ਵਿੱਤ ਮੰਤਰਾਲਾ
ਡਿਜਿਟਲ ਅਤੇ ਟਿਕਾਊ ਵਪਾਰ ਸਹੂਲਤ ਬਾਰੇ ਸੰਯੁਕਤ ਰਾਸ਼ਟਰ ਦੇ ਗਲੋਬਲ ਸਰਵੇ ਵਿਚ ਭਾਰਤ ਦੀ ਸਥਿਤੀ ਵਿਚ ਮਹੱਤਵਪੂਰਨ ਸੁਧਾਰ
Posted On:
23 JUL 2021 8:49AM by PIB Chandigarh
ਭਾਰਤ ਨੇ ਏਸ਼ੀਆ ਪ੍ਰਸ਼ਾਂਤ ਲਈ ਸੰਯੁਕਤ ਰਾਸ਼ਟਰ ਆਰਥਿਕ ਅਤੇ ਸਮਾਜਿਕ ਆਯੋਗ (ਯੂਨੈਸਕੈਪ) ਦੇ ਡਿਜਿਟਲ ਅਤੇ ਟਿਕਾਊ ਵਪਾਰ ਸਹੂਲਤ ਤੇ ਤਾਜ਼ਾ ਗਲੋਬਲ ਸਰਵੇਖਣ ਵਿਚ 90.32% ਅੰਕ ਹਾਸਿਲ ਕੀਤੇ ਹਨ। ਸਰਵੇਖਣ ਵਿਚ ਇਸ ਦੀ 2019 ਦੇ 78.49 % ਦੇ ਮੁਕਾਬਲੇ ਸ਼ਾਨਦਾਰ ਪੁਲਾਂਘ ਕਾਰਣ ਇਸ ਦੀ ਪ੍ਰਸ਼ੰਸਾ ਕੀਤੀ ਗਈ ਹੈ। ਸਰਵੇਖਣ ਦੇ ਨਤੀਜੇ (https://www.untfsurvey.org/economy?id=IND) ਤੇ ਵੇਖੇ ਜਾ ਸਕਦੇ ਹਨ।
ਵਿਸ਼ਵ ਭਰ ਦੀਆਂ 143 ਅਰਥ-ਵਿਵਸਥਾਵਾਂ ਦੇ ਮੁਲਾਂਕਣ ਤੋਂ ਬਾਅਦ 2021 ਦੇ ਸਰਵੇਖਣ ਵਿਚ ਹੇਠ ਲਿਖੇ ਸਾਰੇ 5 ਪ੍ਰਮੁੱਖ ਸੰਕੇਤਕਾਂ ਵਿਚ ਭਾਰਤ ਦੇ ਸਕੋਰ ਵਿਚ ਮਹੱਤਵਪੂਰਨ ਸੁਧਾਰ ਨਜ਼ਰ ਆਇਆ ਹੈ -
∙ ਪਾਰਦਰਸ਼ਤਾ - 2021 ਵਿਚ 100% (2019 ਵਿਚ 93.33%)
∙ ਫੌਰਮੈਲਿਟਿਜ਼ - 2021 ਵਿ 95.83% (2019 ਵਿਚ 87.5%)
∙ ਸੰਸਥਾਗਤ ਪ੍ਰਬੰਧ ਅਤੇ ਸਹਿਯੋਗ - 2021 ਵਿਚ 88.89% (2019 ਵਿਚ 66.67%)
∙ ਕਾਗ਼ਜ਼ ਰਹਿਤ ਵਪਾਰ - 2021 ਵਿਚ 96.3% (2019 ਵਿਚ 81.48%)
∙ ਸਰਹੱਦ ਪਾਰ ਕਾਗ਼ਜ਼ ਰਹਿਤ ਵਪਾਰ - 2021 ਵਿਚ 66.67% (2019 ਵਿਚ 55.56%)
ਸਰਵੇ ਵਿਚ ਕਿਹਾ ਗਿਆ ਹੈ ਕਿ ਦੱਖਣ ਅਤੇ ਦੱਖਣ-ਪੱਛਮੀ ਏਸ਼ੀਆ ਖੇਤਰ (63.12%) ਅਤੇ ਏਸ਼ੀਆ ਪ੍ਰਸ਼ਾਂਤ ਖੇਤਰ (65.85%) ਦੇ ਮੁਕਾਬਲੇ ਭਾਰਤ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲਾ ਦੇਸ਼ ਹੈ। ਭਾਰਤ ਦਾ ਸਮੱਗਰ ਸਕੋਰ ਵੀ ਫ੍ਰਾਂਸ, ਇੰਗਲੈਂਡ, ਕੈਨੇਡਾ, ਨਾਰਵੇ, ਫਿਨਲੈਂਡ ਆਦਿ ਕਈ ਓਈਸੀਡੀ ਦੇਸ਼ਾਂ ਦੇ ਮੁਕਾਬਲੇ ਵੱਧ ਵੇਖਿਆ ਗਿਆ ਹੈ ਅਤੇ ਉਸ ਦਾ ਸਮੱਗਰ ਸਕੋਰ ਯੂਰਪੀ ਸੰਘ ਦੇ ਔਸਤ ਸਕੋਰ ਤੋਂ ਵੱਧ ਹੈ। ਭਾਰਤ ਨੇ ਪਾਰਦਰਸ਼ਤਾ ਸੂਚਕ ਅੰਕ ਲਈ 100% ਅਤੇ ਵਪਾਰ ਵਿਚ "ਮਹਿਲਾਵਾਂ ਦੀ ਭਾਗੀਦਾਰੀ" ਸੰਬੰਧੀ ਘਟਕ ਵਿਚ 66% ਸਕੋਰ ਹਾਸਿਲ ਕੀਤਾ ਹੈ।
