ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਐਲਫਾ ਵੈਰੀਐਂਟ ਨਾਲੋਂ ਬੀ. 1. 617.2 ਡੈਲਟਾ ਵੈਰੀਐਂਟ 40 - 60 ਪ੍ਰਤੀਸ਼ਤ ਵੱਧ ਟ੍ਰਾਂਸਮਿਸਿਬਲ ਜਾਣਿਆ ਜਾਂਦਾ ਹੈ - ਡਾ. ਐਨ ਕੇ ਅਰੋੜਾ, ਸਹਿ ਪ੍ਰਧਾਨ, ਇਨਸਾਕੋਗ
"ਇਸ ਵਿਸ਼ੇ ਤੇ ਆਈਸੀਐਮਆਰ ਵਲੋਂ ਕੀਤੇ ਗਏ ਅਧਿਅਨ ਅਨੁਸਾਰ ਮੌਜੂਦਾ ਵੈਕਸੀਨ ਡੈਲਟਾ ਵੈਰੀਐਂਟ ਤੇ ਪ੍ਰਭਾਵਸ਼ਾਲੀ"
"ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦਾ ਟੀਕਾਕਰਨ ਅਤੇ ਕੋਵਿਡ ਅਨੁਕੂਲ ਵਿਵਹਾਰ ਦੀ ਸਖਤ ਪਾਲਣਾ ਨਾਲ ਮਹਾਮਾਰੀ ਦੀਆਂ ਆਉਣ ਵਾਲੀਆਂ ਲਹਿਰਾਂ ਨੂੰ ਕੰਟਰੋਲ ਕੀਤਾ ਅਤੇ ਟਾਲਿਆ ਜਾ ਸਕਦਾ ਹੈ"
ਇਹ ਕਹਿਣਾ ਮੁਸ਼ਕਿਲ ਹੈ ਕਿ ਡੈਲਟਾ ਵੈਰੀਐੰਟ ਕਾਰਣ ਹੋਣ ਵਾਲੀਆਂ ਬੀਮਾਰੀਆਂ ਜ਼ਿਆਦਾ ਗੰਭੀਰ ਹੁੰਦੀਆਂ ਹਨ - ਡਾ. ਐਨ ਕੇ ਅਰੋੜਾ
Posted On:
19 JUL 2021 11:09AM by PIB Chandigarh
ਹਾਲ ਹੀ ਵਿਚ ਡਾ. ਐਨ ਕੇ ਅਰੋਡ਼ਾ ਸਹਿ-ਪ੍ਰਧਾਨ, ਇਨਸਾਕੌਗ
ਨੇ ਇਕ ਇੰਟਰਵਿਊ ਵਿਚ ਵੈਰੀਐਂਟ ਦੀ ਜਾਂਚ ਅਤੇ ਉਸ ਦੇ ਵਿਵਹਾਰ ਨਾਲ ਸਟੈਂਡਰਡ ਆਪ੍ਰੇਟਿੰਗ ਪ੍ਰੋਸੀਜ਼ਰ (ਐਸਓਪੀ) ਬਾਰੇ ਚਰਚਾ ਕੀਤੀ। ਇਹ ਜਾਂਚ ਇਹ ਜਾਣਨ ਲਈ ਕੀਤੀ ਜਾਂਦੀ ਹੈ ਕਿ ਡੈਲਟਾ ਵੈਰੀਐਂਟ ਏਨਾ ਟ੍ਰਾਂਸਮਿਸਿਬਲ ਕਿਉਂ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਜੀਨੋਮਿਕ ਨਿਗਰਾਨੀ ਰਾਹੀਂ ਇਸ ਨੂੰ ਫੈਲਣ ਤੋਂ ਰੋਕਿਆ ਗਿਆ ਹੈ । ਉਨ੍ਹਾਂ ਨੇ ਜ਼ੇਰ ਦੇ ਕੇ ਕਿਹਾ ਕਿ ਕੋਵਿਡ ਅਨੁਕੂਲ ਵਿਵਹਾਰ ਬਹੁਤ ਅਹਿਮੀਅਤ ਰੱਖਦਾ ਹੈ।
ਇਨਸਾਕੋਗ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਬਾਇਓ ਟੈਕਨੋਲੋਜੀ ਵਿਭਾਗ, ਇੰਡੀਅਨ ਕੌਂਸਲ ਆਫ ਮੈਡਿਕਲ ਰਿਸਰਚ (ਆਈਸੀਐਮਆਰ) ਅਤੇ ਇੰਡੀਅਨ ਕੌਂਸਲ ਆਫ ਸਾਇੰਟਿਫਿਕ ਐਂਡ ਇੰਡਸਟ੍ਰੀਅਲ ਰਿਸਰਚ (ਸੀਐਸਆਈਆਰ) ਦੀਆਂ 28 ਲੈਬਾਰਟਰੀਆਂ ਦਾ ਕੰਸੋਰਟੀਅਮ ਹੈ, ਜੋ ਕੋਵਿਡ-19 ਮਹਾਮਾਰੀ ਦੇ ਸੰਦਰਭ ਵਿਚ ਜੀਨੋਮ ਸੀਕੁਐਂਸਿੰਗ ਕਰਦੀਆਂ ਹਨ। ਇਨਸਾਕੋਗ ਨੇ ਹਾਲ ਹੀ ਵਿਚ ਆਪਣਾ ਦਾਇਰਾ ਵਧਾਇਆ ਹੈ। ਇਸ ਵਿਸਥਾਰ ਦੇ ਪਿੱਛੇ ਕੀ ਸੋਚ ਹੈ ?
