ਪ੍ਰਧਾਨ ਮੰਤਰੀ ਦਫਤਰ

ਪੂਰਬੀ ਆਰਥਿਕ ਫੋਰਮ 2021 ਸਮੇਂ ਪ੍ਰਧਾਨ ਮੰਤਰੀ ਦੇ ਵਰਚੁਅਲ ਸੰਬੋਧਨ ਦਾ ਮੂਲ–ਪਾਠ

Posted On: 03 SEP 2021 2:43PM by PIB Chandigarh

ਰੂਸੀ ਸੰਘ ਦੇ ਰਾਸ਼ਟਰਪਤੀ!

ਮੇਰੇ ਪਿਆਰੇ ਦੋਸਤ ਰਾਸ਼ਟਰਪਤੀ ਪੁਤਿਨ!

ਮਹਾਮਹਿਮ ਜਨ!

ਪੂਰਬੀ ਆਰਥਿਕ ਫੋਰਮ ਦੇ ਭਾਗੀਦਾਰਜਨ!

ਨਮਸਕਾਰ!

ਮੈਨੂੰ ‘ਪੂਰਬੀ ਆਰਥਿਕ ਫੋਰਮ’ ਨੂੰ ਸੰਬੋਧਨ ਕਰਦਿਆਂ ਖ਼ੁਸ਼ੀ ਮਹਿਸੂਸ ਹੋ ਰਹੀ ਹੈ ਤੇ ਇਸ ਮਾਣ ਲਈ ਰਾਸ਼ਟਰਪਤੀ ਪੁਤਿਨ ਦਾ ਧੰਨਵਾਦ ਕਰਦਾ ਹਾਂ।

ਮਿੱਤਰੋ!

ਭਾਰਤੀ ਇਤਿਹਾਸ ਤੇ ਸੱਭਿਅਤਾ ਵਿੱਚ ਸ਼ਬਦ ‘ਸੰਗਮ’ ਦਾ ਖ਼ਾਸ ਅਰਥ ਹੁੰਦਾ ਹੈ। ਇਸ ਦਾ ਮਤਲਬ ਹੈ ਇੱਕ ਥਾਂ ਆ ਕੇ ਸੁਮੇਲ ਜਾਂ ਦਰਿਆਵਾਂ, ਲੋਕਾਂ ਜਾਂ ਵਿਚਾਰਾਂ ਦਾ ਸੰਗਮ। ਮੇਰੇ ਵਿਚਾਰ ਅਨੁਸਾਰ ਵਲਾਦੀਵੋਸਤੋਕ ਸੱਚਮੁਚ ਯੂਰੇਸ਼ੀਆ ਤੇ ਪ੍ਰਸ਼ਾਂਤ ਖੇਤਰ ਦਾ ‘ਸੰਗਮ’ ਹੈ। ਮੈਂ ‘ਰਸ਼ੀਅਨ ਫਾਰ–ਈਸਟ’ ਦੇ ਵਾਸ ਲਈ ਰਾਸ਼ਟਰਪਤੀ ਪੁਤਿਨ ਦੀ ਦੁਰ–ਦ੍ਰਿਸ਼ਟੀ ਦੀ ਸ਼ਲਾਘਾ ਕਰਦਾ ਹਾਂ। ਇਸ ਦੂਰ–ਦ੍ਰਿਸ਼ਟੀ ਨੂੰ ਸਾਕਾਰ ਕਰਨ ’ਚ ਰੂਸ ਲਈ ਭਾਰਤ ਇੱਕ ਭਰੋਸੇਯੋਗ ਭਾਈਵਾਲ ਹੋਵੇਗਾ। ਸਾਲ 2019 ’ਚ ਮੈਂ ਫੋਰਮ ਵਿੱਚ ਸ਼ਾਮਲ ਹੋਣ ਲਈ ਵਲਾਦੀਵੋਸਤੋਕ ਗਿਆ ਸਾਂ ਤੇ ਮੈਂ ਭਾਰਤ ਦੀ ‘ਐਕਟ ਫਾਰ–ਈਸਟ’ ਨੀਤੀ ਪ੍ਰਤੀ ਪ੍ਰਤੀਬੱਧਤਾ ਦਾ ਐਲਾਨ ਕੀਤਾ ਸੀ। ਇਹ ਨੀਤੀ ਰੂਸ ਨਾਲ ਸਾਡੀ ਵਿਸ਼ੇਸ਼ ਤੇ ਵਿਸ਼ੇਸ਼ ਅਧਿਕਾਰ–ਪ੍ਰਾਪਤ ਰਣਨੀਤਕ ਭਾਈਵਾਲੀ ਦਾ ਅਹਿਮ ਹਿੱਸਾ ਹੈ।

