ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਕੇਂਦਰੀ ਵਿੱਤੀ ਸਹਾਇਤਾ ਪ੍ਰਾਪਤ ਤਕਨੀਕੀ ਸੰਸਥਾਵਾਂ ਦੇ ਡਾਇਰੈਕਟਰਾਂ ਨਾਲ ਗੱਲਬਾਤ ਕੀਤੀ


ਪ੍ਰਧਾਨ ਮੰਤਰੀ ਨੇ ਤੁਰੰਤ ਟੈਕੋਨੋਲੋਜੀਕਲ ਸਮਾਧਾਨ ਕਰਵਾਉਣ ਲਈ ਨੌਜਵਾਨ ਇਨੋਵੇਟਰਾਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ

ਅਜਿਹੇ ਸਿੱਖਿਆ ਮਾਡਲਾਂ ਵੱਲ ਪ੍ਰਗਤੀ ਕਰਨ ਦੀ ਲੋੜ ਹੈ ਜੋ ਲਚਕਦਾਰ, ਬੇਰੋਕ ਤੇ ਸਿੱਖਣ ਵਾਲਿਆਂ ਦੀਆਂ ਜ਼ਰੂਰਤਾਂ ਅਨੁਸਾਰ ਸਿੱਖਣ ਦੇ ਮੌਕੇ ਮੁਹੱਈਆ ਕਰਵਾਉਣ ਦੇ ਯੋਗ ਹੋਣ: ਪ੍ਰਧਾਨ ਮੰਤਰੀ

ਸਾਡੇ ਟੈਕਨੋਲੀਜੀਕਲ ਅਤੇ ਖੋਜ ਤੇ ਵਿਕਾਸ ਸੰਸਥਾਨ ਆਉਣ ਵਾਲੇ ਦਹਾਕੇ – ‘ਭਾਰਤ ਦੇ ਟੈੱਕੇਡ’ ’ਚ ਪ੍ਰਮੁੱਖ ਭੂਮਿਕਾ ਨਿਭਾਉਣਗੇ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਨੂੰ ਚਲ ਰਹੇ, ਵਿਸ਼ੇਸ਼ ਤੌਰ ’ਤੇ ਕੋਵਿਡ ਨਾਲ ਸਬੰਧਿਤ ਖੋਜ ਤੇ ਵਿਕਾਸ ਕਾਰਜ ਤੋਂ ਜਾਣੂ ਕਰਵਾਇਆ

Posted On: 08 JUL 2021 2:07PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 8 ਜੁਲਾਈ, 2021 ਨੂੰ ਵੀਡੀਓ ਕਾਨਫ਼ਰੰਸਿੰਗ ਦੇ ਜ਼ਰੀਏ ਕੇਂਦਰੀ ਵਿੱਤੀ ਸਹਾਇਤਾ ਪ੍ਰਾਪਤ ਤਕਨੀਕੀ ਸੰਸਥਾਵਾਂ ਦੇ  ਡਾਇਰੈਕਟਰਾਂ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨਾਲ ਇਸ ਗੱਲਬਾਤ ’ਚ 100 ਤੋਂ ਵੱਧ ਸੰਸਥਾਵਾਂ ਦੇ ਮੁਖੀ ਸ਼ਾਮਲ ਹੋਏ।

