ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਦੇਸ਼ ਦੇ ਵਿਭਿੰਨ ਜ਼ਿਲ੍ਹਿਆਂ ਵਿੱਚ 850 ਆਕਸੀਜਨ ਪਲਾਂਟ ਲਗਾਏ ਜਾ ਰਹੇ ਹਨ: ਸਕੱਤਰ ਡੀਆਰਡੀਓ
प्रविष्टि तिथि:
14 JUN 2021 4:12PM by PIB Chandigarh
ਕੋਵਿਡ -19 ਮਹਾਮਾਰੀ ਨਾਲ ਲੜਨ ਲਈ ਦੇਸ਼ ਦੀਆਂ ਜ਼ਰੂਰਤਾਂ ਦੀ ਪੂਰਤੀ ਲਈ ਪ੍ਰਧਾਨ ਮੰਤਰੀ ਕੇਅਰਜ਼ ਫੰਡ ਨਾਲ ਦੇਸ਼ ਦੇ ਵਿਭਿੰਨ ਜ਼ਿਲ੍ਹਿਆਂ ਵਿੱਚ ਕੁੱਲ 850 ਆਕਸੀਜਨ ਪਲਾਂਟ ਲਗਾਏ ਜਾ ਰਹੇ ਹਨ। ਡਾ. ਸੀ ਸਤੀਸ਼ ਰੈੱਡੀ, ਸਕੱਤਰ, ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਨੇ, ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀਐੱਸਟੀ) ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਭਾਸ਼ਣ ਲੜੀ ਮੌਕੇ, ਇਸ ਗੱਲ ‘ਤੇ ਚਾਨਣਾ ਪਾਇਆ।
ਉਨ੍ਹਾਂ ਅੱਗੇ ਕਿਹਾ ਕਿ ਡੀਆਰਡੀਓ ਲੋੜ ਪੈਣ 'ਤੇ ਹਰ ਤਰ੍ਹਾਂ ਦੀ ਸਹਾਇਤਾ ਮੁਹੱਈਆ ਕਰਾਉਣ ਲਈ ਤਿਆਰ ਹੈ, ਅਤੇ ਹੋਰ ਫਲਾਇੰਗ ਹਸਪਤਾਲ ਤਿਆਰ ਕੀਤੇ ਜਾਣਗੇ, ਜਿਵੇਂ ਕਿ ਡੀਆਰਡੀਓ ਨੇ ਕੋਵਿਡ -19 ਦੀ ਦੂਜੀ ਲਹਿਰ ਦੌਰਾਨ ਲੋਕਾਂ ਦੀ ਸਹਾਇਤਾ ਲਈ ਮੁਹੱਈਆ ਕਰਵਾਏ ਸੀ।
ਡਾ. ਰੈਡੀ ਨੇ ਕਿਹਾ “ਅਸੀਂ ਕਈ ਸ਼ਹਿਰਾਂ ਵਿੱਚ ਕੋਵਿਡ -19 ਨਾਲ ਸਬੰਧਤ ਅਸਥਾਈ ਹਸਪਤਾਲ ਸਥਾਪਤ ਕੀਤੇ ਹਨ। ਇਹ ਮੋਡਿਊਲਰ ਹਸਪਤਾਲ ਹਨ, ਅਸੀਂ ਇਨ੍ਹਾਂ ਨੂੰ ਫਲਾਇੰਗ ਹਸਪਤਾਲ ਕਹਿੰਦੇ ਹਾਂ, ਅਤੇ ਇਹ ਇਸ ਤਰੀਕੇ ਨਾਲ ਬਣਾਏ ਗਏ ਹਨ ਕਿ ਵਾਇਰਸ ਹਸਪਤਾਲਾਂ ਤੋਂ ਬਾਹਰ ਨਾ ਜਾਵੇ। ਜੇ ਕੋਈ ਤੀਜੀ ਲਹਿਰ ਆਉਂਦੀ ਹੈ, ਤਾਂ ਸਾਰੇ ਹਸਪਤਾਲ ਭਾਰ ਉਠਾਣਗੇ, ਅਤੇ ਸਰਕਾਰ ਦੁਆਰਾ ਵੱਖ-ਵੱਖ ਹਿਤਧਾਰਕਾਂ ਨਾਲ ਇਨ੍ਹਾਂ ਪਹਿਲੂਆਂ 'ਤੇ ਵਿਚਾਰ ਵਟਾਂਦਰੇ ਕੀਤੇ ਜਾ ਰਹੇ ਹਨ।”
ਉਨ੍ਹਾਂ ਇਹ ਵੀ ਦੱਸਿਆ ਕਿ ਕਿਵੇਂ ਡੀਆਰਡੀਓ ਮੁੱਖ ਤੌਰ ‘ਤੇ ਰੱਖਿਆ ਖੇਤਰ ਵਿੱਚ ਉੱਨਤ ਟੈਕਨੋਲੋਜੀ ਦੀ ਖੋਜ ਕਰ ਰਿਹਾ ਹੈ ਅਤੇ ਉੱਚ ਪੱਧਰੀ ਟੈਕਨੋਲੋਜੀ ਵਿਕਸਿਤ ਕਰਨ 'ਤੇ ਵੀ ਧਿਆਨ ਕੇਂਦ੍ਰਤ ਕਰ ਰਿਹਾ ਹੈ ਜੋ ਕਿ ਅੰਤਰ ਰਾਸ਼ਟਰੀ ਪੱਧਰ ‘ਤੇ ਮੇਲ ਖਾਂਦਿਆਂ ਲੋਕਾਂ ਲਈ ਘੱਟ ਲਾਗਤ 'ਤੇ ਲਾਭਕਾਰੀ ਹੋਵੇਗੀ।
