ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ‘ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ’ ਦੇ ਲਾਭਾਰਥੀਆਂ ਨਾਲ ਗੱਲਬਾਤ ਕੀਤੀ


ਪਹਿਲਾਂ ਸਸਤੇ ਰਾਸ਼ਨ ਦੀਆਂ ਯੋਜਨਾਵਾਂ ਦੇ ਖੇਤਰ ਤੇ ਬਜਟ ਤਾਂ ਲਗਾਤਾਰ ਵਧਦੇ ਰਹੇ ਪਰ ਭੁੱਖਮਰੀ ਤੇ ਕੁਪੋਸ਼ਣ ਉਸ ਅਨੁਪਾਤ ਨਾਲ ਨਹੀਂ ਘਟੇ: ਪ੍ਰਧਾਨ ਮੰਤਰੀ

‘ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ’ ਸ਼ੁਰੂ ਹੋਣ ਤੋਂ ਬਾਅਦ ਲਾਭਾਰਥੀਆਂ ਨੂੰ ਹੁਣ ਪਹਿਲਾਂ ਨਾਲੋਂ ਲਗਭਗ ਦੁੱਗਣਾ ਰਾਸ਼ਨ ਮਿਲ ਰਿਹਾ ਹੈ: ਪ੍ਰਧਾਨ ਮੰਤਰੀ

ਮਹਾਮਾਰੀ ਦੌਰਾਨ 2 ਲੱਖ ਕਰੋੜ ਰੁਪਏ ਦੇ ਖ਼ਰਚ ਨਾਲ 80 ਕਰੋੜ ਤੋਂ ਵੱਧ ਲੋਕ ਮੁਫ਼ਤ ਰਾਸ਼ਨ ਲੈ ਰਹੇ ਹਨ: ਪ੍ਰਧਾਨ ਮੰਤਰੀ

ਸਦੀ ਦੀ ਸਭ ਤੋਂ ਵੱਡੀ ਆਫ਼ਤ ਦੇ ਬਾਵਜੂਦ ਕੋਈ ਨਾਗਰਿਕ ਭੁੱਖਾ ਨਹੀਂ ਰਿਹਾ: ਪ੍ਰਧਾਨ ਮੰਤਰੀ

ਗ਼ਰੀਬਾਂ ਦੇ ਸਸ਼ਕਤੀਕਰਣ ਨੂੰ ਅੱਜ ਸਰਬਉੱਚ ਪ੍ਰਾਥਮਿਕਤਾ ਦਿੱਤੀ ਜਾ ਰਹੀ ਹੈ: ਪ੍ਰਧਾਨ ਮੰਤਰੀ

ਸਾਡੇ ਖਿਡਾਰੀਆਂ ਦਾ ਨਵਾਂ ਆਤਮਵਿਸ਼ਵਾਸ ਨਵੇਂ ਭਾਰਤ ਦੀ ਖ਼ਾਸੀਅਤ ਬਣ ਰਿਹਾ ਹੈ: ਪ੍ਰਧਾਨ ਮੰਤਰੀ

ਦੇਸ਼ 50 ਕਰੋੜ ਦੇ ਟੀਕਾਕਰਣ ਮੀਲ–ਪੱਥਰ ਵੱਲ ਵਧ ਰਿਹਾ ਹੈ: ਪ੍ਰਧਾਨ ਮੰਤਰੀ

ਆਓ ਸਾਰੇ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਮੌਕੇ ਰਾਸ਼ਟਰ ਨਿਰਮਾਣ ਲਈ ਨਵੀਂ ਪ੍ਰੇਰਣਾ ਜਗਾਉਣ ਦਾ ਪਵਿੱਤਰ ਸੰਕਲਪ ਲਈਏ: ਪ੍ਰਧਾਨ ਮੰਤਰੀ

Posted On: 03 AUG 2021 2:00PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਰਾਹੀਂ ਗੁਜਰਾਤ ’ਚ ‘ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ’ ਦੇ ਲਾਭਾਰਥੀਆਂ ਨਾਲ ਗੱਲਬਾਤ ਕੀਤੀ। ਇਸ ਯੋਜਨਾ ਬਾਰੇ ਹੋਰ ਜਾਗਰੂਕਤਾ ਪੈਦਾ ਕਰਨ ਲਈ ਰਾਜ ਵਿੱਚ ਇੱਕ ਜਨਤਕ ਭਾਗੀਦਾਰੀ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਸੀ।

