ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ‘ਸ਼ਿਕਸ਼ਕ ਪਰਵ’ ਦੇ ਉਦਘਾਟਨੀ ਸੰਮੇਲਨ ਨੂੰ ਸੰਬੋਧਨ ਕੀਤਾ


ਸਿੱਖਿਆ ਖੇਤਰ ’ਚ ਕੀਤੀ ਕਈ ਪ੍ਰਮੁੱਖ ਪਹਿਲਾਂ ਦੀ ਸ਼ੁਰੂਆਤ

‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਤਹਿਤ ਕੀਤੀਆਂ ਨਵੀਆਂ ਪਹਿਲਾਂ ਨਾਲ ਵਿੱਦਿਅਕ ਇਨਕਲਾਬ ਆਵੇਗਾ ਤੇ ਭਾਰਤੀ ਸਿੱਖਿਆ ਪ੍ਰਣਾਲੀ ਵਿਸ਼ਵ ਨਕਸ਼ੇ ’ਤੇ ਸਥਾਪਿਤ ਹੋਵੇਗੀ: ਪ੍ਰਧਾਨ ਮੰਤਰੀ

ਅਸੀਂ ਪਰਿਵਰਤਨ ਦੇ ਦੌਰ ’ਚ ਹਾਂ, ਖ਼ੁਸ਼ਕਿਸਮਤੀ ਨਾਲ ਸਾਡੇ ਕੋਲ ਆਧੁਨਿਕ ਤੇ ਭਵਿੱਖ ਦੀਆਂ ਜ਼ਰੂਰਤਾਂ ਅਨੁਸਾਰ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਹੈ: ਪ੍ਰਧਾਨ ਮੰਤਰੀ

ਜਨ–ਭਾਗੀਦਾਰੀ ਮੁੜ ਤੋਂ ਭਾਰਤ ਦੀ ਰਾਸ਼ਟਰੀ ਵਿਸ਼ੇਸ਼ਤਾ ਬਣਦੀ ਜਾ ਰਹੀ ਹੈ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਦੀ ਅਪੀਲ ਅਨੁਸਾਰ ਹਰੇਕ ਉਲੰਪਿਕ ਤੇ ਪੈਰਾਲਿੰਪਿਕ ਖਿਡਾਰੀ 75 ਸਕੂਲਾਂ ਦਾ ਦੌਰਾ ਕਰਨਗੇ

ਸਿੱਖਿਆ ਦੇ ਖੇਤਰ ’ਚ ਨਵੀਆਂ ਤਬਦੀਲੀਆਂ ਨਾ ਕੇਵਲ ਨੀਤੀ–ਅਧਾਰਿਤ ਹਨ, ਬਲਕਿ ਭਾਗੀਦਾਰੀ–ਅਧਾਰਿਤ ਵੀ ਹਨ: ਪ੍ਰਧਾਨ ਮੰਤਰੀ

ਦੇਸ਼ ਦੇ ਸੰਕਲਪ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ’ ਨਾਲ ‘ਸਬਕਾ ਪ੍ਰਯਾਸ’ ਲਈ, ਵਿਦਯਾਂਜਲੀ 2.0 ਇੱਕ ਮੰਚ ਵਾਂਗ ਹੈ: ਪ੍ਰਧਾਨ ਮੰਤਰੀ

N-DEAR ਸਾਰੀਆਂ ਵਿੱਦਿਅਕ ਗਤੀਵਿਧੀਆਂ ’ਚ ਇੱਕ ਸੁਪਰ ਕਨੈਕਟ ਵਜੋਂ ਕੰਮ ਕਰੇਗਾ: ਪ੍ਰਧਾਨ ਮੰਤਰੀ
ਨਿਸ਼ਠਾ 3.0 ਯੋਗਤਾ ਅਧਾਰਿਤ ਅਧਿਆਪਨ, ਕਲਾ ਏਕੀਕਰਣ ਤੇ ਰਚਨਾਤਮਕ ਤੇ ਆਲੋਚਨਾਤਮਕ ਸੋਚ ਨੂੰ ਉਤਸ਼ਾਹਿਤ ਕਰੇਗੀ: ਪ੍ਰਧਾਨ ਮੰਤਰੀ

Posted On: 07 SEP 2021 11:48AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਰਾਹੀਂ ‘ਸ਼ਿਕਸ਼ਕ ਪਰਵ’ ਦੇ ਪਹਿਲੇ ਸੰਮੇਲਨ ਨੂੰ ਸੰਬੋਧਨ ਕੀਤਾ। ਉਨ੍ਹਾਂ ਭਾਰਤੀ ਸੰਕੇਤ ਭਾਸ਼ਾ ਸ਼ਬਦਕੋਸ਼ (ਬਹਿਰਿਆਂ ਲਈ ਆੱਡੀਓ ਤੇ ਪਾਠ ਅਧਾਰਿਤ ਸੰਕੇਤਕ ਭਾਸ਼ਾ ਵੀਡੀਓ, ਗਿਆਨ ਦੇ ਸਰਬਵਿਆਪਕ ਡਿਜ਼ਾਈਨ ਅਨੁਸਾਰ), ਬੋਲਣ ਵਾਲੀਆਂ ਕਿਤਾਬਾਂ (ਟਾਕਿੰਗ ਬੁਕਸ, ਨੇਤਰਹੀਣਾਂ ਲਈ ਆਡੀਓ ਕਿਤਾਬਾਂ), ਸੀਬੀਐੱਸਈ ਦਾ ਸਕੂਲ ਗੁਣਵੱਤਾ ਭਰੋਸਾ ਤੇ ਮੁੱਲਾਂਕਣ ਰੂਪ–ਰੇਖਾ ਨਿਪੁੰਨ ਭਾਰਤ ਲਈ ‘ਨਿਸ਼ਠਾ’ ਅਧਿਆਪਕ ਸਿਖਲਾਈ ਪ੍ਰੋਗਰਾਮ ਤੇ ਵਿਦਯਾਂਜਲੀ ਪੋਰਟਲ (ਸਕੂਲ ਦੇ ਵਿਕਾਸ ਲਈ ਸਿੱਖਿਆ ਸਵੈ–ਸੇਵਕਾਂ/ਦਾਤਿਆਂ/ਸੀਐੱਸਆਰ ਯੋਗਦਾਨੀਆਂ ਦੀ ਸਹੂਲਤ ਲਈ) ਦੀ ਵੀ ਸ਼ੁਰੂਆਤ ਕੀਤੀ।

 

https://static.pib.gov.in/WriteReadData/userfiles/NEP202-SHIKSHAK_PARV_HIGH.mp4

 

ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਰਾਸ਼ਟਰੀ ਪੁਰਸਕਾਰ ਹਾਸਲ ਕਰਨ ਵਾਲੇ ਅਧਿਆਪਕਾਂ ਨੂੰ ਵਧਾਈ ਦਿੱਤੀ। ਉਨ੍ਹਾ ਔਖੇ ਸਮੇਂ ’ਚ ਦੇਸ਼ ਦੇ ਵਿਦਿਆਰਥੀਆਂ ਦੇ ਭਵਿੱਖ ਪ੍ਰਤੀ ਅਧਿਆਪਕਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅੱਜ ‘ਸ਼ਿਕਸ਼ਕ ਪਰਵ’ ’ਤੇ ਕਈ ਨਵੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਇਹ ਅਹਿਮ ਵੀ ਹਨ ਕਿਉਕਿ ਦੇਸ਼ ਇਸ ਵੇਲੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ ਤੇ ਆਜ਼ਾਦੀ ਦੇ 100 ਸਾਲਾਂ ਬਾਅਦ ਭਾਰਤ ਕਿਹੋ ਜਿਹਾ ਹੋਵੇਗਾ, ਇਸ ਲਈ ਨਵੇਂ ਸੰਕਲਪ ਲੈ ਰਿਹਾ ਹੈ। ਪ੍ਰਧਾਨ ਮੰਤਰੀ ਨੇ ਮਹਾਮਾਰੀ ਦੀ ਚੁਣੌਤੀ ਦਾ ਸਾਹਮਣਾ ਕਰਨ ਲਈ ਵਿਦਿਆਰਥੀਆਂ, ਅਧਿਆਪਕਾਂ ਤੇ ਸਮੁੱਚੇ ਵਿੱਦਿਅਕ ਭਾਈਚਾਰੇ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਕਠਿਨ ਸਮੇਂ ਦਾ ਮੁਕਾਬਲਾ ਕਰਨ ਲਈ ਵਿਕਸਿਤ ਕੀਤੀਆ ਗਈਆਂ ਸਮਰੱਥਾਵਾਂ ਨੂੰ ਹੋਰ ਅੱਗੇ ਵਧਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ,‘ਜੇ ਅਸੀਂ ਪਰਿਵਰਤਨ ਦੇ ਦੌਰ ’ਚ ਹਾਂ, ਤਾਂ ਖ਼ੁਸ਼ਕਿਸਮਤੀ ਨਾਲ ਸਾਡੇ ਕੋਲ ਆਧੁਨਿਕ ਤੇ ਭਵਿੱਖ ਦੀਆਂ ਜ਼ਰੂਰਤਾਂ ਮੁਤਾਬਕ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਵੀ ਹੈ।’