ਜ਼ਿਆਦਾ ਗੰਭੀਰ ਰੂਪ ਨਾਲ ਬੀਮਾਰ ਕਰਨ ਵਾਲੇ ਵੈਰੀਐਂਟ ਦੇ ਉਭਰਨ ਤੇ ਸਖਤ ਨਜ਼ਰ ਰੱਖਣ ਦੀ ਜ਼ਰੂਰਤ ਹੈ। ਉਸ ਦੇ ਫੈਲਣ ਨੂੰ ਬਰਾਬਰ ਵੇਖਿਆ ਜਾਣਾ ਚਾਹੀਦਾ ਹੈ ਤਾਕਿ ਵੱਡੇ ਇਲਾਕਿਆਂ ਵਿਚ ਉਸ ਦੇ ਫੈਲਣ ਨੂੰ ਪਹਿਲਾਂ ਹੀ ਰੋਕਿਆ ਜਾ ਸਕੇ। ਇਨਸਾਕੋਗ ਨੂੰ ਦਸੰਬਰ, 2020 ਵਿਚ ਗਠਿਤ ਕੀਤਾ ਗਿਆ ਸੀ, ਜੋ ਉਸ ਸਮੇਂ 10 ਲੈਬਾਰਟਰੀਆਂ ਦਾ ਕੰਸੋਰਟੀਅਮ ਸੀ। ਹਾਲ ਵਿਚ 18 ਲੈਬਾਰਟਰੀਆਂ ਉਸ ਨਾਲ ਜੁੜ ਗਈਆਂ ਹਨ।
ਸਾਰਸ-ਕੋਵ-2 ਦੀ ਜੀਨੋਮ ਅਧਾਰਤ ਪੜਤਾਲ ਕਰਨ ਲਈ ਲੈਬਾਰਟਰੀਆਂ ਦੇ ਮਜ਼ਬੂਤ ਤੰਤਰ ਦੀ ਜ਼ਰੂਰਤ ਮਹਿਸੂਸ ਕੀਤੀ ਗਈ ਤਾਕਿ ਉਨ੍ਹਾਂ ਦੇ ਜ਼ਰੀਏ ਜੀਨੋਮ ਸੀਕੁਐਂਸਿੰਗ ਦੇ ਸਾਰੇ ਅੰਕੜਿਆਂ ਦਾ ਰੋਗ ਅਤੇ ਮਹਾਮਾਰੀ ਵਾਲੇ ਅੰਕੜਿਆਂ ਨਾਲ ਮਿਲਾਨ ਕੀਤਾ ਜਾਵੇ ਅਤੇ ਵੇਖਿਆ ਜਾਵੇ ਕਿ ਵੈਰੀਐਂਟ-ਵਿਸ਼ੇਸ਼ ਕਿੰਨਾ ਟ੍ਰਾਂਸਮਿਸਿਬਲ ਹੈ, ਉਸ ਨਾਲ ਬੀਮਾਰੀ ਕਿੰਨੀ ਗੰਭੀਰ ਹੁੰਦੀ ਹੈ, ਉਹ ਸਰੀਰ ਦੀ ਇਮਿਊਨਿਟੀ ਨੂੰ ਚਕਮਾ ਦੇ ਸਕਦਾ ਹੈ ਜਾਂ ਨਹੀਂ ਜਾਂ ਟੀਕੇ ਲਗਵਾਉਣ ਤੋਂ ਬਾਅਦ ਉਸ ਨਾਲ ਦੁਬਾਰਾ ਇਨਫੈਕਸ਼ਨ ਹੋ ਸਕਦਾ ਹੈ ਜਾਂ ਨਹੀਂ, ਯਾਨੀਕਿ ਉਸ ਨਾਲ ਵੈਕਸੀਨ ਦੇ ਪ੍ਰਭਾਵ ਤੇ ਕਿੰਨਾ ਅਸਰ ਪੈਂਦਾ ਹੈ ਅਤੇ ਇਲਾਜ ਦਾ ਜੋ ਮੌਜੂਦਾ ਤਰੀਕਾ ਹੈ, ਉਹ ਉਸ ਲਈ ਢੁਕਵਾਂ ਹੈ ਜਾਂ ਨਹੀੰ।
ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ (ਐਨਸੀਡੀਸੀ) ਫਿਰ ਇਨ੍ਹਾਂ ਅੰਕੜਿਆਂ ਦਾ ਵਿਸ਼ਲੇਸ਼ਣ ਕਰਦਾ ਹੈ। ਪੂਰੇ ਦੇਸ਼ ਨੂੰ ਭੂਗੋਲਿਕ ਖੇਤਰਾਂ ਵਿਚ ਵੰਡਿਆ ਗਿਆ ਹੈ ਅਤੇ ਹਰ ਲੈਬਾਰਟਰੀ ਨੂੰ ਕਿਸੇ ਨਾ ਕਿਸੇ ਵਿਸ਼ੇਸ਼ ਖੇਤਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਅਸੀਂ 180-190 ਕਲਸਟਰ ਬਣਾਏ ਹਨ ਅਤੇ ਹਰ ਕਲਸਟਰ ਵਿਚ ਚਾਰ-ਚਾਰ ਜ਼ਿਲ੍ਹਿਆਂ ਨੂੰ ਰੱਖਿਆ ਹੈ। ਅਸੀ ਰੈਗੂਲਰ ਤੌਰ ਤੇ ਸੈਂਪਲਾਂ ਦੀ ਜਾਂਚ ਕਰਦੇ ਰਹਿੰਦੇ ਹਾਂ। ਨਾਲ ਹੀ ਗੰਭੀਰ ਰੂਪ ਨਾਲ ਬੀਮਾਰ, ਟੀਕਾ ਲਗਵਾਉਣ ਤੋਂ ਬਾਅਦ ਇੰਫੈਕਟਡ ਲੋਕਾਂ ਦੇ ਸੈਂਪਲਾਂ ਦੀ ਜਾਂਚ ਕਰਦੇ ਹਾਂ। ਇਸ ਤੋਂ ਇਲਾਵਾ ਬਿਨਾਂ ਲੱਛਣ ਲੋਕਾਂ ਦੇ ਨਮੂਨਿਆਂ ਨੂੰ ਵੀ ਵੇਖਿਆ ਜਾਂਦਾ ਹੈ। ਇਨ੍ਹਾਂ ਸਾਰੇ ਸੈਂਪਲਾਂ ਨੂੰ ਇਕੱਠੇ ਕਰਕੇ ਉਨ੍ਹਾਂ ਦੀ ਸੀਕੁਐਂਸਿੰਗ ਕਰਨ ਲਈ ਇਲਾਕੇ ਦੀ ਲੈਬਾਰਟਰੀ ਵਿਚ ਭੇਜ ਦਿੱਤਾ ਜਾਂਦਾ ਹੈ। ਇਸ ਸਮੇਂ ਦੇਸ਼ ਵਿਚ ਹਰ ਮਹੀਨੇ 50 ਹਜ਼ਾਰ ਤੋਂ ਵੱਧ ਸੈਂਪਲਾਂ ਦੀ ਸੀਕੁਐਂਸਿੰਗ ਕਰਨ ਦੀ ਸਮਰੱਥਾ ਹੈ। ਪਹਿਲਾਂ ਸਾਡੇ ਕੋਲ ਤਕਰੀਬਨ 30 ਹਜ਼ਾਰ ਸੈਂਪਲਾਂ ਦੀ ਹਰ ਮਹੀਨੇ ਜਾਂਚ ਕਰਨ ਦੀ ਸਮਰੱਥਾ ਸੀ।
ਵੈਰੀਐਂਟ ਦੀ ਜਾਂਚ ਅਤੇ ਉਸ ਦੇ ਵਿਵਹਾਰ ਦੀ ਨਿਗਰਾਨੀ ਕਰਨ ਲਈ ਕੀ ਪ੍ਰਣਾਲੀ ਦੇਸ਼ ਵਿਚ ਮੌਜੂਦ ਹੈ?