ਪ੍ਰਧਾਨ ਮੰਤਰੀ ਨੇ ਕੋਵਿਡ ਕਾਰਨ ਸਾਹਮਣੇ ਆਈਆਂ ਚੁਣੌਤੀਆਂ ਨਾਲ ਨਿਪਟਣ ਲਈ ਇਨ੍ਹਾਂ ਸੰਸਥਾਵਾਂ ਦੁਆਰਾ ਕੀਤੇ ਗਏ ਖੋਜ ਤੇ ਵਿਕਾਸ ਕਾਰਜ ਦੀ ਸ਼ਲਾਘਾ ਕੀਤੀ। ਉਨ੍ਹਾਂ ਤੁਰੰਤ ਟੈਕੋਨੋਲੋਜੀਕਲ ਸਮਾਧਾਨ ਮੁਹੱਈਆ ਕਰਵਾਉਣ ਵਾਲੇ ਨੌਜਵਾਨ ਇਨੋਵੇਟਰਾਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਬਦਲਦੇ ਵਾਤਾਵਰਣ ਅਤੇ ਉੱਭਰ ਰਹੀਆਂ ਚੁਣੌਤੀਆਂ ਦੇ ਮੱਦੇਨਜ਼ਰ ਉਚੇਰੀ ਸਿੱਖਿਆ ਤੇ ਤਕਨੀਕੀ ਸਿੱਖਿਆ ਨੂੰ ਅਨੁਕੂਲ ਬਣਾਉਣ ਦੀ ਲੋੜ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਲਈ ਸੰਸਥਾਵਾਂ ਨੂੰ ਆਪਣੇ–ਆਪ ਦੀ ਮੁੜ–ਖੋਜ ਤੇ ਪੁਨਰ–ਮੁੱਲਾਂਕਣ ਕਰਨੇ ਹੋਣਗੇ ਅਤੇ ਦੇਸ਼ ਤੇ ਸਮਾਜ ਦੀਆਂ ਮੌਜੂਦਾ ਅਤੇ ਭਵਿੱਖ ਦੀਆਂ ਜ਼ਰੂਰਤਾਂ ਮੁਤਾਬਕ ਵੈਕਲਿਪ ਤੇ ਨਵੀਨਤਮ ਮਾਡਲ ਵਿਕਸਿਤ ਕਰਨੇ ਹੋਣਗੇ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਸਾਡੀਆਂ ਉਚੇਰੀ ਸਿੱਖਿਆ ਅਤੇ ਤਕਨੀਕੀ ਸੰਸਥਾਵਾਂ ਨੂੰ ਚੌਥੇ ਉਦਯੋਗਿਕ ਇਨਕਲਾਬ ਨੂੰ ਧਿਆਨ ’ਚ ਰੱਖਦਿਆਂ ਨਿਰੰਤਰ ਵਿਘਨਾਂ ਤੇ ਤਬਦੀਲੀਆਂ ਲਈ ਸਾਡੇ ਨੌਜਵਾਨਾਂ ਨੂੰ ਤਿਆਰ ਕਰਨਾ ਹੋਵੇਗਾ।

ਪ੍ਰਧਾਨ ਮੰਤਰੀ ਨੇ ਅਜਿਹੇ ਸਿੱਖਿਆ ਮਾਡਲਾਂ ਵੱਲ ਪ੍ਰਗਤੀ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ, ਜੋ ਲਚਕਦਾਰ, ਬੇਰੋਕ ਹੋਣ ਅਤੇ ਸਿੱਖਣ ਵਾਲਿਆਂ ਦੀਆਂ ਜ਼ਰੂਰਤਾਂ ਅਨੁਸਾਰ ਸਿੱਖਣ ਦੇ ਮੌਕੇ ਮੁਹੱਈਆ ਕਰਵਾਉਣ ਦੇ ਯੋਗ ਹੋਣ। ਉਨ੍ਹਾਂ ਕਿਹਾ ਕਿ ਪਹੁੰਚ, ਕਿਫ਼ਾਇਤਯੋਗਤਾ, ਸਮਾਨਤਾ ਤੇ ਗੁਣਵੱਤਾ ਅਜਿਹੇ ਸਿੱਖਿਆ ਮਾਡਲਾਂ ਦੀਆਂ ਪ੍ਰਮੁੱਖ ਕਦਰਾਂ–ਕੀਮਤਾਂ ਹੋਣੀਆਂ ਚਾਹੀਦੀਆਂ ਹਨ।

 

ਪ੍ਰਧਾਨ ਮੰਤਰੀ ਨੇ ਪਿਛਲੇ ਕੁਝ ਸਾਲਾਂ ਦੌਰਾਨ ਉਚੇਰੀ–ਸਿੱਖਿਆ ਵਿੱਚ ‘ਕੁੱਲ ਦਾਖ਼ਲਾ ਅਨੁਪਾਤ’ (GER) ਵਿੱਚ ਸੁਧਾਰ ਦੀ ਸ਼ਲਾਘਾ ਕੀਤੀ ਅਤੇ ਜ਼ੋਰ ਦਿੱਤਾ ਕਿ ਉਚੇਰੀ–ਸਿੱਖਿਆ ਦਾ ਡਿਜੀਟਲੀਕਰਣ GER ਵਧਾਉਣ ਵਿੱਚ ਵੱਡੀ ਭੂਮਿਕਾ ਨਿਭਾ ਸਕਦਾ ਹੈ ਅਤੇ ਵਿਦਿਆਰਥੀਆਂ ਨੂੰ ਵਧੀਆ ਕੁਆਲਿਟੀ ਤੇ ਕਿਫ਼ਾਇਤੀ ਸਿੱਖਿਆ ਤੱਕ ਅਸਾਨ ਪਹੁੰਚ ਬਣੇਗੀ। ਪ੍ਰਧਾਨ ਮੰਤਰੀ ਨੇ ਔਨਲਾਈਨ ਬੈਚੁਲਰ ਤੇ ਮਾਸਟਰ ਡਿਗਰੀ ਪ੍ਰੋਗਰਾਮਾਂ ਦਾ ਡਿਜੀਟਲੀਕਰਣ ਵਧਾਉਣ ਲਈ ਸੰਸਥਾਵਾਂ ਦੁਆਰਾ ਕੀਤੀਆਂ ਵਿਭਿੰਨ ਪਹਿਲਾਂ ਦੀ ਵੀ ਸ਼ਲਾਘਾ ਕੀਤੀ।

