ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਉੱਤਰ–ਪੂਰਬੀ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਕੋਵਿਡ–19 ਦੀ ਸਥਿਤੀ ਬਾਰੇ ਗੱਲਬਾਤ ਕੀਤੀ


ਮੁੱਖ ਮੰਤਰੀਆਂ ਨੇ ਉੱਤਰ–ਪੂਰਬੀ ਰਾਜਾਂ ਦਾ ਖ਼ਾਸ ਖ਼ਿਆਲ ਰੱਖਣ ਤੇ ਚਿੰਤਾ ਕਰਨ ਲਈ ਪ੍ਰਧਾਨ ਮੰਤਰੀ ਦੀ ਸ਼ਲਾਘਾ ਕੀਤੀ ਅਤੇ ਕੋਵਿਡ ਮਹਾਮਾਰੀ ਨਾਲ ਨਿਪਟਣ ਲਈ ਸਮੇਂ–ਸਿਰ ਕੀਤੀ ਕਾਰਵਾਈ ਵਾਸਤੇ ਉਨ੍ਹਾਂ ਦਾ ਧੰਨਵਾਦ ਕੀਤਾ

ਪ੍ਰਧਾਨ ਮੰਤਰੀ ਨੇ ਸਾਰੇ ਵੇਰੀਐਂਟਸ ਦੇ ਤਬਦੀਲ ਹੋਣ ਉੱਤੇ ਸਖ਼ਤ ਨਿਗਰਾਨੀ ਰੱਖਣ ਤੇ ਉਨ੍ਹਾਂ ਦੀ ਹਰੇਕ ਗਤੀਵਿਧੀ ਦਾ ਖ਼ਿਆਲ ਰੱਖਣ ਉੱਤੇ ਜ਼ੋਰ ਦਿੱਤਾ

ਪਹਾੜੀ ਸਥਾਨਾਂ ’ਤੇ ਉਚਿਤ ਸਾਵਧਾਨੀਆਂ ਦਾ ਖ਼ਿਆਲ ਨਾ ਰੱਖੇ ਬਿਨਾ ਭੀੜ–ਭੜੱਕਾ ਨਾ ਕਰਨ ਦੀ ਦਿੱਤੀ ਸਖ਼ਤ ਚੇਤਾਵਨੀ

ਸਾਡੇ ਦਿਮਾਗ਼ ’ਚ ਮੁੱਖ ਸੁਆਲ ਇਹ ਹੋਣਾ ਚਾਹੀਦਾ ਹੈ ਕਿ ਤੀਜੀ ਲਹਿਰ ਦੀ ਰੋਕਥਾਮ ਕਿਵੇਂ ਕੀਤੀ ਜਾਵੇ: ਪ੍ਰਧਾਨ ਮੰਤਰੀ

ਟੀਕਾਕਰਣ ਵਿਰੁੱਧ ਮਿੱਥਾਂ ਨਾਲ ਨਿਪਟਣ ਲਈ ਸਮਾਜਿਕ, ਵਿੱਦਿਅਕ ਸੰਸਥਾਨਾਂ, ਉੱਘੀਆਂ ਹਸਤੀਆਂ ਤੇ ਧਾਰਮਿਕ ਸੰਗਠਨਾਂ ਨੂੰ ਵੀ ਮਦਦ ਲਈ ਸੂਚੀਬੱਧ ਕਰੋ: ਪ੍ਰਧਾਨ ਮੰਤਰੀ

‘ਸਭ ਲਈ ਟੀਕਾਕਰਣ–ਸਭ ਲਈ ਮੁਫ਼ਤ’ ਮੁਹਿੰਮ ਵਾਸਤੇ ਉੱਤਰ–ਪੂਰਬ ਮਹੱਤਵਪੂਰਨ ਹੈ: ਪ੍ਰਧਾਨ ਮੰਤਰੀ

ਪਿੱਛੇ ਜਿਹੇ ਪ੍ਰਵਾਨ ਕੀਤਾ 23,000 ਕਰੋੜ ਰੁਪਏ ਦਾ ਪੈਕੇਜ ਮੈਡੀਕਲ ਬੁਨਿਆਦੀ ਢਾਂਚਾ ਸੁਧਾਰਨ ’ਚ ਮਦਦ ਕਰੇਗਾ: ਪ੍ਰਧਾਨ ਮੰਤਰੀ
ਪੀਐੱਮ–ਕੇਅਰਸ ਆਕਸੀਜਨ ਪਲਾਂਟ ਮੁਕੰਮਲ ਕਰਨ ਲਈ ਮੁੱਖ ਮੰਤਰੀਆਂ ਨੂੰ ਬੇਨਤੀ ਕੀਤੀ