ਭਾਰਤ ਕੋਲ ਬੀਮਾਰੀਆਂ ਤੇ ਨਜ਼ਰ ਰੱਖਣ ਲਈ ਇਕ ਮਜ਼ਬੂਤ ਪ੍ਰਣਾਲੀ ਮੌਜੂਦ ਹੈ, ਜੋ ਇੰਟੈਗ੍ਰੇਟਿਡ ਡਿਜ਼ੀਜ਼ ਸਰਵੇਲੈਂਸ ਪ੍ਰੋਗਰਾਮ (ਆਈਡੀਐਸਪੀ) ਅਧੀਨ ਕੰਮ ਕਰਦੀ ਹੈ। ਆਈਡੀਐਸਪੀ ਸੈਂਪਲਾਂ ਨੂੰ ਇਕੱਠਾ ਕਰਨ ਅਤੇ ਉਨ੍ਹਾਂ ਨੂੰ ਜ਼ਿਲ੍ਹਿਆਂ /ਸੈਂਟਿਨਲ ਸਾਈਟਸ ਤੋਂ ਖੇਤਰੀ ਜੀਨੋਮ ਸੀਕੁਐਂਸਿੰਗ ਲੈਬਾਰਟਰੀਆਂ (ਆਰਜੀਐਸਐਲ) ਤੱਕ ਪਹੁੰਚਾਉਣ ਲਈ ਜ਼ਿੰਮੇਵਾਰ ਹੈ। ਆਰਜੀਐਸਐਲ ਦੀ ਜ਼ਿੰਮੇਵਾਰੀ ਹੈ ਕਿ ਉਹ ਜੀਨੋਮ ਸੀਕੁਐਂਸਿੰਗ ਕਰੇ, ਗੰਭੀਰ ਰੂਪ ਨਾਲ ਬੀਮਾਰ ਕਰਨ ਵਾਲੇ ਵੈਰੀਐਂਟ ਆਫ ਕੰਸਰਨ (ਵੀਓਸੀ) ਜਾਂ ਕਿਸੇ ਵਿਸ਼ੇਸ਼ ਵੈਰੀਐਂਟ (ਵੈਰੀਐਂਟ ਆਫ ਇਨਟ੍ਰਸਟ - ਵੀਓਆਈ) ਦੀ ਪੜਤਾਲ ਕਰੇ ਅਤੇ ਮਿਊਟੇਸ਼ਨ ਤੇ ਨਜ਼ਰ ਰੱਖੇ। ਵੀਓਸੀ ਜਾਂ ਵੀਓਆਈ ਦੀ ਸੂਚਨਾ ਸਿੱਧਾ ਕੇਂਦਰੀ ਨਿਗਰਾਨੀ ਇਕਾਈ ਨੂੰ ਦਿੱਤੀ ਜਾਂਦੀ ਹੈ ਤਾਕਿ ਸਟੇਟ ਸਰਵੇਲੈਂਸ ਅਫਸਰਾਂ ਨੂੰ ਇਹ ਪਤਾ ਲੱਗ ਸਕੇ ਕਿ ਬੀਮਾਰੀ ਜਾਂ ਮਹਾਮਾਰੀ ਕਿੰਨੀ ਭਿਆਨਕ ਹੈ। ਉਸ ਤੋਂ ਬਾਅਦ ਸੈਂਪਲਾਂ ਨੂੰ ਬਾਇਓ-ਬੈਂਕ ਵਿਚ ਭੇਜ ਦਿੱਤਾ ਜਾਂਦਾ ਹੈ।
ਆਰਜੀਐਸਐਲਜ਼ ਜਦੋਂ ਜਨ ਸਿਹਤ ਨਾਲ ਜੁੜੇ ਕਿਸੇ ਜੀਨੋਮ ਮਿਊਟੇਸ਼ਨ ਦੀ ਪਛਾਣ ਕਰ ਲੈਂਦੀ ਹੈ ਤਾਂ ਉਸ ਦੀ ਰਿਪੋਰਟ ਵਿਗਿਆਨਕ ਅਤੇ ਉਪਚਾਰ ਸਲਾਹਕਾਰ ਸਮੂਹ (ਐਸਸੀਏਜੀ) ਨੂੰ ਸੌਂਪ ਦਿੱਤੀ ਜਾਂਦੀ ਹੈ। ਐਸਸੀਏਜੀ ਉਸ ਤੋਂ ਬਾਅਦ ਵੀਓਆਈ ਅਤੇ ਹੋਰ ਮਿਊਟੇਸ਼ਨਾਂ ਤੇ ਵਿਗਿਆਨਕ ਸਲਾਹ ਲੈਂਦਾ ਹੈ ਅਤੇ ਜੇਕਰ ਜ਼ਰੂਰੀ ਹੋਵੇ ਤਾਂ ਅਗੋਂ ਪੜਤਾਲ ਲਈ ਕੇਂਦਰੀ ਸਰਵੇਲੈਂਸ ਯੂਨਿਟ ਉਸ ਦੀ ਸਿਫਾਰਸ਼ ਕਰਦਾ ਹੈ।