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਸਾਨੂੰ ਭਾਰਤੀ ਭਾਸ਼ਾਵਾਂ ਦੀ ਤਕਨੀਕੀ ਸਿੱਖਿਆ ਲਈ ਇੱਕ ਵਧੀਆ ਮਾਹੌਲ ਵਿਕਸਿਤ ਕਰਨ ਅਤੇ ਵਿਸ਼ਵ–ਪੱਧਰੀ ਮੈਗਜ਼ੀਨਾਂ ਨੂੰ ਖੇਤਰੀ ਭਾਸ਼ਾਵਾਂ ਵਿੱਚ ਅਨੁਵਾਦ ਕਰਨ ਦੀ ਜ਼ਰੂਰਤ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਆਤਮਨਿਰਭਰ ਭਾਰਤ ਅਭਿਯਾਨ’ ਆਉਂਦੇ 25 ਸਾਲਾਂ ਦੌਰਾਨ ਭਾਰਤ ਦੇ ਸੁਫ਼ਨਿਆਂ ਤੇ ਖ਼ਾਹਿਸ਼ਾਂ ਦਾ ਅਧਾਰ ਕਾਇਮ ਕਰੇਗਾ, ਜਦੋਂ ਅਸੀਂ ਆਜ਼ਾਦੀ ਦੇ 100 ਸਾਲ ਜਸ਼ਨ ਮਨਾਵਾਂਗੇ। ਉਨ੍ਹਾਂ ਇਹ ਵੀ ਕਿਹਾ ਕਿ ਆਉਂਦੇ ਦਹਾਕੇ, ਜਿਸ ਨੂੰ ‘ਭਾਰਤ ਦਾ ਟੈੱਕੇਡ’ ਕਿਹਾ ਜਾ ਰਿਹਾ ਹੈ, ਦੌਰਾਨ ਟੈਕੋਨੋਲੋਜੀਕਲ, ਖੋਜ ਤੇ ਵਿਕਾਸ ਸੰਸਥਾਵਾਂ ਇੱਕ ਪ੍ਰਮੁੱਖ ਭੂਮਿਕਾ ਨਿਭਾਉਣਗੀਆਂ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਸਿੱਖਿਆ, ਸਿਹਤ–ਸੰਭਾਲ਼, ਖੇਤੀਬਾੜੀ, ਰੱਖਿਆ ਅਤੇ ਸਾਈਬਰ ਟੈਕਨੋਲੋਜੀਆਂ ਦੇ ਖੇਤਰਾਂ ਵਿੱਚ ਭਵਿੱਖਮੁਖੀ ਸਮਾਧਾਨ ਵਿਕਸਿਤ ਕਰਨ ਉੱਤੇ ਧਿਆਨ ਕੇਂਦ੍ਰਿਤ ਕਰਨ ਦੀ ਲੋੜ ਹੈ।

ਪ੍ਰਧਾਨ ਮੰਤਰੀ ਨੇ ਇਹ ਤੱਥ ਉਭਾਰਦਿਆਂ ਕਿਹਾ ਕਿ ਇਹ ਅਹਿਮ ਹੈ ਕਿ ਉਚੇਰੀਆਂ–ਸਿੱਖਿਆ ਸੰਸਥਾਵਾਂ ਵਿੱਚ ਚੰਗਾ ਮਿਆਰੀ ਬੁਨਿਆਦੀ ਢਾਂਚਾ ਹੋਵੇ, ਤਾਂ ਜੋ ਆਰਟੀਫ਼ੀਸ਼ੀਲ ਇੰਟੈਲੀਜੈਂਸ, ਸਮਾਰਟ ਕੱਪੜਿਆਂ, ਵਿਸਤ੍ਰਿਤ ਰੀਐਲਿਟੀ ਸਿਸਟਮ ਤੇ ਡਿਜੀਟਲ ਸਹਾਇਕਾਂ ਨਾਲ ਸਬੰਧਿਤ  ਉਤਪਾਦ ਯਕੀਨੀ ਤੌਰ ਉੱਤੇ ਆਮ ਆਦਮੀ ਤੱਕ ਪਹੁੰਚ ਸਕਣ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਾਨੂੰ ਕਿਫ਼ਾਇਤੀ, ਵਿਅਕਤੀਕ੍ਰਿਤ ਅਤੇ ਆਰਟੀਫ਼ੀਸ਼ੀਲ ਇੰਟੈਲੀਜੈਂਸ ਦੁਆਰਾ ਸੰਚਾਲਿਤ ਸਿੱਖਿਆ ਉੱਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ।