Posted On: 13 JUL 2021 2:15PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ–ਪੂਰਬੀ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਕੋਵਿਡ–19 ਦੀ ਸਥਿਤੀ ਬਾਰੇ ਵਿਚਾਰ–ਵਟਾਂਦਰਾ ਕੀਤਾ। ਇਸ ਗੱਲਬਾਤ ’ਚ ਨਾਗਾਲੈਂਡ, ਤ੍ਰਿਪੁਰਾ, ਸਿੱਕਿਮ, ਮੇਘਾਲਿਆ, ਮਿਜ਼ੋਰਮ, ਅਰੁਣਾਚਲ ਪ੍ਰਦੇਸ਼, ਮਣੀਪੁਰ ਤੇ ਅਸਾਮ ਦੇ ਮੁੱਖ ਮੰਤਰੀਆਂ ਨੇ ਸ਼ਿਰਕਤ ਕੀਤੀ। ਮੁੱਖ ਮੰਤਰੀਆਂ ਨੇ ਕੋਵਿਡ ਮਹਾਮਾਰੀ ਨਾਲ ਨਿਪਟਣ ਲਈ ਸਮੇਂ–ਸਿਰ ਕੀਤੀ ਕਾਰਵਾਈ ਵਾਸਤੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਉੱਤਰ–ਪੂਰਬੀ ਰਾਜਾਂ ਦਾ ਖ਼ਾਸ ਖ਼ਿਆਲ ਰੱਖਣ ਤੇ ਉਨ੍ਹਾਂ ਦੀ ਚਿੰਤਾ ਕਰਨ ਲਈ ਵੀ ਪ੍ਰਧਾਨ ਮੰਤਰੀ ਦੀ ਸ਼ਲਾਘਾ ਕੀਤੀ। ਮੁੱਖ ਮੰਤਰੀਆਂ ਦੇ ਨਾਲ ਇਸ ਵਿਚਾਰ–ਵਟਾਂਦਰੇ ’ਚ ਗ੍ਰਹਿ, ਰੱਖਿਆ, ਸਿਹਤ ਵਿਭਾਗਾਂ ਉੱਤਰ-ਪੂਰਬ ਖੇਤਰ ਵਿਕਾਸ ਵਿਭਾਗ (DONEAR) ਦੇ ਕੇਂਦਰੀ ਮੰਤਰੀ ਤੇ ਹੋਰ ਮੰਤਰੀ ਮੌਜੂਦ ਸਨ।

ਮੁੱਖ ਮੰਤਰੀਆਂ ਨੇ ਆਪਣੇ ਰਾਜਾਂ ਵਿੱਚ ਟੀਕਾਕਰਣ ਦੀ ਪ੍ਰਗਤੀ ਅਤੇ ਦੂਰ–ਦੁਰਾਡੇ ਦੇ ਖੇਤਰਾਂ ਵਿੱਚ ਵੈਕਸੀਨਾਂ ਲਿਜਾਣ ਲਈ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵੈਕਸੀਨ ਲਗਵਾਉਣ ਪ੍ਰਤੀ ਲੋਕਾਂ ਦੀ ਝਿਜਕ ਤੇ ਉਸ ਨੂੰ ਖ਼ਤਮ ਕਰਨ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਵੀ ਵਿਚਾਰ–ਚਰਚਾ ਕੀਤੀ। ਉਨ੍ਹਾਂ ਕੋਵਿਡ ਮਾਮਲਿਆਂ ਨਾਲ ਬਿਹਤਰ ਤਰੀਕੇ ਨਿਪਟਣ ਵਾਸਤੇ ਮੈਡੀਕਲ ਬੁਨਿਆਦੀ ਢਾਂਚੇ ਵਿੱਚ ਸੁਧਾਰ ਤੇ ਪੀਐੱਮ ਕੇਅਰਸ ਫ਼ੰਡ (PM CARES Fund) ਰਾਹੀਂ ਮਿਲਣ ਵਾਲੀ ਸਹਾਇਤਾ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਆਪੋ–ਆਪਣੇ ਰਾਜਾਂ ਵਿੱਚ ਪਾਜ਼ਿਟੀਵਿਟੀ ਦਰ ਦੇ ਨਾਲ–ਨਾਲ ਨਵੇਂ ਮਾਮਲਿਆਂ ਦੀ ਗਿਣਤੀ ਘਟਾਉਣ ਲਈ ਸਮੇਂ–ਸਿਰ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ।

