ਪ੍ਰਧਾਨ ਮੰਤਰੀ ਦਫਤਰ
ਸਿੱਖਿਆ ਮੰਤਰਾਲੇ ਦੁਆਰਾ 12ਵੀਂ ਕਲਾਸ ਦੇ ਵਿਦਿਆਰਥੀਆਂ ਲਈ ਆਯੋਜਿਤ ਵਰਚੁਅਲ ਸੈਸ਼ਨ ‘ਚ ਪ੍ਰਧਾਨ ਮੰਤਰੀ ਅਚਾਨਕ ਹੈਰਾਨੀਜਨਕ ਢੰਗ ਨਾਲ ਸ਼ਾਮਲ ਹੋਏ
ਕਾਹਲੀ ‘ਚ ਸੱਦੇ ਇਸ ਸੈਸ਼ਨ ਦੌਰਾਨ ਵਿਦਿਆਰਥੀਆਂ–ਮਾਪਿਆਂ ਨੇ 12ਵੀਂ ਦੀਆਂ ਪਰੀਖਿਆਵਾਂ ਰੱਦ ਕਰਨ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ
Posted On:
03 JUN 2021 9:41PM by PIB Chandigarh
ਸਿੱਖਿਆ ਮੰਤਰਾਲੇ ਦੁਆਰਾ ਆਯੋਜਿਤ ਇੱਕ ਵਰਚੁਅਲ ਸੈਸ਼ਨ ਲਈ ਇਕੱਠੇ ਹੋਏ 12ਵੀਂ ਕਲਾਸ ਦੇ ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਉਸ ਵੇਲੇ ਹੈਰਾਨ ਤੇ ਖ਼ੁਸ਼ ਹੋ ਗਏ, ਜਦੋਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਕਾਹਲੀ ‘ਚ ਸੱਦੇ ਇਸ ਸੈਸ਼ਨ ਵਿੱਚ ਅਚਾਨਕ ਆ ਕੇ ਸ਼ਾਮਲ ਹੋ ਗਏ। ਸਿੱਖਿਆ ਮੰਤਰਾਲੇ ਨੇ ਸੀਬੀਐੱਸਈ ਦੀਆਂ 12ਵੀਂ ਕਲਾਸ ਦੀਆਂ ਪਰੀਖਿਆਵਾਂ ਰੱਦ ਕੀਤੇ ਜਾਣ ਦੇ ਮੱਦੇਨਜ਼ਰ ਇਹ ਸੈਸ਼ਨ ਰੱਖਿਆ ਸੀ। ਪ੍ਰਧਾਨ ਮੰਤਰੀ ਨੇ ਆਪਣਾ ਸੰਬੋਧਨ ਇੰਝ ਸ਼ੁਰੂ ਕੀਤਾ ‘ਆਸ ਹੈ ਕਿ ਮੈਂ ਤੁਹਾਡੀ ਆੱਨਲਾਈਨ ਬੈਠਕ ਵਿੱਚ ਕੋਈ ਵਿਘਨ ਨਹੀਂ ਪਾਇਆ’; ਇਹ ਦੇਖ ਤੇ ਸੁਣ ਕੇ ਵਿਦਿਆਰਥੀ ਹੈਰਾਨ ਹੋ ਗਏ ਤੇ ਆਪਣੇ ਪ੍ਰਧਾਨ ਮੰਤਰੀ ਨੂੰ ਆਪਣੇ ਵਿਚਕਾਰ ਦੇਖ ਕੇ ਮੁਸਕਰਾਉਣ ਲਗੇ। ਸ਼੍ਰੀ ਮੋਦੀ ਨੇ ਉਸ ਮੌਕੇ ਦੀ ਭਾਵਨਾ ਦਾ ਖ਼ਿਆਲ ਰੱਖਦੇ ਹੋਏ ਨੋਟ ਕੀਤਾ ਕਿ ਪਰੀਖਿਆ ਦਾ ਦਬਾਅ ਖ਼ਤਮ ਹੋ ਚੁੱਕਿਆ ਹੈ ਤੇ ਉਨ੍ਹਾਂ ਰਾਹਤ ਮਹਿਸੂਸ ਕਰ ਰਹੇ ਵਿਦਿਆਰਥੀਆਂ ਨਾਲ ਕੁਝ ਹਲਕੇ–ਫੁਲਕੇ ਛਿਣ ਸਾਂਝੇ ਕੀਤੇ। ਉਨ੍ਹਾਂ ਆਪਣੀਆਂ ਕੁਝ ਨਿਜੀ ਯਾਦਾਂ ਸਾਂਝੀਆਂ ਕਰਕੇ ਵਿਦਿਆਰਥੀਆਂ ਨੂੰ ਹੋਰ ਰਾਹਤ ਦਿੱਤੀ। ਜਦੋਂ ਪੰਚਕੂਲਾ ਦੇ ਇੱਕ ਵਿਦਿਆਰਥੀ ਨੇ ਪਿਛਲੇ ਕਈ ਦਿਨਾਂ ਤੋਂ ਚਲ ਰਹੇ ਪਰੀਖਿਆਵਾਂ ਦੇ ਤਣਾਅ ਦੀ ਗੱਲ ਕੀਤੀ, ਤਾਂ ਪ੍ਰਧਾਨ ਮੰਤਰੀ ਨੇ ਉਸ ਦੀ ਰਿਹਾਇਸ਼ ਦੇ ਸੈਕਟਰ ਬਾਰੇ ਪੁੱਛਿਆ ਤੇ ਫਿਰ ਦੱਸਿਆ ਕਿ ਉਹ ਖ਼ੁਦ ਵੀ ਉਸ ਇਲਾਕੇ ‘ਚ ਬਹੁਤ ਲੰਬਾ ਸਮਾਂ ਰਹਿ ਚੁੱਕੇ ਹਨ।
ਬੱਚਿਆਂ ਨੇ ਪ੍ਰਧਾਨ ਮੰਤਰੀ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ ਤੇ ਆਪਣੀਆਂ ਚਿੰਤਾਵਾਂ ਤੇ ਵਿਚਾਰ ਸਾਂਝੇ ਕੀਤੇ। ਸੋਲਨ, ਹਿਮਾਚਲ ਪ੍ਰਦੇਸ਼ ਦੇ ਇੱਕ ਵਿਦਿਆਰਥੀ ਨੇ ਮਹਾਮਾਰੀ ਦੇ ਚਲਦਿਆਂ ਪਰੀਖਿਆਵਾਂ ਰੱਦ ਕਰਨ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਤੇ ਇਸ ਨੂੰ ਇੱਕ ਚੰਗਾ ਫ਼ੈਸਲਾ ਆਖ ਕੇ ਇਸ ਦੀ ਸ਼ਲਾਘਾ ਕੀਤੀ। ਇੱਕ ਵਿਦਿਆਰਥਣ ਨੇ ਇਸ ਗੱਲ ਉੱਤੇ ਅਫ਼ਸੋਸ ਪ੍ਰਗਟਾਇਆ ਕਿ ਕੁਝ ਲੋਕ ਮਾਸਕ ਪਹਿਨਣ, ਸਮਾਜਿਕ ਦੂਰੀ ਬਣਾ ਕੇ ਰੱਖਣ ਜਿਹੇ ਕੋਵਿਡ ਪ੍ਰੋਟੋਕੋਲਸ ਦੀ ਪਾਲਣਾ ਨਹੀਂ ਕਰ ਰਹੇ। ਉਸ ਨੇ ਆਪਣੇ ਇਲਾਕੇ ਵਿੱਚ ਆਪਣੇ ਦੁਆਰਾ ਕੀਤੀਆਂ ਜਾਗਰੂਕਤਾ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਵਿਦਿਆਰਥੀਆਂ ‘ਚ ਸਪਸ਼ਟ ਰਾਹਤ ਦੇਖੀ ਗਈ ਕਿਉਂਕਿ ਉਹ ਮਹਾਮਾਰੀ ਦੇ ਖ਼ਤਰੇ ਤੋਂ ਚਿੰਤਤ ਸਨ, ਉਨ੍ਹਾਂ ਵਿੱਚੋਂ ਬਹੁਤਿਆਂ ਨੇ ਪਰੀਖਿਆਵਾਂ ਰੱਦ ਕਰਨ ਦੇ ਫ਼ੈਸਲੇ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਮਾਪਿਆਂ ਨੇ ਵੀ ਇਸ ਫ਼ੈਸਲੇ ਨੂੰ ਬਹੁਤ ਸਕਾਰਾਤਮਕ ਢੰਗ ਨਾਲ ਲਿਆ। ਖੁੱਲ੍ਹੀ ਅਤੇ ਸਿਹਤਮੰਦ ਵਿਚਾਰ–ਚਰਚਾ ਦੀ ਭਾਵਨਾ ਵਿੱਚ ਪ੍ਰਧਾਨ ਮੰਤਰੀ ਨੇ ਸਹਿਜ–ਸੁਭਾਵਕ ਢੰਗ ਨਾਲ ਸਾਰੇ ਮਾਪਿਆਂ ਨੂੰ ਵੀ ਇਸ ਗੱਲਬਾਤ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।