ਡਾ. ਰੈਡੀ ਨੈਸ਼ਨਲ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਕਮਿਊਨੀਕੇਸ਼ਨ ਅਤੇ ਵਿਗਿਆਨ ਪ੍ਰਸਾਰ ਦੁਆਰਾ ਆਯੋਜਿਤ ਔਨਲਾਈਨ ਭਾਸ਼ਣ ਦੀ ਲੜੀ 'ਨਿਊ ਇੰਡੀਆ @75' ਵਿਖੇ ਬੋਲ ਰਹੇ ਸਨ।
ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ, ਸਕੱਤਰ, ਡੀਐੱਸਟੀ ਨੇ ਕੇਂਦਰ ਸਰਕਾਰ ਅਤੇ ਡੀਐੱਸਟੀ ਦੁਆਰਾ ਮਹਾਮਾਰੀ ਨਾਲ ਲੜਨ ਅਤੇ ਟੀਕਿਆਂ ਨੂੰ ਸੁਰੱਖਿਅਤ ਰੱਖਣ ਅਤੇ ਦੇਸ਼ ਦੇ ਹਰ ਕੋਨੇ ਤੱਕ ਟੀਕੇ ਪਹੁੰਚਾਉਣਾ ਯਕੀਨੀ ਬਣਾਉਣ ਲਈ ਚੁੱਕੇ ਗਏ ਵੱਖ-ਵੱਖ ਕਦਮਾਂ ਬਾਰੇ ਗੱਲ ਕੀਤੀ। ਉਨ੍ਹਾਂ ਅਜਿਹੇ ਤਰੀਕਿਆਂ ਬਾਰੇ ਵੀ ਦੱਸਿਆ ਜਿਨ੍ਹਾਂ ਜ਼ਰੀਏ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਮਹਾਮਾਰੀ ਨਾਲ ਲੜਨ ਵਿੱਚ ਵੱਡੀ ਭੂਮਿਕਾ ਅਦਾ ਕਰ ਸਕਦੀ ਹੈ।
ਪ੍ਰੋ. ਸ਼ਰਮਾ ਨੇ ਕਿਹਾ “ਟੀਕਿਆਂ ਨੂੰ ਸਟੋਰ ਕਰਨ ਅਤੇ ਦੇਸ਼ ਦੇ ਹਰ ਕੋਨੇ-ਕੋਨੇ ਤੱਕ ਪਹੁੰਚਾਉਣ ਲਈ ਤਕਨਾਲੋਜੀ ਤਿਆਰ ਕੀਤੀ ਗਈ ਹੈ। ਭਾਰਤੀ ਹਾਲਤਾਂ ਦੇ ਅਨੁਸਾਰ ਟੀਕਿਆਂ ਨੂੰ ਸਟੋਰ ਕਰਨ ਦੇ ਨਵੇਂ ਤਰੀਕੇ ਵਿਕਸਤ ਕੀਤੇ ਗਏ ਹਨ। ਤਕਨਾਲੋਜੀ ਦੀ ਅਭੇਦਤਾ ਭਵਿੱਖ ਹੈ, ਅਤੇ ਏਆਈ ਡਾਇਗਨੌਸਟਿਕਸ, ਟੈਲੀਮੈਡੀਸਿਨ ਵਿੱਚ ਵੱਡੀ ਭੂਮਿਕਾ ਅਦਾ ਕਰ ਸਕਦੀ ਹੈ ਅਤੇ ਮਹਾਮਾਰੀ ਨਾਲ ਲੜਨ ਵਿੱਚ ਰਿਮੋਟ ਮੋਨੀਟਰਿੰਗ, ਡਾਇਗਨੌਸਟਿਕਸ ਅਤੇ ਫੈਸਲੇ ਲੈਣ ਵਿੱਚ ਬਹੁਤ ਮਹੱਤਵਪੂਰਨ ਹੋਵੇਗੀ।”
ਡੀਐੱਸਟੀ ਦੇ 50 ਸਾਲਾਂ ਬਾਰੇ ਬੋਲਦਿਆਂ, ਉਨ੍ਹਾਂ ਦੱਸਿਆ ਕਿ ਇਹ ਇੱਕ ਲੰਮਾ ਸਫ਼ਰ ਰਿਹਾ ਹੈ, ਅਤੇ ਦੇਸ਼ ਦੀ ਤਰੱਕੀ ਅਤੇ ਵਿਕਾਸ ਲਈ ਨੌਜਵਾਨ ਪ੍ਰਤਿਭਾਵਾਂ ਦੀ ਸਹਾਇਤਾ, ਪਾਲਣ ਪੋਸ਼ਣ ਅਤੇ ਵਿਕਾਸ ਲਈ ਨਰਸਰੀ ਵਜੋਂ ਡੀਐੱਸਟੀ ਸਥਾਪਤ ਕਰਨ ਸਮੇਂ, ਬੁਨਿਆਦੀ ਤਕਨਾਲੋਜੀ ਨੂੰ ਪਹਿਲ ਦਿੱਤੀ ਗਈ।

**********
ਐੱਸਐੱਸ / ਆਰਪੀ (ਡੀਐੱਸਟੀ ਮੀਡੀਆ ਸੈੱਲ)
(रिलीज़ आईडी: 1727106)
आगंतुक पटल : 272