ਬਿਜਲੀ ਮੰਤਰਾਲਾ
ਕੇਂਦਰੀ ਬਿਜਲੀ ਮੰਤਰੀ ਨੇ ਰਾਜ ਬਿਜਲੀ ਵਿਤਰਣ ਇਕਾਈਆਂ ਅਤੇ ਦਰਜਾਬੰਦੀ ਦੀ 9ਵੀਂ ਏਕੀਕ੍ਰਿਤ ਰੇਟਿੰਗ ਜਾਰੀ ਕੀਤੀ
ਭਾਰਤੀ ਬਿਜਲੀ ਖੇਤਰ ਨੂੰ ਡਿਸਟ੍ਰੀਬਿਊਸ਼ਨ ਸੈਕਟਰ ਦੀ ਅਸਲ ਸਥਿਤੀ ਦੇ ਨਿਰਪੱਖ ਅਤੇ ਸਹੀ ਮੁਲਾਂਕਣ ਤੋਂ ਲਾਭ ਹੋਏਗਾ ਜੋ ਬਦਲੇ ਵਿੱਚ ਇਸ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਨ ਅਤੇ ਬਿਹਤਰ ਬਣਾਉਣ ਵਿੱਚ ਸਹਾਇਤਾ ਕਰੇਗਾ: ਸ਼੍ਰੀ ਆਰ ਕੇ ਸਿੰਘ
ਬਿਜਲੀ ਮੰਤਰੀ ਨੇ ਪੀਐੱਫਸੀ ਦੇ ਗਠਨ ਦੇ 35 ਸ਼ਾਨਦਾਰ ਸਾਲ ਪੂਰੇ ਹੋਣ ‘ਤੇ ਵਧਾਈ ਦਿੱਤੀ
Posted On:
16 JUL 2021 2:52PM by PIB Chandigarh
ਕੇਂਦਰੀ ਬਿਜਲੀ, ਨਵੀਂ ਅਤੇ ਅਖੁੱਟ ਊਰਜਾ ਮੰਤਰੀ ਸ਼੍ਰੀ ਆਰ ਕੇ ਸਿੰਘ ਨੇ ਅੱਜ ਇਥੇ ਰਾਜ ਬਿਜਲੀ ਵੰਡ ਸਹੂਲਤਾਂ ਲਈ 9ਵੀਂ ਏਕੀਕ੍ਰਿਤ ਰੇਟਿੰਗ ਜਾਰੀ ਕੀਤੀ। ਮੰਤਰੀ ਨੇ ਪ੍ਰਸ਼ੰਸਾ ਕੀਤੀ ਕਿ ਵਿੱਤੀ ਸਾਲ 2019 - 20 ਦੀ ਰੇਟਿੰਗ ਅਵਧੀ ਲਈ 41 ਰਾਜ ਪਾਵਰ ਡਿਸਟ੍ਰੀਬਿਊਸ਼ਨ ਇਕਾਈਆਂ ਨੂੰ ਸ਼ਾਮਲ ਕਰਨ ਵਾਲਾ 9ਵਾਂ ਸਲਾਨਾ ਏਕੀਕ੍ਰਿਤ ਰੇਟਿੰਗ ਅਭਿਆਸ ਸਾਰੀਆਂ ਯੂਟਿਲੀਟੀਜ਼ ਦੀ ਉਤਸ਼ਾਹਭਰਪੂਰ ਸ਼ਮੂਲੀਅਤ ਨਾਲ ਪੂਰਾ ਕੀਤਾ ਗਿਆ ਹੈ।
ਉਨ੍ਹਾਂ ਸਾਰੇ ਹਿਤਧਾਰਕਾਂ ਨੂੰ, ਵਿਸ਼ੇਸ਼ ਤੌਰ 'ਤੇ ਰਾਜ ਵਿਤਰਣ ਇਕਾਈਆਂ ਨੂੰ ਚਲ ਰਹੀ ਮਹਾਮਾਰੀ ਦੇ ਬਾਵਜੂਦ 9ਵੇਂ ਸਾਲਾਨਾ ਏਕੀਕ੍ਰਿਤ ਰੇਟਿੰਗ ਅਭਿਆਸ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਵਿੱਚ ਉਨ੍ਹਾਂ ਦੀ ਸਰਗਰਮ ਭੂਮਿਕਾ ਅਤੇ ਸਹਾਇਤਾ ਲਈ ਵਧਾਈ ਦਿੱਤੀ। ਉਨ੍ਹਾਂ ਅੱਗੇ ਕਿਹਾ ਕਿ ਭਾਰਤੀ ਊਰਜਾ ਖੇਤਰ ਵਿਤਰਣ ਦੇ ਖੇਤਰ ਦੀ ਅਸਲ ਸਥਿਤੀ ਦੇ ਨਿਰਪੱਖ ਅਤੇ ਸਹੀ ਮੁਲਾਂਕਣ ਤੋਂ ਲਾਭ ਨਹੀਂ ਉਠਾਏਗਾ ਜੋ ਬਦਲੇ ਵਿੱਚ ਇਸ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਨ ਅਤੇ ਇਸ ਨੂੰ ਬਿਹਤਰ ਬਣਾਉਣ ਵਿੱਚ ਸਹਾਇਤਾ ਕਰੇਗਾ। ਇਹ ਰਾਜ ਸਰਕਾਰਾਂ, ਕਰਜ਼ਾ ਦੇਣ ਵਾਲੀਆਂ ਸੰਸਥਾਵਾਂ ਅਤੇ ਹੋਰ ਹਿਤਧਾਰਕਾਂ ਨੂੰ ਵੀ ਮਹੱਤਵਪੂਰਨ ਫੈਸਲੇ ਲੈਣ ਵਿੱਚ ਸਹਾਇਤਾ ਕਰੇਗਾ।
ਮੰਤਰੀ ਨੇ ਪੀਐੱਫਸੀ ਨੂੰ ਇਸ ਦੇ ਗਠਨ ਦੇ 35 ਸ਼ਾਨਦਾਰ ਸਾਲ ਪੂਰੇ ਹੋਣ ‘ਤੇ ਵਧਾਈ ਵੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਅਰਸੇ ਦੌਰਾਨ, ਪੀਐੱਫਸੀ, ਇੱਕ ਮਹੱਤਵਪੂਰਨ ਐੱਨਬੀਐੱਫਸੀ ਅਤੇ ਇੰਡੀਅਨ ਪਾਵਰ ਸੈਕਟਰ ਵਿੱਚ ਵਿੱਤ ਸਬੰਧੀ ਇੱਕ ਪ੍ਰਮੁੱਖ ਖਿਡਾਰੀ ਬਣ ਗਈ ਹੈ। ਉਨ੍ਹਾਂ ਕਿਹਾ ਕਿ ਪੀਐੱਫਸੀ ਬਿਜਲੀ ਖੇਤਰ ਲਈ ਸਰਕਾਰੀ ਸੁਧਾਰ ਸਕੀਮਾਂ, ਜਿਵੇਂ ਕਿ 3 ਖਰਬ ਰੁਪਏ ਦੀ 'ਸੁਧਾਰ-ਅਧਾਰਤ ਅਤੇ ਨਤੀਜਿਆਂ ਨਾਲ ਲਿੰਕਡ, ਸੁਧਾਰੀ ਹੋਈ ਡਿਸਟ੍ਰੀਬਿਊਸ਼ਨ ਸੈਕਟਰ ਸਕੀਮ', ਆਤਮਨਿਰਭਰ ਡਿਸਕੌਮ ਪੈਕੇਜ, ਆਦਿ ਵਿੱਚ ਇੱਕ ਮਹੱਤਵਪੂਰਨ ਰਣਨੀਤਕ ਭਾਈਵਾਲ ਬਣੇਗੀ। ਉਨ੍ਹਾਂ ਨੇ ਤੇਜ਼ੀ ਨਾਲ ਵਿਕਾਸ ਅਤੇ ਪ੍ਰਗਤੀ ਦੇ ਰਾਹ 'ਤੇ ਚੱਲਣ ਲਈ ਪੀਐੱਫਸੀ ਦੀ ਸ਼ਲਾਘਾ ਕੀਤੀ। ਉਨ੍ਹਾਂ ਇੱਛਾ ਪ੍ਰਗਟਾਈ ਕਿ ਪੀਐੱਫਸੀ ਦੀ ਵਿਰਾਸਤ ਜਾਰੀ ਰਹੇ ਅਤੇ ਬਿਜਲੀ ਖੇਤਰ ਵਿੱਚ ਸਾਰੇ ਹਿਤਧਾਰਕਾਂ ਨੂੰ ਪ੍ਰੇਰਿਤ ਕਰੇ।
