ਪ੍ਰਧਾਨ ਮੰਤਰੀ ਦਫਤਰ
ਭਾਰਤ–ਫਿਨਲੈਂਡ ਵਰਚੁਅਲ ਸਮਿਟ
Posted On:
16 MAR 2021 7:19PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਫਿਨਲੈਂਡ ਗਣਰਾਜ ਦੀ ਪ੍ਰਧਾਨ ਮੰਤਰੀ ਮਹਾਮਹਿਮ ਸੁਸ਼੍ਰੀ ਸਨਾ ਮੈਰਿਨ ਨੇ ਅੱਜ ਵਰਚੁਅਲ ਸਮਿਟ ਆਯੋਜਿਤ ਕੀਤਾ ਅਤੇ ਸਾਰੇ ਦੁਵੱਲੇ ਮਾਮਲਿਆਂ ਦੇ ਨਾਲ ਹੀ ਆਪਸੀ ਹਿਤਾਂ ਦੇ ਹੋਰ ਖੇਤਰੀ ਤੇ ਬਹੁ–ਪੱਖੀ ਮੁੱਦਿਆਂ ਬਾਰੇ ਵਿਚਾਰ–ਵਟਾਂਦਰਾ ਕੀਤਾ।
ਦੋਵੇਂ ਆਗੂਆਂ ਨੇ ਨੋਟ ਕੀਤਾ ਕਿ ਭਾਰਤ ਤੇ ਫਿਨਲੈਂਡ ਦੇ ਦਰਮਿਆਨ ਨੇੜਲੇ ਸਬੰਧ ਜਮਹੂਰੀਅਤ, ਕਾਨੂੰਨ ਦੇ ਰਾਜ, ਸਮਾਨਤਾ, ਬੋਲਣ ਦੀ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੇ ਸਤਿਕਾਰ ਉੱਤੇ ਅਧਾਰਿਤ ਹਨ। ਉਨ੍ਹਾਂ ਨੇ ਬਹੁ–ਪੱਖਵਾਦ, ਨਿਯਮਾਂ ਉੱਤੇ ਅਧਾਰਿਤ ਅੰਤਰਰਾਸ਼ਟਰੀ ਵਿਵਸਥਾ, ਟਿਕਾਊ ਵਿਕਾਸ ਤੇ ਜਲਵਾਯੂ ਪਰਿਵਰਤਨ ਦਾ ਟਾਕਰਾ ਕਰਨ ਲਈ ਕੰਮ ਕਰਨ ਦੀ ਮਜ਼ਬੂਤ ਪ੍ਰਤੀਬੱਧਤਾ ਨੂੰ ਦੁਹਰਾਇਆ।
ਦੋਵੇਂ ਆਗੂਆਂ ਨੇ ਚਲ ਰਹੀਆਂ ਦੁਵੱਲੀਆਂ ਗਤੀਵਿਧੀਆਂ ਦੀ ਸਮੀਖਿਆ ਕੀਤੀ ਅਤੇ ਇਸ ਗੱਲ ਦੀ ਉਮੀਦ ਜਤਾਈ ਕਿ ਦੋਵੇਂ ਦੇਸ਼ ਵਪਾਰ ਤੇ ਨਿਵੇਸ਼, ਇਨੋਵੇਸ਼ਨ, ਸਿੱਖਿਆ ਦੇ ਨਾਲ–ਨਾਲ ਆਰਟੀਫ਼ੀਸ਼ੀਅਲ ਇੰਟੈਲੀਜੈਂਸ, 5ਜੀ/6ਜੀ ਅਤੇ ਕੁਐਂਟਮ ਕੰਪਿਊਟਿੰਗ ਜਿਹੀਆਂ ਉੱਭਰਦੀਆਂ ਟੈਕਨੋਲੋਜੀਆਂ ਜਿਹੇ ਸਾਰੇ ਖੇਤਰਾਂ ਵਿੱਤ ਸਬੰਧਾਂ ਦਾ ਹੋਰ ਵਿਸਤਾਰ ਕਰਨਗੇ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਵੱਛ ਤੇ ਪ੍ਰਦੂਸ਼ਣ–ਮੁਕਤ ਟੈਕਨੋਲੋਜੀਆਂ ਵਿੱਚ ਫਿਨਲੈਂਡ ਦੀ ਮੋਹਰੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਟਿਕਾਊ ਵਿਕਾਸ ਪ੍ਰਤੀ ਭਾਰਤ ਦੀ ਮੁਹਿੰਮ ਵਿੱਚ ਫਿਨਲੈਂਡ ਦੀਆਂ ਕੰਪਨੀਆਂ ਦੀ ਭੂਮਿਕਾ ਨੂੰ ਨੋਟ ਕੀਤਾ। ਇਸ ਸੰਦਰਭ ਵਿੱਚ, ਉਨ੍ਹਾਂ ਅਖੁੱਟ ਊਰਜਾ ਤੇ ਜੈਵਿਕ–ਊਰਜਾ, ਟਿਕਾਊਯੋਗਤਾ, ਐਜੂ–ਟੈੱਕ, ਫ਼ਾਰਮਾ ਤੇ ਡਿਜੀਟਲਾਈਜ਼ੇਸ਼ਨ ਜਿਹੇ ਖੇਤਰਾਂ ਵਿੱਚ ਸਹਿਯੋਗ ਵਧਾਉਣ ਦਾ ਸੁਝਾਅ ਦਿੱਤਾ।
ਦੋਵੇਂ ਆਗੂਆਂ ਨੇ ਭਾਰਤ–ਯੂਰਪੀ ਯੂਨੀਅਨ ਭਾਈਵਾਲੀ, ਉੱਤਰੀ ਧਰੁਵ ਦੇ ਖੇਤਰ ਵਿੱਚ ਸਹਿਯੋਗ, ਵਿਸ਼ਵ ਵਪਾਰ ਸੰਗਠਨ (WTO) ਅਤੇ ਸੰਯੁਕਤ ਰਾਸ਼ਟਰ (UN) ਦੇ ਸੁਧਾਰਾਂ ਸਮੇਤ ਖੇਤਰੀ ਤੇ ਅੰਤਰਰਾਸ਼ਟਰੀ ਮੁੱਦਿਆਂ ਬਾਰੇ ਵਿਚਾਰਾਂ ਦਾ ਅਦਾਨ–ਪ੍ਰਦਾਨ ਕੀਤਾ। ਦੋਵੇਂ ਧਿਰਾਂ ਨੇ ਅਫ਼ਰੀਕਾ ਵਿੱਚ ਵਿਕਾਸਾਤਮਕ ਗਤੀਵਿਧੀਆਂ ਕਰਨ ਵਿੱਚ ਸਹਿਯੋਗ ਦੇਣ ਲਈ ਭਾਰਤ ਤੇ ਫਿਨਲੈਂਡ ਦੀ ਸੰਭਾਵਨਾ ਨੂੰ ਨੋਟ ਕੀਤਾ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਫਿਨਲੈਂਡ ਨੂੰ ‘ਇੰਟਰਨੈਸ਼ਨਲ ਸੋਲਰ ਅਲਾਇੰਸ’ (ISA) ਅਤੇ ‘ਕੁਲੀਸ਼ਨ ਫ਼ਾਰ ਡਿਜ਼ਾਸਟਰ ਰੀਜ਼ੀਲੀਅੰਟ ਇਨਫ੍ਰਾਸਟ੍ਰਕਚਰ’ (CDRI) ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ।
ਦੋਵੇਂ ਆਗੂਆਂ ਨੇ ਕੋਵਿਡ–19 ਦੀ ਸਥਿਤੀ, ਉਨ੍ਹਾਂ ਦੀਆਂ ਆਪੋ–ਆਪਣੀਆਂ ਟੀਕਾਕਰਣ ਮੁਹਿੰਮਾਂ ਬਾਰੇ ਵੀ ਵਿਚਾਰ–ਵਟਾਂਦਰਾ ਕੀਤਾ ਅਤੇ ਸਾਰੇ ਦੇਸ਼ਾਂ ਦੀ ਵੈਕਸੀਨਾਂ ਤੱਕ ਤੁਰੰਤ ਤੇ ਕਿਫ਼ਾਇਤੀ ਪਹੁੰਚ ਲਈ ਵਿਸ਼ਵ–ਪੱਧਰੀ ਕੋਸ਼ਿਸ਼ਾਂ ਦੇ ਮਹੱਤਵ ਉੱਤੇ ਜ਼ੋਰ ਦਿੱਤਾ।
ਦੋਵੇਂ ਆਗੂਆਂ ਨੇ ਪੋਰਟੋ ’ਚ ਭਾਰਤ–ਯੂਰਪੀ ਯੂਨੀਅਨ ਦੇ ਆਗੂਆਂ ਦੀ ਬੈਠਕ ਤੇ ਭਾਰਤ–ਨੌਰਡਿਕ ਸਮਿਟ ਦੇ ਦੌਰਾਨ ਇੱਕ ਵਾਰ ਫਿਰ ਤੋਂ ਮਿਲਣ ਦੀ ਪ੍ਰਤੀਬੱਧਤਾ ਜਤਾਈ।
****
ਡੀਐੱਸ/ਐੱਸਐੱਚ
(Release ID: 1705310)
Visitor Counter : 196
Read this release in:
English
,
Urdu
,
Hindi
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam