ਪ੍ਰਧਾਨ ਮੰਤਰੀ ਦਫਤਰ

ਸੰਯੁਕਤ ਰਾਸ਼ਟਰ ਦੇ ‘ਮਾਰੂਥਲੀਕਰਣ, ਭੂਮੀ ਨੂੰ ਖੋਰਾ ਲਗਣ ਅਤੇ ਸੋਕੇ ਬਾਰੇ ਉੱਚ–ਪੱਧਰੀ ਗੱਲਬਾਤ’ ਸਮੇਂ ਪ੍ਰਧਾਨ ਮੰਤਰੀ ਦਾ ਕੁੰਜੀਵਤ ਭਾਸ਼ਣ

Posted On: 14 JUN 2021 8:28PM by PIB Chandigarh

ਮਹਾਮਹਿਮ, ਜਨਰਲ ਅਸੈਂਬਲੀ ਦੇ ਪ੍ਰਧਾਨ,

ਮਹਾਮਹਿਮਜਨ, ਦੇਵੀਓ ਤੇ ਸੱਜਣੋ,

ਨਮਸਤੇ

 

ਇਸ ਉੱਚ–ਪੱਧਰੀ ਗੱਲਬਾਤ ਦੇ ਆਯੋਜਨ ਲਈ ਮੈਂ ਜਨਰਲ ਅਸੈਂਬਲੀ ਦੇ ਪ੍ਰਧਾਨ ਦਾ ਸ਼ੁਕਰੀਆ ਅਦਾ ਕਰਦਾ ਹਾਂ।

 

ਜ਼ਮੀਨ ਇੱਕ ਅਜਿਹਾ ਬੁਨਿਆਦੀ ਭਵਨ–ਖੰਡ ਹੈ, ਜੋ ਸਾਰੇ ਪ੍ਰਾਣੀਆਂ ਤੇ ਆਜੀਵਿਕਾਵਾਂ ਵਿੱਚ ਮਦਦ ਕਰਦੀ ਹੈ। ਅਤੇ ਅਸੀਂ ਸਾਰੇ ਸਮਝਦੇ ਹਾਂ ਕਿ ਜੀਵਨ ਦੇ ਕਾਰਜਾਂ ਦਾ ਤਾਣਾ–ਬਾਣਾ ਇੱਕ ਆਪਸ ਵਿੱਚ ਜੁੜੀ ਹੋਈ ਪ੍ਰਣਾਲੀ ਹੈ। ਅਫ਼ਸੋਸ ਵਾਲੀ ਗੱਲ ਇਹ ਹੈ ਕਿ ਅੱਜ ਭੂਮੀ ਨੂੰ ਖੋਰਾ ਲਗਣ ਨਾਲ ਦੋ–ਤਿਹਾਈ ਦੁਨੀਆ ਪ੍ਰਭਾਵਿਤ ਹੋ ਰਹੀ ਹੈ। ਜੇ ਇਸ ਨੂੰ ਹੁਣੇ ਨਾ ਰੋਕਿਆ ਗਿਆ, ਤਾਂ ਸਾਡੇ ਸਮਾਜਾਂ, ਅਰਥਵਿਵਸਥਾਵਾਂ, ਅਨਾਜ ਸੁਰੱਖਿਆ, ਸਿਹਤ, ਸੁਰੱਖਿਆ ਅਤੇ ਜੀਵਨ ਮਿਆਰ ਦੀਆਂ ਬੁਨਿਆਦਾਂ ਨੂੰ ਹੀ ਖੋਰਾ ਲਗ ਜਾਵੇਗਾ। ਇਸੇ ਲਈ, ਸਾਨੂੰ ਜ਼ਮੀਨ ਤੇ ਇਸ ਦੇ ਸਰੋਤਾਂ ਉੱਤੇ ਪਏ ਅਥਾਹ ਬੋਝ ਨੂੰ ਘਟਾਉਣਾ ਹੋਵੇਗਾ। ਸਪੱਸ਼ਟ ਤੌਰ ‘ਤੇ, ਬਹੁਤ ਸਾਰਾ ਕੰਮ ਹਾਲੇ ਸਾਡੇ ਸਾਹਮਣੇ ਕਰਨ ਵਾਲਾ ਪਿਆ ਹੈ। ਪਰ ਅਸੀਂ ਇਸ ਨੂੰ ਕਰ ਸਕਦੇ ਹਾਂ। ਅਸੀਂ ਇਕਜੁੱਟ ਹੋ ਕੇ ਇਸ ਨੂੰ ਕਰ ਸਕਦੇ ਹਾਂ।