ਸ਼੍ਰੀ ਸਿੰਘ ਨੇ 1.52 ਲੱਖ ਸੀ ਕਿਲੋ ਮੀਟਰ (cKm) ਦੀਆਂ ਟ੍ਰਾਂਸਮਿਸ਼ਨ ਲਾਈਨਾਂ ਦੇ ਨਾਲ ਵਨ ਨੇਸ਼ਨ-ਵਨ ਗਰਿੱਡ-ਵਨ ਫ੍ਰੀਕੁਐਂਸੀ ਦੇ ਟੀਚੇ ਨੂੰ ਪ੍ਰਾਪਤ ਕਰਨ ਬਾਰੇ ਵੀ ਦੱਸਿਆ। ਬੁਨਿਆਦੀ ਢਾਂਚੇ ਦੀ ਉਸਾਰੀ ਅਤੇ ਸਪਲਾਈ ਦੇ ਪਾੜੇ ਨੂੰ ਦੂਰ ਕਰਦਿਆਂ ਸਰਕਾਰ ਨੇ ਖਪਤਕਾਰਾਂ ਦੇ ਸਸ਼ਕਤੀਕਰਨ 'ਤੇ ਵੀ ਧਿਆਨ ਕੇਂਦ੍ਰਤ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਹਾਲ ਹੀ ਵਿੱਚ “ਬਿਜਲੀ (ਖਪਤਕਾਰਾਂ ਦੇ ਅਧਿਕਾਰ) ਨਿਯਮ, 2020” ਨੂੰ ਨੋਟੀਫਾਈ ਕੀਤਾ ਜਾਣਾ ਇਸ ਦਿਸ਼ਾ ਵਿੱਚ ਇੱਕ ਕਦਮ ਹੈ। ਇਹ ਵੱਡੀ ਪਹਿਲ ਖਪਤਕਾਰਾਂ ਨੂੰ ਕੇਂਦਰੀ ਮੰਚ 'ਤੇ ਲਿਆਏਗੀ, ਅਤੇ ਇਹ ਦੇਸ਼ ਭਰ ਵਿੱਚ ਈਜ਼ ਆਫ ਲਿਵਿੰਗ ਅਤੇ ਈਜ਼ ਆਫ ਡੂਇੰਗ ਬਿਜ਼ਨਸ ਨੂੰ ਬਿਹਤਰ ਬਣਾਉਣ ਵੱਲ ਇੱਕ ਮਹੱਤਵਪੂਰਣ ਕਦਮ ਹੈ।
ਸ਼੍ਰੀ ਸਿੰਘ ਨੇ ਅੱਗੇ ਕਿਹਾ ਕਿ ਇੱਕ ਮਜ਼ਬੂਤ ਅਤੇ ਪ੍ਰਭਾਵੀ ਊਰਜਾ ਵਿਤਰਣ ਖੇਤਰ ਬਿਜਲੀ ਖੇਤਰ ਦੀ ਕਾਰਗੁਜ਼ਾਰੀ ਅਤੇ ਵਿਵਹਾਰਕਤਾ ਦੀ ਕੁੰਜੀ ਹੈ ਅਤੇ ਰਾਜ ਬਿਜਲੀ ਖੇਤਰ ਦੀਆਂ ਇਕਾਈਆਂ ਭਾਰਤ ਵਿੱਚ ਬਿਜਲੀ ਦੀ ਵੰਡ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਡੀਡੀਯੂਜੀਜੇਵਾਇ ਅਤੇ ਆਈਪੀਡੀਐੱਸ ਦੁਆਰਾ ਸਾਰੇ ਘਰਾਂ ਨੂੰ 24x7 ਬਿਜਲੀ ਸਪਲਾਈ ਮੁਹੱਈਆ ਕਰਵਾਉਣ ਲਈ ਲੋੜੀਂਦੀ ਡਿਸਟ੍ਰੀਬਿਊਸ਼ਨ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਰਾਜਾਂ ਦਾ ਸਮਰਥਨ ਕਰ ਰਹੀ ਹੈ।
