ਵਿੱਤ ਮੰਤਰਾਲਾ
161ਵਾਂ ਆਮਦਨ ਕਰ ਦਿਵਸ: ਰਾਸ਼ਟਰ ਨਿਰਮਾਣ ਦੀ ਦਿਸ਼ਾ ਵਿੱਚ ਇੱਕ ਯਾਤਰਾ
Posted On:
24 JUL 2021 12:21PM by PIB Chandigarh
ਆਮਦਨ ਕਰ ਦਿਵਸ ਦੀ 161ਵੀਂ ਵਰੇਗੰਢ ਅੱਜ ਕੇਂਦਰੀ ਪ੍ਰਤੱਖ ਕਰ ਬੋਰਡ (ਸੀਬੀਡੀਟੀ) ਅਤੇ ਦੇਸ਼ ਭਰ ਦੇ ਸਾਰੇ ਖੇਤਰੀ ਦਫਤਰਾਂ ਵਿੱਚ ਮਨਾਈ ਗਈ। ਇਸ ਦੌਰਾਨ ਕਈ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ। ਆਮਦਨ ਟੈਕਸ ਵਿਭਾਗ ਦੀ ਇਕਜੁੱਟਤਾ, ਸਮਰੱਥਾ, ਸਹਿਯੋਗ ਅਤੇ ਉਸਾਰੂ ਰੁਝੇਵਿਆਂ ਦੀ ਭਾਵਨਾ ਨੂੰ ਦਰਸਾਉਂਦੇ ਹੋਏ, ਇਨ੍ਹਾਂ ਗਤੀਵਿਧੀਆਂ ਵਿੱਚ ਆਈਸੀਏਆਈ ਦੀਆਂ ਖੇਤਰੀ ਇਕਾਈਆਂ, ਵਪਾਰ ਐਸੋਸੀਏਸ਼ਨਾਂ, ਆਦਿ ਸਮੇਤ ਬਾਹਰੀ ਹਿਤਧਾਰਕਾਂ ਦੇ ਨਾਲ ਵੈਬਨਾਰ, ਰੁੱਖ ਲਗਾਉਣ ਦੀਆਂ ਮੁਹਿੰਮਾਂ, ਕੋਵਿਡ ਟੀਕਾਕਰਨ ਕੈਂਪਾਂ ਲਈ ਕੰਮ ਕਰਨ ਵਾਲੇ ਅਧਿਕਾਰੀਆਂ ਨੂੰ ਪ੍ਰਸ਼ੰਸਾ ਦੇ ਪੱਤਰ ਜਾਰੀ ਕਰਨਾ ਅਤੇ ਆਪਣੇ ਫਰਜ਼ਾਂ ਨੂੰ ਨਿਭਾਉਣ ਦੇ ਦੌਰਾਨ ਕੋਵਿਡ-19 ਕਰਕੇ ਜਾਨ ਗੁਆਉਣ ਵਾਲੇ ਅਧਿਕਾਰੀਆਂ / ਕਰਮਚਾਰੀਆਂ ਦੇ ਪਰਿਵਾਰਾਂ ਨਾਲ ਜੁੜਨਾ ਸ਼ਾਮਲ ਸੀ।
ਆਮਦਨ ਕਰ ਵਿਭਾਗ ਨੂੰ ਦਿੱਤੇ ਆਪਣੇ ਸੁਨੇਹੇ ਵਿੱਚ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਨੇ ਵਿਭਾਗ ਵੱਲੋਂ ਸਾਲ 2014 ਤੋਂ ਵੱਖ-ਵੱਖ ਸੁਧਾਰਾਂ ਦੇ ਉਪਾਵਾਂ ਨੂੰ ਸਹੀ ਭਾਵਨਾ ਨਾਲ ਲਾਗੂ ਕਰਨ ਵਿੱਚ ਸਫਲ ਹੋਣ ਲਈ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਆਪਣੇ ਹਿੱਸੇ ਦੇ ਕਰਾਂ ਦਾ ਕਰਤੱਵ ਪੂਰਨ ਢੰਗ ਨਾਲ ਭੁਗਤਾਨ ਕਰਕੇ ਦੇਸ਼ ਦੀ ਪ੍ਰਗਤੀ ਵਿੱਚ ਭਾਈਵਾਲ ਬਣਨ ਵਿੱਚ ਇਮਾਨਦਾਰ ਟੈਕਸਦਾਤਾਵਾਂ ਦਾ ਯੋਗਦਾਨ ਨਿਸ਼ਚਿਤ ਰੂਪ ਨਾਲ ਮਾਨਤਾ ਹਾਸਲ ਕਰਨ ਦਾ ਪਾਤਰ ਹੈ। ਉਨ੍ਹਾਂ ਵਿਭਾਗ ਦੀਆਂ ਪ੍ਰਣਾਲੀਆਂ ਅਤੇ ਪ੍ਰਕਿਰਿਆਵਾਂ ਨੂੰ ਸਰਲ ਬਣਾਉਣ ਅਤੇ ਵਿਭਾਗ ਦੇ ਕੰਮਕਾਜ ਨੂੰ ਮੁਸ਼ਕਲ ਰਹਿਤ, ਨਿਰਪੱਖ ਅਤੇ ਪਾਰਦਰਸ਼ੀ ਬਣਾਉਣ ਲਈ ਕੰਮ ਕਰਨਾ ਜਾਰੀ ਰੱਖਣ ਲਈ ਵਿਭਾਗ ਦੀ ਸ਼ਲਾਘਾ ਕੀਤੀ। ਉਨ੍ਹਾਂ ਇਸ ਮਹਾਮਾਰੀ ਕਾਰਣ ਹੋਈਆਂ ਮੁਸ਼ਕਲਾਂ ਦੇ ਬਾਵਜੂਦ ਟੈਕਸ ਅਦਾ ਕਰਨ ਵਾਲਿਆਂ ਵਲੋਂ ਫਰਜ਼ ਨਿਭਾਉਣ ਦੀ ਸ਼ਲਾਘਾ ਕੀਤੀ। ਉਨ੍ਹਾਂ ਆਪਣੇ ਫ਼ਰਜ਼ ਨਿਭਾਉਣ ਦੇ ਸਮੇਂ ਇਸ ਮਹਾਮਾਰੀ ਕਾਰਣ ਆਪਣੀਆਂ ਜਾਨਾਂ ਗੁਆਉਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਯਾਦ ਕਰਦਿਆਂ ਕਿਹਾ ਕਿ ਰਾਸ਼ਟਰੀ ਹਿੱਤ ਪ੍ਰਤੀ ਉਨ੍ਹਾਂ ਦੇ ਯੋਗਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।
ਆਪਣੇ ਸੰਦੇਸ਼ ਵਿੱਚ, ਵਿੱਤ ਰਾਜ ਮੰਤਰੀ, ਸ੍ਰੀ ਪੰਕਜ ਚੌਧਰੀ ਨੇ ਵਿਭਾਗ ਦੀ ਸ਼ਲਾਘਾ ਕੀਤੀ ਕਿ ਉਹ ਇੱਕ ਉਚਿਤ ਅਤੇ ਪਾਰਦਰਸ਼ੀ ਢੰਗ ਨਾਲ ਟੈਕਸ ਇਕੱਤਰ ਕਰਨ ਅਤੇ ਟੈਕਸਾਂ ਨੂੰ ਲਾਗੂ ਕਰਨ ਦੀ ਦੋਹਰੀ ਭੂਮਿਕਾ ਵਿੱਚ ਵਧੀਆ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਪ੍ਰਕਿਰਿਆਵਾਂ ਅਤੇ ਪਾਲਣਾ ਦੀਆਂ ਜ਼ਰੂਰਤਾਂ ਨੂੰ ਆਨਲਾਈਨ ਪਲੇਟਫਾਰਮਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਅਤੇ ਟੈਕਸਦਾਤਾਵਾਂ ਦੀ ਆਮਦਨ ਟੈਕਸ ਦਫ਼ਤਰਾਂ ਵਿੱਚ ਜਾਣ ਦੀ ਜ਼ਰੂਰਤ ਖ਼ਤਮ ਹੋ ਗਈ ਹੈ ਜਾਂ ਬਹੁਤ ਘੱਟ ਕੀਤੀ ਗਈ ਹੈ। ਉਨ੍ਹਾਂ ਇਸ ਤੱਥ 'ਤੇ ਚਾਨਣਾ ਪਾਇਆ ਕਿ ਟੈਕਸਦਾਤਾਵਾਂ ਨਾਲ ਗੱਲਬਾਤ ਹੁਣ ਸਵੈਇੱਛੁਕ ਪਾਲਣਾ 'ਤੇ ਵਧੇਰੇ ਨਿਰਭਰ ਕਰਦਿਆਂ ਵਿਸ਼ਵਾਸ ਅਤੇ ਸਤਿਕਾਰ ਦੀ ਭਾਵਨਾ 'ਤੇ ਵਧੇਰੇ ਅਧਾਰਤ ਹੈ।