ਕੇਂਦਰੀ ਗ੍ਰਹਿ ਮੰਤਰੀ ਨੇ ਰੋਜ਼ਾਨਾ ਆਉਣ ਵਾਲੇ ਨਵੇਂ ਮਾਮਲਿਆਂ ਵਿੱਚ ਕਮੀ ਦਾ ਜ਼ਿਕਰ ਕੀਤਾ ਪਰ ਨਾਲ ਹੀ ਇਹ ਅਗਾਊਂ ਚੇਤਾਵਨੀ ਦਿੱਤੀ ਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਢਿੱਲ–ਮੱਠ ਵਰਤਣੀ ਤੇ ਆਪਣਾ ਖ਼ਿਆਲ ਘੱਟ ਰੱਖਣਾ ਸ਼ੁਰੂ ਕਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਦੇਸ਼ ਦੇ ਕੁਝ ਖੇਤਰਾਂ ਵਿੱਚ ਪਾਜ਼ਿਟੀਵਿਟੀ ਦਰ ਵੱਧ ਹੈ। ਉਨ੍ਹਾਂ ਟੈਸਟਿੰਗ, ਟ੍ਰੈਕਿੰਗ ਤੇ ਟੀਕਾਕਰਣ ਦੇ ਮਹੱਤਵ ਉੱਤੇ ਜ਼ੋਰ ਦਿੱਤਾ। ਕੇਂਦਰੀ ਸਿਹਤ ਸਕੱਤਰ ਨੇ ਦੇਸ਼ ਦੇ ਕੋਵਿਡ ਮਾਮਲਿਆਂ ਉੱਤੇ ਝਾਤ ਪਵਾਈ ਤੇ ਉੱਤਰ–ਪੂਰਬ ਦੇ ਕੁਝ ਰਾਜਾਂ ਵਿੱਚ ਉਚੇਰੀ ਪਾਜ਼ਿਟੀਵਿਟੀ ਦਰ ਬਾਰੇ ਵਿਚਾਰ–ਵਟਾਂਦਰਾ ਕੀਤਾ। ਉਨ੍ਹਾਂ ਮੈਡੀਕਲ ਆਕਸੀਜਨ ਦੀ ਸਪਲਾਈ ਵਧਾਉਣ ਲਈ ਚੁੱਕੇ ਕਦਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਟੀਕਾਕਰਣ ਦੀ ਪ੍ਰਗਤੀ ਉੱਤੇ ਝਾਤ ਪਵਾਈ।

ਇਸ ਮੌਕੇ ਬੋਲਦਿਆਂ, ਪ੍ਰਧਾਨ ਮੰਤਰੀ ਨੇ ਮਹਾਮਾਰੀ ਵਿਰੁੱਧ ਜੰਗ ਵਿੱਚ ਉੱਤਰ ਪੂਰਬ ਦੇ ਲੋਕਾਂ, ਸਿਹਤ ਕਰਮੀਆਂ ਤੇ ਇਨ੍ਹਾਂ ਰਾਜਾਂ ਦੀਆਂ ਸਰਕਾਰਾਂ ਦੀ ਸਖ਼ਤ ਮਿਹਨਤ ਤੇ ਟੈਸਟਿੰਗ, ਇਲਾਜ ਤੇ ਟੀਕਾਕਰਣ ਲਈ ਬੁਨਿਆਦੀ ਢਾਂਚਾ ਕਾਇਮ ਕਰਨ ਲਈ ਸ਼ਲਾਘਾ ਕੀਤੀ।