ਗੱਲਬਾਤ ਦੌਰਾਨ IISc ਬੰਗਲੌਰ ਦੇ ਪ੍ਰੋ. ਗੋਵਿੰਦਨ ਰੰਗਰਾਜਨ, IIT ਬੰਬੇ ਦੇ ਪ੍ਰੋ. ਸੁਭਾਸੀਸ ਚੌਧਰੀ, IIT ਮਦਰਾਸ ਦੇ ਪ੍ਰੋ. ਭਾਸਕਰ ਰਾਮਾਮੂਰਤੀ ਅਤੇ IIT ਕਾਨਪੁਰ ਦੇ ਪ੍ਰੋ. ਅਭੇ ਕਰਾਂਡੀਕਰ ਨੇ ਪ੍ਰਧਾਨ ਮੰਤਰੀ ਨੂੰ ਪੇਸ਼ਕਾਰੀਆਂ ਦਿੱਤੀਆਂ ਤੇ ਚਲ ਰਹੇ ਵਿਭਿੰਨ ਪ੍ਰੋਜੈਕਟਾਂ, ਅਕਾਦਮਿਕ ਕਾਰਜ ਅਤੇ ਦੇਸ਼ ਵਿੱਚ ਚਲ ਰਹੀ ਨਵੀਂ ਖੋਜ ਨੂੰ ਉਜਾਗਰ ਕੀਤਾ। ਪ੍ਰਧਾਨ ਮੰਤਰੀ ਨੂੰ ਕੋਵਿਡ ਨਾਲ ਸਬੰਧਿਤ  ਕੀਤੀ ਜਾ ਰਹੀ ਉਨ੍ਹਾਂ ਖੋਜਾਂ ਤੋਂ ਜਾਣੂ ਕਰਵਾਇਆ, ਜੋ ਟੈਸਟਿੰਗ, ਕੋਵਿਡ ਵੈਕਸੀਨ ਵਿਕਾਸ ਕੋਸ਼ਿਸ਼ਾਂ, ਦੇਸੀ ਆਕਸੀਜਨ ਕਸੰਟਰੇਟਰਸ, ਆਕਸੀਜਨ ਜੈਨਰੇਟਰਸ, ਕੈਂਸਰ ਸੈੱਲ ਥੈਰੇਪੀ, ਮੌਡਿਊਲਰ ਹਸਪਤਾਲਾਂ, ਹੌਟਸਪੌਟ ਪ੍ਰੀਡਿਕਸ਼ਨ, ਵੈਂਟੀਲੇਟਰ ਉਤਪਾਦਨ ਲਈ ਨਵੀਆਂ ਤਕਨੀਕਾਂ ਵਿਕਸਤ ਕਰਨ ਨੂੰ ਆਪਣੇ ਘੇਰੇ ’ਚ ਲੈਂਦੀਆਂ ਹਨ। ਇਸ ਦੇ ਨਾਲ ਹੀ ਰੋਬੋਟਿਕਸ, ਡ੍ਰੋਨਸ, ਔਨਲਾਈਨ ਸਿੱਖਿਆ, ਬੈਟਰੀ ਟੈਕਨੋਲੋਜੀ ਨਾਲ ਸਬੰਧਿਤ  ਖੇਤਰਾਂ ਦੀਆਂ ਕੋਸ਼ਿਸ਼ਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਪ੍ਰਧਾਨ ਮੰਤਰੀ ਨੂੰ ਨਵੇਂ ਅਕਾਦਮਿਕ ਕੋਰਸਾਂ, ਖ਼ਾਸ ਕਰਕੇ ਅਜਿਹੇ ਔਨਲਾਈਨ ਕੋਰਸਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ, ਜੋ ਅਰਥਵਿਵਸਥਾ ਤੇ ਟੈਕਨੋਲੋਜੀ ਦੀ ਬਦਲਦੀ ਜਾ ਰਹੀ ਪ੍ਰਕਿਰਤੀ ਅਨੁਸਾਰ ਵਿਕਸਿਤ ਕੀਤੇ ਜਾ ਰਹੇ ਹਨ।

ਇਸ ਗੱਲਬਾਤ ਦੌਰਾਨ ਕੇਂਦਰੀ ਸਿੱਖਿਆ ਮੰਤਰੀ ਅਤੇ ਸਿੱਖਿਆ ਰਾਜ ਮੰਤਰੀ ਵੀ ਮੌਜੂਦ ਸਨ।

*****

ਡੀਐੱਸ/ਏਕੇਜੇ



(Release ID: 1733813) Visitor Counter : 203