ਜਦੋਂ ਪ੍ਰਧਾਨ ਮੰਤਰੀ ਨੇ ਪਰੀਖਿਆਵਾਂ ਰੱਦ ਹੋਣ ਤੋਂ ਬਾਅਦ ਅਚਾਨਕ ਪੈਦਾ ਹੋਏ ਖ਼ਲਾਅ ਬਾਰੇ ਪੁੱਛਿਆ, ਤਾਂ ਇੱਕ ਵਿਦਿਆਰਥਣ ਨੇ ਜਵਾਬ ਦਿੱਤਾ ‘ਸ਼੍ਰੀਮਾਨ ਜੀ, ਤੁਸੀਂ ਕਿਹਾ ਹੈ ਕਿ ਪਰੀਖਿਆਵਾਂ ਦਾ ਜਸ਼ਨ ਇੱਕ ਮੇਲੇ ਵਾਂਗ ਮਨਾਉਣਾ ਚਾਹੀਦਾ ਹੈ। ਇਸੇ ਲਈ ਮੇਰੇ ਮਨ ਵਿੱਚ ਕਿਤੇ ਵੀ ਪਰੀਖਿਆਵਾਂ ਦਾ ਕੋਈ ਡਰ ਨਹੀਂ ਸੀ।’ ਗੁਵਾਹਾਟੀ ਦੀ ਇਸ ਵਿਦਿਆਰਥਣ ਨੇ ਆਪਣੇ ਅਜਿਹੇ ਵਿਚਾਰ ਦਾ ਸਿਹਰਾ ਪ੍ਰਧਾਨ ਮੰਤਰੀ ਦੀ ਕਿਤਾਬ ‘ਇਗਜ਼ਾਮ ਵਾਰੀਅਰਸ’ ਸਿਰ ਬੰਨ੍ਹਿਆ। ਉਸ ਨੇ ਦੱਸਿਆ ਕਿ ਉਹ 10ਵੀਂ ਕਲਾਸ ਵਿੱਚ ਸੀ, ਜਦ ਤੋਂ ਉਹ ਇਹ ਪੁਸਤਕ ਪੜ੍ਹਦੀ ਆ ਰਹੀ ਹੈ। ਵਿਦਿਆਰਥੀਆਂ ਨੇ ਅਨਿਸ਼ਚਿਤ ਸਮਿਆਂ ਦਾ ਸਾਹਮਣਾ ਕਰਨ ਵਿੱਚ ਯੋਗ ਨੂੰ ਇੱਕ ਵੱਡੀ ਮਦਦ ਕਰਾਰ ਦਿੱਤਾ।
ਇਹ ਸਾਰੀ ਗੱਲਬਾਤ ਇੰਨੀ ਸਹਿਜ–ਸੁਭਾਵਕ ਰਹੀ ਕਿ ਪ੍ਰਧਾਨ ਮੰਤਰੀ ਨੂੰ ਇਸ ਨੂੰ ਸੰਗਠਿਤ ਕਰਨ ਲਈ ਇੱਕ ਤਰੀਕਾ ਲੱਭਣਾ ਪਿਆ। ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਕਾਗਜ਼ ਦੇ ਇੱਕ ਟੁਕੜੇ ਉੱਤੇ ਆਪੋ–ਆਪਣੇ ਸ਼ਨਾਖ਼ਤੀ ਨੰਬਰ ਲਿਖਣ ਲਈ ਕਿਹਾ, ਤਾਂ ਜੋ ਉਹ ਉਨ੍ਹਾਂ ਨੂੰ ਸੱਦ ਸਕਣ ਤੇ ਤਾਲਮੇਲ ਕਾਇਮ ਕਰ ਸਕਣ। ਉਤਸ਼ਾਹੀ ਵਿਦਿਆਰਥੀਆਂ ਨੇ ਚਾਈਂ–ਚਾਈਂ ਇੰਝ ਹੀ ਕੀਤਾ। ਪ੍ਰਧਾਨ ਮੰਤਰੀ ਨੂੰ ਇਸ ਵਿਚਾਰ–ਚਰਚਾ ਦਾ ਪਸਾਰ ਕਰਨ ਲਈ ਪਰੀਖਿਆਵਾਂ ਰੱਦ ਕਰਨ ਦੇ ਫ਼ੈਸਲੇ ਤੋਂ ਇਲਾਵਾ ਹੋਰ ਵਿਸ਼ਿਆਂ ਬਾਰੇ ਵੀ ਗੱਲ ਕਰਨ ਦੀ ਹਦਾਇਤ ਕੀਤੀ। ਤਦ ਵਿਦਿਆਰਥੀਆਂ ਤੇ ਮਾਪਿਆਂ ਨੇ ਡਾਂਸ, ਯੂ–ਟਿਊਬ ਸੰਗੀਤ ਚੈਨਲ, ਕਸਰਤ ਤੇ ਸਿਆਸਤ ਜਿਹੇ ਅਨੇਕ ਵਿਸ਼ੇ ਛੂਹੇ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਆਪੋ–ਆਪਣੇ ਖੇਤਰਾਂ ਦੇ ਹਵਾਲੇ ਨਾਲ ਖ਼ਾਸ ਤੌਰ ਉੱਤੇ ਭਾਰਤ ਦੀ ਆਜ਼ਾਦੀ ਦੇ 75 ਸਾਲਾਂ ਬਾਰੇ ਖੋਜ ਕਰਨ ਤੇ ਇੱਕ ਲੇਖ ਲਿਖਣ ਲਈ ਕਿਹਾ।
ਇਸ ਬੈਠਕ ਦੌਰਾਨ ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਦੀ ਟੀਮ–ਭਾਵਨਾ ਦੀ ਸ਼ਲਾਘਾ ਕੀਤੀ, ਜੋ ਕੋਵਿਡ–19 ਦੀ ਦੂਸਰੀ ਲਹਿਰ ਦੌਰਾਨ ਉਨ੍ਹਾਂ ਦੀ ਜਨਤਕ ਸ਼ਮੂਲੀਅਤ ਤੇ ਟੀਮਵਰਕ ਦੁਆਰਾ ਦੇਖਿਆ ਗਿਆ। ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨੂੰ ਪੁੱਛਿਆ ਕਿ ਕੀ ਉਹ ਆਈਪੀਐੱਲ, ਚੈਂਪੀਅਨਸ ਲੀਗ ਦੇਖਣਗੇ ਕਿ ਜਾਂ ਉਹ ਓਲੰਪਿਕਸ ਜਾਂ ਅੰਤਰਰਾਸ਼ਟਰੀ ਯੋਗ ਦਿਵਸ ਦੀ ਉਡੀਕ ਕਰਨਗੇ; ਤਾਂ ਇੱਕ ਵਿਦਿਆਰਥਣ ਨੇ ਜਵਾਬ ਦਿੱਤਾ ਕਿ ਹੁਣ ਉਸ ਨੂੰ ਕਾਲਜ ‘ਚ ਦਾਖ਼ਲਾ ਲੈਣ ਲਈ ਦਾਖ਼ਲਾ ਪਰੀਖਿਆ ਦੀ ਤਿਆਰੀ ਕਰਨ ਵਾਸਤੇ ਕਾਫ਼ੀ ਸਮਾਂ ਮਿਲ ਗਿਆ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਪਰੀਖਿਆਵਾਂ ਰੱਦ ਹੋਣ ਤੋਂ ਬਾਅਦ ਹੁਣ ਆਪਣਾ ਸਮੇਂ ਦਾ ਉਪਯੋਗ ਸਿਰਜਣਾਤਮਕ ਤਰੀਕੇ ਨਾਲ ਕਰਨ।
****
ਡੀਐੱਸ
(Release ID: 1724295)
Read this release in:
Telugu
,
English
,
Urdu
,
Marathi
,
Hindi
,
Assamese
,
Manipuri
,
Bengali
,
Gujarati
,
Odia
,
Tamil
,
Kannada
,
Malayalam