ਸ਼੍ਰੀ ਆਰ ਕੇ ਸਿੰਘ ਨੇ ਦੱਸਿਆ ਕਿ ‘ਆਤਮਨਿਰਭਰ ਭਾਰਤ ਮੁਹਿੰਮ’ ਦੇ ਹਿੱਸੇ ਵਜੋਂ, ਸਰਕਾਰ ਮਹਾਮਾਰੀ ਘਟਨਾਕ੍ਰਮ ਦੇ ਚੁਣੌਤੀਪੂਰਨ ਸਮੇਂ ਵਿੱਚ ਬਿਜਲੀ ਸਪਲਾਈ ਨੂੰ ਕਾਇਮ ਰੱਖਣ ਲਈ ਤਰਲਤਾ ਰਾਹੀਂ ਬਿਜਲੀ ਸੈਕਟਰ ਦਾ ਸਮਰਥਨ ਕਰ ਰਹੀ ਹੈ। ਹਾਲ ਹੀ ਵਿੱਚ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਦੁਆਰਾ ਇਸ ਸਬੰਧ ਵਿੱਚ ਸਾਰੇ ਰਾਜ ਡਿਸਕੌਮਜ਼/ ਬਿਜਲੀ ਵਿਭਾਗਾਂ ਦੀ ਕਾਰਜਸ਼ੀਲ ਦਕਸ਼ਤਾ ਅਤੇ ਵਿੱਤੀ ਸਥਿਰਤਾ ਵਿੱਚ ਸੁਧਾਰ ਲਿਆਉਣ ਦੇ ਉਦੇਸ਼ ਨਾਲ ਇੱਕ ਸੁਧਾਰ-ਅਧਾਰਤ ਅਤੇ ਨਤੀਜਿਆਂ ਨਾਲ ਲਿੰਕਡ, ਸੁਧਾਰੀ ਹੋਈ ਡਿਸਟ੍ਰੀਬਿਊਸ਼ਨ ਸੈਕਟਰ ਸਕੀਮ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਸ ਯੋਜਨਾ ਵਿੱਚ ਸਪਲਾਈ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਆਧੁਨਿਕ ਬਣਾਉਣ ਲਈ ਡਿਸਟ੍ਰੀਬਿਊਸ਼ਨ ਕੰਪਨੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੀ ਕਲਪਨਾ ਕੀਤੀ ਗਈ ਹੈ। ਰਾਜ ਆਪਣੀ ਡਿਸਟ੍ਰੀਬਿਊਸ਼ਨ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਇਸ ਯੋਜਨਾ ਦੇ ਤਹਿਤ ਫੰਡ ਪ੍ਰਾਪਤ ਕਰ ਸਕਦੇ ਹਨ। ਜਿਥੇ ਡਿਸਟ੍ਰੀਬਿਊਸ਼ਨ ਕੰਪਨੀਆਂ ਘਾਟੇ ਵਿੱਚ ਹਨ, ਉਥੇ ਰਾਜ ਤਾਂ ਹੀ ਇਸ ਸਕੀਮ ਤਹਿਤ ਫੰਡ ਕੱਢਵਾਉਣ ਦੇ ਯੋਗ ਹੋਣਗੇ ਜੇਕਰ ਉਹ ਇਨ੍ਹਾਂ ਨੁਕਸਾਨਾਂ ਨੂੰ ਘਟਾਉਣ ਲਈ ਉਪਾਅ ਕਰਨਗੇ। ਇਸ ਲਈ, ਫੰਡਿੰਗ ਸੁਧਾਰਾਂ ਨਾਲ ਜੁੜੀ ਹੋਈ ਹੈ। ਮੰਤਰੀ ਨੇ ਅੱਗੇ ਕਿਹਾ ਕਿ ਡਿਸਕੋਮਜ਼ ਦੀ ਕਾਰਗੁਜ਼ਾਰੀ ਵਿੱਚ ਪਹਿਲਾਂ ਹੀ ਸੁਧਾਰ ਹੋਇਆ ਹੈ। ਇਹ ਸਕੀਮ ਹੋਰ ਸੁਧਾਰ ਲਿਆਏਗੀ।