 

ਇਸ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਜਰਾਤ ’ਚ ‘ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ’ ਦੇ ਤਹਿਤ ਲੱਖਾਂ ਪਰਿਵਾਰ ਮੁਫ਼ਤ ਰਾਸ਼ਨ ਲੈ ਰਹੇ ਹਨ। ਇਹ ਮੁਫ਼ਤ ਰਾਸ਼ਨ ਗ਼ਰੀਬਾਂ ਦਾ ਦੁਖ ਘਟਾਉਂਦਾ ਹੈ ਤੇ ਉਨ੍ਹਾਂ ’ਚ ਆਤਮਵਿਸ਼ਵਾਸ ਭਰਦਾ ਹੈ। ਉਨ੍ਹਾਂ ਕਿਹਾ ਕਿ ਗ਼ਰੀਬ ਨੂੰ ਇਹ ਮਹਿਸੂਸ ਕਰਨਾ ਚਾਹੀਦਾ ਹੈ ਕਿ ਆਫ਼ਤ ਭਾਵੇਂ ਕੋਈ ਵੀ ਹੋਵੇ, ਦੇਸ਼ ਉਸ ਦੇ ਨਾਲ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਜ਼ਾਦੀ–ਪ੍ਰਾਪਤੀ ਤੋਂ ਬਾਅਦ, ਲਗਭਗ ਹਰੇਕ ਸਰਕਾਰ ਨੇ ਗ਼ਰੀਬਾਂ ਨੂੰ ਸਸਤਾ ਭੋਜਨ ਮੁਹੱਈਆ ਕਰਵਾਉਣ ਦੀ ਗੱਲ ਕੀਤੀ। ਸਸਤੇ ਰਾਸ਼ਨ ਦੀਆਂ ਯੋਜਨਾਵਾਂ ਦੇ ਖੇਤਰ ਤੇ ਬਜਟ ਸਾਲ–ਦਰ–ਸਾਲ ਵਧਦੇ ਰਹੇ ਪਰ ਉਸ ਦਾ ਅਸਰ ਸੀਮਤ ਹੀ ਰਿਹਾ। ਦੇਸ਼ ’ਚ ਅਨਾਜ ਦੇ ਭੰਡਾਰ ਵਧਦੇ ਰਹ ਪਰ ਭੁੱਖ ਤੇ ਕੁਪੋਸ਼ਣ ਉਸ ਅਨੁਪਾਤ ਨਾਲ ਨਹੀਂ ਘਟੇ। ਇਸ ਦਾ ਇੱਕ ਵੱਡਾ ਕਾਰਨ ਸੀ ਇੱਕ ਪ੍ਰਭਾਵਸ਼ਾਲੀ ਡਿਲਿਵਰੀ ਪ੍ਰਣਾਲੀ ਦੀ ਘਾਟ ਹੋਣਾ। ਇਸ ਸਥਿਤੀ ਨੂੰ ਬਦਲਣ ਲਈ 2014 ਤੋਂ ਬਾਅਦ ਨਵੇਂ ਸਿਰੇ ਤੋਂ ਕੰਮ ਸ਼ੁਰੂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਨਵੀਂ ਟੈਕਨੋਲੋਜੀ ਦੀ ਵਰਤੋਂ ਕਰਦੇ ਹੋਏ ਸਿਸਟਮ ਦੇ ਅੰਦਰ ਦਾਖ਼ਲ ਹੋ ਚੁੱਕੇ ਕਰੋੜਾਂ ਨਕਲੀ ਲਾਭਾਰਥੀਆਂ ਨੂੰ ਲਾਂਭੇ ਕੀਤਾ ਗਿਆ ਅਤੇ ਰਾਸ਼ਨ ਕਾਰਡਾਂ ਨੂੰ ਆਧਾਰ ਕਾਰਡ ਨਾਲ ਜੋੜਿਆ ਗਿਆ। ਇਸ ਨੇ ਇਹ ਯਕੀਨੀ ਬਣਾਉਣ ’ਚ ਮਦਦ ਕੀਤੀ ਕਿ ਸਦੀ ਦੀ ਸਭ ਤੋਂ ਵੱਡੀ ਆਫ਼ਤ ਦੇ ਬਾਵਜੂਦ ਕੋਈ ਵੀ ਨਾਗਰਿਕ ਭੁੱਖਾ ਨਾ ਰਹੇ, ਜਦੋਂ ਆਜੀਵਿਕਾ ਨੂੰ ਖ਼ਤਰਾ ਪੈਦਾ ਹੋ ਗਿਆ ਸੀ ਤੇ ਲੌਕਡਾਊਨ ਕਾਰਨ ਕਾਰੋਬਾਰ ਪ੍ਰਭਾਵਿਤ ਹੋਏ ਸਨ। ਪੂਰੀ ਦੁਨੀਆ ਨੇ ਵੀ ‘ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ’ ਦੀ ਸਫ਼ਲਤਾ ਨੂੰ ਮੰਨਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋ ਲੱਖ ਕਰੋੜ ਰੁਪਏ ਤੋਂ ਵੱਧ ਦੇ ਖ਼ਰਚ ਨਾਲ ਮਹਾਮਾਰੀ ਦੌਰਾਨ 80 ਕਰੋੜ ਤੋਂ ਵੱਧ ਲੋਕਾਂ ਨੂੰ ਮੁਫ਼ਤ ਰਾਸ਼ਨ ਉਪਲਬਧ ਕਰਵਾਇਆ ਗਿਆ ਹੈ।