 

ਪ੍ਰਧਾਨ ਮੰਤਰੀ ਨੇ ਰਾਸ਼ਟਰੀ ਸਿੱਖਿਆ ਨੀਤੀ ਨੂੰ ਬਣਾਉਣ ਅਤੇ ਲਾਗੂ ਕਰਨ ਵਿੱਚ ਹਰ ਪੱਧਰ ਤੇ ਸਿੱਖਿਆ ਸ਼ਾਸਤਰੀਆਂ, ਮਾਹਰਾਂ, ਅਧਿਆਪਕਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਇਸ ਭਾਗੀਦਾਰੀ ਨੂੰ ਨਵੇਂ ਪੱਧਰ 'ਤੇ ਲੈ ਕੇ ਜਾਣ ਅਤੇ ਸਮਾਜ ਨੂੰ ਇਸ ਵਿੱਚ ਸ਼ਾਮਲ ਕਰਨ। ਉਨ੍ਹਾਂ ਕਿਹਾ ਕਿ ਸਿੱਖਿਆ ਖੇਤਰ ਵਿੱਚ ਇਹ ਤਬਦੀਲੀਆਂ ਨਾ ਸਿਰਫ ਨੀਤੀ ਅਧਾਰਿਤ ਹਨ ਬਲਕਿ ਭਾਗੀਦਾਰੀ ਅਧਾਰਿਤ ਵੀ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ 'ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ' ਦੇ ਨਾਲ 'ਸਬਕਾ ਪ੍ਰਯਾਸ' ਦੇ ਦੇਸ਼ ਦੇ ਸੰਕਲਪ ਲਈ ‘ਵਿਦਯਾਂਜਲੀ 2.0' ਪਲੈਟਫਾਰਮ ਵਾਂਗ ਹੈ। ਸਮਾਜ ਵਿੱਚ ਇਸ ਲਈ, ਸਾਡੇ ਨਿਜੀ ਖੇਤਰ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੀ ਗੁਣਵੱਤਾ ਨੂੰ ਵਧਾਉਣ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਜਨਤਕ ਭਾਗੀਦਾਰੀ ਫਿਰ ਤੋਂ ਭਾਰਤ ਦਾ ਰਾਸ਼ਟਰੀ ਚਰਿੱਤਰ ਬਣਦੀ ਜਾ ਰਹੀ ਹੈ। ਪਿਛਲੇ 6-7 ਸਾਲਾਂ ਵਿੱਚ, ਜਨਤਕ ਭਾਗੀਦਾਰੀ ਦੀ ਸ਼ਕਤੀ ਕਾਰਨ, ਭਾਰਤ ਵਿੱਚ ਬਹੁਤ ਸਾਰੇ ਅਜਿਹੇ ਕੰਮ ਹੋਏ ਹਨ, ਜਿਨ੍ਹਾਂ ਦੀ ਪਹਿਲਾਂ ਕਲਪਨਾ ਕਰਨੀ ਔਖੀ ਸੀ। ਉਨ੍ਹਾਂ ਕਿਹਾ ਕਿ ਜਦੋਂ ਸਮਾਜ ਮਿਲ ਕੇ ਕੁਝ ਕਰਦਾ ਹੈ, ਤਾਂ ਲੋੜੀਦੇ ਨਤੀਜੇ ਯਕੀਨੀ ਹੁੰਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜੀਵਨ ਦੇ ਕਿਸੇ ਵੀ ਖੇਤਰ ਵਿੱਚ ਨੌਜਵਾਨਾਂ ਦੇ ਭਵਿੱਖ ਨੂੰ ਬਣਾਉਣ ਵਿੱਚ ਸਾਰਿਆਂ ਦੀ ਭੂਮਿਕਾ ਹੈ। ਉਨ੍ਹਾਂ ਪਿੱਛੇ ਜਿਹੇ ਸਮਾਪਤ ਹੋਈਆਂ ਓਲੰਪਿਕਸ ਅਤੇ ਪੈਰਾਲਿੰਪਿਕਸ ਵਿੱਚ ਦੇਸ਼ ਦੇ ਐਥਲੀਟਾਂ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਯਾਦ ਕੀਤਾ। ਉਨ੍ਹਾਂ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਐਥਲੀਟਾਂ ਨੇ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੌਰਾਨ ਘੱਟੋ ਘੱਟ 75 ਸਕੂਲਾਂ ਦਾ ਦੌਰਾ ਕਰਨ ਲਈ ਹਰੇਕ ਖਿਡਾਰੀ ਦੀ ਉਨ੍ਹਾਂ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਇਹ ਵਿਦਿਆਰਥੀਆਂ ਨੂੰ ਪ੍ਰੇਰਿਤ ਕਰੇਗਾ ਅਤੇ ਬਹੁਤ ਸਾਰੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਖੇਡਾਂ ਦੇ ਖੇਤਰ ਵਿੱਚ ਅੱਗੇ ਵਧਣ ਲਈ ਉਤਸ਼ਾਹਿਤ ਕਰੇਗਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸੇ ਵੀ ਦੇਸ਼ ਦੀ ਤਰੱਕੀ ਲਈ, ਸਿੱਖਿਆ ਸਿਰਫ ਨਾ ਕੇਵਲ ਸਮਾਵੇਸ਼ੀ ਹੋਣੀ ਚਾਹੀਦੀ ਹੈ, ਬਲਕਿ ਸਮਾਨ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨੈਸ਼ਨਲ ਡਿਜੀਟਲ ਆਰਕੀਟੈਕਚਰ ਯਾਨੀ ਐੱਨ-ਡੀਅਰ ਸਿੱਖਿਆ ਵਿੱਚ ਅਸਮਾਨਤਾ ਨੂੰ ਖ਼ਤਮ ਕਰਨ ਅਤੇ ਇਸ ਨੂੰ ਆਧੁਨਿਕ ਬਣਾਉਣ ਵਿੱਚ ਵੱਡੀ ਭੂਮਿਕਾ ਨਿਭਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਯੂਪੀਆਈ ਇੰਟਰਫੇਸ ਨੇ ਬੈਂਕਿੰਗ ਸੈਕਟਰ ਵਿੱਚ ਕ੍ਰਾਂਤੀ ਲਿਆ ਦਿੱਤੀ ਹੈ, ਐੱਨ-ਡੀਅਰ ਸਾਰੀਆਂ ਵਿੱਦਿਅਕ ਗਤੀਵਿਧੀਆਂ ਦੇ ਵਿੱਚ ਇੱਕ 'ਸੁਪਰ-ਕਨੈਕਟ' ਵਜੋਂ ਵੀ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਦੇਸ਼ ਟਾਕਿੰਗ ਬੁਕਸ ਅਤੇ ਆਡੀਓਬੁਕਸ ਜਿਹੀ ਤਕਨੀਕ ਨੂੰ ਸਿੱਖਿਆ ਦਾ ਹਿੱਸਾ ਬਣਾ ਰਿਹਾ ਹੈ।

 