ਮਹਾਮਹਿਮਜਨ!

ਰਾਸ਼ਟਰਪਤੀ ਪੁਤਿਨ, ਮੈਨੂੰ 2019 ਵਿੱਚ ਆਪਣੀ ਫੇਰੀ ਦੌਰਾਨ ਵਲਾਦੀਵੋਸਤੋਕ ਤੋਂ ਜ਼ਵੇਜ਼ਦਾ ਤੱਕ ਕਿਸ਼ਤੀ ਦੀ ਯਾਤਰਾ ਦੌਰਾਨ ਹੋਈ ਸਾਡੀ ਵਿਸਤ੍ਰਿਤ ਗੱਲਬਾਤ ਯਾਦ ਹੈ। ਤੁਸੀਂ ਮੈਨੂੰ ਜ਼ਵੇਜ਼ਦਾ ਵਿਖੇ ਆਧੁਨਿਕ ਜਹਾਜ਼ ਨਿਰਮਾਣ ਸਹੂਲਤ ਦਿਖਾਈ ਸੀ ਅਤੇ ਆਸ ਪ੍ਰਗਟਾਈ ਸੀ ਕਿ ਭਾਰਤ ਇਸ ਮਹਾਨ ਉੱਦਮ ਵਿੱਚ ਹਿੱਸਾ ਲਵੇਗਾ। ਅੱਜ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਭਾਰਤ ਦੇ ਸਭ ਤੋਂ ਵੱਡੇ ਸ਼ਿਪ ਯਾਰਡਾਂ ਵਿੱਚੋਂ ਇੱਕ ਮੈਜਾਗੌਨ ਡੌਕਸ ਲਿਮਿਟਿਡ 'ਜ਼ਵੇਜ਼ਦਾ' ਨਾਲ ਵਿਸ਼ਵ ਦੇ ਕੁਝ ਮਹੱਤਵਪੂਰਨ ਵਪਾਰਕ ਜਹਾਜ਼ਾਂ ਦੇ ਨਿਰਮਾਣ ਲਈ ਭਾਈਵਾਲੀ ਕਰੇਗਾ। ਭਾਰਤ ਅਤੇ ਰੂਸ ਗਗਨਯਾਨ ਪ੍ਰੋਗਰਾਮ ਰਾਹੀਂ ਪੁਲਾੜ ਖੋਜ ਵਿੱਚ ਭਾਈਵਾਲ ਹਨ। ਭਾਰਤ ਅਤੇ ਰੂਸ ਅੰਤਰਰਾਸ਼ਟਰੀ ਵਪਾਰ ਅਤੇ ਵਣਜ ਲਈ ਉੱਤਰੀ ਸਮੁੰਦਰੀ ਰੂਟ ਖੋਲ੍ਹਣ ਵਿੱਚ ਵੀ ਭਾਈਵਾਲ ਹੋਣਗੇ।

ਮਿੱਤਰੋ!