ਪ੍ਰਧਾਨ ਮੰਤਰੀ ਨੇ ਕੁਝ ਜ਼ਿਲ੍ਹਿਆਂ ਵਿੱਚ ਵਧ ਰਹੇ ਮਾਮਲਿਆਂ ਉੱਤੇ ਆਪਣੀ ਚਿੰਤਾ ਜ਼ਾਹਿਰ ਕੀਤੀ ਤੇ ਅਜਿਹੇ ਸੰਕੇਤ ਪਕੜਨ ਅਤੇ ਬਹੁਤ ਸੂਖਮ ਪੱਧਰ ਉੱਤੇ ਸਖ਼ਤ ਕਾਰਵਾਈਆਂ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਇਸ ਸਥਿਤੀ ਨਾਲ ਸਿੱਝਣ ਲਈ ਮਾਈਕ੍ਰੋ ਕੰਟੇਨਮੈਂਟ ਪ੍ਰੋਟੋਕੋਲ ਦੀ ਵਰਤੋਂ ਉੱਤੇ ਮੁੜ ਜ਼ੋਰ ਦਿੱਤਾ। ਉਨ੍ਹਾਂ ਇਸ ਸਬੰਧੀ ਪਿਛਲੇ ਡੇਢ ਸਾਲ ਦੇ ਅਨੁਭਵ ਅਤੇ ਇਕੱਠੀਆਂ ਹੋਈਆਂ ਬਿਹਤਰੀਨ ਪਿਰਤਾਂ ਦਾ ਪੂਰਾ ਉਪਯੋਗ ਕਰਨ ਲਈ ਕਿਹਾ।

ਇਸ ਵਾਇਰਸ ਦੇ ਤੇਜ਼ੀ ਨਾਲ ਬਦਲਣ ਵਾਲੇ ਸੁਭਾਅ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਸਾਰੇ ਵੇਰੀਐਂਟਸ ਉੱਤੇ ਨਜ਼ਰ ਰੱਖਣ ਦੀ ਸਲਾਹ ਦਿੱਤੀ। ਉਨ੍ਹਾਂ ਦੱਸਿਆ ਕਿ ਮਾਹਿਰ ਇਨ੍ਹਾਂ ਤਬਦੀਲੀਆਂ ਤੇ ਉਨ੍ਹਾਂ ਦੇ ਅਸਰ ਦਾ ਅਧਿਐਨ ਕਰ ਰਹੇ ਹਨ। ਅਜਿਹੇ ਦ੍ਰਿਸ਼ ਵਿੱਚ, ਰੋਕਥਾਮ ਤੇ ਇਲਾਜ ਅਹਿਮ ਹਨ, ਇਸੇ ਲਈ ਉਨ੍ਹਾਂ ਕੋਵਿਡ ਲਈ ਉਚਿਤ ਵਿਵਹਾਰ ਅਪਣਾਉਣ ਉੱਤੇ ਜ਼ੋਰ ਦਿੱਤਾ। ਸ੍ਰੀ ਮੋਦੀ ਨੇ ਆਪਣੇ ਨੁਕਤੇ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਸਰੀਰਕ ਦੂਰੀ, ਮਾਸਕ, ਵੈਕਸੀਨ ਦੀ ਉਪਯੋਗਤਾ ਸਪਸ਼ਟ ਹੈ। ਇਸੇ ਤਰ੍ਹਾਂ, ਟੈਸਟਿੰਗ ਟ੍ਰੈਕਿੰਗ ਤੇ ਇਲਾਜ ਦੀ ਰਣਨੀਤੀ ਪਰਖੀ ਹੋਈ ਰਣਨੀਤੀ ਹੈ।