ਅੱਜ ਸ਼ੁਰੂ ਕੀਤਾ ਗਿਆ ਸਕੂਲ ਕੁਆਲਿਟੀ ਅਸੈੱਸਮੈਂਟ ਐਂਡ ਐਸ਼ੋਰੈਂਸ ਫ੍ਰੇਮਵਰਕ (ਐੱਸਕਿਊਏਏਐੱਫ), ਪਾਠਕ੍ਰਮ, ਸਿੱਖਿਆ ਸ਼ਾਸਤਰ, ਮੁੱਲਾਂਕਣ, ਬੁਨਿਆਦੀ, ਢਾਂਚਾ, ਸਮਾਵੇਸ਼ੀ ਪਿਰਤਾਂ ਅਤੇ ਸ਼ਾਸਨ ਪ੍ਰਕਿਰਿਆ ਜਿਹੇ ਮਾਪਦੰਡਾਂ ਵਿੱਚ ਆਮ ਵਿਗਿਆਨਕ ਢਾਂਚੇ ਦੀ ਅਣਹੋਂਦ ਨੂੰ ਦੂਰ ਕਰੇਗਾ। SQAAF ਇਸ ਅਸਮਾਨਤਾ ਨੂੰ ਦੂਰ ਕਰਨ ਵਿੱਚ ਵੀ ਸਹਾਇਤਾ ਕਰੇਗਾ।

 

ਉਨ੍ਹਾਂ ਕਿਹਾ ਕਿ ਇਸ ਤੇਜ਼ੀ ਨਾਲ ਬਦਲਦੇ ਯੁਗ ਵਿੱਚ, ਸਾਡੇ ਅਧਿਆਪਕਾਂ ਨੂੰ ਵੀ ਨਵੀਆਂ ਪ੍ਰਣਾਲੀਆਂ ਅਤੇ ਤਕਨੀਕਾਂ ਬਾਰੇ ਤੇਜ਼ੀ ਨਾਲ ਸਿੱਖਣਾ ਪਵੇਗਾ। ਉਨ੍ਹਾਂ ਕਿਹਾ ਕਿ ਦੇਸ਼ 'ਨਿਸ਼ਠਾ' ਸਿਖਲਾਈ ਪ੍ਰੋਗਰਾਮਾਂ ਰਾਹੀਂ ਆਪਣੇ ਅਧਿਆਪਕਾਂ ਨੂੰ ਇਨ੍ਹਾਂ ਤਬਦੀਲੀਆਂ ਲਈ ਤਿਆਰ ਕਰ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਅਧਿਆਪਕ ਨਾ ਸਿਰਫ ਕੁਝ ਗਲੋਬਲ ਬੈਂਚਮਾਰਕ 'ਤੇ ਖਰੇ ਉਤਰਦੇ ਹਨ, ਬਲਕਿ ਉਨ੍ਹਾਂ ਦੀ ਆਪਣੀ ਵਿਸ਼ੇਸ਼ ਪੂੰਜੀ ਵੀ ਹੁੰਦੀ ਹੈ। ਉਨ੍ਹਾਂ ਦੀ ਇਹ ਵਿਸ਼ੇਸ਼ ਪੂੰਜੀ, ਵਿਸ਼ੇਸ਼ ਸ਼ਕਤੀ ਉਨ੍ਹਾਂ ਅੰਦਰਲੇ ਭਾਰਤੀ ਸੰਸਕਾਰ ਹਨ। ਉਨ੍ਹਾਂ ਕਿਹਾ ਕਿ ਸਾਡੇ ਅਧਿਆਪਕ ਆਪਣੇ ਕੰਮ ਨੂੰ ਸਿਰਫ ਕਿੱਤਾ ਨਹੀਂ ਸਮਝਦੇ, ਉਨ੍ਹਾਂ ਲਈ ਅਧਿਆਪਨ ਮਨੁੱਖੀ ਸੂਝ ਅਤੇ ਪਵਿੱਤਰ ਨੈਤਿਕ ਫਰਜ਼ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਅਧਿਆਪਕ ਅਤੇ ਬੱਚਿਆਂ ਵਿੱਚ ਨਾ ਸਿਰਫ਼ ਇੱਕ ਪੇਸ਼ੇਵਰ ਰਿਸ਼ਤਾ ਹੈ, ਬਲਕਿ ਇੱਕ ਪਰਿਵਾਰਕ ਰਿਸ਼ਤਾ ਹੈ ਅਤੇ ਇਹ ਰਿਸ਼ਤਾ ਜੀਵਨ ਭਰ ਲਈ ਹੁੰਦਾ ਹੈ।

 

 

 

 

 

 

 

 

 

 

 

************

ਡੀਐੱਸ/ਏਕੇ



(Release ID: 1752995) Visitor Counter : 156