ਭਾਰਤ ਅਤੇ ਰੂਸ ਦੀ ਦੋਸਤੀ ਸਮੇਂ ਦੀ ਕਸਵੱਟੀ ’ਤੇ ਪਰਖੀ ਜਾ ਚੁੱਕੀ ਹੈ। ਹਾਲ ਹੀ ਵਿੱਚ ਇਹ ਕੋਵਿਡ -19 ਮਹਾਮਾਰੀ ਦੌਰਾਨ ਟੀਕਿਆਂ ਦੇ ਖੇਤਰ ਸਮੇਤ ਸਾਡੇ ਮਜ਼ਬੂਤ ਸਹਿਯੋਗ ’ਚ ਵੇਖੀ ਗਈ ਸੀ। ਮਹਾਮਾਰੀ ਨੇ ਸਾਡੇ ਦੁਵੱਲੇ ਸਹਿਯੋਗ ਵਿੱਚ ਸਿਹਤ ਅਤੇ ਫਾਰਮਾ ਖੇਤਰਾਂ ਦੇ ਮਹੱਤਵ ਨੂੰ ਉਜਾਗਰ ਕੀਤਾ ਹੈ। ਊਰਜਾ ਸਾਡੀ ਰਣਨੀਤਕ ਭਾਈਵਾਲੀ ਦਾ ਇੱਕ ਹੋਰ ਮੁੱਖ ਥੰਮ ਹੈ। ਭਾਰਤ - ਰੂਸ ਊਰਜਾ ਭਾਈਵਾਲੀ ਵਿਸ਼ਵ ਊਰਜਾ ਬਜ਼ਾਰ ਵਿੱਚ ਸਥਿਰਤਾ ਲਿਆਉਣ ਵਿੱਚ ਮਦਦ ਕਰ ਸਕਦੀ ਹੈ। ਮੇਰੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਹਰਦੀਪ ਪੁਰੀ ਇਸ ਮੰਚ ਤੇ ਭਾਰਤ ਦੀ ਪ੍ਰਤੀਨਿਧਤਾ ਕਰਨ ਲਈ ਵਲਾਦੀਵੋਸਤੋਕ ਵਿੱਚ ਹਨ, ਭਾਰਤੀ ਕਾਮੇ ਯਮਲ ਤੋਂ ਵਲਾਦੀਵੋਸਤੋਕ ਅਤੇ ਬਾਅਦ ਵਿੱਚ ਚੇਨਈ ਤੱਕ ਅਮੂਰ ਖੇਤਰ ਦੇ ਪ੍ਰਮੁੱਖ ਗੈਸ ਪ੍ਰੋਜੈਕਟਾਂ ਵਿੱਚ ਹਿੱਸਾ ਲੈ ਰਹੇ ਹਨ। ਅਸੀਂ ਇੱਕ ਊਰਜਾ ਅਤੇ ਵਪਾਰਕ ਪੁਲ ਬਾਰੇ ਵਿਚਾਰ ਕਰਦੇ ਹਾਂ। ਮੈਨੂੰ ਖੁਸ਼ੀ ਹੈ ਕਿ ਚੇਨਈ-ਵਲਾਦੀਵੋਸਤੋਕ ਮੈਰੀਟਾਈਮ (ਸਮੁੰਦਰੀ) ਲਾਂਘਾ ਅੱਗੇ ਵਧ ਰਿਹਾ ਹੈ। ਅੰਤਰਰਾਸ਼ਟਰੀ ਉੱਤਰ-ਦੱਖਣੀ ਲਾਂਘੇ ਨਾਲ ਇਹ ਭਾਰਤ ਤੇ ਰੂਸ ਵਿਚਾਲੇ ਕਨੈਕਟੀਵਿਟੀ ਪ੍ਰੋਜੈਕਟ ਇਕ ਦੂਜੇ ਦੇ ਨੇੜੇ ਲਿਆਏਗਾ। ਮਹਾਮਾਰੀ ਸਬੰਧੀ ਪਾਬੰਦੀਆਂ ਦੇ ਬਾਵਜੂਦ ਬਹੁਤ ਸਾਰੇ ਖੇਤਰਾਂ ਵਿੱਚ ਸਾਡੇ ਕਾਰੋਬਾਰੀ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਚੰਗੀ ਪ੍ਰਗਤੀ ਹੋਈ ਹੈ। ਇਸ ਵਿੱਚ ਭਾਰਤੀ ਸਟੀਲ ਉਦਯੋਗ ਨੂੰ ਕੋਕਿੰਗ ਕੋਲੇ ਦੀ ਲੰਮੀ ਮਿਆਦ ਦੀ ਸਪਲਾਈ ਸ਼ਾਮਲ ਹੈ। ਅਸੀਂ ਖੇਤੀ ਉਦਯੋਗ, ਸੈਰਾਮਿਕਸ, ਰਣਨੀਤਕ ਅਤੇ ਧਰਤੀ ਦੇ ਦੁਰਲੱਭ ਖਣਿਜਾਂ ਅਤੇ ਹੀਰਿਆਂ ਦੇ ਖੇਤਰਾਂ ਵਿੱਚ ਨਵੇਂ ਮੌਕਿਆਂ ਦੀ ਖੋਜ ਵੀ ਕਰ ਰਹੇ ਹਾਂ। ਮੈਨੂੰ ਖੁਸ਼ੀ ਹੈ ਕਿ ਸਾਖਾ-ਯਾਕੁਤੀਆ ਅਤੇ ਗੁਜਰਾਤ ਤੋਂ ਹੀਰਾ ਪ੍ਰਤੀਨਿਧ ਇਸ ਫੋਰਮ ਦੇ ਹਿੱਸੇ ਵਜੋਂ ਵੱਖਰੀ ਗੱਲਬਾਤ ਕਰ ਰਹੇ ਹਨ। ਮੈਨੂੰ ਵਿਸ਼ਵਾਸ ਹੈ ਕਿ 2019 ਵਿੱਚ ਐਲਾਨੀ ਗਈ ਇੱਕ ਅਰਬ ਡਾਲਰ ਦੀ ਸੌਫਟ ਕ੍ਰੈਡਿਟ ਲਾਈਨ ਦੋਵੇਂ ਦੇਸ਼ਾਂ ਵਿਚਾਲੇ ਕਾਰੋਬਾਰ ਦੇ ਬਹੁਤ ਸਾਰੇ ਮੌਕੇ ਪੈਦਾ ਕਰੇਗੀ।