ਐਨਸੀਡੀਸੀ ਦੀ ਇਕਾਈ ਆਈਡੀਐਸਪੀ ਰੋਗ-ਮਹਾਮਾਰੀ ਦੇ ਆਪਸੀ ਸੰਬੰਧ ਅਤੇ ਹੋਰ ਸੂਚਨਾਵਾਂ ਨੂੰ ਸਿਹਤ ਮੰਤਰਾਲਾ, ਇੰਡੀਅਨ ਕੌਂਸਲ ਆਫ ਮੈਡਿਕਲ ਰਿਸਰਚ, ਬਾਇਓ ਟੈਕਨੋਲੋਜੀ ਵਿਭਾਗ, ਕੌਂਸਲ ਫਾਰ ਸਾਇੰਟਿਫਿਕ ਐਂਡ ਇੰਡਸਟ੍ਰੀਅਲ ਰਿਸਰਚ ਅਤੇ ਰਾਜ ਦੇ ਅਧਿਕਾਰੀਆਂ ਨਾਲ ਸਾਂਝਾ ਕਰਦੀ ਹੈ।
ਅੰਤ ਵਿਚ ਨਵੇਂ ਮਿਊਟੇਸ਼ਨ ਜਾਂ ਗੰਭੀਰ ਰੂਪ ਵਿੱਚ ਬੀਮਾਰ ਕਰਨ ਵਾਲੇ ਵੈਰੀਐਂਟ ਨੂੰ ਲੈਬਾਰਟਰੀ ਵਿਚ ਪਰਖਿਆ ਜਾਂਦਾ ਹੈ ਅਤੇ ਉਸ ਦੀ ਇਨਫੈਕਸ਼ਿਅਸਨੈੱਸ, ਘਾਤਕਤਾ, ਵੈਕਸੀਨ ਦੇ ਪ੍ਰਭਾਵ ਅਤੇ ਸਰੀਰ ਦੀ ਇਮਿਊਨਿਟੀ ਨੂੰ ਚਕਮਾ ਦੇਣ ਦੀ ਤਾਕਤ ਦਾ ਮੂਲਾਂਕਣ ਕੀਤਾ ਜਾਂਦਾ ਹੈ।
ਪੂਰੀ ਦੁਨੀਆ ਵਿਚ ਡੈਲਟਾ ਵੈਰੀਐਂਟ ਨਾਲ ਚਿੰਤਾ ਬਣੀ ਹੋਈ ਹੈ। ਇਹ ਵੈਰੀਐਂਟ ਏਨਾ ਘਾਤਕ ਕਿਉਂ ਹੈ?
ਕੋਵਿਡ-19 ਦੇ ਬੀ.1.617 ਨੂੰ ਡੈਲਟਾ ਵੈਰੀਐਂਟ ਕਿਹਾ ਜਾਂਦਾ ਹੈ। ਪਹਿਲੀ ਵਾਰ ਇਸ ਦੀ ਪਛਾਣ ਭਾਰਤ ਵਿਚ ਅਕਤੂਬਰ, 2020 ਵਿਚ ਕੀਤੀ ਗਈ ਸੀ। ਸਾਡੇ ਦੇਸ਼ ਵਿਚ ਦੂਸਰੀ ਲਹਿਰ ਲਈ ਇਹੀ ਪ੍ਰਮੁੱਖ ਰੂਪ ਵਿਚ ਜ਼ਿੰਮੇਵਾਰ ਹੈ। ਅੱਜ ਨਵੇਂ ਕੋਵਿਡ-19 ਦੇ 80 ਪ੍ਰਤੀਸ਼ਤ ਮਾਮਲੇ ਇਸੇ ਵੈਰੀਐਂਟ ਦੀ ਦੇਣ ਹਨ। ਇਹ ਮਹਾਰਾਸ਼ਟਰ ਵਿਚ ਉਭਰਿਆ ਅਤੇ ਉਥੋਂ ਘੁੰਮਦਾ-ਘੁੰਮਾਉਂਦਾ ਪੱਛਮੀ ਰਾਜਾਂ ਤੋਂ ਹੁੰਦਾ ਹੋਇਆ ਉੱਤਰ ਵੱਲ ਵਧਿਆ। ਫਿਰ ਦੇਸ਼ ਦੇ ਮੱਧ ਭਾਗ ਵਿਚ ਅਤੇ ਪੂਰਬ-ਉੱਤਰ ਰਾਜਾਂ ਵਿਚ ਫੈਲ ਗਿਆ।
ਇਹ ਮਿਊਟੇਸ਼ਨ ਸਪਾਈਕ ਪ੍ਰੋਟੀਨ ਨਾਲ ਬਣਿਆ ਹੈ, ਜੋ ਉਸੇ ਏਸੀਈ2 ਰਿਸੈਪਟਰ ਨਾਲ ਚਿਪਕਣ ਵਿਚ ਮਦਦ ਕਰਦਾ ਹੈ। ਏਸੀਈ2 ਰਿਸੈਪਟਰ ਸੈੱਲਾਂ ਦੀ ਸਤਹ ਤੇ ਮੌਜੂਦ ਹੁੰਦਾ ਹੈ, ਜਿਨ੍ਹਾਂ ਨਾਲ ਇਹ ਮਜ਼ਬੂਤੀ ਨਾਲ ਚਿਪਕ ਜਾਂਦਾ ਹੈ। ਇਸ ਕਾਰਣ ਇਹ ਜ਼ਿਆਦਾ ਇਨਫੈਕਸ਼ਿਅਸ ਹੋ ਜਾਂਦਾ ਹੈ ਅਤੇ ਸਰੀਰ ਦੀ ਇਮਿਊਨਿਟੀ ਨੂੰ ਚਕਮਾ ਦੇਣ ਵਿਚ ਸਫਲ ਹੋ ਜਾਂਦਾ ਹੈ। ਇਹ ਆਪਣੇ ਪਹਿਲੇ ਐਲਫਾ ਵੈਰੀਐਂਟ ਤੋਂ 40 -60 ਪ੍ਰਤੀਸ਼ਤ ਜ਼ਿਆਦਾ ਟ੍ਰਾਂਸਮਿਸੀਬਲ ਹੈ ਅਤੇ ਹੁਣ ਤੱਕ ਇੰਗਲੈਂਡ, ਅਮਰੀਕਾ, ਸਿੰਗਾਪੁਰ ਆਦਿ 80 ਤੋਂ ਜ਼ਿਆਦਾ ਦੇਸ਼ਾਂ ਵਿਚ ਫੈਲ ਚੁੱਕਾ ਹੈ।
ਹੋਰ ਵੈਰੀਐਂਟਾਂ ਦੇ ਮੁਕਾਬਲੇ ਕੀ ਇਹ ਜ਼ਿਆਦਾ ਗੰਭੀਰ ਰੂਪ ਨਾਲ ਬੀਮਾਰ ਕਰਦਾ ਹੈ?
ਅਜਿਹੇ ਅਧਿਐਨ ਹਨ, ਜੋ ਇਹ ਦੱਸਦੇ ਹਨ ਕਿ ਇਸ ਵੈਰੀਐਂਟ ਵਿਚ ਅਜਿਹੇ ਕੁਝ ਮਿਊਟੇਸ਼ਨਜ਼ ਹਨ, ਜੋ ਸਿੰਸਿਟੀਅਮ ਫਾਰਮੇਸ਼ਨ ਨੂੰ ਪ੍ਰਮੋਟ ਕਰਦੇ ਹਨ। ਇਸ ਤੋਂ ਇਲਾਵਾ ਜਦੋਂ ਇਹ ਮਨੁੱਖ ਦੇ ਸੈੱਲ ਵਿਚ ਘੁਸਪੈਠ ਕਰਦੇ ਹਨ ਤਾਂ ਬਹੁਤ ਤੇਜ਼ੀ ਨਾਲ ਆਪਣੀ ਗਿਣਤੀ ਵਧਾਉਣ ਲਗਦੇ ਹਨ। ਇਸ ਦਾ ਸਭ ਤੋਂ ਘਾਤਕ ਪ੍ਰਭਾਵ ਫੇਫੜਿਆਂ ਤੇ ਪੈਂਦਾ ਹੈ। ਫਿਲਹਾਲ ਇਹ ਕਹਿਣਾ ਮੁਸ਼ਕਿਲ ਹੈ ਕਿ ਡੈਲਟਾ ਵੈਰੀਐਂਟ ਤੋਂ ਪੈਦਾ ਹੋਣ ਵਾਰੀ ਬੀਮਾਰੀ ਜ਼ਿਆਦਾ ਘਾਤਕ ਹੁੰਦੀ ਹੈ। ਭਾਰਤ ਵਿਚ ਦੂਜੀ ਲਹਿਰ ਦੌਰਾਨ ਹੋਣ ਵਾਲੀਆਂ ਮੌਤਾਂ ਅਤੇ ਕਿਸੇ ਉਮਰ ਸਮੂਹ ਵਿਚ ਜ਼ਿਆਦਾ ਮੌਤਾਂ ਹੋਈਆਂ, ਇਹ ਸਭ ਪਹਿਲੀ ਲਹਿਰ ਨਾਲ ਮਿਲਦਾ-ਜੁਲਦਾ ਹੀ ਹੈ।
ਕੀ ਡੈਲਟਾ ਵੈਰੀਐਂਟ ਦੇ ਮੁਕਾਬਲੇ ਡੈਲਟਾ ਪਲੱਸ ਵੈਰੀਐਂਟ ਜ਼ਿਆਦਾ ਘਾਤਕ ਹੈ?