ਟੂਰਿਜ਼ਮ ਅਤੇ ਕਾਰੋਬਾਰ ਉੱਤੇ ਮਹਾਮਾਰੀ ਦੇ ਅਸਰ ਨੂੰ ਕਬੂਲ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਪਹਾੜੀ ਸਥਾਨਾਂ ਵੁੱਤੇ ਬਿਨਾ ਉਚਿਤ ਸਾਵਧਾਨੀਆਂ ਰੱਖੇ ਭੀੜ–ਭੜੱਕਾ ਨਾ ਕਰਨ ਦੀ ਸਖ਼ਤ ਚੇਤਾਵਨੀ ਦਿੱਤੀ। ਇਹ ਦਲੀਲ ਕਿ ਲੋਕ ਤੀਜੀ ਲਹਿਰ ਦੀ ਆਮਦ ਤੋਂ ਪਹਿਲਾਂ ਆਨੰਦ ਮਨਾਉਣਾ ਚਾਹੁੰਦੇ ਹਨ, ਨੂੰ ਰੱਦ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਗੱਲ ਸਮਝਣ ਦੀ ਜ਼ਰੂਰਤ ਹੈ ਕਿ ਤੀਜੀ ਲਹਿਰ ਆਪਣੇ–ਆਪ ਹੀ ਨਹੀਂ ਆ ਜਾਵੇਗੀ। ਉਨ੍ਹਾਂ ਕਿਹਾ ਕਿ ਸਾਡੇ ਦਿਮਾਗ਼ ਵਿੱਚ ਮੁੱਖ ਸੁਆਲ ਇਹ ਹੋਣਾ ਚਾਹੀਦਾ ਹੈ ਕਿ ਤੀਜੀ ਲਹਿਰ ਦੀ ਰੋਕਥਾਮ ਕਿਵੇਂ ਹੋਵੇ। ਮਾਹਿਰ ਵਾਰ–ਵਾਰ ਲਾਪਰਵਾਹ ਤੇ ਭੀੜ–ਭੜੱਕੇ ਨਾ ਕਰਨ ਵਿਰੁੱਧ ਚੇਤਾਵਨੀ ਦੇ ਰਹੇ ਹਨ ਕਿਉਂਕਿ ਇੰਝ ਨਵੇਂ ਮਾਮਲਿਆਂ ਵਿੱਚ ਭਾਰੀ ਵਾਧਾ ਹੋ ਸਕਦਾ ਹੈ। ਉਨ੍ਹਾਂ ਟਾਲੇ ਜਾ ਸਕਣ ਵਾਲੇ ਭੀੜ–ਭੜੱਕੇ ਨੂੰ ਰੋਕਣ ਲਈ ਸਖ਼ਤੀ ਨਾਲ ਵਕਾਲਤ ਕੀਤੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੀ ‘ਸਭ ਲਈ ਵੈਕਸੀਨ–ਸਭ ਲਈ ਮੁਫ਼ਤ’ ਮੁਹਿੰਮ ਵਿੱਚ ਉੱਤਰ–ਪੂਰਬ ਦਾ ਵੀ ਓਨਾ ਹਾ ਮਹੱਤਵ ਹੈ ਅਤੇ ਸਾਨੂੰ ਟੀਕਾਕਰਣ ਦੀ ਪ੍ਰਕਿਰਿਆ ਦੀ ਰਫ਼ਤਾਰ ਵਧਾਉਣ ਦੀ ਜ਼ਰੂਰਤ ਹੈ। ਟੀਕਾਕਰਣ ਨਾਲ ਜੁੜੀਆਂ ਮਿੱਥਾਂ ਨਾਲ ਨਿਪਟਣ ਤੇ ਲੋਕਾਂ ਨੂੰ ਲਾਮਬੰਦ ਕਰਨ ਲਈ ਪ੍ਰਧਾਨ ਮੰਤਰੀ ਨੇ ਸਮਾਜਿਕ, ਵਿੱਦਿਅਕ ਸੰਸਥਾਨਾਂ, ਉੱਘੀ ਹਸਤੀਆਂ ਦੇ ਨਾਲ–ਨਾਲ ਧਾਰਮਿਕ ਜਥੇਬੰਦੀਆਂ ਦੀ ਮਦਦ ਲੈਣ ਲਈ ਉਨ੍ਹਾਂ ਨੂੰ ਸੂਚੀਬੱਧ ਕਰਨ ਵਾਸਤੇ ਕਿਹਾ। ਉਨ੍ਹਾਂ ਕਿਹਾ ਕਿ ਜਿਹੜੇ ਇਲਾਕਿਆਂ ’ਚ ਵਾਇਰਸ ਦੇ ਫੈਲਣ ਦੀ ਸੰਭਾਵਨਾ ਹੈ, ਉੱਥੇ ਟੀਕਾਕਰਣ ਮੁਹਿੰਮ ਵਧਾਈ ਜਾਵੇ।

