤ ਦੇ ਨੌਜਵਾਨਾਂ ਦੀ ਪ੍ਰਤਿਭਾ ਨੂੰ ‘ਸਟਾਰਟ–ਅੱਪ ਇੰਡੀਆ’ ਜਿਹੀ ਮੁਹਿੰਮ ਨਾਲ ਇੱਕ ਨਵਾਂ ਈਕੋਸਿਸਟਮ ਮਿਲ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਪਾਟੀਦਾਰ ਸਮਾਜ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਹ ਜਿੱਥੇ ਵੀ ਜਾਂਦੇ ਹਨ, ਵਪਾਰ ਨੂੰ ਇੱਕ ਨਵੀਂ ਪਹਿਚਾਣ ਦਿੰਦੇ ਹਨ। ਉਨ੍ਹਾਂ ਕਿਹਾ,‘ਤੁਹਾਡੇ ਇਸ ਹੁਨਰ ਨੂੰ ਹੁਣ ਨਾ ਸਿਰਫ਼ ਗੁਜਰਾਤ ਤੇ ਦੇਸ਼ ‘ਚ, ਬਲਕਿ ਪੂਰੀ ਦੁਨੀਆ ‘ਚ ਪਛਾਣਿਆ ਜਾ ਰਿਹਾ ਹੈ।’ ਉਨ੍ਹਾਂ ਕਿਹਾ ਕਿ ਪਾਟੀਦਾਰ ਸਮਾਜ ਦੀ ਇੱਕ ਹੋਰ ਵੱਡੀ ਵਿਸ਼ੇਸ਼ਤਾ ਹੈ ਕਿ ਉਹ ਭਾਵੇਂ ਕਿਤੇ ਵੀ ਹੋਣ, ਉਨ੍ਹਾਂ ਲਈ ਭਾਰਤ ਦਾ ਹਿਤ ਸਰਬਉੱਚ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਮਹਾਮਾਰੀ ਨੇ ਭਾਰਤ ਨੂੰ ਪ੍ਰਭਾਵਿਤ ਕੀਤਾ ਹੈ ਪਰ ਨੁਕਸਾਨ ਦੇ ਮੁਕਾਬਲੇ ਸਾਡੀ ਰੀਕਵਰੀ ਕਿਤੇ ਜ਼ਿਆਦਾ ਤੇਜ਼ੀ ਨਾਲ ਹੋ ਰਹੀ ਹੈ। ਜਦੋਂ ਵੱਡੀਆਂ ਅਰਥਵਿਵਸਥਾਵਾਂ ਰੱਖਿਆਤਮਕ ਹੋ ਗਈਆਂ ਸਨ, ਤਦ ਭਾਰਤ ਸੁਧਾਰ ਕਰ ਰਿਹਾ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਪੂਰੀ ਦੁਨੀਆ ਦੀ ਸਪਲਾਈ ਲੜੀ ‘ਚ ਅੜਿੱਕੇ ਪੈ ਰਹ ਸਨ, ਤਦ ਅਸੀਂ ਇਸ ਲਹਿਰ ਨੂੰ ਭਾਰਤ ਦੇ ਹੱਕ ਵਿੱਚ ਮੋੜਨ ਲਈ ਪੀਐੱਲਆਈ ਯੋਜਨਾਵਾਂ ਸ਼ੁਰੂ ਕਰ ਰਹੇ ਸਾਂ। ਉਨ੍ਹਾਂ ਕਿਹਾ ਕਿ ਟੈਕਸਟਾਈਲ ‘ਚ ਪਿੱਛੇ ਜਿਹੇ ਸ਼ੁਰੂ ਕੀਤੀ ਗਈ ਪੀਐੱਲਆਈ ਤੋਂ ਸੂਰਤ ਜਿਹੇ ਸ਼ਹਿਰਾਂ ਨੂੰ ਕਾਫ਼ੀ ਫ਼ਾਇਦਾ ਹੋਵੇਗਾ।
*** *** ***
ਡੀਐੱਸ/ਏਕੇ
(Release ID: 1754228)
Visitor Counter : 218
Read this release in:
English
,
Urdu
,
Marathi
,
Hindi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam