ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਚੱਕਰਵਾਤੀ ਤੁਫਾਨ ਯਾਸ ਦੇ ਪ੍ਰਭਾਵ ਦੀ ਸਮੀਖਿਆ ਲਈ ਆਯੋਜਿਤ ਬੈਠਕ ਦੀ ਪ੍ਰਧਾਨਗੀ ਕੀਤੀ


ਚੱਕਰਵਾਤੀ ਤੁਫਾਨ ਯਾਸ ਨਾਲ ਨਿਪਟਣ ਲਈ ਐੱਨਡੀਆਰਐੱਫ ਦੀਆਂ 106 ਟੀਮਾਂ ਨੂੰ ਤੈਨਾਤ ਕੀਤਾ ਗਿਆ

ਇਹ ਸੁਨਿਸ਼ਚਿਤ ਕਰੋ ਕਿ ਆਮ ਜਨ-ਜੀਵਨ ਜਲਦੀ ਤੋਂ ਜਲਦੀ ਬਹਾਲ ਹੋ ਜਾਵੇ: ਪ੍ਰਧਾਨ ਮੰਤਰੀ

Posted On: 27 MAY 2021 3:50PM by PIB Chandigarh

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਚੱਕਰਵਾਤੀ ਤੁਫਾਨ ਯਾਸ ਦੇ ਪ੍ਰਭਾਵ ਦੀ ਸਮੀਖਿਆ ਕਰਨ ਲਈ ਇੱਕ ਬੈਠਕ ਦੀ ਪ੍ਰਧਾਨਗੀ ਕੀਤੀ। ਅਧਿਕਾਰੀਆਂ ਨੇ ਤੁਫਾਨ ਨਾਲ ਨਿਪਟਣ ਦੀ ਤਿਆਰੀ ਦੇ ਵੱਖ-ਵੱਖ ਪਹਿਲੂਆਂ, ਨੁਕਸਾਨਾਂ ਦਾ ਅੰਦਾਜ਼ਾ ਅਤੇ ਸਬੰਧਿਤ ਮਾਮਲਿਆਂ ਬਾਰੇ ਇੱਕ ਵਿਸਤ੍ਰਿਤ ਪੇਸ਼ਕਾਰੀ ਦਿੱਤੀ।

 

ਇਸ ਦੌਰਾਨ ਇਹ ਚਰਚਾ ਕੀਤੀ ਗਈ ਕਿ ਐੱਨਡੀਆਰਐੱਫ ਦੀਆਂ ਲਗਭਗ 106 ਟੀਮਾਂ ਨੂੰ ਤੈਨਾਤ ਕੀਤਾ ਗਿਆ ਸੀ। ਪੱਛਮ ਬੰਗਾਲ/ਓਡੀਸ਼ਾ ਵਿੱਚ 46-46 ਟੀਮਾਂ  ਤੈਨਾਤ ਕੀਤੀਆਂ ਗਈਆਂ ਸਨ ਜਿਨ੍ਹਾਂ ਨੇ 1000 ਤੋਂ ਵੱਧ ਵਿਅਕਤੀਆਂ ਦੀ ਜਾਨ ਬਚਾਈ ਅਤੇ 2500 ਤੋਂ ਵੱਧ ਰੁੱਖ/ਖੰਭੇ ਹਟਾਏ ਜੋ ਸੜਕਾਂ 'ਤੇ ਡਿੱਗ ਕੇ ਆਵਾਜਾਈ ਵਿੱਚ ਰੁਕਾਵਟ ਬਣ ਗਏ ਸਨ। ਡਿਫੈਂਸ ਫੋਰਸਿਜ਼ ਅਰਥਾਤ ਆਰਮੀ ਅਤੇ ਕੋਸਟ ਗਾਰਡ ਨੇ ਵੱਖ-ਵੱਖ ਸਥਾਨਾਂ ’ਤੇ ਫਸੇ ਵਿਅਕਤੀਆਂ ਨੂੰ ਬਚਾਇਆ, ਜਦਕਿ ਨੇਵੀ ਅਤੇ ਏਅਰ ਫੋਰਸ ਨੂੰ ਅਲਰਟ ਰੱਖਿਆ ਗਿਆ ਸੀ।

 