ਆਪਣੇ ਸੰਬੋਧਨ ਵਿੱਚ ਵਿੱਤ ਰਾਜ ਮੰਤਰੀ ਡਾ. ਭਾਗਵਤ ਕਿਸ਼ਨਰਾਓ ਕਰਾਡ ਨੇ ਪ੍ਰਤੱਖ ਟੈਕਸਾਂ ਦੀ ਵਿਵਸਥਾ ਕਰਨ ਲਈ ਏਜੰਸੀ ਦੀ ਭੂਮਿਕਾ ਨਿਭਾਉਂਦਿਆਂ ਦੇਸ਼ ਦੀ ਅਥਾਹ ਸੇਵਾ ਕਰਨ ਲਈ ਆਮਦਨ ਕਰ ਵਿਭਾਗ ਦੀ ਸ਼ਲਾਘਾ ਕੀਤੀ। ਇਸ ਤੱਥ ਨੂੰ ਦਰਸਾਉਂਦੇ ਹੋਏ ਕਿ ਟੈਕਸ ਸਿਰਫ ਸਰਕਾਰ ਲਈ ਮਾਲੀਆ ਦਾ ਇੱਕ ਸਾਧਨ ਨਹੀਂ ਹਨ, ਬਲਕਿ ਕੁਝ ਸਮਾਜਿਕ-ਆਰਥਿਕ ਉਦੇਸ਼ਾਂ ਦੀ ਪ੍ਰਾਪਤੀ ਦਾ ਇੱਕ ਪ੍ਰਭਾਵਸ਼ਾਲੀ ਸਾਧਨ ਵੀ ਹਨ, ਉਨ੍ਹਾਂ ਸਮੇਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਆਪਣੇ ਆਪ ਨੂੰ ਢਾਲਣ ਅਤੇ ਮਜ਼ਬੂਤ ਕਰਨ ਦੇ ਯੋਗ ਸਾਬਤ ਕਰਨ ਲਈ ਵਿਭਾਗ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਵਿਸ਼ਵਾਸ ਜ਼ਾਹਰ ਕੀਤਾ ਕਿ ਵਿਭਾਗ ਨਿਰਪੱਖਤਾ ਅਤੇ ਪਾਰਦਰਸ਼ਤਾ ਦੇ ਸਿਧਾਂਤਾਂ ਦੀ ਸੇਧ ਅਨੁਸਾਰ ਪੇਸ਼ੇਵਰ ਸੰਸਥਾ ਵਜੋਂ ਆਪਣੀ ਸਾਖ ਬਰਕਰਾਰ ਰੱਖੇਗਾ।
ਆਪਣੇ ਸੰਦੇਸ਼ ਵਿੱਚ ਮਾਲ ਸਕੱਤਰ ਸ੍ਰੀ ਤਰੁਣ ਬਜਾਜ ਨੇ ਆਮਦਨ ਕਰ ਵਿਭਾਗ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਵਿਭਾਗ ਦੀ ਸ਼ਲਾਘਾ ਕੀਤੀ ਕਿ ਉਹ ਆਪਣੇ ਆਪ ਨੂੰ ਅਰਥਵਿਵਸਥਾ ਵਿੱਚ ਅਚਾਨਕ ਤਬਦੀਲੀਆਂ ਅਨੁਸਾਰ ਢਾਲਣ ਅਤੇ ਟੈਕਸ ਵਸੂਲੀ ਵਿੱਚ ਇੱਕ ਚੰਗਾ ਵਿਕਾਸ ਪ੍ਰਾਪਤ ਕਰਨ ਦੇ ਯੋਗ ਹੋਣ ਲਈ ਪ੍ਰਸ਼ੰਸਾ ਕਰਦੇ ਹਨ। ਉਨ੍ਹਾਂ ਮਾਲੀਆ ਉਗਰਾਹੀ ਨਾਲ ਜੁੜੀ ਇਸ ਪਹੁੰਚ ਨੂੰ ਨਵੀਂ ਦਿਸ਼ਾ ਦਿੰਦੇ ਹੋਏ ਵਿਭਾਗ ਦੁਆਰਾ ਇਸਦੀ ਕਾਰਜਸ਼ੀਲਤਾ ਨੂੰ ਵਿਸ਼ਵਾਸ ਅਧਾਰਤ ਅਤੇ ਟੈਕਸ-ਕੇਂਦ੍ਰਿਤ ਬਣਾਉਣ ਦੇ ਉਦੇਸ਼ ਨਾਲ ਕੀਤੀਆਂ ਵੱਖ-ਵੱਖ ਪਹਿਲਕਦਮੀਆਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਵਿਭਾਗ ਦੀਆਂ ਫੀਲਡ ਇਕਾਈਆਂ ਵੱਲੋਂ ਕੋਵਿਡ -19 ਮਹਾਮਾਰੀ ਨਾਲ ਪ੍ਰਭਾਵਤ ਲੋਕਾਂ ਲਈ ਰਾਹਤ ਕਾਰਜਾਂ ਲਈ ਕੀਤੇ ਗਏ ਕੰਮਾਂ ਅਤੇ ਉਨ੍ਹਾਂ ਦੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਟੀਕਾਕਰਣ ਕੈਂਪਾਂ ਦਾ ਆਯੋਜਨ ਕਰਨ ਦੀ ਸ਼ਲਾਘਾ ਕੀਤੀ।
