ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੁਆਰਾ ਜਰਨਲਿਸਟ ਵੈਲਫੇਅਰ ਸਕੀਮ (ਪੱਤਰਕਾਰ ਭਲਾਈ ਯੋਜਨਾ) ਦੇ ਦਿਸ਼ਾ–ਨਿਰਦੇਸ਼ਾਂ ਦੀ ਸਮੀਖਿਆ ਲਈ ਕਮੇਟੀ ਦਾ ਗਠਨ


ਕਮੇਟੀ 2 ਮਹੀਨਿਆਂ ’ਚ ਰਿਪੋਰਟ ਪੇਸ਼ ਕਰੇਗੀ

Posted On: 02 SEP 2021 4:14PM by PIB Chandigarh

ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੀ ਜਰਨਲਿਸਟ ਵੈਲਫੇਅਰ ਸਕੀਮ (ਪੱਤਰਕਾਰ ਭਲਾਈ ਯੋਜਨਾ) ਦੇ ਮੌਜੂਦਾ ਦਿਸ਼ਾ–ਨਿਰਦੇਸ਼ਾਂ ਦੀ ਸਮੀਖਿਆ ਤੇ ਉਨ੍ਹਾਂ ’ਚ ਵਾਜਬ ਤਬਦੀਲੀਆਂ ਦੀਆਂ ਸਿਫ਼ਾਰਸ਼ਾਂ ਕਰਨ ਲਈ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਪ੍ਰਸਿੱਧ ਪੱਤਰਕਾਰ ਤੇ ਪ੍ਰਸਾਰ ਭਾਰਤੀ ਦੇ ਮੈਂਬਰ ਸ਼੍ਰੀ ਅਸ਼ੋਕ ਕੁਮਾਰ ਟੰਡਨ ਦੀ ਪ੍ਰਧਾਨਗੀ ਹੇਠ 10–ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਮੰਤਰਾਲੇ ਦੇ ਇਸ ਫ਼ੈਸਲੇ ਨੂੰ ਮੀਡੀਆ ਦੇ ਈਕੋ ਸਪੇਸ ’ਚ ਹੋਈਆਂ ਕਈ ਤਬਦੀਲੀਆਂ, ਜਿਨ੍ਹਾਂ ਵਿੱਚ ਕੋਵਿਡ–19 ਕਾਰਣ ਵੱਡੀ ਗਿਣਤੀ ’ਚ ਪੱਤਰਕਾਰਾਂ ਦੀ ਮੌਤ ਹੋ ਗਈ ਸੀ ਅਤੇ ‘ਸ਼੍ਰਮਜੀਵੀ ਪੱਤਰਕਾਰ’ ਦੀ ਪਰਿਭਾਸ਼ਾ ਦਾ ਵਿਆਪਕ ਅਧਾਰ ਹੋਣਾ ਸ਼ਾਮਲ ਹਨ, ਦੇ ਸੰਦਰਭ ਵਿੱਚ ਅਹਿਮ ਮੰਨਿਆ ਜਾ ਰਿਹਾ ਹੈ।

 

ਪਿਛਲੇ ਕਈ ਸਾਲਾਂ ਤੋਂ ਹੋਂਦ ਵਿੱਚ ਆਈ ਜਰਨਲਿਸਟ ਵੈਲਫੇਅਰ ਸਕੀਮ (ਪੱਤਰਕਾਰ ਭਲਾਈ ਯੋਜਨਾ) ਨੂੰ ਇਸ ਦੇਸ਼ ਦੇ ਪੱਤਰਕਾਰਾਂ ਦੇ ਹਿਤ ਵਿੱਚ ਭਵਿੱਖਮੁਖੀ ਬਣਾਉਣ ਅਤੇ ਉਸ ਦੀ ਕਵਰੇਜ ਨੂੰ ਵਿਆਪਕ ਅਧਾਰ ਦੇਣ ਦੀ ਲੋੜ ਹੈ। ਆਕੂਪੇਸ਼ਨਲ ਸੇਫਟੀ, ਹੈਲਥ ਐਂਡ ਵਰਕਿੰਗ ਕੰਡੀਸ਼ਨ ਕੋਡ 2020 ਦੇ ਲਾਗੂ ਹੋਣ ਨਾਲ, ਕੰਮ ਕਰਨ ਵਾਲੇ ਪੱਤਰਕਾਰਾਂ ਨੂੰ ਇਸ ਦੇ ਘੇਰੇ ਵਿੱਚ ਸ਼ਾਮਲ ਕਰਨ ਲਈ ਸ਼੍ਰਮਜੀਵੀ ਪੱਤਰਕਾਰ ਦੀ ਪਰਿਭਾਸ਼ਾ ਨੂੰ ਵਿਆਪਕ ਬਣਾਇਆ ਗਿਆ ਹੈ, ਤਾਂ ਜੋ ਰਵਾਇਤੀ ਅਤੇ ਡਿਜੀਟਲ ਦੋਵੇਂ ਮੀਡੀਆ ਵਿੱਚ ਕੰਮ ਕਰਨ ਵਾਲੇ ਪੱਤਰਕਾਰਾਂ ਨੂੰ ਸ਼ਾਮਲ ਕੀਤਾ ਜਾ ਸਕੇ। ਇਸ ਤੋਂ ਇਲਾਵਾ, ਯੋਜਨਾ ਦੇ ਤਹਿਤ ਭਲਾਈ ਅਤੇ ਲਾਭ ਪ੍ਰਾਪਤ ਕਰਨ ਦੇ ਮੱਦੇਨਜ਼ਰ ਮਾਨਤਾ ਪ੍ਰਾਪਤ ਅਤੇ ਗ਼ੈਰ-ਮਾਨਤਾ ਪ੍ਰਾਪਤ ਪੱਤਰਕਾਰਾਂ ਦੇ ਵਿੱਚ ਸੰਭਾਵੀ ਸਮਾਨਤਾ ਨੂੰ ਵੀ ਜ਼ਰੂਰੀ ਮੰਨਿਆ ਗਿਆ।