ਭਾਂਵੇਂ ਕਿ ਸਬੰਧਿਤ ਰਾਜ ਚੱਕਰਵਾਤੀ ਤੁਫਾਨ ਦੀ ਵਜ੍ਹਾ ਨਾਲ ਹੋਏ ਨੁਕਸਾਨ ਦਾ ਅਨੁਮਾਨ ਲਗਾਉਣ ਵਿੱਚ  ਲਗੇ ਹੋਏ ਹਨ, ਪਰ ਉਪਲਬਧ ਪ੍ਰਾਰੰਭਿਕ ਰਿਪੋਰਟਾਂ ਤੋਂ ਪਤਾ ਚਲਦਾ ਹੈ ਕਿ ਤੁਫਾਨ ਬਾਰੇ ਸਟੀਕ ਪੂਰਵ-ਅਨੁਮਾਨ ਲਗਾਉਣ ਅਤੇ ਤੁਫਾਨ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਸੰਵਾਦ ਕਰਨ ਦੇ ਨਾਲ-ਨਾਲ ਰਾਜਾਂ ਅਤੇ ਕੇਂਦਰੀ ਏਜੰਸੀਆਂ ਦੁਆਰਾ ਸਮੇਂ ਸਿਰ ਲੋਕਾਂ ਦੀ ਸੁਰੱਖਿਅਤ ਨਿਕਾਸੀ ਕਰਨ ਨਾਲ ਜਾਨ ਅਤੇ ਮਾਲ ਦਾ ਘੱਟ ਤੋਂ ਘੱਟ ਨੁਕਸਾਨ ਹੋਇਆ ਹੈ। ਇਸ ਦੇ ਨਾਲ ਹੀ, ਹੜ੍ਹਾਂ ਦੇ ਕਾਰਨ ਜੋ ਨੁਕਸਾਨ  ਹੋਏ ਹਨ, ਉਨ੍ਹਾਂ ਦਾ ਮੁੱਲਾਂਕਣ ਕੀਤਾ ਜਾ ਰਿਹਾ ਹੈ। ਜ਼ਿਆਦਾਤਰ ਪ੍ਰਭਾਵਿਤ ਇਲਾਕਿਆਂ ਵਿਚ ਬਿਜਲੀ ਅਤੇ ਦੂਰਸੰਚਾਰ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ।

 

ਪ੍ਰਧਾਨ ਮੰਤਰੀ ਨੇ ਚੱਕਰਵਾਤੀ ਤੁਫਾਨ ਤੋਂ ਪੈਦਾ ਹੋਈਆਂ ਚੁਣੌਤੀਆਂ ਨਾਲ ਨਿਪਟਣ ਲਈ ਕੇਂਦਰ ਅਤੇ ਰਾਜਾਂ ਦੀਆਂ ਏਜੰਸੀਆਂ ਦੁਆਰਾ ਨਿਭਾਈ ਗਈ ਪ੍ਰਭਾਵਸ਼ਾਲੀ ਅਤੇ ਪ੍ਰੋਐਕਟਿਵ ਭੂਮਿਕਾ ਨੂੰ ਰੇਖਾਂਕਿਤ ਕੀਤਾ ਅਤੇ ਏਜੰਸੀਆਂ ਨੂੰ ਇਹ ਸੁਨਿਸ਼ਚਿਤ ਕਰਨ ਦੀ ਸਲਾਹ ਦਿੱਤੀ ਕਿ  ਪ੍ਰਭਾਵਿਤ ਇਲਾਕਿਆਂ ਵਿੱਚ  ਆਮ ਜਨ-ਜੀਵਨ ਜਲਦੀ ਤੋਂ ਜਲਦੀ ਬਹਾਲ ਹੋ ਜਾਵੇ ਅਤੇ ਤੁਫਾਨ ਤੋਂ ਪ੍ਰਭਾਵਿਤ ਵਿਅਕਤੀਆਂ ਨੂੰ ਰਾਹਤ ਦਾ ਵਿਤਰਣ ਉਚਿਤ ਰੂਪ ਵਿੱਚ ਹੋਵੇ।

 

ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ, ਕੈਬਨਿਟ ਸਕੱਤਰ, ਗ੍ਰਹਿ ਸਕੱਤਰ,  ਬਿਜਲੀ ਸਕੱਤਰ, ਦੂਰਸੰਚਾਰ ਸਕੱਤਰ ਅਤੇ  ਆਈਐੱਮਡੀ ਦੇ ਡਾਇਰੈਕਟਰ ਜਨਰਲ (ਡੀਜੀ) ਅਤੇ ਹੋਰ ਮਹੱਤਵਪੂਰਨ ਅਧਿਕਾਰੀਆਂ ਨੇ ਇਸ ਬੈਠਕ ਵਿੱਚ ਹਿੱਸਾ ਲਿਆ।

 

****************

 

ਡੀਐੱਸ / ਏਕੇਜੇ


(Release ID: 1722304) Visitor Counter : 199