ਸਿੱਖਿਆ ਮੰਤਰਾਲਾ
ਕੇਂਦਰੀ ਸਿੱਖਿਆ ਮੰਤਰੀ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਕੂਲ ਸਿੱਖਿਆ ਸਕੱਤਰਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕੀਤੀ
ਮਹਾਮਾਰੀ ਦੌਰਾਨ ਸਕੂਲ ਸਿੱਖਿਆ ਦੀ ਇਹ ਸਭ ਤੋਂ ਵੱਡੀ ਮੀਟਿੰਗ ਸੀ
ਸਰਕਾਰ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਵਿੱਦਿਅਕ ਭਲਾਈ ਯਕੀਨੀ ਬਣਾਉਣ ਲਈ ਵਚਨਬੱਧ ਹੈ- ਸ਼੍ਰੀ ਰਮੇਸ਼ ਪੋਖਰਿਯਾਲ 'ਨਿਸ਼ੰਕ'
ਸਮਗਰ ਸ਼ਿਕਸ਼ਾ ਅਧੀਨ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 5,228 ਕਰੋੜ ਰੁਪਏ ਦੀਆਂ ਅਡਹਾਕ ਗਰਾਂਟਾਂ ਜਾਰੀ ਕੀਤੀਆਂ ਗਈਆਂ
2500 ਕਰੋੜ ਰੁਪਏ ਵੱਖ-ਵੱਖ ਵਿੱਦਿਅਕ ਪਹਿਲਕਦਮੀਆਂ ਦੀ ਨਿਰੰਤਰਤਾ ਨੂੰ ਸੁਨਿਸ਼ਚਿਤ ਕਰਨ ਲਈ ਜਲਦੀ ਹੀ ਜਾਰੀ ਕੀਤੇ ਜਾਣਗੇ
ਰਾਜ ਦੀ ਉਨ੍ਹਾਂ ਵਲੋਂ ਕੀਤੇ ਗਏ ਕੰਮ ਲਈ ਸ਼ਲਾਘਾ ਕੀਤੀ ਗਈ, ਕੇਂਦਰ ਨੇ ਪੂਰੀ ਸਹਾਇਤਾ ਦਾ ਯਕੀਨ ਦਿਵਾਇਆ
Posted On:
17 MAY 2021 6:32PM by PIB Chandigarh
ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ 'ਨਿਸ਼ੰਕ' ਨੇ ਵੀਡੀਓ ਕਾਨਫਰੰਸ ਰਾਹੀਂ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਕੂਲ ਸਿੱਖਿਆ ਸਕੱਤਰਾਂ ਨਾਲ ਇਕ ਮੀਟਿੰਗ ਦੀ ਪ੍ਰਧਾਨਗੀ ਕੀਤੀ ਜਿਸ ਵਿਚ ਕੋਵਿਡ-19 ਮਹਾਮਾਰੀ ਦੌਰਾਨ ਸਿੱਖਿਆ ਪ੍ਰਣਾਲੀ ਦੇ ਪ੍ਰਬੰਧ ਲਈ ਚੁੱਕੇ ਗਏ ਵੱਖ-ਵੱਖ ਕਦਮਾਂ ਅਤੇ ਹੁਣ ਤੱਕ ਸਕੂਲਾਂ ਵਿਚ ਔਨਲਾਈਨ ਅਤੇ ਆਫਲਾਈਨ ਸਿੱਖਿਆ ਲਈ ਅਪਣਾਈਆਂ ਗਈਆਂ ਵੱਖ-ਵੱਖ ਰਣਨੀਤੀਆਂ ਅਤੇ ਅਗਲੇ ਕਦਮਾਂ ਤੇ ਚਰਚਾ ਕੀਤੀ ਗਈ। ਕੇਂਦਰੀ ਸਿੱਖਿਆ ਰਾਜ ਮੰਤਰੀ ਸ਼੍ਰੀ ਸੰਜੇ ਧੋਤਰੇ, ਸਕੱਤਰ ਉੱਚ ਸਿੱਖਿਆ ਸ਼੍ਰੀ ਅਮਿਤ ਖਰੇ, ਸਕੱਤਰ ਸਕੂਲ ਸਿੱਖਿਆ ਅਤੇ ਸਾਖਰਤਾ ਸ਼੍ਰੀਮਤੀ ਅਨੀਤਾ ਕਰਵਲ ਅਤੇ ਮੰਤਰਾਲਾ ਦੇ ਹੋਰ ਸੀਨੀਅਰ ਅਧਿਕਾਰੀ ਮੀਟਿੰਗ ਵਿਚ ਮੌਜੂਦ ਸਨ। ਲਗਭਗ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਤੀਨਿਧੀਆਂ, ਜਿਨ੍ਹਾਂ ਵਿਚ ਵਧੀਕ ਮੁੱਖ ਸਕੱਤਰ, ਪ੍ਰਿੰਸੀਪਲ ਸਕੱਤਰ ਅਤੇ ਸਿੱਖਿਆ ਵਿਭਾਗ ਦੇ ਸਕੱਤਰ ਅਤੇ ਰਾਜ ਦੇ ਹੋਰ ਅਧਿਕਾਰੀਆਂ ਜਿਵੇਂ ਕਿ ਸਟੇਟ ਪ੍ਰੋਜੈਕਟ ਡਾਇਰੈਕਟਰ, ਡਾਇਰੈਕਟਰ ਐਸਸੀਈਆਰਟੀ ਆਦਿ ਸ਼ਾਮਿਲ ਸਨ, ਨੇ ਮੀਟਿੰਗ ਵਿਚ ਹਿੱਸਾ ਲਿਆ। ਮਹਾਮਾਰੀ ਦੌਰਾਨ ਸਕੂਲ ਸਿੱਖਿਆ ਤੇ ਇਹ ਸਭ ਤੋਂ ਵੱਡੀ ਮੀਟਿੰਗ ਸੀ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਕੋਵਿਡ-19 ਦੀ ਮੌਜੂਦਾ ਸਥਿਤੀ ਮੰਦਭਾਗੀ ਹੈ ਪਰ ਸਰਕਾਰ ਸਥਿਤੀ ਨੂੰ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਵਿੱਦਿਅਕ ਭਲਾਈ ਨੂੰ ਯਕੀਨੀ ਬਣਾਉਣ ਦੇ ਨਵੇਂ ਤਜਰਬੇ ਕਰਕੇ ਮੌਕੇ ਵਿਚ ਬਦਲਣ ਲਈ ਵਚਨਬੱਧ ਹੈ।
ਮੰਤਰੀ ਨੇ ਪਿਛਲੇ ਸਾਲ ਵਿਚ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਲੋਂ ਕੀਤੇ ਗਏ ਯਤਨਾਂ ਨੂੰ ਜਾਰੀ ਰੱਖਣ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਅਤੇ ਮਹਾਮਾਰੀ ਦੇ ਇਸ ਅਰਸੇ ਵਿਚ ਬਹੁਤ ਜ਼ਿਆਦਾ ਕਮਜ਼ੋਰ ਅਤੇ ਹਾਸ਼ੀਏ ਦੇ ਬੱਚਿਆਂ ਤੱਕ ਪਹੁੰਚ ਕਰਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਅੱਗੇ ਕਿਹਾ ਕਿ ਵਿਭਾਗ ਨੇ ਮਹਾਮਾਰੀ ਦੌਰਾਨ ਨਿਰੰਤਰ ਸਿੱਖਿਆ ਦੀ ਸਹੂਲਤ ਲਈ 2020-21 ਵਿਚ ਕਈ ਪਹਿਲ ਕਦਮੀਆਂ ਕੀਤੀਆਂ ਹਨ। ਇਨ੍ਹਾਂ ਵਿਚ ਪੀਐਮ-ਈਵਿੱਦਿਆ ਅਧੀਨ ਦੀਕਸ਼ਾ ਦਾ ਵਿਸਥਾਰ, ਸਵਯਮਪ੍ਰਭਾ ਟੀਵੀ ਚੈਨਲਾਂ ਦੇ ਗੁਲਸਤੇ, ਡੀਟੀਐਚ ਟੀਵੀ ਚੈਨਲਾਂ, ਔਨਲਾਈਨ ਦੀਕਸ਼ਾ ਤੇ ਅਧਿਆਪਕਾਂ ਦੀ ਸਿਖਲਾਈ ਲਈ ਔਨਲਾਈਨ ਨਿਸ਼ਠਾ ਦੀ ਸ਼ੁਰੂਆਤ, ਵਿਦਿਆਰਥੀਆਂ ਦੀ ਸਮਾਜਿਕ ਭਾਵਨਾਤਮਕ ਅਤੇ ਮਨੋਵਿਗਿਆਨਕ ਲੋੜਾਂ ਦੀ ਪੂਰਤੀ ਲਈ ਮਨੋਦਰਪਣ ਦੀ ਸ਼ੁਰੂਆਤ ਆਦਿ ਦੇ ਪ੍ਰੋਗਰਾਮ ਸ਼ਾਮਿਲ ਸਨ। ਇਸ ਤੋਂ ਇਲਾਵਾ ਡਿਜੀਟਲ ਸਿੱਖਿਆ ਲਈ ਪਹੁੰਚ ਨਾ ਰੱਖਣ ਵਾਲੇ ਵਿਦਿਆਰਥੀਆਂ ਤੱਕ ਪਹੁੰਚ ਕਰਨ ਲਈ ਕਈ ਪਹਿਲ ਕਦਮੀਆਂ ਵੀ ਕੀਤੀਆਂ ਗਈਆਂ। ਉਨ੍ਹਾਂ ਰਾਸ਼ਟਰੀ ਸਿੱਖਿਆ ਨੀਤੀ, 2020 ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਵੱਖ-ਵੱਖ ਭਾਗੀਦਾਰਾਂ ਨੂੰ ਸ਼ਾਮਿਲ ਕਰਨ ਦੀ ਮਹੱਤਤਾ ਨੂੰ ਵੀ ਰੇਖਾਂਕਿਤ ਕੀਤਾ।
ਸ਼੍ਰੀ ਪੋਖਰਿਯਾਲ ਨੇ ਸਾਰੇ ਰਾਜਾਂ ਵਲੋਂ ਦੱਸੀਆਂ ਗਈਆਂ ਸਮੱਸਿਆਵਾਂ ਅਤੇ ਸੁਝਾਵਾਂ ਨੂੰ ਨੋਟ ਕੀਤਾ। ਰਾਜਾਂ ਨੇ ਵੀ ਵਿਦਿਆਰਥੀਆਂ ਦੀ ਵਿੱਦਿਅਕ ਭਲਾਈ ਨੂੰ ਸੁਨਿਸ਼ਚਿਤ ਕਰਨ ਲਈ ਸਿੱਖਿਆ ਮੰਤਰਾਲਾ ਵਲੋਂ ਰਾਜਾਂ ਨੂੰ ਉਪਲਬਧ ਕਰਵਾਈ ਗਈ ਸਹਾਇਤਾ ਲਈ ਯਤਨਾਂ ਦੀ ਸ਼ਲਾਘਾ ਕੀਤੀ। ਕੇਂਦਰੀ ਮੰਤਰੀ ਨੇ ਸਿੱਖਿਆ ਦੇ ਖੇਤਰ ਵਿਚ ਪ੍ਰਸ਼ੰਸਾਯੋਗ ਕੰਮ ਕਰਨ ਲਈ ਸਾਰੇ ਹੀ ਰਾਜਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਮੰਤਰਾਲਾ ਇਸ ਔਖੀ ਘਡ਼ੀ ਵਿਚ ਪੂਰੀ ਸਹਾਇਤਾ ਦੇਵੇਗਾ ਅਤੇ ਅਸੀਂ ਇਕੱਠੇ ਹੋ ਕੇ ਇਸ ਸਮੱਸਿਆ ਨਾਲ ਲਡ਼ਾਂਗੇ।
ਇਸ ਗੱਲ ਨੂੰ ਸਵੀਕਾਰਦਿਆਂ ਕਿ ਸਰਕਾਰ ਨੇ ਕੋਵਿਡ ਮਹਾਮਾਰੀ ਕਾਰਣ ਪੈਦਾ ਹੋਈਆਂ ਚੁਣੌਤੀਆਂ ਦੇ ਹੱਲ ਲਈ ਭਾਰਤੀ ਸਿੱਖਿਆ ਪ੍ਰਣਾਲੀ ਵਿਚ ਨਵੀਆਂ ਅਤੇ ਨਵੀਨਤਾਕਾਰੀ ਵਿਧੀਆਂ ਅਪਣਾਈਆਂ ਹਨ, ਰਾਜ ਮੰਤਰੀ ਸ਼੍ਰੀ ਸੰਜੇ ਧੋਤਰੇ ਨੇ ਦੋਹਾਂ ਆਫਲਾਈਨ ਅਤੇ ਔਨਲਾਈਨ ਪੜਾਈ ਦੇ ਤੌਰ ਤਰੀਕਿਆਂ ਤੇ ਅਧਾਰਤ ਹਾਈਬ੍ਰਿਡ ਸਿੱਖਿਆ ਪ੍ਰਦਾਨ ਕਰਨ ਦੀਆਂ ਵਿਧੀਆਂ ਦੀ ਖੋਜ ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਲਈ ਸਾਨੂੰ ਪੜਾਈ ਦੀਆਂ ਨਵੀਆਂ ਵਿਧੀਆਂ, ਮਿਆਰੀ ਪੜਾਈ ਦੀ ਸਮੱਗਰੀ ਅਤੇ ਮੁਲਾਂਕਣ ਅਸੈਸਮੈਂਟ ਮਾਡਲ ਦੀ ਜ਼ਰੂਰਤ ਹੋਵੇਗੀ। ਉਨ੍ਹਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਵਿਦਿਆਰਥੀਆਂ ਦਾ ਵਿਗਿਆਨਕ ਸੁਭਾਅ ਕੋਵਿਡ ਤੋਂ ਬਾਅਦ ਦੇ ਵਿਸ਼ਵ ਵਿਚ ਫੈਸਲਾਕੁੰਨ ਰੋਲ ਨਿਭਾਏਗਾ। ਇਸ ਲਈ ਵਿਦਿਆਰਥੀਆਂ ਵਿਚ ਸਾਡੇ ਦੇਸ਼ ਦੀ ਸਿੱਖਿਆ ਪ੍ਰਣਾਲੀ ਦਾ ਫੋਕਸ ਮਹੱਤਵਪੂਰਨ ਸੋਚਣ ਯੋਗਤਾ, ਲਾਜਿਕਲ ਰੀਜ਼ਨਿੰਗ ਯੋਗਤਾ ਅਤੇ ਵਿਗਿਆਨਕ ਸੁਭਾਅ ਹੋਣਾ ਚਾਹੀਦਾ ਹੈ। ਉਨ੍ਹਾਂ ਹਰੇਕ ਨੂੰ ਰਾਸ਼ਟਰੀ ਸਿੱਖਿਆ ਨੀਤੀ, 2020 ਲਈ ਇਕ ਟੀਮ ਦੀ ਭਾਵਨਾ ਨਾਲ ਇਕੱਠੇ ਕੰਮ ਕਰਨ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਨਿਰਧਾਰਤ ਟੀਚੇ ਹਾਸਿਲ ਕਰਨ ਲਈ ਇਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ।
ਵਿਭਾਗ ਵਲੋਂ 4 ਮਈ, 2021 ਨੂੰ ਇਕ ਵਿਆਪਕ ਕੋਵਿਡ ਰਿਸਪਾਂਸ ਦਸਤਾਵੇਜ਼ ਜਾਰੀ ਕੀਤਾ ਗਿਆ ਸੀ ਅਤੇ ਇਹ ਸਾਰੇ ਹੀ ਹਿੱਸੇਦਾਰਾਂ ਲਈ ਵਿਸਥਾਰਤ ਕਾਰਜ ਯੋਜਨਾ ਦਾ ਖੁਲਾਸਾ ਕਰਦਾ ਹੈ ਜਿਸ ਵਿਚ ਪਹੁੰਚ, ਰਿਟੈਂਸ਼ਨ, ਨਿਰੰਤਰ ਪੜਾਈ, ਸਮਰੱਥਾ ਨਿਰਮਾਣ ਅਤੇ ਭਾਗੀਦਾਰਾਂ ਦੀ ਸ਼ਮੂਲੀਅਤ ਸ਼ਾਮਿਲ ਹੈ।
ਦਖ਼ਲਅੰਦਾਜ਼ੀ ਲਈ ਸ਼ਨਾਖਤ ਕੀਤੇ ਗਏ ਮੁੱਖ ਖੇਤਰਾਂ ਵਿਚ ਸਕੂਲ ਤੋਂ ਬਾਹਰ ਬੱਚਿਆਂ ਦੀ ਸ਼ਨਾਖਤ ਅਤੇ ਮੁੱਖ ਧਾਰਾ ਵਿਚ ਲਿਆਉਣਾ ਅਤੇ ਨਿਰੰਤਰ ਦਾਖਲੇ ਨੂੰ ਯਕੀਨੀ ਬਣਾਉਣਾ, ਰਿਟੈਂਸ਼ਨ ਅਤੇ ਟ੍ਰਾਂਜ਼ਿਸ਼ਨ, ਅਕਾਦਮਿਕ ਪੜਾਈ ਅਤੇ ਵਿਦਿਆਰਥੀਆਂ ਦਾ ਕੁਲ ਵਿਕਾਸ, ਸਮਰੱਥਾ ਨਿਰਮਾਣ ਜਿਸ ਵਿੱਚ ਵਿਸ਼ੇਸ਼ ਮਿਲੇ-ਜੁਲੇ ਪ੍ਰੋਗਰਾਮ ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੋਵੇ ਅਤੇ ਘਰ ਤੇ ਅਧਾਰਤ ਪੜਾਈ ਜਿਸ ਵਿਚ ਵਿਦਿਆਰਥੀ ਦੇ ਮੁਲਾਂਕਣ ਅਤੇ ਡਾਟਾ ਦੀ ਵਰਤੋਂ, ਪੋਸ਼ਣ, ਸਮਾਜਿਕ-ਭਾਵਨਾਤਮਕ ਸਹਾਇਤਾ, ਡਿਜੀਟਲ ਸਿੱਖਿਆ, ਨਿਗਰਾਨੀ ਅਤੇ ਟਰੈਕਿੰਗ ਦੇ ਖੇਤਰ ਸ਼ਾਮਿਲ ਹਨ।
ਇਸ ਤੋਂ ਇਲਾਵਾ ਸਮੱਗਰ ਸਿਕਸ਼ਾ ਦੇ ਅੰਗਾਂ ਵਿਚ ਹੇਠ ਲਿਖੇ ਵਿਸ਼ੇਸ਼ ਅਤੇ ਧਿਆਨ ਕੇਂਦ੍ਰਿਤ ਕਰਨ ਵਾਲੀਆਂ ਦਖ਼ਲਅੰਦਾਜ਼ੀਆਂ ਸ਼ਾਮਿਲ ਕੀਤੀਆਂ ਗਈਆਂ ਹਨ ਜੋ ਮਹਾਮਾਰੀ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਹਨ -
∙ ਸਿੱਖਿਆ ਦਾ ਵਿਸਥਾਰ, ਪ੍ਰੋਗਰਾਮਿੰਗ ਨੂੰ ਵਧਾਉਣਾ ਤਾਕਿ ਬੱਚਿਆਂ ਨੂੰ ਪੂਰਕ ਸਮੱਗਰੀ ਪ੍ਰਦਾਨ ਕੀਤੀ ਜਾ ਸਕੇ।
∙ ਵਿਦਿਆਰਥੀਆਂ ਲਈ ਰੀਡਿੰਗ ਸਮੱਗਰੀ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਲਾਇਬ੍ਰੇਰੀ ਗਰਾਂਟ
∙ ਸਕੂਲ ਤੋਂ ਬਾਹਰ ਦੇ ਬੱਚਿਆਂ ਅਤੇ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਲਈ ਵਿਸ਼ੇਸ਼ ਸਿਖਲਾਈ
∙ ਐਨਆਈਓਐਸ/ਸਟੇਟ ਓਪਨ ਸਕੂਲਾਂ ਰਾਹੀਂ 16 ਤੋਂ 19 ਸਾਲ ਦੀ ਉਮਰ ਸਮੂਹ ਦੇ ਸਕੂਲ ਤੋਂ ਬਾਹਰ ਦੇ ਬੱਚਿਆ ਲਈ ਸਹਾਇਤਾ
∙ ਕਮਿਊਨਿਟੀ ਦੀ ਭਾਗੀਦਾਰੀ ਅਤੇ ਮਾਪਿਆਂ ਦੀ ਸਹਾਇਤਾ ਨੂੰ ਸੁਨਿਸ਼ਚਿਤ ਕਰਨ ਲਈ ਐਸਐਮਸੀ ਸਿਖਲਾਈ ਦੀ ਵਰਤੋਂ ਕਰਨੀ
∙ ਈਸੀਸੀਈ ਅਤੇ ਪ੍ਰਾਇਮਰੀ ਗ੍ਰੇਡ ਤੇ ਟੀਚਿੰਗ ਲਰਨਿੰਗ ਸਮੱਗਰੀ
∙ ਪੰਚਾਇਤ ਪੱਧਰ ਤੇ ਇਕ ਹੈਲਪ ਡੈਸਕ ਦੀ ਸਥਾਪਨਾ ਕਰਨਾ ਅਤੇ ਮਾਸ ਮੀਡੀਆ ਦੀ ਵਰਤੋਂ ਰਾਹੀਂ ਜਾਗਰੂਕਤਾ ਪੈਦਾ ਕਰਨਾ, ਇਸ ਨੂੰ ਔਨਲਾਈਨ ਲਰਨਿੰਗ ਲਈ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ ਅਤੇ ਸਮੱਗਰੀ ਇਲੈਕਟ੍ਰਾਨਿਕ ਮੀਡੀਆ ਤੇ ਪ੍ਰਸਾਰਤ ਕੀਤੀ ਜਾ ਸਕਦੀ ਹੈ।