 

ਪ੍ਰਧਾਨ ਮੰਤਰੀ ਨੇ ਅੱਜ ਕਿਹਾ ਕਿ ਇਸ ਤੋਂ ਇਲਾਵਾ ਹਰੇਕ ਲਾਭਾਰਥੀ ਨੂੰ ਕਣਕ 2 ਰੁਪਏ ਪ੍ਰਤੀ ਕਿਲੋਗ੍ਰਾਮ, ਚਾਵਲ 3 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਮੁਫ਼ਤ ਚਾਵਲ ਦਾ ਕੋਟਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਹ ਯੋਜਨਾ ਸ਼ੁਰੂ ਕੀਤੇ ਜਾਣ ਤੋਂ ਪਹਿਲਾਂ ਦੇ ਮੁਕਾਬਲੇ ਹੁਣ ਰਾਸ਼ਨ ਕਾਰਡ ਧਾਰਕਾਂ ਨੂੰ ਲਗਭਗ ਦੁੱਗਣਾ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਹ ਯੋਜਨਾ ਦੀਵਾਲੀ ਤੱਕ ਜਾਰੀ ਰਹੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਈ ਵੀ ਗ਼ਰੀਬ ਭੁੱਖਾ ਨਹੀਂ ਸੌਂਵੇਗਾ। ਉਨ੍ਹਾਂ ‘ਇੱਕ ਰਾਸ਼ਟਰ ਇੱਕ ਰਾਸ਼ਨ ਕਾਰਡ’ ਪਹਿਲ ਦਾ ਮੰਤਵ ਪੂਰਾ ਕਰਦੇ ਹੋਏ ਪ੍ਰਵਾਸੀ ਮਜ਼ਦੂਰਾਂ ਦਾ ਧਿਆਨ ਰੱਖਣ ਲਈ ਗੁਜਰਾਤ ਸਰਕਾਰ ਦੀ ਸ਼ਲਾਘਾ ਕੀਤੀ।