ਸ਼੍ਰੀ ਕ੍ਰਿਸ਼ਨ ਪਾਲ ਗੁਰਜਰ, ਬਿਜਲੀ ਰਾਜ ਮੰਤਰੀ, ਸ਼੍ਰੀ ਅਲੋਕ ਕੁਮਾਰ, ਬਿਜਲੀ ਮੰਤਰਾਲੇ ਦੇ ਸਕੱਤਰ, ਰਾਜ ਸਰਕਾਰਾਂ ਦੇ ਊਰਜਾ ਸਕੱਤਰ, ਸਟੇਟ ਡਿਸਟ੍ਰੀਬਿਊਸ਼ਨ ਯੂਟਿਲਟੀਜ਼ ਦੇ ਸੀਐੱਮਡੀ, ਸੀਐੱਮਡੀ ਪੀਐੱਫਸੀ ਅਤੇ ਸੀਐੱਮਡੀ ਆਰਈਸੀ ਵੀ ਇਸ ਮੌਕੇ ‘ਤੇ ਮੌਜੂਦ ਸਨ।
ਇੰਟੇਗ੍ਰੇਟਿਡ ਰੇਟਿੰਗ ਐਕਸਰਸਾਈਜ਼ ਊਰਜਾ ਮੰਤਰਾਲੇ ਦੁਆਰਾ ਪ੍ਰਵਾਨਿਤ ਵਿਧੀ ਅਨੁਸਾਰ 2012 ਤੋਂ ਸਾਲਾਨਾ ਅਧਾਰ 'ਤੇ ਕੀਤੀ ਜਾਂਦੀ ਹੈ। ਇਸ ਅਭਿਆਸ ਵਿੱਚ ਇਸ ਵੇਲੇ 22 ਰਾਜਾਂ ਦੀਆਂ 41 ਸਟੇਟ ਡਿਸਟ੍ਰੀਬਿਊਸ਼ਨ ਯੂਟਿਲਟੀਜ਼ ਸ਼ਾਮਲ ਹਨ। ਆਈਸੀਆਰਏ (ICRA) ਅਤੇ ਸੀਏਆਰਈ (CARE) ਨਾਮਜ਼ਦ ਕ੍ਰੈਡਿਟ ਰੇਟਿੰਗ ਏਜੰਸੀਆਂ ਹਨ।ਨੌਵੀਂ ਏਕੀਕ੍ਰਿਤ ਰੇਟਿੰਗਸ ਆਈਸੀਆਰਏ ਐਨਾਲਿਟਿਕਸ ਲਿਮਟਿਡ (ਆਈਏਐੱਲ) ਅਤੇ CARE ਅਡਵਾਈਜ਼ਰੀ ਰਿਸਰਚ ਐਂਡ ਟ੍ਰੇਨਿੰਗ ਲਿਮਟਿਡ (ਸੀਏਆਰਟੀ) ਕ੍ਰਮਵਾਰ ਆਈਸੀਆਰਏ ਰੇਟਿੰਗਸ ਅਤੇ ਸੀਏਆਰਈ ਦੀਆਂ ਸਲਾਹਕਾਰੀ ਸ਼ਾਖਾਵਾਂ ਦੁਆਰਾ ਦਿੱਤੀ ਗਈ ਹੈ। ਬਿਜਲੀ ਮੰਤਰਾਲੇ ਨੇ ਪਾਵਰ ਫਾਈਨੈਂਸ ਕਾਰਪੋਰੇਸ਼ਨ (ਪੀਐੱਫਸੀ) ਨੂੰ ਰੇਟਿੰਗ ਅਭਿਆਸ ਦੌਰਾਨ ਯੂਟਿਲਟੀਜ਼, ਰੇਟਿੰਗ ਏਜੰਸੀਆਂ ਅਤੇ ਬਿਜਲੀ ਮੰਤਰਾਲੇ ਨਾਲ ਤਾਲਮੇਲ ਕਰਨ ਲਈ ਕਿਹਾ ਹੈ। ਸਾਰੀਆਂ 41 ਯੂਟਿਲਟੀਜ਼ ਦੀ ਨੌਵੀਂ ਏਕੀਕ੍ਰਿਤ ਰੇਟਿੰਗ ਰਿਪੋਰਟ ਬਿਜਲੀ ਮੰਤਰਾਲੇ ਨੂੰ ਸੌਂਪ ਦਿੱਤੀ ਗਈ ਹੈ ਅਤੇ ਅੱਜ ਜਾਰੀ ਕੀਤੀ ਜਾ ਰਹੀ ਹੈ।
**********
ਐੱਸਐੱਸ / ਆਈਜੀ
(Release ID: 1736321)
Visitor Counter : 203