ਡੈਲਟਾ ਪਲੱਸ ਵੈਰੀਐਂਟ - ਏਵਾਈ.1 ਅਤੇ ਏਵਾਈ.2 - ਹੁਣ ਤੱਕ 11 ਰਾਜਾਂ ਵਿਚ 55 - 60 ਮਾਮਲਿਆਂ ਵਿਚ ਵੇਖਿਆ ਗਿਆ ਹੈ। ਇਨ੍ਹਾਂ ਰਾਜਾਂ ਵਿਚ ਮਹਾਰਾਸ਼ਟਰ, ਤਾਮਿਲਨਾਡੂ ਅਤੇ ਮੱਧ ਪ੍ਰਦੇਸ਼ ਸ਼ਾਮਿਲ ਹਨ। ਏਵਾਈ.1 ਨੇਪਾਲ, ਪੁਰਤਗਾਲ, ਸਵਿਟਜ਼ਰਲੈਂਡ, ਪੋਲੈਂਡ, ਜਾਪਾਨ ਵਰਗੇ ਦੇਸ਼ਾਂ ਵਿਚ ਵੀ ਵੇਖਿਆ ਗਿਆ ਹੈ। ਵੈਰੀਐਂਟ ਦੀ ਟ੍ਰਾਂਮਿਸ਼ਨ ਸਮਰੱਥਾ, ਘਾਤਕਤਾ ਅਤੇ ਵੈਕਸੀਨ ਨੂੰ ਚਕਮਾ ਦੇਣ ਦੀ ਸਮਰੱਥਾ ਆਦਿ ਦਾ ਅਧਿਅਨ ਚੱਲ ਰਿਹਾ ਹੈ।
ਕੀ ਡੈਲਟਾ ਵੈਰੀਐਂਟ ਦੇ ਖਿਲਾਫ਼ ਵੈਕਸੀਨ ਕਾਰਗਰ ਹੈ?
ਜੀ ਹਾਂ। ਇਸ ਮੁੱਦੇ ਤੇ ਆਈਸੀਐਮਆਰ ਦੇ ਅਧਿਐਨ ਅਨੁਸਾਰ ਮੌਜੂਦਾ ਵੈਕਸੀਨਾਂ ਡੈਲਟਾ ਵੈਰਿਐਂਟ ਦੇ ਖਿਲਾਫ ਕਾਰਗਰ ਹਨ।
ਦੇਸ਼ ਦੇ ਕੁਝ ਹਿੱਸਿਆਂ ਵਿਚ ਹੁਣ ਵੀ ਮਾਮਲਿਆਂ ਵਿਚ ਤੇਜ਼ੀ ਵੇਖੀ ਜਾ ਰਹੀ ਹੈ। ਅਜਿਹਾ ਕਿਉਂ?
ਦੇਸ਼ ਦੇ ਤਮਾਮ ਹਿੱਸਿਆਂ ਵਿਚ ਮਾਮਲਿਆਂ ਵਿਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਪਰ ਕੁਝ ਹਿੱਸਿਆਂ ਵਿਚ ਅੱਜ ਵੀ ਪੋਜ਼ੀਟਿਵਿਟੀ ਦੀ ਦਰ ਉੱਚੀ ਹੈ, ਖਾਸ ਤੌਰ ਤੇ ਉੱਤਰ- ਪੂਰਬੀ ਖੇਤਰਾਂ ਅਤੇ ਦੱਖਣੀ ਰਾਜਾਂ ਦੇ ਕਈ ਜ਼ਿਲਿਆਂ ਵਿਚ। ਇਨ੍ਹਾਂ ਵਿਚ ਜ਼ਿਆਦਾਤਰ ਮਾਮਲੇ ਡੈਲਟਾ ਵੈਰੀਐਂਟ ਕਾਰਣ ਹੋ ਸਕਦੇ ਹਨ।
ਕੀ ਮਹਾਮਾਰੀ ਦੀਆਂ ਭਵਿੱਖ ਦੀਆਂ ਲਹਿਰਾਂ ਨੂੰ ਰੋਕਿਆ ਜਾ ਸਕਦਾ ਹੈ?