 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇਸ਼ ਬੁਨਿਆਦੀ ਢਾਂਚੇ ਉੱਤੇ ਲੱਖਾਂ ਕਰੋੜ ਰੁਪਏ ਖ਼ਰਚ ਕਰ ਰਿਹਾ ਹੈ ਪਰ ਇਸ ਦੇ ਨਾਲ ਹੀ ਆਮ ਆਦਮੀਆਂ ਦੇ ਜੀਵਨ–ਮਿਆਰ ’ਚ ਸੁਧਾਰ ਲਿਆਉਣ ਲਈ ‘ਜੀਵਨ ਜਿਊਣਾ ਸੁਖਾਲਾ’ (ਈਜ਼ ਆਵ੍ ਲਿਵਿੰਗ) ਬਣਾਉਣ ਦੇ ਨਵੇਂ ਮਾਪਦੰਡ ਵੀ ਤੈਅ ਕੀਤੇ ਜਾ ਰਹੇ ਹਨ। ਅੱਜ ਗ਼ਰੀਬਾਂ ਦੇ ਸਸ਼ਕਤੀਕਰਣ ਨੂੰ ਉੱਚ–ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਨੂੰ ਸਸ਼ਕਤ ਬਣਾਇਆ ਜਾ ਰਿਹਾ ਹੈ ਕਿਉਂਕਿ ਦੋ ਕਰੋੜ ਗ਼ਰੀਬ ਪਰਿਵਾਰਾਂ ਨੂੰ ਮਕਾਨ ਮਿਲੇ, 10 ਕਰੋੜ ਪਰਿਵਾਰਾਂ ਨੂੰ ਪਖਾਨੇ ਮਿਲੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸੇ ਤਰ੍ਹਾਂ, ਉਹ ਉਦੋਂ ਸਸ਼ਕਤ ਹੋਏ, ਜਦੋਂ ਉਨ੍ਹਾਂ ਨੂੰ ‘ਜਨ–ਧਨ’ ਖਾਤੇ ਰਾਹੀਂ ਬੈਂਕਿੰਗ ਸਿਸਟਮ ਵਿੱਚ ਸ਼ਾਮਲ ਕੀਤਾ ਗਿਆ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿਹਤ, ਸਿੱਖਿਆ ਸੁਵਿਧਾਵਾਂ ਤੇ ਸਵੈਮਾਣ ਨੂੰ ਸੁਨਿਸ਼ਚਿਤ ਕਰਨ ਲਈ ਸ਼ਸ਼ਕਤੀਕਰਣ ਨੂੰ ਅਨੁਕੂਲ ਸਖ਼ਤ ਮਿਹਨਤ ਦੀ ਜ਼ਰੂਰਤ ਹੈ। ਆਯੁਸ਼ਮਾਨ ਯੋਜਨਾ, ਆਰਥਿਕ ਤੌਰ ’ਤੇ ਪਿਛੜੇ ਵਰਗਾਂ ਲਈ ਰਾਖਵੇਂਕਰਣ,ਸੜਕ, ਮੁਫ਼ਤ ਗੈਸ ਤੇ ਬਿਜਲੀ ਕਨੈਕਸ਼ਨ, ਮੁਦਰਾ ਯੋਜਨਾ, ਸਵਨਿਧੀ ਯੋਜਨਾ ਜਿਹੀਆਂ ਯੋਜਨਾਵਾਂ ਗ਼ਰੀਬਾਂ ਲਈ ਮਾਣਮੱਤੇ ਜੀਵਨ ਦੀ ਦਿਸ਼ਾ ਪ੍ਰਦਾਨ ਕਰ ਰਹੀਆਂ ਹਨ ਅਤੇ ਸਸ਼ਕਤੀਕਰਣ ਦਾ ਮਾਧਿਅਮ ਬਣ ਰਹੀਆਂ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਜਰਾਤ ਸਮੇਤ ਦੇਸ਼ ਵਿੱਚ ਅਜਿਹੇ ਬਹੁਤ ਸਾਰੇ ਕੰਮ ਹਨ, ਜਿਨ੍ਹਾਂ ਕਰਕੇ ਅੱਜ ਹਰੇਕ ਦੇਸ਼ਵਾਸੀ ਅਤੇ ਹਰੇਕ ਖੇਤਰ ਵਿੱਚ ਆਤਮਵਿਸ਼ਵਾਸ ਵਧ ਰਿਹਾ ਹੈ। ਇਹੋ ਆਤਮਵਿਸ਼ਵਾਸ ਉਹ ਫ਼ਾਰਮੂਲਾ ਹੈ, ਜੋ ਹਰੇਕ ਸੁਪਨੇ ਨੂੰ ਸਾਕਾਰ ਕਰਨ ਲਈ ਹਰੇਕ ਚੁਣੌਤੀ ਉੱਤੇ ਕਾਬੂ ਪਾ ਲੈਂਦਾ ਹੈ।

 