 

ਸ਼੍ਰੀਮਾਨ ਪ੍ਰਧਾਨ ਜੀ,

 

ਭਾਰਤ ‘ਚ, ਅਸੀਂ ਜ਼ਮੀਨ ਨੂੰ ਸਦਾ ਮਹੱਤਵ ਦਿੱਤਾ ਹੈ ਤੇ ਪਵਿੱਤਰ ਧਰਤੀ ਨੂੰ ਆਪਣੀ ਮਾਂ ਸਮਝਿਆ ਹੈ। ਭਾਰਤ ਨੇ ਕੌਮਾਂਤਰੀ ਫ਼ੋਰਮਾਂ ਉੱਤੇ ਜ਼ਮੀਨ ਨੂੰ ਖੋਰਾ ਲਗਣ ਜਿਹੇ ਮੁੱਦੇ ਉਜਾਗਰ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਈ। ਸਾਲ 2019 ਦੇ ਦਿੱਲੀ ਐਲਾਨਨਾਮੇ ਵਿੱਚ ਜ਼ਮੀਨ ਤੱਕ ਬਿਹਤਰ ਪਹੁੰਚ ਤੇ ਉਸ ਦੀ ਸਾਂਭ–ਸੰਭਾਲ ਕਰਨ ਦਾ ਸੱਦਾ ਦਿੱਤਾ ਗਿਆ ਸੀ ਅਤੇ ਲਿੰਗ–ਪੱਖੋਂ ਸੰਵੇਦਨਸ਼ੀਲ ਪਰਿਵਰਤਨਸ਼ੀਲ ਪ੍ਰੋਜੈਕਟਾਂ ਉੱਤੇ ਜ਼ੋਰ ਦਿੱਤਾ ਗਿਆ ਸੀ। ਭਾਰਤ ‘ਚ ਪਿਛਲੇ 10 ਸਾਲਾਂ ਦੌਰਾਨ ਲਗਭਗ 30 ਲੱਖ ਰਕਬਾ ਵਣਾਂ ਅਧੀਨ ਲਿਆਂਦਾ ਗਿਆ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਸ ਨਾਲ ਵਣ–ਅਧੀਨ ਖੇਤਰ ਦੇਸ਼ ਦੇ ਕੁੱਲ ਖੇਤਰ ਦੇ ਮੁਕਾਬਲੇ ਵਧ ਕੇ ਤਕਰੀਬਨ ਇੱਕ–ਚੌਥਾਈ ਹੋ ਗਿਆ ਹੈ।

 

ਅਸੀਂ ਹੁਣ ਜ਼ਮੀਨ ਨੂੰ ਬੰਜਰ ਬਣਨ ਤੋਂ ਰੋਕਣ ਦੀ ਆਪਣੀ ਰਾਸ਼ਟਰੀ ਪ੍ਰਤੀਬੱਧਤਾ ਹਾਸਲ ਕਰਨ ਦੀ ਲੀਹ ‘ਤੇ ਹਾਂ। ਅਸੀਂ ਸਾਲ 2030 ਤੱਕ ਬੰਜਰ ਹੋਈ 2.60 ਕਰੋੜ ਹੈਕਟੇਅਰ ਜ਼ਮੀਨ ਨੂੰ ਬਹਾਲ ਕਰਨ ਲਈ ਵੀ ਕੰਮ ਕਰ ਰਹੇ ਹਾਂ। ਇਸ ਨਾਲ 2.5 ਤੋਂ ਲੈ ਕੇ 3 ਅਰਬ ਟਨ ਕਾਰਬਨ ਡਾਈਆਕਸਾਈਡ ਦੇ ਸਮਾਨ ਵਾਧੂ ਕਾਰਬਨ ਸਿੰਕ ਹਾਸਲ ਕਰਨ ਦੀ ਭਾਰਤ ਦੀ ਪ੍ਰਤੀਬੱਧਤਾ ਦਾ ਯੋਗਦਾਨ ਪਵੇਗਾ।