ਰੂਸੀ ਫਾਰ ਈਸਟ ਦੇ ਸਭ ਤੋਂ ਅਹਿਮ ਭਾਈਵਾਲਾਂ ਅਤੇ ਭਾਰਤ ਵਿੱਚ ਸਬੰਧਿਤ ਰਾਜਾਂ ਨੂੰ ਇੱਕੋ ਪਲੈਟਫਾਰਮ 'ਤੇ ਲਿਆਉਣਾ ਲਾਭਦਾਇਕ ਹੈ। ਸਾਨੂੰ ਉਸ ਲਾਭਦਾਇਕ ਵਿਚਾਰ-ਵਟਾਂਦਰੇ ਨੂੰ ਅੱਗੇ ਵਧਾਉਣਾ ਚਾਹੀਦਾ ਹੈ, ਜੋ 2019 ਵਿੱਚ ਪ੍ਰਮੁੱਖ ਭਾਰਤੀ ਰਾਜਾਂ ਦੇ ਮੁੱਖ ਮੰਤਰੀਆਂ ਦੀ ਯਾਤਰਾ ਦੌਰਾਨ ਹੋਇਆ ਸੀ। ਮੈਂ ਰੂਸੀ ਫਾਰ ਈਸਟ ਦੇ 11 ਖੇਤਰਾਂ ਦੇ ਗਵਰਨਰਾਂ ਨੂੰ ਛੇਤੀ ਤੋਂ ਛੇਤੀ ਭਾਰਤ ਆਉਣ ਦਾ ਸੱਦਾ ਦੇਣਾ ਚਾਹਾਂਗਾ।

ਮਿੱਤਰੋ!