ਉਨ੍ਹਾਂ ਨੇ ਭਾਰਤ ਦੇ ਓਲੰਪਿਕ ਦਲ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਸ ਵਾਰ ਉਲੰਪਿਕਸ ’ਚ ਭਾਰਤ ਦੇ ਹੁਣ ਤੱਕ ਦੇ ਸਭ ਤੋਂ ਵੱਧ ਖਿਡਾਰੀਆਂ ਨੇ ਕੁਆਲੀਫ਼ਾਈ ਕੀਤਾ ਹੈ। ਯਾਦ ਰਹੇ ਇਹ ਅਸੀਂ 100 ਸਾਲਾਂ ਦੀ ਸਭ ਤੋਂ ਵੱਡੀ ਆਫ਼ਤ ਨਾਲ ਜੂਝਦਿਆਂ ਕੀਤਾ ਹੈ। ਕਈ ਤਾਂ ਅਜਿਹੀਆਂ ਖੇਡਾਂ ਹਨ, ਜਿਨ੍ਹਾਂ ਵਿੱਚ ਅਸੀਂ ਪਹਿਲੀ ਵਾਰ ਕੁਆਲੀਫ਼ਾਈ ਕੀਤਾ ਹੈ। ਸਿਰਫ਼ ਕੁਆਲੀਫ਼ਾਈ ਹੀ ਨਹੀਂ ਕੀਤਾ, ਬਲਕਿ ਸਖ਼ਤ ਟੱਕਰ ਵੀ ਦੇ ਰਹੇ ਹਾਂ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਖਿਡਾਰੀਆਂ ਦਾ ਜੋਸ਼, ਜਨੂਨ ਅਤੇ ਜਜ਼ਬਾ ਅੱਜ ਸਰਬਉੱਚ ਪੱਧਰ ਉੱਤੇ ਹੈ। ਇਹ ਆਤਮਵਿਸ਼ਵਾਸ ਤਦ ਆਉਂਦਾ ਹੈ, ਜਦੋਂ ਸਹੀ ਟੇਲੈਂਟ ਦੀ ਸ਼ਨਾਖ਼ਤ ਹੁੰਦੀ ਹੈ, ਉਸ ਨੂੰ ਪ੍ਰੋਤਸਾਹਲ ਮਿਲਦਾ ਹੈ। ਇਹ ਆਤਮਵਿਸ਼ਵਾਸ ਤਦ ਆਉਂਦਾ ਹੈ, ਜਦੋਂ ਵਿਵਸਥਾਵਾਂ ਬਦਲਦੀਆਂ ਹਨ, ਪਾਰਦਰਸ਼ੀ ਹੁੰਦੀਆਂ ਹਨ। ਇਹ ਨਵਾਂ ਆਤਮ–ਵਿਸ਼ਵਾਸ ਨਿਊ ਇੰਡੀਆ ਦੀ ਪਛਾਣ ਬਣਾ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਕੋਰੋਨਾ ਵਿਰੁੱਧ ਜੰਗ ਤੇ ਦੇਸ਼ ਦੀ ਟੀਕਾਕਰਣ ਮੁਹਿੰਮ ਵਿੱਚ ਵੀ ਇਸ ਵਿਸ਼ਵਾਸ ਨੂੰ ਜਾਰੀ ਰੱਖਣ ਲਈ ਕਿਹਾ। ਉਨ੍ਹਾਂ ਵਿਸ਼ਵ ਮਹਾਮਾਰੀ ਦੇ ਇਸ ਮਾਹੌਲ ’ਚ ਲਗਾਤਾਰ ਚੌਕਸੀ ਕਾਇਮ ਰੱਖਣ ਦੀ ਲੋੜ ’ਤੇ ਜ਼ੋਰ ਦਿੱਤਾ।

 