ਟੈਸਟਿੰਗ ਤੇ ਇਲਾਜ ਲਈ ਬੁਨਿਆਦੀ ਢਾਂਚੇ ਵਿੱਚ ਸੁਧਾਰ ਹਿਤ ਪਿੱਛੇ ਜਿਹੇ ਕੈਬਨਿਟ ਦੁਆਰਾ ਦਿੱਤੀ ਗਈ 23,000 ਕਰੋੜ ਰੁਪਏ ਦੇ ਪੈਕੇਜ ਦੀ ਪ੍ਰਵਾਨਗੀ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪੈਕੇਜ ਉੱਤਰ–ਪੂਰਬ ਦੇ ਸਿਹਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰੇਗਾ। ਇਹ ਪੈਕੇਜ ਉੱਤਰ–ਪੂਰਬ ਵਿੱਚ ਟੈਸਟਿੰਗ, ਡਾਇਓਗਨੌਸਟਿਕਸ, ਜੀਨੋਮ ਸੀਕੁਐਂਸਿੰਗ ਵਿੱਚ ਤੇਜ਼ੀ ਲਿਆਵੇਗਾ। ਪ੍ਰਧਾਨ ਮੰਤਰੀ ਨੇ ਉੱਤਰ–ਪੂਰਬ ਵਿੱਚ ਬਿਸਤਰਿਆਂ, ਆਕਸੀਜਨ ਸੁਵਿਧਾਵਾਂ ਤੇ ਬਾਲਾਂ ਦੀ ਦੇਖਭਾਲ ਵਾਸਤੇ ਬੁਨਿਆਦੀ ਢਾਂਚੇ ਦੀ ਗਿਣਤੀ ਵਧਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਸੂਚਿਤ ਕੀਤਾ ਕਿ ਪੀਐੱਮ–ਕੇਅਰਸ (PM-CARES) ਰਾਹੀਂ ਦੇਸ਼ ਵਿੱਚ ਹਜ਼ਾਰਾਂ ਆਕਸੀਜਨ ਪਲਾਂਟ ਸਥਾਪਿਤ ਕੀਤੇ ਜਾ ਰਹੇ ਹਨ ਅਤੇ ਉੱਤਰ–ਪੂਰਬ ਨੂੰ ਵੀ ਲਗਭਗ 150 ਪਲਾਂਟ ਮਿਲੇ ਹਨ। ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀਆਂ ਨੂੰ ਇਹ ਪਲਾਂਟ ਛੇਤੀ ਸਥਾਪਿਤ ਕਰਨ ਦੀ ਪ੍ਰਕਿਰਿਆ ਮੁਕੰਮਲ ਕਰਨ ਦੀ ਬੇਨਤੀ ਕੀਤੀ।

ਪ੍ਰਧਾਨ ਮੰਤਰੀ ਨੇ ਉੱਤਰ–ਪੂਰਬ ਦੀ ਭੂਗੋਲਿਕ ਸਥਿਤੀ ਕਾਰਨ ਅਸਥਾਈ ਹਸਪਤਾਲ ਸਥਾਪਿਤ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਟ੍ਰੇਨਿੰਗ–ਪ੍ਰਾਪਤ ਮਾਨਵ–ਸ਼ਕਤੀ ਤਿਆਰ ਕਰਨ ਲਈ ਵੀ ਕਿਹਾ ਕਿਉਂਕਿ ਜਿਹੜੇ ਬਲਾਕ ਪੱਧਰ ਦੇ ਦੋ ਹਸਪਤਾਲਾਂ ਵਿੱਚ ਆਕਸੀਜਨ ਪਲਾਂਟ, ਆਈਸੀਯੂ ਵਾਰਡ, ਨਵੀਆਂ ਮਸ਼ੀਨਾਂ ਪਹੁੰਚ ਰਹੀਆਂ ਹਨ, ਉੱਥੇ ਇਸ ਮਾਨਵ–ਸ਼ਕਤੀ ਦੀ ਲੋੜ ਪਵੇਗੀ। ਉਨ੍ਹਾਂ ਕੇਂਦਰ ਸਰਕਾਰ ਤੋਂ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿਵਾਇਆ।

ਦੇਸ਼ ਵਿੱਚ ਹਰ ਰੋਜ਼ 20 ਲੱਖ ਟੈਸਟ ਕੀਤੇ ਜਾਣ ਦੀ ਸਮਰੱਥਾ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਪ੍ਰਭਾਵਿਤ ਜ਼ਿਲ੍ਹੇ ਵਿੱਚ ਪਹਿਲ ਦੇ ਅਧਾਰ ਉੱਤੇ ਟੈਸਟਿੰਗ ਬੁਨਿਆਦੀ ਢਾਂਚੇ ਵਿੱਚ ਵਾਧਾ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਰੈਂਡਮ ਟੈਸਟਿੰਗ ਦੇ ਨਾਲ–ਨਾਲ ਅਗ੍ਰੈਸਿਵ ਟੈਸਟਿੰਗ ਕੀਤੇ ਜਾਣ ਉੱਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਆਸ ਪ੍ਰਗਟਾਈ ਕਿ ਸਮੂਹਿਕ ਕੋਸ਼ਿਸ਼ਾਂ ਨਾਲ ਅਸੀਂ ਯਕੀਨੀ ਤੌਰ ਉੱਤੇ ਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਸਮਰੱਥ ਹੋਵਾਂਗੇ। 

****

ਡੀਐੱਸ


(Release ID: 1735137) Visitor Counter : 209