 

ਸਾਡਾ ਮੰਨਣਾ ਹੈ ਕਿ ਜ਼ਮੀਨ ਦੀ ਬਹਾਲੀ ਨਾਲ ਮਿੱਟੀ ਦੀ ਚੰਗੀ ਸਿਹਤ, ਜ਼ਮੀਨ ਦੀ ਵਧੀ ਹੋਈ ਉਤਪਾਦਕਤਾ, ਅਨਾਜ ਸੁਰੱਖਿਆ ਤੇ ਸੁਧਰੀਆਂ ਆਜੀਵਿਕਾਵਾਂ ਦਾ ਵਧੀਆ ਚੱਕਰ ਸ਼ੁਰੂ ਹੋ ਸਕਦਾ ਹੈ। ਭਾਰਤ ਦੇ ਬਹੁਤੇ ਭਾਗਾਂ ਵਿੱਚ, ਅਲਸੀਂ ਕੁਝ ਨਿਕੇਵਲੀਆਂ ਪਹੁੰਚਾਂ ਅਪਣਾਈਆਂ ਹਨ। ਸਿਰਫ਼ ਇੱਕ ਮਿਸਾਲ ਦਿੱਤੀ ਜਾ ਸਕਦੀ ਹੈ; ਗੁਜਰਾਤ ਦੇ ਕੱਛ ਦੇ ਰਣ ਵਿੱਚ ਸਥਿਤ ਬਾਨੀ ਖੇਤਰ ਦੀ ਜ਼ਮੀਨ ਨੂੰ ਵੱਡੇ ਪੱਧਰ ਉੱਤੇ ਖੋਰਾ ਲਗ ਰਿਹਾ ਸੀ ਤੇ ਉੱਥੇ ਬਹੁਤ ਘੱਟ ਮੀਂਹ ਪੈਂਦਾ ਸੀ। ਉਸ ਖ਼ਿੱਤੇ ਵਿੱਚ ਜ਼ਮੀਨ ਦੀ ਬਹਾਲੀ ਘਾਹ ਦੇ ਮੈਦਾਨ ਵਿਕਸਿਤ ਕਰਕੇ ਕੀਤੀ ਗਈ ਸੀ, ਜਿਸ ਨੇ ਜ਼ਮੀਨ ਨੂੰ ਖੋਰਾ ਲਗਣ ਤੋਂ ਰੋਕਣ ਦਾ ਟੀਚਾ ਹਾਸਲ ਕਰਨ ਵਿੱਚ ਮਦਦ ਕੀਤੀ। ਇਸ ਨਾਲ ਪਸ਼ੂ–ਪਾਲਣ ਨੂੰ ਉਤਸ਼ਾਹਿਤ ਕਰਕੇ ਚਰਾਗਾਹ ਦੀਆਂ ਗਤੀਵਿਧੀਆਂ ਅਤੇ ਆਜੀਵਿਕਾ ਹਾਸਲ ਕਰਨ ਵਿੱਚ ਵੀ ਮਦਦ ਮਿਲਦੀ ਹੈ। ਉਸੇ ਭਾਵਨਾ ਨਾਲ, ਸਾਨੂੰ ਜ਼ਮੀਨ ਦੀ ਬਹਾਲੀ ਲਈ ਪ੍ਰਭਾਵੀ ਰਣਨੀਤੀਆਂ ਉਲੀਕਣ ਤੇ ਦੇਸੀ ਤਕਨੀਕਾਂ ਉਤਸ਼ਾਹਿਤ ਕਰਨ ਦੀ ਜ਼ਰੂਰਤ ਹੈ।