ਉਨ੍ਹਾਂ ਕਿਹਾ ਕਿ ਜਦੋਂ ਦੇਸ਼ 50 ਕਰੋੜ ਲੋਕਾਂ ਦੇ ਟੀਕਾਕਰਣ ਦੇ ਪੜਾਅ ਵੱਲ ਤੇਜ਼ੀ ਨਾਲ ਵਧ ਰਿਹਾ ਹੈ, ਤਦ ਗੁਜਰਾਤ ਵੀ 3.5 ਕਰੋੜ ਟੀਕਾ ਖ਼ੁਰਾਕ ਦੇ ਪੜਾਅ ਨੇੜੇ ਪੁੱਜ ਰਿਹਾ ਹੇ। ਉਨ੍ਹਾਂ ਨੇ ਟੀਕਾਕਰਣ, ਮਾਸਕ ਪਹਿਨਣ ਤੇ ਜਿੰਨਾ ਸੰਭਵ ਹੋਵੇ, ਭੀੜ ਦਾ ਹਿੱਸਾ ਬਣਨ ਤੋਂ ਬਚਣ ਦੀ ਲੋੜ ’ਤੇ ਜ਼ੋਰ ਦਿੱਤਾ।

 

ਪ੍ਰਧਾਨ ਮੰਤਰੀ ਨੇ ਦੇਸ਼-ਵਾਸੀਆਂ ਨੂੰ ਰਾਸ਼ਟਰ ਨਿਰਮਾਣ ਦੀ ਨਵੀਂ ਪ੍ਰੇਰਣਾ ਜਗਾਉਣ ਦਾ ਸੰਕਲਪ ਦਿੱਤਾ। ਉਲ੍ਹਾਂ ਲੋਕਾਂ ਨੂੰ ਆਜ਼ਾਦੀ ਦੇ 75ਵੀਂ ਸਾਲ ਮੌਕੇ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ ਇਹ ਪਵਿੱਤਰ ਸੰਕਲਪ ਲੈਣ ਲਈ ਆਖਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਸੰਕਲਪਾਂ ’ਚ ਗ਼ਰੀਬ, ਅਮੀਰ, ਪੁਰਸ਼ ਤੇ ਮਹਿਲਾਵਾਂ, ਦਲਿਤ ਸਭ ਦੀ ਬਰਾਬਰ ਹਿੱਸੇਦਾਰੀ ਹੈ।

 

ਇੱਥੇ ਵਰਨਣਯੋਗ ਹੈ ਕਿ ਪਿਛਲੇ ਸਾਲ ਲਗਭਗ 948 ਲੱਖ ਮੀਟ੍ਰਿਕ ਟਨ ਅਨਾਜ ਵੰਡਿਆ ਗਿਆ ਸੀ, ਜੋ ਕਿ ਕੋਵਿਡ–19 ਦੌਰਾਨ ਅਨਾਜ ਸੁਰੱਖਿਆ ਯਕੀਨੀ ਬਣਾਉਣ ਲਈ ਇੱਕ ਆਮ ਸਾਲ ਦੌਰਾਨ ਵੰਡੇ ਜਾਣ ਤੋਂ 50% ਤੋਂ ਵੱਧ ਹੈ।  2020–21 ਦੌਰਾਨ ਅਨਾਜ ਸਬਸਿਡੀ ਉੱਤੇ ਲਗਭਗ 2.84 ਲੱਖ ਕਰੋੜ ਰੁਪਏ ਖ਼ਰਚ ਕੀਤੇ ਗਏ।

 

ਗੁਜਰਾਤ ’ਚ 3.3 ਕਰੋੜ ਤੋਂ ਵੱਧ ਯੋਗ ਲਾਭਾਰਥੀਆਂ ਨੂੰ ਪੰਜ ਹਜ਼ਾਰ ਕਰੋੜ ਤੋਂ ਵੱਧ ਦੀ ਸਬਸਿਡੀ ਰਾਸ਼ੀ ਦੇ ਖ਼ਰਚ ਨਾਲ 25.5 ਲੱਖ ਮੀਟ੍ਰਿਕ ਟਨ ਅਨਾਜ ਵੰਡਿਆ ਗਿਆ।

 

ਪ੍ਰਵਾਸੀ ਲਾਭਾਰਥੀਆਂ ਲਈ ਅਨਾਜ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਦੇ ਮੰਤਵ ਨਾਲ ਹੁਣ ਤੱਕ 33 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ‘ਇੱਕ ਰਾਸ਼ਟਰ ਇੱਕ ਰਾਸ਼ਨ ਕਾਰਡ’ ਯੋਜਨਾ ਲਾਗੂ ਕੀਤੀ ਜਾ ਚੁੱਕੀ ਹੈ।

*******

ਡੀਐੱਸ/ਏਕੇ(Release ID: 1741987) Visitor Counter : 282