ਸੀਬੀਆਈਸੀ ਸੁਧਾਰਾਂ ਦੀ ਇਕ ਲੜੀ ਰਾਹੀਂ ਵਿਅਕਤੀ ਰਹਿਤ, ਕਾਗ਼ਜ਼ ਰਹਿਤ ਅਤੇ ਸੰਪਰਕ ਰਹਿਤ ਸੀਮਾ ਟੈਕਸ ਦੀ ਸ਼ੁਰੂਆਤ ਕਰਨ ਲਈ ਤੁਰੰਤ ਕਸਟਮ ਦੀ ਨਿਗਰਾਨੀ ਵਿਚ ਵਰਣਨਯੋਗ ਸੁਧਾਰ ਕਰਨ ਵਿਚ ਮੋਹਰੀ ਰਿਹਾ ਹੈ। ਡਿਜਿਟਲ ਅਤੇ ਟਿਕਾਊ ਵਪਾਰ ਸਹੂਲਤ ਤੇ ਯੂਨੈਸਕੈਪ ਰੈਂਕਿੰਗ ਵਿਚ ਸੁਧਾਰ ਦੇ ਸੰਦਰਭ ਵਿਚ ਇਸ ਦਾ ਸਿੱਧਾ ਪ੍ਰਭਾਵ ਪਿਆ ਹੈ।
ਇਸ ਤੋਂ ਇਲਾਵਾ, ਕੋਵਿਡ-19 ਵਿਸ਼ਵ ਮਹਾਮਾਰੀ ਦੌਰਾਨ ਕਸਟਮਜ਼ ਢਾਂਚੇ ਅਧੀਨ ਕੋਵਿਡ ਨਾਲ ਸੰਬੰਧਤ ਦਰਾਮਦਾਂ, ਜਿਵੇਂ ਕਿ ਆਕਸੀਜਨ ਨਾਲ ਸੰਬੰਧਤ ਉਪਕਰਣ, ਜੀਵਨ ਰੱਖਿਅਕ ਦਵਾਈਆਂ, ਟੀਕੇ ਆਦਿ ਵਿਚ ਤੇਜ਼ੀ ਲਿਆਉਣ ਲਈ ਸਾਰੇ ਯਤਨ ਕੀਤੇ ਗਏ। ਐਗ਼ਜ਼ਿਮ ਵਪਾਰ ਲਈ ਸੀਬੀਆਈਸੀ ਦੀ ਵੈਬਸਾਈਟ ਤੇ ਇਕ ਸਮਰਪਤ ਸਿੰਗਲ ਵਿੰਡੋ ਕੋਵਿਡ-19 24X7 ਹੈਲਪ ਡੈਸਕ ਤਿਆਰ ਕੀਤਾ ਗਿਆ ਸੀ ਤਾਕਿ ਦਰਾਮਦ ਕਰਨ ਵਾਲਿਆਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕੀਤਾ ਜਾ ਸਕੇ।
ਡਿਜਿਟਲ ਅਤੇ ਟਿਕਾਊ ਵਪਾਰ ਸਹੂਲਤ ਤੇ ਵਿਸ਼ਵ ਸਰਵੇਖਣ ਹਰ ਦੋ ਸਾਲਾਂ ਵਿਚ ਯੂਨੈਸਕੈਪ ਵਲੋਂ ਆਯੋਜਿਤ ਕੀਤਾ ਜਾਂਦਾ ਹੈ। ਸਾਲ 2021 ਦੇ ਸਰਵੇ ਵਿਚ ਵਿਸ਼ਵ ਵਪਾਰ ਸੰਗਠਨ ਦੇ ਵਪਾਰ ਸਹੂਲਤ ਸਮਝੌਤੇ ਵਿਚ ਸ਼ਾਮਿਲ 58 ਵਪਾਰ ਸਹੂਲਤਾਂ ਉਪਾਵਾਂ ਦਾ ਵੇਰਵਾ ਸ਼ਾਮਿਲ ਹੈ। ਇਸ ਸਰਵੇਖਣ ਦਾ ਵਿਸ਼ਵ ਪੱਧਰ ਤੇ ਬੇਸਬਰੀ ਨਾਲ ਇੰਤਜ਼ਾਰ ਹੋ ਰਿਹਾ ਹੈ ਕਿਉਂਕਿ ਇਹ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਅਮਲ ਵਿੱਚ ਲਿਆਂਦੇ ਜਾ ਰਹੇ ਵਪਾਰ ਸਹੂਲਤ ਦੇ ਉਪਾਵਾਂ ਦਾ ਲੋੜੀਂਦਾ ਪ੍ਰਭਾਵ ਹੈ ਜਾਂ ਨਹੀਂ ਅਤੇ ਇਹ ਵੱਖ-ਵੱਖ ਦੇਸ਼ਾਂ ਦਰਮਿਆਨ ਮੁਕਾਬਲਾ ਕਰਨ ਵਿਚ ਮਦਦ ਕਰਦਾ ਹੈ। ਕਿਸੇ ਦੇਸ਼ ਦਾ ਉੱਚ ਸਕੋਰ ਕਾਰੋਬਾਰੀਆਂ ਨੂੰ ਨਿਵੇਸ਼ ਸੰਬੰਧੀ ਫੈਸਲੇ ਲੈਣ ਵਿੱਚ ਵੀ ਮਦਦ ਕਰਦਾ ਹੈ।
------------------------------------
ਆਰਐਮ ਕੇਐਮਐਨ
(Release ID: 1738128)
Visitor Counter : 258