 

ਸ਼੍ਰੀਮਾਨ ਪ੍ਰਧਾਨ ਜੀ,

 

ਜ਼ਮੀਨ ਨੂੰ ਖੋਰਾ ਲਗਣਾ ਵਿਕਾਸਸ਼ੀਲ ਵਿਸ਼ਵ ਲਈ ਇੱਕ ਵਿਸ਼ੇਸ਼ ਚੁਣੌਤੀ ਹੈ। ਦੱਖਣ–ਦੱਖਣੀ ਸਹਿਯੋਗ ਦੀ ਭਾਵਨਾ ਵਿੱਚ, ਭਾਰਤ ਜ਼ਮੀਨ ਬਹਾਲੀ ਨਾਲ ਸਬੰਧਿਤ ਰਣਨੀਤੀਆਂ ਵਿਕਸਿਤ ਕਰਨ ਲਈ ਸਾਥੀ ਵਿਕਾਸਸ਼ੀਲ ਦੇਸ਼ਾਂ ਦੀ ਮਦਦ ਕਰ ਰਿਹਾ ਹੈ। ਜ਼ਮੀਨ ਨੂੰ ਖੋਰਾ ਲਗਣ ਦੇ ਮੁੱਦਿਆਂ ਲਈ ਇੱਕ ਵਿਗਿਆਨਕ ਪਹੁੰਚ ਨੂੰ ਉਤਸ਼ਾਹਿਤ ਕਰਨ ਵਾਸਤੇ ਭਾਰਤ ਵਿੱਚ ਇੱਕ ‘ਸੈਂਟਰ ਆਵ੍ ਐਕਸਲੈਂਸ’ ਸਥਾਪਤ ਕੀਤਾ ਜਾ ਰਿਹਾ ਹੈ। 

 

ਸ਼੍ਰੀਮਾਨ ਪ੍ਰਧਾਨ ਜੀ,

 

ਇਹ ਮਨੁੱਖਤਾ ਦੀ ਸਮੂਹਿਕ ਜ਼ਿੰਮੇਵਾਰੀ ਹੈ ਕਿ ਮਨੁੱਖੀ ਗਤੀਵਿਧੀ ਦੁਆਰਾ ਭੂਮੀ ਨੂੰ ਹੋਏ ਨੁਕਸਾਨ ਨੂੰ ਪਲਟਿਆ ਜਾਵੇ। ਇਹ ਸਾਡਾ ਪਵਿੱਤਰ ਫ਼ਰਜ਼ ਹੈ ਕਿ ਸਾਡੀਆਂ ਭਵਿੱਖ ਦੀਆਂ ਪੀੜ੍ਹੀਆਂ ਲਈ ਇੱਕ ਸਿਹਤਮੰਦ ਗ੍ਰਹਿ ਛੱਡ ਕੇ ਜਾਈਏ। ਉਨ੍ਹਾਂ ਤੇ ਸਾਡੀ ਭਲਾਈ ਲਈ, ਮੈਂ ਇਸ ਉੱਚ–ਪੱਧਰੀ ਗੱਲਬਾਤ ਮੌਕੇ ਸਿਰਜਣਾਤਮਕ ਵਿਚਾਰ–ਵਟਾਂਦਰਿਆਂ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।

 

ਤੁਹਾਡਾ ਧੰਨਵਾਦ,

ਤੁਹਾਡਾ ਬਹੁਤ ਧੰਨਵਾਦ।

 

 

*****

 

ਡੀਐੱਸ



(Release ID: 1727102) Visitor Counter : 241