ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਪ੍ਰਵਾਨਿਤ ਡਰਾਈਵਰ ਸਿਖਲਾਈ ਕੇਂਦਰਾਂ ਲਈ ਨਿਯਮਾਂ ਨੂੰ ਸੂਚਿਤ ਕੀਤਾ


01 ਜੁਲਾਈ 2021 ਤੋਂ ਲਾਗੂ ਹੋਣ ਵਾਲੇ ਨੋਟੀਫਾਈਡ ਨਿਯਮ

Posted On: 11 JUN 2021 2:10PM by PIB Chandigarh

ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ (ਐੱਮਆਰਟੀਐੱਚ) ਨੇ ਮਾਨਤਾ ਪ੍ਰਾਪਤ ਡਰਾਈਵਰ ਸਿਖਲਾਈ ਕੇਂਦਰਾਂ ਲਈ ਨਿਯਮਾਂ ਨੂੰ ਲਾਜ਼ਮੀ ਤੌਰ ’ਤੇ ਸੂਚਿਤ ਕੀਤਾ ਹੈ| ਇਹ ਨਿਯਮ 01 ਜੁਲਾਈ, 2021 ਤੋਂ ਲਾਗੂ ਹੋਣਗੇ। ਇਹ ਅਜਿਹੇ ਕੇਂਦਰਾਂ ਵਿੱਚ ਦਾਖਲ ਹੋਣ ਵਾਲੇ ਉਮੀਦਵਾਰਾਂ ਨੂੰ ਸਹੀ ਸਿਖਲਾਈ ਅਤੇ ਗਿਆਨ ਪ੍ਰਦਾਨ ਕਰਨ ਵਿੱਚ ਸਹਾਇਤਾ ਕਰੇਗਾ। ਪ੍ਰਵਾਨਿਤ ਡਰਾਈਵਰ ਸਿਖਲਾਈ ਕੇਂਦਰਾਂ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਇਸ ਤਰ੍ਹਾਂ ਹਨ: -

1. ਕੇਂਦਰਾਂ ਨੂੰ ਸਿਮੂਲੇਟਰਾਂ ਅਤੇ ਸਮਰਪਿਤ ਡ੍ਰਾਇਵਿੰਗ ਟੈਸਟ ਟਰੈਕ ਨਾਲ ਲੈਸ ਕੀਤਾ ਜਾਵੇਗਾ ਤਾਂ ਜੋ ਉਮੀਦਵਾਰਾਂ ਨੂੰ ਉੱਚ ਪੱਧਰੀ ਸਿਖਲਾਈ ਦਿੱਤੀ ਜਾ ਸਕੇ|

2. ਮੋਟਰ ਵਹੀਕਲਜ਼ ਐਕਟ, 1988 ਅਧੀਨ ਲੋੜੀਂਦੇ ਬਿਹਤਰ ਅਤੇ ਤਾਜ਼ਾ ਕੋਰਸ ਇਨ੍ਹਾਂ ਕੇਂਦਰਾਂ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ|

3. ਉਹ ਉਮੀਦਵਾਰ, ਜੋ ਇਨ੍ਹਾਂ ਕੇਂਦਰਾਂ ’ਤੇ ਸਫ਼ਲਤਾਪੂਰਵਕ ਟੈਸਟ ਪਾਸ ਕਰਦੇ ਹਨ, ਉਨ੍ਹਾਂ ਨੂੰ ਡਰਾਈਵਿੰਗ ਲਾਇਸੈਂਸ ਲਈ ਬਿਨੈ ਕਰਨ ਸਮੇਂ, ਡਰਾਈਵਿੰਗ ਟੈਸਟ ਦੀ ਜ਼ਰੂਰਤ ਤੋਂ ਛੋਟ ਮਿਲੇਗੀ, ਜੋ ਇਸ ਸਮੇਂ ਖੇਤਰੀ ਆਵਾਜਾਈ ਦਫ਼ਤਰ (ਆਰਟੀਓ) ਦੁਆਰਾ ਲਿਆ ਜਾ ਰਿਹਾ ਹੈ| ਇਹ ਡਰਾਈਵਰਾਂ ਨੂੰ ਅਜਿਹੇ ਮਾਨਤਾ ਪ੍ਰਾਪਤ ਡਰਾਈਵਿੰਗ ਸਿਖਲਾਈ ਕੇਂਦਰਾਂ ਵਿੱਚੋਂ ਸਿਖਲਾਈ ਪ੍ਰਾਪਤ ਕਰਨ ਤੋਂ ਬਾਅਦ ਡਰਾਈਵਿੰਗ ਲਾਇਸੈਂਸ ਲੈਣ ਵਿੱਚ ਸਹਾਇਤਾ ਕਰੇਗਾ|

4. ਇਨ੍ਹਾਂ ਕੇਂਦਰਾਂ ਨੂੰ ਉਦਯੋਗ-ਸੰਬੰਧੀ ਵਿਸ਼ੇਸ਼ ਸਿਖਲਾਈ ਵੀ ਪ੍ਰਦਾਨ ਕਰਨ ਦੀ ਆਗਿਆ ਹੈ|

ਹੁਨਰਮੰਦ ਡਰਾਈਵਰਾਂ ਦੀ ਘਾਟ ਭਾਰਤੀ ਰੋਡਵੇਜ਼ ਖੇਤਰ ਦਾ ਸਭ ਤੋਂ ਵੱਡਾ ਮੁੱਦਾ ਹੈ ਅਤੇ ਸੜਕ ਨਿਯਮਾਂ ਦੀ ਜਾਣਕਾਰੀ ਦੀ ਘਾਟ ਕਾਰਨ ਵੱਡੀ ਗਿਣਤੀ ਵਿੱਚ ਸੜਕ ਹਾਦਸੇ ਵਾਪਰਦੇ ਹਨ। ਮੋਟਰ ਵਾਹਨ (ਸੋਧ) ਐਕਟ 2019 ਦੀ ਧਾਰਾ 8 ਕੇਂਦਰ ਸਰਕਾਰ ਨੂੰ ਡਰਾਈਵਰ ਟ੍ਰੇਨਿੰਗ ਸੈਂਟਰਾਂ ਦੀ ਪ੍ਰਵਾਨਗੀ ਸੰਬੰਧੀ ਨਿਯਮ ਬਣਾਉਣ ਦਾ ਅਧਿਕਾਰ ਦਿੰਦੀ ਹੈ।

*****

ਐੱਮਜੇਪੀਐੱਸ/ ਆਰਆਰ(Release ID: 1726388) Visitor Counter : 200