∙ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਦੀ ਤਿਆਰੀ ਲਈ ਚਾਈਲਡ ਟ੍ਰੈਕਿੰਗ ਫੰਡਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ।
∙ ਸੈਨਿਟਾਈਜ਼ੇਸ਼ਨ ਅਤੇ ਹਾਈਜਿਨ ਲਈ ਸਕੂਲਾਂ ਨੂੰ ਵਿਸ਼ੇਸ਼ ਗਰਾਂਟਾਂ
∙ ਔਨਲਾਈਨ ਵਿਧੀ ਵਿਚ ਰੱਖਿਆ ਅਤੇ ਸੁਰੱਖਿਆ ਬਾਰੇ ਜਾਗਰੂਕਤਾ ਲਈ ਅਧਿਆਪਕ ਗਰਾਂਟਾਂ ਅਤੇ ਉਨ੍ਹਾਂ ਨੂੰ ਸਿੱਖਿਆ ਦੀਆਂ ਔਨਲਾਈਨ ਵਿਧੀਆਂ ਦਾ ਇਸਤੇਮਾਲ ਕਰਨ ਦੇ ਯੋਗ ਬਣਾਉਣਾ।
∙ ਔਨਲਾਈਨ ਸਮੱਗਰੀ ਦੇ ਵਿਕਾਸ ਅਤੇ ਪ੍ਰਸਾਰਣ ਲਈ ਗਰਾਂਟਾਂ।
∙ ਦੀਕਸ਼ਾ ਪਲੇਟਫਾਰਮ ਤੇ ਸਿਖਲਾਈ ਲਈ ਨਿਸ਼ਠਾ ਤੱਕ ਪਹੁੰਚ ਲਈ ਅਧਿਆਪਕਾਂ ਲਈ ਗਰਾਂਟਾਂ।
∙ ਪੜਾਈ ਵਿਚ ਨਿਰੰਤਰਤਾ ਨੂੰ ਸੁਨਿਸ਼ਚਿਤ ਕਰਨ ਲਈ ਕੰਪੋਜ਼ਿਟ ਸਕੂਲ ਗਰਾਟਾਂ ਅਤੇ ਇਨ੍ਹਾਂ ਵਿਚੋਂ ਘੱਟੋ ਘੱਟ 10 ਪ੍ਰਤੀਸ਼ਤ ਗਰਾਂਟਾਂ ਸਕੂਲਾਂ ਵਿਚ ਪਾਣੀ, ਸੈਨਿਟੇਸ਼ਨ ਅਤੇ ਹਾਈਜਿਨ ਲਈ ਇਸਤੇਮਾਲ ਕੀਤੀ ਜਾਵੇਗੀ।
ਵਿਭਾਗ ਨੇ ਸਾਲਾਨਾ ਕਾਰਜ ਯੋਜਨਾ ਦੀ ਪ੍ਰਵਾਨਗੀ ਲਈ ਪ੍ਰੋਜੈਕਟ ਅਪਰੂਵਲ ਬੋਰਡ ਦੀਆਂ ਮੀਟਿੰਗਾਂ ਸੰਚਾਲਤ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਸਮੱਗਰ ਸ਼ਿਕਸ਼ਾ ਅਧੀਨ ਵਰਚੁਅਲ ਵਿਧੀ ਵਿਚ ਰਾਜਾਂ ਨੂੰ ਬਜਟ ਦਿੱਤੇ ਜਾਣਗੇ ਤਾਕਿ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਉੱਪਰ ਲਿਖੀਆਂ ਦਖਲਅੰਦਾਜ਼ੀਆਂ ਨੂੰ ਲਾਗੂ ਕਰਨ ਲਈ ਸਮੇਂ ਸਿਰ ਪ੍ਰਵਾਨਗੀਆਂ ਹਾਸਿਲ ਕਰ ਸਕਣ।