 

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਹਾਲ ਹੀ ਦੇ ਸਮੇਂ ਵਿੱਚ ਉਨ੍ਹਾਂ ਪੱਤਰਕਾਰਾਂ ਦੇ ਪਰਿਵਾਰਾਂ ਨੂੰ ਐਕਸ-ਗ੍ਰੇਸ਼ੀਆ ਦੇਣ ਲਈ ਸਰਗਰਮ ਕਦਮ ਉਠਾਏ ਹਨ ਜਿਨ੍ਹਾਂ ਦੀ ਬਦਕਿਸਮਤੀ ਨਾਲ ਕੋਵਿਡ-19 ਕਾਰਨ ਮੌਤ ਹੋ ਗਈ ਸੀ। ਮੰਤਰਾਲੇ ਦੁਆਰਾ 100 ਤੋਂ ਵੱਧ ਮਾਮਲਿਆਂ ਵਿੱਚ ਹਰੇਕ ਪਰਿਵਾਰ ਨੂੰ 5 ਲੱਖ ਰੁਪਏ ਦੀ ਸਹਾਇਤਾ ਦਿੱਤੀ ਗਈ ਹੈ।

 

ਕਮੇਟੀ ਦੁਆਰਾ ਦੋ ਮਹੀਨਿਆਂ ਦੇ ਅੰਦਰ ਸਮਾਂਬੱਧ ਤਰੀਕੇ ਨਾਲ ਆਪਣੀ ਰਿਪੋਰਟ ਸੌਂਪਣ ਦੀ ਉਮੀਦ ਹੈ। ਇਸ ਦੀਆਂ ਸਿਫਾਰਸ਼ਾਂ ਸਰਕਾਰ ਨੂੰ ਪੱਤਰਕਾਰਾਂ ਦੇ ਲਾਭ ਲਈ ਨਵੇਂ ਦਿਸ਼ਾ–ਨਿਰਦੇਸ਼ ਤਿਆਰ ਕਰਨ ਵਿੱਚ ਸਹਾਇਤਾ ਕਰਨਗੀਆਂ। ਸ਼੍ਰੀ ਅਸ਼ੋਕ ਕੁਮਾਰ ਟੰਡਨ ਦੀ ਅਗਵਾਈ ਵਾਲੀ ਕਮੇਟੀ ਵਿੱਚ ‘ਦਿ ਵੀਕ’ ਦੇ ਸਥਾਨਕ ਸੰਪਾਦਕ ਸ਼੍ਰੀ ਸਚਿਦਾਨੰਦ ਮੂਰਤੀ, ਸੁਤੰਤਰ ਪੱਤਰਕਾਰ ਸ਼੍ਰੀ ਸ਼ੇਖਰ ਅਈਅਰ, ਨਿਊਜ਼ 18 ਦੇ ਸ਼੍ਰੀ ਅਮਿਤਾਭ ਸਿਨਹਾ, ‘ਬਿਜ਼ਨਸ ਲਾਈਨ’ ਦੇ ਸ਼੍ਰੀ ਸ਼ਿਸ਼ਿਰ ਕੁਮਾਰ ਸਿਨਹਾ, ‘ਜ਼ੀ ਨਿਊਜ਼’ ਵਿਸ਼ੇਸ਼ ਸੰਵਾਦਦਾਤਾ ਸ਼੍ਰੀ ਰਵਿੰਦਰ ਕੁਮਾਰ, ‘ਪਾਂਚਜਨਯ’ ਦੇ ਸੰਪਾਦਕ ਸ਼੍ਰੀ ਹਿਤੇਸ਼ ਸ਼ੰਕਰ, ‘ਹਿੰਦੁਸਤਾਨ ਟਾਈਮਸ’ ਦੇ ਸੁਸ਼੍ਰੀ ਸਮ੍ਰਿਤੀ ਕਾਕ ਰਾਮਚੰਦਰਨ, ‘ਟਾਈਮਸ ਨਾਓ’ ਦੇ ਸ਼੍ਰੀ ਅਮਿਤ ਕੁਮਾਰ, ‘ਇਕਨੌਮਿਕ ਟਾਈਮਸ’ ਦੇ ਸੁਸ਼੍ਰੀ ਵਸੁਧਾ ਵੇਣੂਗੋਪਾਲ ਤੇ ਪੱਤਰ ਸੂਚਨਾ ਦਫ਼ਤਰ ’ਚ ਐਡੀਸ਼ਨਲ ਡੀਜੀ ਸ਼੍ਰੀਮਤੀ ਕੰਚਨ ਪ੍ਰਸਾਦ ਸ਼ਾਮਲ ਹਨ।

 

************

 

ਸੌਰਭ ਸਿੰਘ


(Release ID: 1751533) Visitor Counter : 209