ਇਸ ਮੌਕੇ ਆਮਦਨ ਕਰ ਪਰਿਵਾਰ ਦੇ ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਕੇਂਦਰੀ ਪ੍ਰਤੱਖ ਕਰ ਬੋਰਡ (ਸੀਬੀਡੀਟੀ) ਦੇ ਚੇਅਰਮੈਨ, ਸ਼੍ਰੀ ਜੇ ਐੱਨ ਐੱਸ ਮਹਾਪਾਤਰਾ ਨੇ ਉਨ੍ਹਾਂ ਦੇ ਸਮੂਹਕ ਯਤਨਾਂ ਲਈ ਅਤੇ ਦੇਸ਼ ਦੀ ਮਾਲੀਆ ਸ਼ਾਖਾ ਅਤੇ ਟੈਕਸਦਾਤਾ ਸੇਵਾਵਾਂ ਪ੍ਰਦਾਨ ਕਰਨ ਵਾਲੇ ਵਜੋਂ ਉਨ੍ਹਾਂ ਦੀ ਦੋਹਰੀ ਭੂਮਿਕਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਉਣ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ। ‘ਇਮਾਨਦਾਰ ਦਾ ਸਤਿਕਾਰ’, ਫੇਸ ਲੈੱਸ ਪ੍ਰਣਾਲੀ ਅਤੇ ਟੈਕਸਦਾਤਾ ਦੇ ਚਾਰਟਰ ਨੂੰ ਅਪਣਾਉਣ ਵਰਗੇ ਵੱਡੇ ਅਤੇ ਦੂਰ ਦੁਰਾਡੇ ਨੀਤੀਗਤ ਕਦਮਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਪਹਿਲਕਦਮੀਆਂ ਨੇ ਵਿਭਾਗੀ ਕੰਮਕਾਜ ਨੂੰ ਵਧੇਰੇ ਪਾਰਦਰਸ਼ੀ, ਉਦੇਸ਼ਵਾਦੀ ਅਤੇ ਟੈਕਸਦਾਤਾ ਦੇ ਅਨੁਕੂਲ ਬਣਾਇਆ ਹੈ। ਉਨ੍ਹਾਂ ਇਸ ਮਹਾਮਾਰੀ ਦੌਰਾਨ ਆਪਣੀ ਡਿਊਟੀ ਨਿਭਾਉਂਦੇ ਹੋਏ ਆਪਣੀ ਜਾਨ ਗੁਆਉਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਪਰਿਵਾਰਾਂ ਨਾਲ ਦਿਲੀ ਹਮਦਰਦੀ ਵੀ ਜ਼ਾਹਰ ਕੀਤੀ ਅਤੇ ਕਿਹਾ ਕਿ ਡਿਊਟੀ ਪ੍ਰਤੀ ਉਨ੍ਹਾਂ ਦਾ ਸਮਰਪਣ ਵਿਭਾਗ ਨੂੰ ਹੋਰ ਵੀ ਵਚਨਬੱਧ, ਵਧੇਰੇ ਮਾਨਵਤਾਵਾਦੀ, ਵਧੇਰੇ ਪੇਸ਼ੇਵਰ ਅਤੇ ਵਧੇਰੇ ਕੁਸ਼ਲ ਸੰਗਠਨ ਬਣਾਉਣ ਲਈ ਪ੍ਰੇਰਿਤ ਕਰਦਾ ਹੈ।
****
ਆਰਐੱਮ / ਕੇਐੱਮਐੱਨ
(Release ID: 1738714)
Visitor Counter : 199