ਇਸ ਤੋਂ ਇਲਾਵਾ ਸਮੱਗਰ ਸ਼ਿਕਸ਼ਾ ਲਈ ਰਾਜਾਂ ਨੂੰ 5228 ਕਰੋੜ ਰੁਪਏ ਦੀਆਂ ਐਡਹਾਕ ਗਰਾਂਟਾਂ ਪਹਿਲਾਂ ਹੀ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਅਤੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਲੋਂ ਵੱਖ-ਵੱਖ ਸਿੱਖਿਆ ਪਹਿਲਕਦਮੀਆਂ ਦੀ ਨਿਰੰਤਰਤਾ ਨੂੰ ਯਕੀਨੀ ਬਣਾਉਣ ਲਈ 2500 ਕਰੋੜ ਰੁਪਏ ਦੀ ਗਰਾਂਟ ਜਲਦੀ ਹੀ ਜਾਰੀ ਕੀਤੀ ਜਾਵੇਗੀ।
ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਮਹਾਮਾਰੀ ਦੌਰਾਨ ਪੜਾਈ ਦੀ ਪ੍ਰਕ੍ਰਿਆ ਨੂੰ ਜਾਰੀ ਰੱਖਣ ਲਈ ਆਪਣੀਆਂ ਰਣਨੀਤੀਆਂ ਸਾਂਝੀਆਂ ਕੀਤੀਆਂ। ਇਹ ਦੱਸਿਆ ਗਿਆ ਕਿ ਬਹੁਤ ਸਾਰੇ ਬੱਚਿਆਂ ਨੇ ਪਾਠ ਪੁਸਤਕਾਂ ਪ੍ਰਾਪਤ ਕੀਤੀਆਂ ਹਨ ਅਤੇ ਇਸ ਤੋਂ ਇਲਾਵਾ ਵੱਖ-ਵੱਖ ਸਪਲਿਮੈਂਟਰੀ ਦਰਜਾਬੰਦ ਸਮੱਗਰੀ ਵੀ ਰਾਜਾਂ ਵਲੋਂ ਤਿਆਰ ਕੀਤੀ ਗਈ ਹੈ। ਹਰਿਆਣਾ ਅਤੇ ਗੁਜਰਾਤ ਨੇ ਰਾਜ ਵਲੋਂ ਕੀਤੇ ਜਾ ਰਹੇ ਮੁਲਾਂਕਣ ਬਾਰੇ ਵੇਰਵੇ ਸਾਂਝੇ ਕੀਤੇ ਜਦਕਿ ਸਕੂਲ ਖੁਲ੍ਹੇ ਨਹੀਂ ਹਨ। ਕਈ ਰਾਜਾਂ ਨੇ ਜਿਵੇਂ ਕਿ ਝਾਰਖੰਡ, ਗੁਜਰਾਤ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਨੇ ਪੜਾਈ ਨੂੰ ਉਤਸ਼ਾਹਤ ਕਰਨ ਲਈ ਡਿਜੀਟਲ ਐਪਾਂ ਬਣਾਈਆਂ ਹਨ। ਮਾਪਿਆਂ ਅਤੇ ਕਮਿਊਨਿਟੀਆਂ ਦੇ ਮਹੱਤਵਪੂਰਨ ਰੋਲ ਨੂੰ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਲੋਂ ਉਜਾਗਰ ਕੀਤਾ ਗਿਆ ਹੈ। ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਔਨਲਾਈਨ ਸਿੱਖਿਆ ਨੂੰ ਡਿਜੀਟਲ ਉਪਕਰਣਾਂ, ਦੂਰਦਰਸ਼ਨ ਅਤੇ ਰੇਡੀਓ ਆਦਿ ਰਾਹੀਂ ਉਤਸ਼ਾਹਤ ਕਰਨ ਸੰਬੰਧੀ ਆਪਣੇ ਵੇਰਵੇ ਵੀ ਸਾਂਝੇ ਕੀਤੇ।
---------------------------------------
ਐਮਸੀ ਕੇਪੀ ਏਕੇ
(Release ID: 1719572)
Visitor Counter : 196