ਵਾਇਰਸ ਨੇ ਆਬਾਦੀ ਦੇ ਉਸ ਹਿੱਸੇ ਨੂੰ ਇਨਫੈਕਟ ਕਰਨਾ ਸ਼ੁਰੂ ਕੀਤਾ ਹੈ ਜੋ ਹਿੱਸਾ ਸਭ ਤੋਂ ਵੱਧ ਜੋਖਿਮ ਵਾਲਾ ਹੈ। ਇਨਫੈਕਟਿਡ ਦੇ ਸੰਪਰਕ ਵਿਚ ਆਉਣ ਵਾਲਿਆਂ ਨੂੰ ਵੀ ਉਹ ਫੜ ਲੈਂਦਾ ਹੈ। ਆਬਾਦੀ ਦੇ ਇਕ ਵੱਡੇ ਹਿੱਸੇ ਨੂੰ ਇਨਫੈਕਟ ਕਰਨ ਤੋਂ ਬਾਅਦ ਉਹ ਘੱਟ ਹੋਣ ਲਗਦਾ ਹੈ ਅਤੇ ਜਦੋਂ ਇਨਫੈਕਸ਼ਨ ਤੋਂ ਬਾਅਦ ਪੈਦਾ ਹੋਣ ਵਾਲੀ ਇਮਿਊਨਿਟੀ ਘੱਟ ਹੋਣ ਲਗਦੀ ਹੈ ਤਾਂ ਫਿਰ ਇਹ ਵਾਰ ਕਰਦਾ ਹੈ। ਜੇਕਰ ਨਵੇਂ ਅਤੇ ਜ਼ਿਆਦਾ ਇਨਫੈਕਸ਼ਨ ਵਾਲੇ ਵੈਰੀਐਂਟ ਪੈਦਾ ਹੋਏ ਤਾਂ ਮਾਮਲੇ ਵਧ ਸਕਦੇ ਹਨ। ਦੂਜੇ ਸ਼ਬਦਾਂ ਵਿਚ, ਤਾਂ ਅਗਲੀ ਲਹਿਰ ਉਸ ਵਾਇਰਸ ਵੈਰੀਐਂਟ ਕਾਰਣ ਆਵੇਗੀ ਜਿਸ ਦੇ ਸਾਹਮਣੇ ਆਬਾਦੀ ਦਾ ਚੰਗਾ-ਖਾਸਾ ਹਿੱਸਾ ਕਮਜ਼ੋਰ ਸਾਬਿਤ ਹੋਵੇਗਾ।
ਦੂਜੀ ਲਹਿਰ ਹੁਣ ਚੱਲ ਰਹੀ ਹੈ। ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦਾ ਟੀਕਾਕਰਨ ਹੋਵੇ, ਲੋਕ ਸਖਤੀ ਨਾਲ ਕੋਵਿਡ ਅਨੁਕੂਲ ਵਿਵਹਾਰ ਕਰਨ ਅਤੇ ਜਦੋਂ ਤੱਕ ਸਾਡੀ ਆਬਾਦੀ ਦੇ ਇਕ ਵੱਡੇ ਹਿੱਸੇ ਨੂੰ ਟੀਕਾ ਨਾ ਲੱਗ ਜਾਵੇ, ਅਸੀਂ ਸਾਵਧਾਨ ਰਹੀਏ, ਤਾਂ ਆਉਣ ਵਾਲੀ ਲਹਿਰ ਤੇ ਕਾਬੂ ਪਾਇਆ ਜਾ ਸਕਦਾ ਹੈ ਅਤੇ ਉਸ ਨੂੰ ਟਾਲਿਆ ਜਾ ਸਕਦਾ ਹੈ।
ਲੋਕਾਂ ਨੂੰ ਕੋਵਿਡ-19 ਖਿਲਾਫ ਟੀਕੇ ਅਤੇ ਕੋਵਿਡ ਅਨੁਕੂਲ ਵਿਵਹਾਰ ਤੇ ਜ਼ਿਆਦਾ ਤੋਂ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ।
-----------------------------
ਐਮਵੀ
(Release ID: 1736972)
Visitor Counter : 218