ਜਿਵੇਂ ਕਿ ਮੈਂ 2019 ਵਿੱਚ ਇਸ ਫੋਰਮ ’ਤੇ ਕਿਹਾ ਸੀ, ਭਾਰਤੀ ਪ੍ਰਤਿਭਾ ਨੇ ਵਿਸ਼ਵ ਦੇ ਸਰੋਤਾਂ ਨਾਲ ਭਰਪੂਰ ਬਹੁਤ ਸਾਰੇ ਖੇਤਰਾਂ ਦੇ ਵਿਕਾਸ ਵਿੱਚ ਯੋਗਦਾਨ ਪਾਇਆ ਹੈ। ਭਾਰਤ ਕੋਲ ਇੱਕ ਪ੍ਰਤਿਭਾਸ਼ਾਲੀ ਅਤੇ ਸਮਰਪਿਤ ਕਿਰਤ–ਬਲ ਹੈ, ਜਦੋਂ ਕਿ ਦੂਰ ਪੂਰਬ ਸਰੋਤਾਂ ਪੱਖੋਂ ਸਮ੍ਰਿੱਧ ਹੈ। ਇਸ ਲਈ ਭਾਰਤੀ ਕਰਮਚਾਰੀਆਂ ਲਈ ‘ਰੂਸੀ ਫਾਰ ਈਸਟ’ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਦੀ ਬਹੁਤ ਵੱਡੀ ਗੁੰਜਾਇਸ਼ ਹੈ। ਫਾਰ ਈਸਟਰਨ ਫ਼ੈਡਰਲ ਯੂਨੀਵਰਸਿਟੀ, ਜਿੱਥੇ ਇਹ ਫੋਰਮ ਆਯੋਜਿਤ ਕੀਤੀ ਜਾ ਰਹੀ ਹੈ, ਉੱਥੇ ਭਾਰਤ ਦੇ ਵਿਦਿਆਰਥੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ।

ਮਹਾਮਹਿਮਜਨ!

ਰਾਸ਼ਟਰਪਤੀ ਪੁਤਿਨ, ਮੈਂ ਤੁਹਾਨੂੰ ਇਸ ਫੋਰਮ 'ਤੇ ਬੋਲਣ ਦਾ ਮੌਕਾ ਦੇਣ ਲਈ ਦੁਬਾਰਾ ਧੰਨਵਾਦ ਕਰਦਾ ਹਾਂ। ਤੁਸੀਂ ਹਮੇਸ਼ਾਂ ਭਾਰਤ ਦੇ ਮਹਾਨ ਮਿੱਤਰ ਰਹੇ ਹੋ ਅਤੇ ਤੁਹਾਡੇ ਮਾਰਗ–ਦਰਸ਼ਨ ਵਿੱਚ ਸਾਡੀ ਰਣਨੀਤਕ ਭਾਈਵਾਲੀ ਲਗਾਤਾਰ ਮਜ਼ਬੂਤ ਹੁੰਦੀ ਜਾ ਰਹੀ ਹੈ। ਮੈਂ ਪੂਰਬੀ ਆਰਥਿਕ ਮੰਚ ਦੇ ਸਾਰੇ ਭਾਗੀਦਾਰਾਂ ਲਈ ਸਫਲਤਾ ਦੀ ਕਾਮਨਾ ਕਰਦਾ ਹਾਂ।


ਸਪਾਸਿਬਾ! 
ਤੁਹਾਡਾ ਧੰਨਵਾਦ! 
ਤੁਹਾਡਾ ਬਹੁਤ ਧੰਨਵਾਦ!

***

ਡੀਐੱਸ/ਐੱਸਐੱਚ



(Release ID: 1751876) Visitor Counter : 186